More Punjabi Kahaniya  Posts
ਪ੍ਰਦੇਸੀਆਂ ‌ਦਾ ਦਰਦ


ਲੇਖਕ- ਗੁਰਪ੍ਰੀਤ ਕੌਰ
ਅਸੀਂ ਪਰਦੇਸੀਂ ਬੈਠੇ ਚਾਹੇ ਕਿੰਨੇ ਵੀ ਆਪਣੀ ਜ਼ਿੰਦਗੀ ਚ ਰੁੱਝੇ ਹੋਈਏ, ਪਰ ਸੋਚਾਂ ਦੀ ਇੱਕ ਕੜੀ ਹਮੇਸ਼ਾ ਮਾਪਿਆਂ ਤੇ ਭੈਣ ਭਰਾਵਾਂ ਨਾਲ ਜੁੜੀ ਰਹਿੰਦੀ ਹੈ। ਨਾਲ ਰਹਿੰਦੇ ਜਾਂ ਕੰਮ‌ ਕਰਦੇ ਕਿਸੇ ਦੇ ਇੰਡੀਆ ਰਹਿੰਦੇ ਮਾਪੇ ਜਾਂ ਭੈਣ ਭਰਾਵਾਂ ਬਾਰੇ ਕੋਈ ਚੰਗੀ ਮਾੜੀ ਗੱਲ ਸੁਣ ਲ‌ਈਏ ਤਾਂ ਤੁਰੰਤ ਆਪਣਿਆਂ ਦੀ ਯਾਦ ਆ ਜਾਂਦੀ ਹੈ। ਜਦੋਂ ਤੱਕ ਘਰ ਸਭ ਦੀ ਸੁੱਖ ਸਾਂਦ ‌ਦਾ‌ ਪਤਾ ਨੀ ‌ਲੱਗਦਾ ਉਦੋਂ ਤੱਕ ਮਨ ਨੂੰ ਧੁੜਕੂ ਲੱਗਿਆ ਰਹਿੰਦਾ ਹੈ। ਉਦੋਂ ਵੀ ਇੰਝ ਹੀ ਹੋਇਆ ਸੀ। ਰਾਤ ਨੂੰ ਚੰਗੀ ਤਰ੍ਹਾਂ ਨੀਂਦ ਨਾ ਆਈ। ਅਜੀਬ ਜਿਹੇ ਖਿਆਲ ਆਈ ਜਾਣ। ਰਾਤ‌‌ ਮਗਰੋਂ ਦਿਨ ਵੀ ਲੰਘ ਗਿਆ। ਸ਼ਾਮ ਹੋਈ ਤਾਂ ਘਰ ਵੀਰ ਨੂੰ ਫੋਨ ਕੀਤਾ। ਉਸਨੇ ਚੱਕਿਆ ਨਾ। ਫੇਰ ਨਿੱਕੀ ਭੈਣ ਨੂੰ ਫੋਨ ਕੀਤਾ। ਉਸਨੇ ਵੀ ਨਾ ਚੱਕਿਆ। ਮਨ ਚ ਕ‌ਈ ਤਰ੍ਹਾਂ ਦੇ ਖਿਆਲ ਆ‌ਏ। ਫੇਰ ਅਖੀਰ ਨਿੱਕੀ ਦਾ‌ ਫੋਨ ਆਇਆ। ਕਹਿੰਦੀ‌ ਮੈਂ ਘਰ ਨਹੀਂ, ਕਿਸੇ ਸਹੇਲੀ ਦੇ ਘਰ ਆਈ ਹੋਈ ਹਾਂ, ਇੱਥੇ ਨੈੱਟਵਰਕ ਘੱਟ ਨੇ। ਮੈਂ ਪੁੱਛਿਆ ਕਿ ਘਰ ਸਭ ਠੀਕ ਹੈ, ਕਿਸੇ ਨੇ ਫੋਨ ਨੀ ਚੱਕਿਆ, ਤਾਂ ਉਹਨੇ ਜਵਾਬ ਦਿੱਤਾ ਕਿ ਸਭ ਠੀਕ ਨੇ, ਬੱਸ ਕੰਮ ਕਾਰ ਚ ਰੁੱਝੇ ਹੋਏ ਹੋਣਗੇ। ਮੈਂ ਉਸਨੂੰ ਵੀਡੀਓ ਕਾਲ ਲਈ ਕਿਹਾ ਤਾਂ ਉਸਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਘਰ ਜਾ ਕੇ ਕਰਾਂਗੀ। ਮੈਂ ਉਸਦੀ ਗੱਲ ਮੰਨ ਤਾਂ ਲਈ ਪਰ ਦਿਲ ਕਿਤੇ ਨਾ ਕਿਤੇ ਮੰਨਣਾ ਨਹੀਂ ਸੀ ਚਾਹੁੰਦਾ। ਮੈਂ ਫੇਰ ਨਿੱਕੇ ਵੀਰ ਨੂੰ ਫੋਨ ਕੀਤਾ। ਇਸ ਵਾਰ ਵੀ ਉਹਨੇ ਨਾ ਚੱਕਿਆ।
ਅਗਲੇ ਦਿਨ ਵੀ ਸ਼ਾਮ ਨੂੰ ਕੰਮ ਤੋਂ ਵਾਪਸ ਆ ਕੇ ਮੈਂ ਫੇਰ ਘਰ ਫੋਨ ਕੀਤਾ। ਇਸ ਵਾਰ ਨਿੱਕੇ ਨੇ ਫੋਨ ਤਾਂ ਚੱਕਿਆ, ਪਰ ਮੇਰੇ ਨਾਲ ਉਸਨੇ ਚੱਜ ਨਾਲ ਗੱਲ ਹੀ ਨਾ ਕੀਤੀ, ਕੰਮ ਚ ਬਿਜੀ ਹੋਣ ਦਾ ਕਹਿ ਕੇ ਫੋਨ ਕੱਟ ਦਿੱਤਾ। ਮੈਂ ਫੇਰ ਨਿੱਕੀ ਨੂੰ ਫੋਨ ਕੀਤਾ ਤਾਂ ਉਸਨੇ ਕਹਿ ਦਿੱਤਾ ਕਿ ਮੈਂ ਪੜਾਈ ਚ ਬਿਜੀ ਹਾਂ, ਫੇਰ ਗੱਲ ਕਰੂੰ। ਮੇਰੇ ਦਿਲ ਚ ਅਣਜਾਣ ਜਿਹਾ ਡਰ ਭਰਦਾ ਜਾ ਰਿਹਾ ਸੀ, ਜਿਵੇਂ ਕੋਈ ਅਣਹੋਣੀ ਹੋ ਗਈ ਹੋਵੇ ਤੇ ਇਹ ਸਭ ਮੈਥੋਂ ਲੁਕੋ ਰਹੇ ਹੋਣ। ਡੈਡੀ ਦਾ ਖਿਆਲ ਆਇਆ, ਫੇਰ ਸੋਚਿਆ ਡੈਡੀ ਨੂੰ ਕੀ ਹੋ ਸਕਦਾ, ਉਹ ਤਾਂ ਬਿਲਕੁਲ ਠੀਕ ਨੇ, ਕੋਈ ਬਿਮਾਰੀ ਵੀ ਨਹੀਂ। ਨਾਲੇ ਪਿਛਲੇ ਐਤਵਾਰ ਮੈਂ ਸਭ ਨਾਲ ਵੀਡੀਓ ਕਾਲ ਤੇ ਗੱਲ ਕੀਤੀ ਸੀ, ਉਦੋਂ ਡੈਡੀ ਤਾਂ ਬਿਲਕੁਲ ਤੰਦਰੁਸਤ ਨਜ਼ਰ ਆ ਰਹੇ ਸੀ। ਫੇਰ ਮੰਮੀ ਦਾ ਖਿਆਲ ਆਇਆ, ਮੰਮੀ ਨੂੰ ਨਾ ਕੁਝ ਹੋ‌‌ ਗਿਆ ਹੋਵੇ, ਮੰਮੀ ਬਿਮਾਰ ਵੀ ਮਿੰਟ ਚ ਹੋ‌ ਜਾਂਦੀ ਹੈ। ਫੇਰ ਇੱਕ ਦਮ ਖੁਦ ਨੂੰ ਝੰਜੋੜਿਆ, ਕਿ ਕੀ ਸੋਚੀ ਜਾ ਰਹੀ ਹਾਂ। ਬਾਬਾ ਜੀ ਕੋਲ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਸਭ ਕੁਝ ਠੀਕ ਹੋਵੇ,‌ ਮੇਰਾ ਵਹਿਮ ਹੀ ਹੋਵੇ ਇਹ। ਪਰ ਚੈਨ ਕਿੱਥੇ ਮਿਲ ਰਿਹਾ ਸੀ, ਫੇਰ ਥੋੜੀ ਦੇਰ ਮਗਰੋਂ ਮੈਂ ਆਪਣੀ ਇੱਕ ਸਹੇਲੀ ਨੂੰ ਫੋਨ ਲਾ‌ ਲਿਆ, ਉਸਦਾ ਤੇ ਉਸਦੀ ਮੰਮੀ ਦਾ ਸਾਡੇ ਘਰ ਬਹੁਤ ਆਉਣ ਜਾਣ ਹੈ। ਉਸ ਨਾਲ ਗੱਲ ਕਰਕੇ ਲੱਗਿਆ ਕਿ ਸਭ ਕੁਝ ਠੀਕ ਹੈ। ਜੇ ਕੁਝ ਵੀ ਹੋਇਆ ਹੁੰਦਾ ਤਾਂ ਮੈਨੂੰ ਇਹ...

ਤਾਂ ਜ਼ਰੂਰ ਦੱਸ ਦਿੰਦੀ। ਪਰ ਮਨ ਨੂੰ ਚੈਨ ਫੇਰ ਵੀ ਨਾ ਮਿਲਿਆ। ਜਿਵੇਂ ਕਿਵੇਂ ਕਰਕੇ ਇੱਕ ਹੋਰ ਰਾਤ ਕੱਟੀ।
ਮੇਰੇ ਪਤੀ ਤੇ ਮੈਂ ਉਦੋਂ ਕੰਮ ਕਰਕੇ ਅਲੱਗ ਅਲੱਗ ਸ਼ਹਿਰ ਚ ਰਹਿ ਰਹੇ ਸੀ। ਜ਼ਿਆਦਾਤਰ ਐਤਵਾਰ ਨੂੰ ਹੀ ਅਸੀਂ ਇਕੱਠੇ ਹੁੰਦੇ ਸੀ। ਪਰ ਉਸ ਦਿਨ ਉਹ ਇੱਕ ਦਿਨ ਪਹਿਲਾਂ ਆ ਗ‌ਏ। ਮੈਨੂੰ ‌ਸ਼ਾਮ‌ ਨੂੰ ਬਾਹਰ ਲ਼ੈ ਕੇ ਗ‌ਏ। ਮੇਰੀ ਪਸੰਦ ਦਾ ਖਾਣਾ‌ ਔਰਡਰ ਕੀਤਾ। ਮਗਰੋਂ ਅਸੀਂ ਬੀਚ ਤੇ ਗ‌ਏ ਤੇ ਇਹਨਾਂ ਨੇ ਪਿਆਰ ਨਾਲ ਮੈਂਨੂ ਗਲਵੱਕੜੀ ਪਾ ਕੇ ਜੋ ਕਿਹਾ, ਮੈਨੂੰ ਇੰਝ ਲੱਗਿਆ ਜਿਵੇਂ ਮੈਂ ਬਰਫ਼ ਹੋ ਗਈ ਹੋਵਾਂ। “ਪਾਪਾ ਨਹੀਂ ਰਹੇ” ਇਹ ਲਫਜ਼ ਸੁਣਕੇ ‌ਮੈਂ ਸੁੰਨ ਹੋ ਗਈ ਸੀ। ਕੁਝ ਦੇਰ ਲਈ ਹੰਝੂ ਵੀ ਨਾ ਨਿਕਲੇ, ਕੁਝ ਵੀ ਮਹਿਸੂਸ ‌ਹੋਣਾ ਬੰਦ ਹੀ ਹੋ ਗਿਆ ਸੀ। ਜਦੋਂ ਮੈਂ ਸੁੰਨ ਜਿਹੀ ਹੋ ਗਈ, ਨਾ ਕੁਝ ਬੋਲੀ ਨਾ ਰੋਈ ਤਾਂ ਉਹਨਾਂ ਨੇ ਪਾਪਾ ਦੀਆਂ ਆਖਰੀ ਤਸਵੀਰਾਂ ਕੱਢ ਕੇ ‌ਫੋਨ ਮੇਰੇ ਸਾਹਮਣੇ ਕਰ ਦਿੱਤਾ। ਚਿੱਟੇ ਕਫ਼ਨ ਚ ਲਿਪਟੇ ਅੱਖਾਂ ਬੰਦ ਕਰੀ ਪ‌ਏ, ਲੱਗ ਰਿਹਾ ਸੀ, ਸੁੱਤੇ ਪਏ ਨੇ, ਹੁਣੇ ਜਾਗ ਜਾਣਗੇ। ਮੈਂ ‌ਫੋਟੋ ਨੂੰ ਦੇਖਦੀ ਰਹੀ, ਇਹ ਦੱਸਦੇ ਰਹੇ ਕਿ ਰਾਤ ਨੂੰ ਸੁੱਤੇ ਪਿਆਂ ਨੂੰ ਦਿਲ ਦਾ ਦੌਰਾ ਪਿਆ। ਸਵੇਰੇ‌ ਮੰਮੀ ਨੇ ਜਦ ਉਠਾਇਆ ਉਦੋਂ ਹੀ ਪਤਾ ਲੱਗਿਆ। ਮੈਂ ‌ਸੁਣਦੀ ਰਹੀ, ਫੇਰ ਹੌਲੀ ਜਿਹੀ ਇੱਕ ਹੰਝੂ ਫੋਨ ਦੀ‌ ਸਕਰੀਨ ਤੇ ਡਿੱਗ ਗਿਆ। ਫੇਰ ਇੱਕ ਇੱਕ ਕਰਕੇ ਕ‌ਈ‌ ਹੰਝੂ ਸਕਰੀਨ ਤੇ ਡਿੱਗ ਗ‌ਏ‌ ਤੇ ਪਾਪਾ ਦੀ‌ ਤਸਵੀਰ ਧੁੰਦਲੀ ਜਿਹੀ ਪੈ ਗਈ। ਉਸ ਤੋਂ ਮਗਰੋਂ ‌ਮੈਨੂੰ ਕੋਈ ਹੋਸ਼ ਨਹੀਂ ਕਿ ਕਿੰਨਾ ਚਿਰ ਰੋਂਦੀ ਰਹੀ। ਹੋਸ਼ ਉਦੋਂ ਆਇਆ ਜਦੋਂ ਨਿੱਕੀ ਦਾ‌ ਫੋਨ ਇਹਨਾਂ ਨੂੰ ਆਇਆ ਤੇ ਇਹਨਾਂ ਨੇ ਜਵਾਬ ਦਿੱਤਾ ਕਿ ਹਾਂ ਮੈਂ ਉਹਦੇ ਕੋਲ ਹੀ ਹਾਂ,‌ ਮੈਂ ਦੱਸ ਦਿੱਤਾ ਹੈ।
ਮੈਨੂੰ ਇੱਕ ਵਾਰ ਤਾਂ ਗੁੱਸਾ ਆਇਆ ਕਿ ਇਹ ਨਿੱਕੀ ਮੇਰੇ ਨਾਲੋਂ ਜ਼ਿਆਦਾ ਸਿਆਣੀ ਹੋ ਗਈ, ਮੈਨੂੰ ਦੱਸਿਆ ਵੀ ਨਹੀਂ, ਅੱਜ ਜਦੋਂ ਤੀਸਰਾ ਦਿਨ ਹੋ‌‌ ਗਿਆ ਏ ਉਦੋਂ ਦੱਸ ਰਹੇ ਨੇ। ਇਹਨਾਂ ਨੇ ‌ਮੈਨੂੰ ਫੋਨ ‌ਫੜਾਇਆ ਤਾਂ ਨਾ ਮੇਰੇ ਤੋਂ ਕੁਝ ਬੋਲਿਆ ਜਾ ਰਿਹਾ ਸੀ ਤੇ ਨਾ ਨਿੱਕੀ ‌ਤੋਂ। ਉਹਦੇ ਮੈਨੂੰ ਬੱਸ ਹੌਕੇ ਹੀ‌ ਸੁਣਾਈ ‌ਦੇ‌ ਰਹੇ ਸੀ। ਮੰਮੀ ਵੀਰਾ ਸਭ ਦੀ‌ ਇੱਕੋ ਜਿਹੀ‌ ਹਾਲਤ ਸੀ।
ਇੱਕ ਇੱਕ ਕਰਕੇ ਪਾਪਾ ਦੀਆਂ ਸਭ ਗੱਲਾਂ ‌ਚੇਤੇ ਆਉਣ ਲੱਗੀਆਂ। ਐਤਵਾਰ ਲੰਘੇ ਤੋਂ ‌ਇਹ‌ ਵੀ ‌ਕੰਮ‌ ਤੇ ਵਾਪਸ ਚਲੇ ਗਏ। ਮੁੜ ਕੇ ‌ਮੇਰੇ ਦਿਲ ਚ ਅਜਿਹਾ ਡਰ‌ ਬੈਠ ਗਿਆ ਕਿ ਜੇ ‌ਅੱਧੀ ਰਾਤ ਨੂੰ ਵੀ ਕਦੇ ਹੌਲ ਉੱਠੇ ਤਾਂ ਮੈਂ ਘਰਦੇ ਕੱਲੇ‌‌ ਕੱਲੇ ਮੈਂਬਰ ਨਾਲ ਗੱਲ ਕਰਕੇ ਹੀ ਮੰਨਦੀ ਹਾਂ ਕਿ ਹਾਂ ਸਭ ਠੀਕ ਹੈ।
ਪਰਦੇਸਾਂ ਚ ਆ‌ ਤਾਂ ਜਾਂਦੇ ਹਾਂ, ਡਾਲਰ ਵੀ ਕਮਾ‌ ਲੈਂਦੇ ਹਾਂ, ਪਰ ਆਪਣੀ ਰੂਹ ਦਾ‌ ਅੱਧਾ ਹਿੱਸਾ ਪਿੱਛੇ ਰਹਿ ਗਏ ਆਪਣਿਆਂ ਦੇ ਕੋਲ ਹੀ ਛੱਡ ਕੇ ਆ‌ ਜਾਂਦੇ ਹਾਂ, ਤੇ ਆਪਣਾ‌ ਆਪ ਸਦਾ ਹੀ ਅਧੂਰਾ ਜਾਪਦਾ ਹੈ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)