ਸਕੂਲ ਤੋਂ ਵਾਪਸ ਆ ਕੇ ਉਹ ਸਵੇਰ ਦਾ ਅਖਬਾਰ ਪੜਨ ਬੈਠ ਗਿਆ ਸੀ। ਇਨੇ ਨੂੰ ਦਰਵਾਜ਼ੇ ਦੀ ਘੰਟੀ ਵੱਜੀ। ਬੂਹੇ ਤੇ ਸਧਾਰਣ ਜਿਹੀ ਦਿੱਖ ਵਾਲਾ ਪੇਂਡੂ ਜਾਪਦਾ ਅੱਧਖੜ ਉਮਰ ਦਾ ਕੋਈ ਬੰਦਾ ਨਵਾਂ ਨਕੋਰ ਪਲੈਟੀਨਾ ਮੋਟਰਸਾਈਕਲ ਲਈ ਖੜਾ ਸੀ। ” ਪਛਾਣਿਆ ਨਹੀਂ ਲੱਗਦਾ ਮਾਸਟਰ ਜੀ, ਮੈਂ ਮੰਗੂ ਦਾ ਡੈਡੀ, ਜੀਹਦਾ ਨਾਂ ਤੁਸੀਂ ਗੈਰ ਹਾਜ਼ਰੀ ਕਾਰਣ ਝੂਠਾ ਮੂਠਾ ਕੱਟ ਦਿੰਦੇ ਸੀ ਤੇ ਫੇਰ ਆਪੇ ਹੀ ਪਿਛਲੀਆਂ ਹਾਜ਼ਰੀਆਂ ਲਾ ਸਾਰਾ ਕੰਮ ਪੂਰਾ ਕਰਾ ਦਿੰਦੇ ਸੀ, ਜੀਹਦਾ ਤੁਸੀਂ ਆਪਣੇ ਕੋਲੋਂ ਦਾਖਲਾ ਭਰਿਆ ਸੀ, ” ਉਹ ਇਕੋ ਸਾਹੇ ਕਿੰਨਾ ਕੁਝ ਹੀ ਕਹਿ ਗਿਆ । ” ਅੱਛਾ ਅੱਛਾ, ਹੁਣ ਕੀ ਕਰਦਾ ਹੁੰਦਾ ਹੈ ਨਲਾਇਕ? ”
” ਤੁਹਾਡੀ ਕਿਰਪਾ ਨਾਲ ਰੋਟੀ ਪੈ ਗਿਆ, ਫੌਜ ਚ ਅੈ ਹੁਣ ਆਸਾਮ ਦੇ ਬਾਡਰ ਤੇ, ਕੈਂਹਦਾ ਡੈਡੀ ਛੱਡ ਸ਼ੈਕਲ ਦਾ ਖੈਹੜਾ, ਓਹਦੇ ਘੱਲੇ ਪੈਸਿਆਂ ਦਾ ਆਹ ਮੋਟਰਸ਼ੈਕਲ ਲਿਆਂਦਾ, ਮਾਸਟਰ ਜੀ, ਨਾਲੇ ਕੈਂਹਦਾ ਸੀ ਪਹਿਲਾਂ ਸਰ ਨੂੰ ਡੱਬਾ ਦੇ ਕੇ ਫੇਰ ਮੋਟਰਸ਼ੈਕਲ ਘਰੇ ਲੈ ਕੇ ਜਾਈਂ ” । ” ਨਾਲੇ...
ਜਦੋਂ ਵੀ ਫੂਨ ਕਰਦੈ, ਤੁਹਾਨੂੰ ਵੀ ਯਾਦ ਕਰਦੇ ” ।
ਪੁਰਾਣੇ ਚੇਲੇ ਦੇ ਬਾਪ ਨੂੰ ਵਿਦਾ ਕਰਕੇ ਉਹ ਫਿਰ ਕੁਰਸੀ ਤੇ ਆ ਬੈਠਾ। ” ਮੈਂ ਕਿਹਾ ਜੀ ਫਿਰ ਦੱਸਿਆ ਨਹੀਂ ਕਿ ਸਨਮਾਨ ਚਿੰਨ੍ਹ ਲੈਣ ਜਾਣਾ ਹੈ ਕਿ ਨਹੀਂ? ” ਉਸਦੀ ਅਧਿਆਪਕ ਪਤਨੀ ਨੇ ਪੁੱਛਿਆ। ” ਮੇਰਾ ਸਨਮਾਨ ਚਿੰਨ੍ਹ ਤਾਂ ਘਰੇ ਹੀ ਭੇਜ ਦਿੰਦੇ ਆ ਮੇਰੇ ਚੇਲੇ ਬਾਲਕੇ, ਤੂੰ ਆਪਣਾ ਫੈਸਲਾ ਆਪ ਕਰ ਲੈ, ” ਉਹਨੇ ਮਿਠਾਈ ਵਾਲਾ ਡੱਬਾ ਮਾਣ ਨਾਲ ਪਤਨੀ ਅੱਗੇ ਕਰਦਿਆਂ ਕਿਹਾ
ਹਰਜੀਤ