ਅਰਦਾਸ ਦੀ ਸ਼ਕਤੀ
ਮੈਂ ਜਦੋਂ ਐਲ ਐਲ ਬੀ ਕਰਦਾ ਸੀ ਤਾਂ ਮੇਰੇ ਇੱਕ ਅਜ਼ੀਜ਼ ਮਿੱਤਰ ਨੇ ਮੈਨੂੰ ਆਪਣੀ ਇੱਕ ਹੱਡਬੀਤੀ ਸੁਣਾਈ…ਜਿਸ ਨੇ ਮੇਰਾ ਅਰਦਾਸ ਦੀ ਸ਼ਕਤੀ ਵਿੱਚ ਹੋਰ ਵਿਸ਼ਵਾਸ ਪੱਕਾ ਕੀਤਾ ।
ਜਦੋਂ ਐਲ ਐਲ ਬੀ ਸੁਰੂ ਹੋਈ ਤਾਂ ਕੁਝ ਨਵੇਂ ਮਿੱਤਰ ਬਣੇ ਇਹਨਾਂ ਵਿੱਚੋਂ ਹੀ ਇੱਕ ਮਿੱਤਰ ਸਾਨੂੰ ਆਪਣੇ ਘਰ ਲੈ ਕੇ ਗਿਆ ।
ਸਾਡੇ ਇਸ ਮਿੱਤਰ ਦੇ ਪਿਤਾ ਜੀ ਇੱਕ ਵੱਡੇ ਆਈ ਜੀ ਰੈਂਕ ਦੇ ਪੁਲਿਸ ਅਫ਼ਸਰ ਸਨ …ਸਾਡਾ ਇਹ ਮਿੱਤਰ ਆਪਣੇ ਮਾਂ-ਬਾਪ ਦੀ ਇਕਲੌਤੀ ਔਲਾਦ ਹੈ ..ਪਰ ਇਹ ਬੇਹੱਦ ਮਿਲਣਸਾਰ ,ਸਾਦਾ ਅਤੇ ਸਰੀਫ਼ ਇਨਸਾਨ ਹੈ । ਸੁਰੂ ਤੋਂ ਹੀ ,ਕਦੇ ਅਹਿਸਾਸ ਨਹੀ ਹੋਇਆ ਕਿ ਇਹ ਕਿਸੇ ਵੱਡੇ ਪੁਲਿਸ ਅਫ਼ਸਰ ਦੀ ਸੰਤਾਨ ਹੈ ।ਫੁਕਰਪੁਣਾ ਉਹਦੇ ਨੇੜੇ ਤੇੜੇ ਵੀ ਨਹੀ ।
ਹਮੇਸ਼ਾ ਉਹਦੇ ਨਾਲ ਤਿੰਨ-ਚਾਰ ਗੰਨਮੈਨ ਹੁੰਦੇ ਸੀ ਪਰ ਉਹਨੇ ਸਾਰਿਆਂ ਨੂੰ ਆਮ ਕੱਪੜਿਆਂ ਵਿੱਚ ਨਾਲ ਰੱਖਣਾ ਤੇ ਕਾਰ ਵਿੱਚ ਹੀ ਬੈਠੇ ਰਹਿਣ ਲਈ ਕਹਿਣਾ ਕਿ ਮੇਰੇ ਨਾਲ ਨਹੀ ਯੂਨੀਵਰਸਿਟੀ ਵਿੱਚ ਮਗਰ ਮਗਰ ਤੁਰੇ ਫਿਰਨਾ ਜਾਂ ਕਹਿਣਾ ਮੈਂ ਕਲਾਸਾਂ ਲਾਉਨਾਂ ਤੁਸੀਂ ਯੂਨੀਵਰਸਿਟੀ ਵਿੱਚ ਗੇੜਾ ਦੇ ਲਵੋ ਤੇ ਆਪ ਉਹਨੇ ਸਾਡੇ ਨਾਲ ਸਾਡੀ ਕਾਰ ਵਿੱਚ ਹੀ ਆਉਣਾ ਜਾਣਾ । ..
ਉਹਦੇ ਏਨਾ ਵਧੀਆ ਹੋਣ ਕਰਕੇ ਹੀ ਸ਼ਾਇਦ ਤਾਂ ਹੀ ਸਾਡੀ ਦੋਸਤੀ ਏਨੀ ਗੂੜ੍ਹੀ ਪੈ ਗਈ .. ਹੱਸਮੁੱਖ ਏਨਾ ਹੈ ਕਿ ਹਰ ਇੱਕ ਗੱਲ ਤੇ ਮਜ਼ਾਕ ਕਰਦੇ ਹੀ ਰਹਿਣਾ ਤੇ ਸਾਡੇ ਹਸਾ ਹਸਾ ਢਿੱਡੀ ਪੀੜਾਂ ਪਾ ਦੇਣੀਆਂ ..ਹੁਣ ਵੀ ਜੇ ਕਦੇ ਕੋਈ ਅੰਕਲ਼ ਜੀ ਤੱਕ ਕੰਮ ਹੋਵੇ ਤਾਂ ਅਸੀਂ ਫੋਨ ਕਰੀਏ ਕਿ ਯਾਰ ਆਹ ਕੰਮ ਕਾਰ ਕਹਿ ਦੇ …ਤੇ ਅੱਗੋਂ ਉਹਦੇ ਪਿਤਾ ਜੀ ਦਾ ਮੂਡ ਠੀਕ ਨਾ ਹੋਵੇ ਤਾਂ ਕਹੂਗਾ ਕਿ ਬਾਈ ਕੱਲ ਨੂੰ ਕਹਿ ਕੇ ਕਰਵਾ ਦੇਵੇਗਾ …ਅੱਜ ਬਾਪੂ ਨਹੀ ਬੋਲਦਾ ਅੱਜ ਤਾਂ ਪੰਜਾਬ ਪੁਲਿਸ ਬੋਲਦੀ ਹੈ ਵਿੱਚ…
ਸਾਡੇ ਇਸ ਮਿੱਤਰ ਦੇ ਖੁੱਲ੍ਹੀ ਲੰਮੀ ਦਾਹੜੀ ਹੈ ਤੇ ਸਿਰ ਸੋਹਣੀ ਦਸਤਾਰ ਸਜਾ ਕੇ ਰੱਖਦਾ ਹੈ ।ਰੱਬ ਦਾ ਨਾਂ ਲੈਣ ਵਾਲਾ ਤੇ ਪੂਰਾ ਧਾਰਮਿਕ ਬੰਦਾ …ਪਰ ਜਦੋਂ ਮੈਂ ਪਹਿਲੀ ਵਾਰ ਘਰ ਗਿਆ ਤਾਂ ਉਹਦੇ ਕਮਰੇ ਵਿੱਚ ਕੰਧ ਉੱਤੇ ਲੱਗੀ ਇੱਕ ਤਸਵੀਰ ਦੇਖਕੇ ਮੈਂ ਹੈਰਾਨ ਹੋ ਗਿਆ ਕਿ ਯਾਰ ਇਹ ਸਿਰ ਦੇ ਵਾਲ ਕੱਟੇ ਹੋਏ ਤੇ ਕਲੀਨ ਸੇਵ ਵਾਲੀ ਤੇਰੀ ਹੀ ਤਸਵੀਰ ਹੈ ਤਾਂ ਉਹ ਕਹਿੰਦਾ” ਹਾਂ “ ..ਮੇਰੀ ਹੀ ਹੈ ।
ਮੈਂ ਕਿਹਾ ਏਨੀ ਵੱਡੀ ਤਬਦੀਲੀ ਕਿੱਦਾਂ ਆ ਗਈ ਫੇਰ ..ਤਾਂ ਉਹਨੇ ਇੱਕ ਘਟਨਾ ਵਾਰੇ ਦੱਸਿਆ ।
ਕਹਿੰਦਾ ਤਿੰਨ ਕੁ ਸਾਲ ਪਹਿਲਾਂ ਇੱਕ ਦਿਨ ਮੈਂ ਤੇ ਮੇਰਾ ਮਿੱਤਰ ਚੰਡੀਗੜ੍ਹ ਤੋਂ ਫਤਹਿਗੜ੍ਹ ਸਾਹਿਬ ਵੱਲ ਨੂੰ ਕਾਰ ਵਿੱਚ ਆ ਰਹੇ ਸੀ …ਮੈਂ ਕਾਰ ਚਲਾ ਰਿਹਾ ਸੀ ਤੇ ਮੇਰਾ ਮਿੱਤਰ ਨਾਲ ਬੈਠਾ ਸੀ …ਸਵੇਰ ਦਾ ਸਮਾਂ ਸੀ ਸੜਕ ਖਾਲੀ ਸੀ ਇਸ ਕਰਕੇ ਕਾਰ ਦੀ ਸਪੀਡ ਵੀ ਤੇਜ਼ ਸੀ ।ਅਚਾਨਕ ਬਿਲਕੁਲ ਕਾਰ ਦੇ ਨੇੜੇ ਆ ਕੇ ਇੱਕ ਕੱਚੇ ਰਸਤੇ ਵਿੱਚੋਂ ਇੱਕ ਦੋਧੀ ਨੇ ਮੋਟਰ ਸਾਈਕਲ ਤੇਜ਼ ਰਫ਼ਤਾਰ ਵਿੱਚ ਸੜਕ ਉੱਤੇ ਚਾੜ ਦਿੱਤਾ ….ਮੈਂ ਏਨੀ ਨੇੜੇ ਮੋਟਰ ਸਾਇਕਲ ਦੇਖ ਕੇ ਘਬਰਾ ਗਿਆ ..ਮੈਂ ਪੂਰੇ ਜ਼ੋਰ ਨਾਲ ਬਰੇਕ ਲਾਈ ਪਰ ਜਦੋਂ ਕਾਰ ਨਾ ਰੁਕੀ ਤਾਂ ਮੈਂ ਮੋਟਰ ਸਾਈਕਲ ਵਾਲੇ ਨੂੰ ਬਚਾਉਣ ਲਈ ..ਮੈਂ ਦੂਜੇ ਪਾਸੇ ਸੜਕ ਤੋਂ ਥੱਲੇ ਕਾਰ ਲਾਹ ਲਈ ….ਮੋਟਰ ਸਾਈਕਲ ਵਾਲੇ ਦਾ ਤਾਂ ਬਚਾ ਹੋ ਗਿਆ ਪਰ ਜਦੋਂ ਮੈਂ ਉਸੇ ਸਪੀਡ ਨਾਲ ਕਾਰ ਫੇਰ ਸੜਕ ਉੱਪਰ ਚੜਾਈ ਤਾਂ ਕਾਰ ਦਾ ਕੰਟਰੋਲ ਵਿਗੜ ਗਿਆ ਤੇ ਕਾਰ ਪੂਰੀ ਸਪੀਡ ਨਾਲ ਸੜਕ ਕੰਢੇ ਖੜੇ ਇੱਕ ਰੁੱਖ ਨਾਲ ਜਾ ਟਕਰਾਈ ।
ਮੇਰੇ ਮੱਥੇ ਤੇ ਵੱਡੀ ਸੱਟ...
ਲੱਗ ਗਈ ਸੀ ਇਸ ਲਈ ਮੈਨੂੰ ਕੁਝ ਸਮਾਂ ਤਾਂ ਕੁਝ ਪਤਾ ਨਾ ਲੱਗਿਆ ..ਮੇਰਾ ਦੋਸਤ ਆਪਣੀ ਖਿੜਕੀ ਖੋਲ ਕੇ ਆਇਆ ਤੇ ਉਹਨੇ ਮੇਰੀ ਖਿੜਕੀ ਖੋਲੀ ਤੇ ਮੈਨੂੰ ਖਿੱਚ ਕੇ ਬਾਹਰ ਕੱਢਿਆ ਤੇ ਦੋ ਤਿੰਨ ਵਾਰ ਪੁੱਛਿਆ ਕਿ ਤੂੰ ਠੀਕ ਆ … ਤੇ ਆਪ ਉਹ ਉੱਥੇ ਹੀ ਧਰਤੀ ਤੇ ਸਿਰ ਫੜ ਕੇ ਬਹਿ ਗਿਆ …ਏਨੇ ਨੂੰ ਰਾਹ ਚਲਦੇ ਲੋਕ ਰੁੱਕ ਗਏ ..ਮੈਂ ਆਪਣੇ ਪਿਤਾ ਜੀ ਦਾ ਮੋਬਾਇਲ ਨੰਬਰ ਲਾ ਕੇ ਦਿੱਤਾ ਕਿ ਮੇਰੇ ਡੈਡੀ ਨੇ ਇਹਨਾਂ ਨੂੰ ਦੱਸੋ ਕਿ ਸਾਡੇ ਨਾਲ ਇਹ ਹਾਦਸਾ ਵਾਪਰ ਗਿਆ ਹੈ ….ਮੇਰੇ ਪਿਤਾ ਜੀ ਨੇ ਦੋ ਤਿੰਨ ਵਾਰ ਕਾਲ ਕਰਨ ਤੇ ਵੀ ਫੋਨ ਨਾ ਚੱਕਿਆ ..ਉਸ ਤੋਂ ਪੰਦਰਾਂ ਕੁ ਮਿੰਟ ਬਾਦ ਮੇਰੇ ਪਿਤਾ ਜੀ ਨੇ ਆਪ ਵਾਪਸ ਕਾਲ ਕੀਤੀ ਤਾਂ ਉਹਨਾਂ ਨੂੰ ਸਾਡੇ ਹਾਦਸੇ ਵਾਰੇ ਦੱਸਿਆ ਗਿਆ ..ਮੇਰਾ ਦੋਸਤ ਬੇਹੋਸ਼ ਹੋ ਗਿਆ ਸੀ ..ਮੇਰੇ ਵੀ ਬਹੁਤ ਖੂਨ ਵਗ ਰਿਹਾ ਸੀ ..ਸਾਨੂੰ ਮੁਹਾਲੀ ਹਸਪਤਾਲ ਦਾਖਲ ਕਰਾ ਦਿੱਤਾ ਗਿਆ ….ਜਿੱਥੇ ਮੇਰੇ ਪਿਤਾ ਜੀ ਦੇ ਅਨੇਕਾਂ ਦੋਸਤ ਤੇ ਜਾਣ ਪਛਾਣ ਵਾਲੇ ਪਹਿਲਾਂ ਹੀ ਪਹੁੰਚ ਚੁੱਕੇ ਸਨ ..ਜਿੱਥੇ ਜਾ ਕੇ ਮੇਰੇ ਦੋਸਤ ਦੀ ਮੌਤ ਹੋ ਗਈ ..ਮੇਰੇ ਪਿਤਾ ਜੀ ਵੀ ਕੁਝ ਘੰਟੇ ਬਾਦ ਪਹੁੰਚ ਗਏ ।
ਮੈਂ ਜਦੋਂ ਕੁਝ ਦਿਨਾਂ ਬਾਦ ਠੀਕ ਹੋਇਆ ਤਾਂ ਪੁੱਛਿਆ ਕਿ ਤੁਸੀਂ ਉਸ ਦਿਨ ਮੇਰਾ ਫੋਨ ਕਿਉਂ ਨਹੀ ਚੱਕ ਰਹੇ ਸੀ.. ਤਾਂ ਡੈਡੀ ਜੀ ਨੇ ਦੱਸਿਆ ਕਿ ਉਸ ਸਮੇਂ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਸੀ ..ਮੈਂ ਤੇਰੀ ਤੰਦਰੁਸਤੀ ਲਈ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ ਸੀ ਕਿ ਮੇਰੇ ਬੱਚੇ ਨੂੰ ਤੰਦਰੁਸਤੀ ਬਖ਼ਸ਼ਣਾ ।
ਕਹਿੰਦਾ ਇਹ ਸੁਣ ਕਿ ਮੈਨੂੰ ਅਹਿਸਾਸ ਹੋਇਆ ਕਿ ਇਹ ਹਾਦਸੇ ਵਿੱਚੋੰ ਬਚਣ ਦਾ ਕਾਰਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਕੀਤੀ ਅਰਦਾਸ ਹੈ ।
ਮੇਰੀ ਤੇ ਮੇਰੇ ਪਿਤਾ ਜੀ ਦੀ ਜ਼ਿੰਦਗੀ ਵਿੱਚ ਇਸ ਹਾਦਸੇ ਤੋਂ ਬਾਦ ਕਾਫ਼ੀ ਤਬਦੀਲੀ ਆਈ ।
ਯਾਰ ਬੱਸ ਉਸ ਤੋਂ ਬਾਦ ਮੈਂ ਕਦੇ ਕੇਸ ਨਹੀ ਕਟਾਏ ਨਾ ਦਾਹੜੀ ਕਟਾਈ ਆ …
ਆਪਣੇ ਆਪ ਨੂੰ ਗੁਰਬਾਣੀ ਨਾਲ ਜੋੜ ਲਿਆ ਹੈ ਅਤੇ ਕੋਸ਼ਿਸ਼ ਕਰਦਾ ਕਿ ਹਰ ਮਹੀਨੇ ਇੱਕ ਵਾਰ ਆਪਣੇ ਉਸ ਮਰਹੂਮ ਦੋਸਤ ਦੇ ਮਾਪਿਆਂ ਨੂੰ ਜ਼ਰੂਰ ਮਿਲ ਕੇ ਆਵਾਂ । ਵਾਹਿਗੁਰੂ ਦੀ ਕਿਰਪਾ ਨਾਲ ਮੈਂ ਆਪਣੇ ਦੋਸਤ ਦੇ ਮਾਪਿਆਂ ਨਾਲ ਸਾਰੀ ਉਮਰ ਜੁੜਿਆ ਰਹਾਂ । ਉਸ ਘਟਨਾ ਵਾਪਰੀ ਨੂੰ ਵੀਹ ਸਾਲ ਹੋ ਗਏ ਨੇ ..ਸਾਡੇ ਉਸ ਦੋਸਤ ਦਾ ਗੁਰਬਾਣੀ ਤੇ ਸਿੱਖੀ ਨਾਲ ਲਗਾਅ ਹੋਰ ਵੱਧ ਗਿਆ ਹੈ ਤੇ ਉਹ ਅੱਜ ਵੀ ਆਪਣੇ ਮਰਹੂਮ ਦੋਸਤ ਦੇ ਮਾਪਿਆਂ ਕੋਲ ਉਵੇਂ ਹੀ ਜਾਂਦਾ ਆਉਂਦਾ ਹੈ ।
ਉਸ ਦੀ ਕਹਾਣੀ ਨੇ ਮੇਰਾ ਵੀ ਅਰਦਾਸ ਦੀ ਸ਼ਕਤੀ ਵਿੱਚ ਹੋਰ ਵਿਸ਼ਵਾਸ ਵਧਾ ਦਿੱਤਾ ।
ਸੱਚੇ ਮਨ ਤੋਂ ਕੀਤੀ ਅਰਦਾਸ ਪਰਮਾਤਮਾ ਜ਼ਰੂਰ ਕਬੂਲ ਕਰਦਾ ਹੈ ।ਅਰਦਾਸ ਮਨ ਦੀ ਪਰਮਾਤਮਾ ਨਾਲ ਸਿੱਧੀ ਗੱਲਬਾਤ ਹੁੰਦੀ ਹੈ ।ਅਸੀਂ ਸਾਰੇ ਹੀ ਜ਼ਿੰਦਗੀ ਵਿੱਚ ਅਨੇਕਾਂ ਮੌਕਿਆਂ ਦੇ ਉੱਤੇ ਜਦੋਂ ਸਾਰੇ ਯਤਨ ਕਰਕੇ ਹਾਰ ਜਾਂਦੇ ਹਾਂ ਤਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਹੇ ਪਰਮਾਤਮਾ ਸਾਡੇ ਸੰਕਟਾਂ ਨੂੰ ਦੂਰ ਕਰ ਤੇ ਸਾਨੂੰ ਦੁੱਖਾਂ ਨਾਲ ਲੜਨ ਦੀ ਤਾਕਤ ਬਖ਼ਸ਼ ।ਸਾਡੀਆਂ ਬਹੁਤੀਆਂ ਅਰਦਾਸਾਂ ਗਿਲੇ ਸ਼ਿਕਵੇ ਹੀ ਹੁੰਦੀਆਂ ਨੇ ਸ਼ੁਕਰਾਨੇ ਦੀਆਂ ਘੱਟ ਹੀ ਹੁੰਦੀਆਂ ਹਨ ।ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਸਭ ਤੋਂ ਪਵਿੱਤਰ ਹੁੰਦੀ ਹੈ ।
ਹਰਵਿੰਦਰ ਸਿੰਘ ਭੱਟੋਂ