ਪਿਛਲੇ ਸਾਲ ਸਾਡੇ ਪਿੰਡ ਆਲੇ ਜੰਟੇ ਵਰਗੇ “ਮਾਊਂਟ ਆਬੂ” ਘੁਮਣ ਬਾਗੇ, ਅਕੇ ਸੂਰਜ ਛਿਪਦਾ ਦੇਖਣੈ। ਊਂ ਤਾਂ ਕਦੇ ਪਿੰਡੋਂ ਬਾਹਰ ਘੱਟ-ਵੱਧ ਈ ਨਿਕਲੇ ਸੀ, ਕੇਰਾਂ ਜੰਟੇ ਨੇ ਵਿਆਹ ‘ਚ ਕਿਸੇ ਤੋਂ ਸੁਣ ਲਿਆ ਵੀ ਰਾਜਸਥਾਨ ‘ਚ ਮਾਊਂਟ ਆਬੂ ਸੂਰਜ ਵਾਹਲਾ ਵਧੀਆ ਛਿਪਦੈ, ਦੇਖਣ ਆਲਾ ਹੁੰਦੈ। ਬੱਸ ਸੂਰਜ ਛਿਪਦਾ ਦੇਖਣ ਵਾਸਤੇ ਈ ਮਾਊਂਟ ਆਬੂ ਦਾ ਪਲੈਨ ਬਣਾ ਲਿਆ, ਵੀ ਐਥੇ ਤਾਂ ਜ਼ਿੰਦਗੀ ਦਾ ਆਹੀ ਰੰਡੀ-ਰੋਣਾ ਚੱਲੀ ਜਾਊ, ਘੱਟੋ-ਘੱਟ ਸੂਰਜ ਛਿਪਦਾ ਤਾਂ ਦੇਖਲੀਏ। ਨਾਲ ਜੰਟਾ ਆਵਦੇ ਮੁੰਡੇ ਨੂੰ ਲੈਗਿਆ ਵੀ ਇਹ ਬਾਹਰ-ਅੰਦਰ ਜੇ ਤੁਰਿਆ ਫਿਰਦੈ, ਇਹਦੇ ਨਾਲ ਸੌਖਾ ਹੋਜੂ। ਤਿੰਨ ਜਾਣੇ ਹੋਰ। ਘਰੋਂ ਖੇਤ ਤੇ ਖੇਤੋਂ ਘਰ ਦੇ ਰੂਟ ਆਲੀ ਜਨਤਾ ਪਹਾੜਾਂ ‘ਚ ਮੱਛਰੀ ਫਿਰੇ। ਤੋਤਾ ਬਿੰਦ ਕੁ ਪਿੱਛੋਂ ਪਿੰਡ ਕਿਸੇ ਨਾ ਕਿਸੇ ਨੂੰ ਫੋਨ ਲਾ ਕੇ ਕਰਨ ਲੱਗਜਿਆ ਕਰੇ, ਅਕੇ ਤੁਸੀਂ ਤਾਂ ਊਂਈਂ ਨੀ ਪਿੰਡੋਂ ਬਾਹਰ ਨਿਕਲਦੇ, ਐਥੇ ਤਾਂ ਨਜ਼ਾਰੇ ਈ ਬਾਹਲੇ ਐ, ਜਮਾਂ ਸੁਰਗ ਈ ਐ, ਪਹਾੜ ਵੀ ਵਾਹਲੇ ਵੱਡੇ-ਵੱਡੇ ਐ।
ਘੁਮਣ ਵਾਸਤੇ ਇਨ੍ਹਾਂ ਨੇ ਜੀਪ ਕਿਰਾਏ ਤੇ ਲੈਲੀ। ਜੀਪ ਹਾਲੇ ਥੋੜ੍ਹੀ ਜੀ ਦੂਰ ਈ ਗਈ ਸੀ, ਜਦੋਂ ਰਾਹ ‘ਚ ਪਏ ਨਾ ਦੋ-ਤਿੰਨ ਮੋੜ ਜੇ, ਜੀਪ ਜਮਾਂ ਪਹਾੜ ਦੀ ਕੰਨੀ ਤੋਂ ਮੁੜੀ ਤੇ ਦੂਜੇ ਪਾਸੇ ਪੂਰੀ ਡੂੰਘੀ ਖਾਈ ਦਿਸੀ ਤੇ ਓਧਰੋਂ ਮੂਹਰੋਂ ਆਉਂਦੀ ਸਵਾਰੀ ਵੀ ਜਮਾਂ ਨਾਲ ਦੀ ਖਹਿ ਕੇ ਟੱਪਿਆ ਕਰੇ ਤਾਂ ਮੇਜਰ ਨੇ ਤਾਂ ਜੀਪ ਰੁਕਵਾ ਕੇ ਪਾ ਲਿਆ ਰੌਲਾ, ਕਹਿੰਦਾ ਆਹ ਤਾਂ ਮੌਤ ਖਰੀਦਣ ਆਲੀ ਗੱਲ ਹੋਗੀ, ਜੇ ਥੱਲੇ ਜਾ ਪਏ ਤਾਂ ਹੱਡੀ ਵੀ ਨੀ ਥਿਔਣੀ, ਕਹਿੰਦਾ ਮੈਂ ਤਾਂ ਤੁਰਕੇ ਜਾਊਂ। ਜੰਟੇ ਅਰਗੇ ਕਹਿੰਦੇ ਕੰਜਰਦਿਆ ਤੁਰਕੇ ਜਾਣ ਨੂੰ ਖੇਤ ਐ ਏਹੇ, ਪਹਾੜਾਂ ‘ਚ ਫਿਰਦੇ ਆਂ, ਬੈਠ ਜੀਪ ‘ਚ, ਐਂ ਨੀ ਕੁਛ ਹੁੰਦਾ। ਪਰ ਮੇਜਰ ਚੜ੍ਹੇ ਨਾ। ਜਦੋਂ ਕੰਮ ਲੋਟ ਈ ਨਾ ਆਇਆ ਤਾਂ ਜੰਟੇ ਅਰਗਿਆਂ ਨੇ ਅੱਕੇ ਹੋਇਆਂ ਨੇ ਜੀਪ ਸਟਾਟ ਕਰਾਲੀ ਤੇ...
ਮੇਜਰ ਨੂੰ ਕਹਿੰਦੇ ਅਕੇ ਤੂੰ ਐਥੀ ਬਹਿਜਾ, ਅਸੀਂ ਤੈਨੂੰ ਆਉਣ ਵੇਲੇ ਚੜ੍ਹਾਲਾਂਗੇ, ਪਰ ਜੇ ਕੋਈ ਸ਼ੇਰ-ਸ਼ੂਰ ਆ ਗਿਆ ਤਾਂ ਆਵਦੀ ਬੱਚਤ ਆਪ ਕਰੀਂ, ਸਾਡੀ ਕੋਈ ਜੁੰਮੇਦਾਰੀ ਨੀ। ਸ਼ੇਰ ਦਾ ਨਾ ਸੁਣਨ ਸਾਰ ਈ ਮੇਜਰ ਗੜੱਪ ਦੇਣੇ ਬਹਿ ਗਿਆ ਜੀਪ ‘ਚ, ਪਿੱਛੇ ਨੂੰ ਮੂੰਹ ਕਰਕੇ ਤੇ ਅੱਖਾਂ ਕਰਲੀਆਂ ਬੰਦ, ਕਹਿੰਦਾ ਐਂ ਡਰ ਘੱਟ ਲੱਗੂ।
ਫਿਰ ਇਹਨੇ ਗੁਰੂ ਸ਼ਿਖ਼ਰ ਆਲੇ ਮੰਦਰ ਦੀਆਂ ਪੌੜੀਆਂ ‘ਚ ਪੰਗਾ ਪਾ ਲਿਆ। ਜਾਣ ਵੇਲੇ ਤਾਂ ਵਧੀਆ ਚੜ੍ਹਗਿਆ ਤੇ ਆਉਣ ਵੇਲੇ ਉੱਤਰੇ ਨਾ। ਅੱਖਾਂ ਮੀਚ ਕੇ ਪੌੜੀਆਂ ‘ਚ ਬਹਿ ਗਿਆ, ਅਕੇ ਮੇਰਾ ਦਿਲ ਪਾਟੂ, ਥੱਲੇ ਡੂੰਘਾ ਬਾਹਲੈ, ਓਥੋਂ ਵੀ ਨਾਲ ਦਿਆਂ ਨੇ ਹੱਥ ਫੜ੍ਹ-ਫੜ੍ਹ ਤਾਰ੍ਹਿਆ।
ਦਿਨੇ ਸਾਰੇ ਨੱਕੀ ਝੀਲ, ਗੁਰੂ ਸ਼ਿਖ਼ਰ, ਪੀਸ ਪਾਰਕ ਵਰਗੀਆਂ ਥਾਵਾਂ ਦੇਖਦੇ ਫਿਰੇ ਤੇ ਆਥਣੇ ਜੇ ਲਾ ਕੇ ਇੱਕ-ਇੱਕ ਪੈੱਗ Sunset point ਤੇ ਜਾ ਵੱਜੇ। ਐਨੇ ਉੱਚੇ ਪਹਾੜ ਤੋਂ ਜਦੋਂ ਡੁਬਦੇ ਸੂਰਜ ਦਾ ਨਜ਼ਾਰਾ ਵੇਖ ਕੇ ਦੂਜੀ ਜਨਤਾ ਰੌਲਾ ਪਾਇਆ ਕਰੇ ਤਾਂ ਵਿੱਚੇ ਇਹ ਚੀਕਾਂ ਚੱਕਦਿਆ ਕਰਨ, ਇਨ੍ਹਾਂ ਨੂੰ ਹੋਗਿਆ ਵੀ ਕਿਤੇ ਸੂਰਜ ਛਿਪਦਾ ਦੇਖ ਕੇ ਚੀਕਾਂ ਮਾਰਨੀਆਂ ਰਿਵਾਜ ਐ ਐਥੋਂ ਦਾ। ਚਲੋ ਸੂਰਜ ਨੂੰ ਵਿਦਾ ਕਰਕੇ ਏਹੇ ਲਾ ਕੇ ਅਧੀਆ-ਅਧੀਆ ਹੋਟਲ ‘ਚ ਆ ਪਏ, ਜਿੱਥੇ ਰੁਕੇ ਸੀ। ਰਾਤ ਨੂੰ ਗਿਆਰਾਂ ਕੁ ਵਜੇ ਦਾ ਟੈਮ, ਮੇਜਰ ਡੱਕਿਆ ਹੋਇਆ ਨਾਲ ਪਏ ਜੰਟੇ ਤੋਂ ਖੇਸ ਖਿੱਚ ਕੇ ਕਹਿੰਦਾ:- ਓਏ ਜੰਟਿਆ ਜਿਹੜੇ ਸ੍ਹਾਬ ਨਾਲ ਅੱਜ ਸੂਰਜ ਜਾ ਛਿਪਿਐ, ਮੈਨੂੰ ਨੀ ਲਗਦਾ ਏਹੇ ਦੁਬਾਰੇ ਚੜ੍ਹੂ, ਜੇ ਕਿਤੇ ਸੱਚੀਂ ਆਹ ਗੱਲ ਹੋਗੀ ਤਾਂ ਐਨੇ ਨ੍ਹੇਰੇ ‘ਚ ਪਿੰਡ ਕਿਵੇਂ ਜਾਵਾਂਗੇ ਓਏ, ਆਪਾਂ ਤਾਂ ਘਰ ਤੋਂ ਬੈਠੇ ਵੀ ਬਾਹਲੀ ਦੂਰ ਆਂ …
ਗੁਰਵਿੰਦਰ ਮਲਕਾਣਾ।