ਘੁੰਡ ਦਾ ਅਨੋਖਾ ਫ਼ਾਇਦਾ
ਅੱਜ ਦਾ ਜਦੋਂ ਵਿਸ਼ਾ ਦੇਖਿਆ ਘੁੰਡ ਤਾਂ ਮੈਂ ਸਿੱਧਾ ਹਾ ਆਪਣੇ ਬਚਪਨ ਵਿੱਚ ਚਲਾ ਗਿਆ। ਘੁੰਡ ਦਾ ਬੜਾ ਹੀ ਫ਼ਾਇਦਾ ਹੁੰਦਾ ਸੀ। ਵੈਸੇ ਤਾਂ ਜਦੋਂ ਉਹ ਗੱਲ ਯਾਦ ਕਰਦਾ ਹਾਂ ਤਾਂ ਅੱਜ ਵੀ ਹਾਸਾ ਨਿਕਲ ਜਾਂਦਾ ਹੈ।
ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਅਸੀਂ ਵੀ ਦੂਜੇ ਬੱਚਿਆਂ ਦੇ ਵਾਂਗ ਹੀ ਛੋਟੇ- ਛੋਟੇ ਹੁੰਦੇ ਸੀ। ਮੈਂਨੂੰ ਵੀ ਦੂਜੇ ਬੱਚਿਆਂ ਵਾਂਗ ਹੀ ਮਿਠਾਈ ਖਾਣੀ ਬਹੁਤ ਵਧੀਆ ਲੱਗਦੀ ਹੁੰਦੀ ਸੀ, ਖਾਸ ਕਰਕੇ ਬਰਫ਼ੀ। ਬਰਫ਼ੀ ਅੱਜ ਕੱਲ੍ਹ ਦੇ ਵਾਂਗ ਆਮ ਨਹੀਂ ਮਿਲਦੀ ਹੁੰਦੀ ਸੀ। ਹਲਵਾਈ ਵੀ ਖਾਸ ਦਿਨਾਂ ਉੱਤੇ ਹੀ ਬਰਫ਼ੀ ਤਿਆਰ ਕਰਦੇ ਹੁੰਦੇ ਸਨ ਜਿਵੇਂ ਦੀਵਾਲੀ, ਦੁਸਹਿਰਾ, ਵਿਸਾਖੀ ਜਾਂ ਫ਼ੇਰ ਕਿਸੇ ਦੇ ਵਿਆਹ ਆਉਣ ਉੱਤੇ ਹੀ। ਘੱਟ ਮਿਲਦੀ ਹੋਣ ਕਾਰਨ ਸਵਾਦ ਬਹੁਤ ਲੱਗਦੀ ਸੀ। ਇਨ੍ਹਾਂ ਸਾਰਿਆਂ ਤੋਂ ਬਿਨਾਂ ਬਰਫ਼ੀ ਨਰਾਤਿਆਂ ਦੇ ਵਰਤਾ ਵਾਲੇ ਦਿਨਾਂ ਵਿੱਚ ਵੀ ਬਣਦੀ ਹੁੰਦੀ ਸੀ ਕਿਉਂਕਿ ਵਰਤ ਰੱਖਣ ਵਾਲੇ ਖੋਏ ਦੀ ਤਿਆਰ ਕੀਤੀ ਬਰਫ਼ੀ ਖਾਦੇਂ ਸਨ । ਦਿਲ ਸਾਡਾ ਵੀ ਬਹੁਤ ਕਰਦਾ ਹੁੰਦਾ ਸੀ ਬਰਫ਼ੀ ਖਾਣ ਨੂੰ ਪਰ ਵਰਤ ਨਾ ਰੱਖਿਆ ਹੋਣ ਕਾਰਨ ਸਾਨੂੰ ਨਹੀਂ ਮਿਲਦੀ ਸੀ ਆਖ ਦਿੰਦੇ ਸਨ ਕਿ ਵਰਤਾ ਵਾਲਿਆਂ ਲਈ ਹੀ ਹੈਂ।
ਸ਼ਾਮ ਨੂੰ ਇਸੇ ਉਮੀਦ ਵਿੱਚ ਮੰਦਰ ਜਾਣਾ ਬਈ ਪ੍ਸਾਦਿ ਵਿੱਚ ਸ਼ਾਇਦ ਬਰਫ਼ੀ ਮਿਲ ਜਾਵੇ ਪਰ ਪੰਡਿਤ ਜੀ ਜਿਹਨਾਂ ਨੇ ਚੁੰਨੀ ਲਈ ਹੁੰਦੀ ਮੇਰਾ ਮਤਲਬ ਔਰਤਾਂ ਲਈ ਹੀ ਹੁੰਦੀ ਸੀ। ਸਾਡੇ ਹਿੱਸੇ ਤਾਂ ਸਿਰਫ਼ ਫੁਲੀਆਂ ਪਤਾਸਿਆਂ ਦਾ ਪ੍ਸਾਦਿ ਹੀ ਆਉਦਾਂ, ਕਿੰਨੀਆਂ ਵੀ ਪੰਡਿਤ ਜੀ ਦੀਆਂ ਮਿੰਨਤਾਂ ਕਰਕੇ ਲੈਦੇਂ ਪਰ ਬਰਫ਼ੀ ਦਾ ਪ੍ਸਾਦਿ ਨਹੀਂ ਦਿੰਦੇ ਸਨ। ਮੇਰੇ ਚਾਚੇ ਦਾ ਛੋਟਾ ਮੁੰਡਾ ਲਵਲਾ ਬਹੁਤ ਚਲਾਕ ਸੀ। ਲਵਲੇ ਨੇ ਸਾਨੂੰ ਬਰਫ਼ੀ ਦਾ ਪ੍ਸਾਦਿ ਦਿਵਾਉਣ ਲਈ ਯੋਜਨਾ ਬਣਾਈ।
“ਜੇਕਰ ਤੁਹਾਨੂੰ ਸਾਰਿਆਂ ਨੂੰ ਪੰਡਿਤ ਜੀ ਕੋਲੋਂ ਬਰਫ਼ੀ ਦਾ ਪ੍ਸਾਦਿ ਦਵਾਵਾਂ ਤਾਂ ਮੰਨੋਗੇ। ”
“ਹੋ ਹੀ ਨਹੀਂ ਸਕਦਾ, ਪੰਡਿਤ ਬਰਫ਼ੀ ਦੇ ਦੇਵੇ”, ਮੈਂ ਅੱਗੋਂ ਜਵਾਬ ਦਿੱਤਾ।
” ਉਹ ਤੁਸੀਂ ਮੇਰੇ ਉੱਤੇ ਛੱਡ ਦਿਉ। ਤੁਸੀਂ ਸਾਰਿਆਂ ਨੇ ਜਿਵੇਂ ਮੈਂ ਕਹਿੰਦਾ ਹਾਂ ਉਵੇਂ ਕਰਨਾ ਹੈ। ”
” ਪਰ ਕਰਨਾ ਕੀ ਹੈ? ”
“ਸਾਰਿਆਂ ਨੇ ਔਰਤਾਂ ਵਾਲੇ ਕੱਪੜੇ ਪਾਉਣੇ ਹਨ। ”
...
ਪੰਡਿਤ ਨੇ ਆਪਾਂ ਨੂੰ ਪਹਿਚਾਣ ਲੈਣਾ ਹੇ ਤੇ ਬਰਫ਼ੀ ਵੀ ਨਹੀਂ ਮਿਲਣੀ ਤੇ ਮਜ਼ਾਕ ਜਿਹੜਾ ਬਣੇਗਾ ਉਹ ਅਲੱਗ। ”
“ਤੂੰ ਬਾਹਲਾ ਕਾਹਲਾ ਹੈਂ ,ਪਹਿਲਾਂ ਮੇਰੀ ਸਾਰੀ ਯੋਜਨਾ ਸੁਣ ਤਾਂ ਲਵੋਂ। ”
ਅਸੀਂ ਸਾਰੇ ਹੀ ਲਵਲੇ ਦੇ ਆਖੇ ਅਨੁਸਾਰ ਔਰਤਾਂ ਵਾਲੇ ਕੱਪੜੇ ਪਾਏ ਤੇ ਚੁੰਨੀਆਂ ਨਾਲ ਘੁੰਡ ਕੱਢ ਸ਼ਾਮ ਵੇਲੇ ਮੰਦਿਰ ਪਹੁੰਚ ਗਏ।
ਨਰਾਤਿਆਂ ਵਾਲੇ ਦਿਨਾਂ ਵਿੱਚ ਭੀੜ ਹੋਣ ਕਾਰਨ ਮੰਦਿਰ ਦੋ ਲਾਇਨਾਂ ਲੱਗਦੀਆਂ ਸਨ। ਇੱਕ ਬੰਦਿਆਂ ਦੀ ਤੇ ਦੂਜੀ ਔਰਤਾਂ ਦੀ। ਅਸੀਂ ਸਾਰੇ ਡਰਦੇ -ਡਰਦੇ ਔਰਤਾਂ ਵਾਲੀ ਲਾਇਨ ਵਿੱਚ ਲੱਗ ਗਏ। ਤੁਰਦੇ -ਤੁਰਦੇ ਸਾਡੀ ਵੀ ਵਾਰੀ ਆ ਗਈ। ਮੈਂ ਵੀ ਡਰਦੇ ਪੰਡਿਤ ਜੀ ਅੱਗੇ ਪ੍ਸਾਦਿ ਲੈਣ ਲਈ ਹੱਥ ਅੱਗੇ ਕਰ ਦਿੱਤਾ।
” ਵਰਤ ਰੱਖਿਆ ਹੋਣਾ ਹੈ”, ਪੰਡਿਤ ਜੀ ਨੇ ਪੁੱਛਿਆ।
ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਪੰਡਿਤ ਜੀ ਨੇ ਬਰਫ਼ੀ ਦੇ ਦੋ ਪੀਸ ਮੇਰੇ ਹੱਥਾਂ ਉੱਤੇ ਰੱਖ ਦਿੱਤੇ ਤੇ ਇਸ ਬਹਾਨੇ ਮੇਰੇ ਹੱਥਾਂ ਨੂੰ ਵੀ ਛੂਹ ਗਿਆ ਜਦੋਂ ਕਿ ਬੰਦਿਆਂ ਨੂੰ ਉਹ ਪ੍ਸਾਦਿ ਦੂਰੋ ਹੀ ਹੱਥਾਂ ਉੱਤੇ ਰੱਖ ਦਿੰਦਾ ਸੀ। ਮੇਰਾ ਰੋਕਦੇ-ਰੋਕਦੇ ਹਾਸਾ ਨਿਕਲ ਗਿਆ।
ਲਵਲੇ ਨੇ ਮੇਰੇ ਪਿੱਛੇ ਮੁੱਕਾ ਮਾਰਿਆਂ।
ਮੈਂ ਜਲਦੀ ਨਾਲ ਪ੍ਸਾਦਿ ਲੈ ਕੇ ਬਾਹਰ ਆ ਗਿਆ। ਮੈਨੂੰ ਉਸ ਦਿਨ ਘੁੰਡ ਦੇ ਅਨੋਖੇ ਫ਼ਾਇਦਾ ਦਾ ਵੀ ਪਤਾ ਲੱਗਾ। ਮੈਨੂੰ ਲੱਗਦਾ ਹੈ ਜਿਹੜਾ ਬਹੁਤ ਘੱਟ ਹੀ ਲੋਕਾਂ ਨੂੰ ਪਤਾ ਹੋਣਾ ਹੈ।
(ਜੇਕਰ ਤੁਹਾਡੇ ਨਾਲ ਵੀ ਕੋਈ ਇਸ ਨਾਲ ਸੰਬੰਧਿਤ ਯਾਦ ਹੈਂ ਤਾਂ ਜਰੂਰ ਲਿਖ ਕੇ ਮੇਰੇ ਨਾਲ ਸਾਂਝੀ ਕਰਨਾ। ਆਪਣੇ ਵਿਚਾਰ ਦੇਣੇ ਨੀ ਭੁੱਲਣਾ ਜੀ। )
ਸੰਦੀਪ ਦਿਉੜਾ
8437556667