ਅੱਸੀਵੀਆਂ ਦੀ ਗੱਲ ਹੈ..ਪਿਤਾ ਜੀ ਦੀ ਨਿੱਕੇ ਜਿਹੇ ਸਟੇਸ਼ਨ ਤੇ ਬਦਲੀ ਹੋ ਗਈ!
ਵੱਡਾ ਕਵਾਟਰ ਖਾਲੀ ਨਾ ਹੋਣ ਕਰਕੇ ਇੱਕ ਕਮਰੇ ਦੇ ਨਿੱਕੇ ਜਿਹੇ ਕੁਆਟਰ ਵਿਚ ਸਾਲ ਕੂ ਭਰ ਰਹਿਣਾ ਪਿਆ!
ਨਿੱਕੀ ਜਿੰਨੀ ਰਸੋਈ,ਗੁਸਲਖਾਨਾ ਅਤੇ ਤੇ ਨਿੱਕਾ ਜਿੰਨਾ ਵੇਹੜਾ..ਘਰ ਸ਼ੁਰੂ ਬਾਅਦ ਵਿਚ ਹੁੰਦਾ ਤੇ ਮੁੱਕ ਪਹਿਲਾਂ ਜਾਇਆ ਕਰਦਾ..!
ਪਰ ਅੰਗਰੇਜਾਂ ਵੇਲੇ ਦੇ ਬਣੇ ਉਸ ਨਿੱਕੇ ਜਿਹੇ ਕੁਆਟਰ ਵਿਚ ਸੁਕੂਨ ਅਤੇ ਆਰਾਮ ਬਹੁਤ ਸੀ..ਸਿਆਲ ਵਿਚ ਹੱਦੋਂ ਵੱਧ ਨਿੱਘਾ ਅਤੇ ਗਰਮੀਆਂ ਵਿਚ ਠੰਡਾ!
ਇਲਾਕੇ ਵਿਚ ਲਾਗੇ ਚਾਗੇ ਕਿੰਨੀਆਂ ਸਾਰੀਆਂ ਵਾਕਫ਼ੀਆਂ ਹੋਣ ਕਰਕੇ ਲੋਕ ਅਕਸਰ ਹੀ ਗੱਡੀ ਚੜਨ ਵੇਲੇ ਘਰੇ ਚਾਹ ਪਾਣੀ ਪੀਣ ਆ ਜਾਇਆ ਕਰਦੇ!
ਇੱਕ ਦਿਨ ਅਚਨਚੇਤ ਇੱਕ ਅਫਸਰ ਰਿਸ਼ਤੇਦਾਰ ਦੀ ਅੰਬੈਸਡਰ ਕਾਰ ਸਣੇ ਪਰਿਵਾਰ ਬੂਹੇ ਅੱਗੇ ਆਣ ਖਲੋਤੀ!
ਮਾਤਾ ਜੀ ਨੇ ਅਚਨਚੇਤ ਆਏ ਪ੍ਰਾਹੁਣਿਆਂ ਦੀ ਬੜੀ ਆਓ ਭਗਤ ਕੀਤੀ..ਦੋ ਤਿੰਨ ਘੰਟੇ ਲਾ ਕੇ ਰੋਟੀ ਤਿਆਰ ਕੀਤੀ..ਜੀਅ ਜਿਆਦਾ ਸਨ ਤੇ ਕੁਰਸੀਆਂ ਘੱਟ..ਫੇਰ ਵੀ ਸੇਵਾ ਪਾਣੀ ਵਿਚ ਕੋਈ ਕਸਰ ਬਾਕੀ ਨਾ ਰਹਿਣ ਦਿੱਤੀ!
ਕੁਝ ਮਹੀਨਿਆਂ ਮਗਰੋਂ ਹੀ ਓਹਨਾ ਦੀ ਸ਼ਹਿਰ ਪਾਈ ਨਵੀਂ ਕੋਠੀ ਦੀ ਚੱਠ ਤੇ ਸਾਨੂੰ ਸਾਰੇ ਪਰਿਵਾਰ ਨੂੰ ਸੱਦਾ ਪੱਤਰ ਆ ਗਿਆ!
ਕਨਾਲ ਵਿਚ ਬਣੀ ਕਿੰਨੇ ਕਮਰਿਆਂ ਵਾਲੀ ਉਸ ਕੋਠੀ ਦਾ ਇੱਕ ਗੁਸਲਖਾਨਾ ਵਿਖਾਉਂਦਿਆਂ ਹੋਇਆਂ ਸਾਰਿਆਂ ਸਾਮਣੇ ਮੇਰੇ ਬਾਪ ਦਾ ਮਜਾਕ ਉਡਾ ਦਿੱਤਾ ਗਿਆ ਕੇ ਦੇਖ ਲੈ ਭਾਈ ਤੇਰੇ ਪੂਰੇ ਸਰਕਾਰੀ ਕੁਆਟਰ ਜਿੱਡਾ ਤਾਂ ਸਾਡਾ...
ਕੱਲਾ ਗੁਸਲਖਾਨਾ ਹੀ ਹੈ!
ਬਾਪ ਦੀ ਗ਼ੈਰਤਮੰਦੀ ਅਤੇ ਅਗਲੇ ਨੂੰ ਮੂੰਹ ਤੇ ਗੱਲ ਆਖਣ ਦੀ ਆਦਤ ਸਾਰੇ ਰਿਸ਼ਤੇਦਾਰਾਂ ਵਿਚ ਬੜੀ ਮਸ਼ਹੂਰ ਸੀ..ਜਮੀਰ ਨੇ ਵੱਡਾ ਹਲੂਣਾ ਦਿੱਤਾ..ਕਿੰਨੀਆਂ ਗੱਲਾਂ ਮੂੰਹ ਤੇ ਸੁਣਾ ਦਿੱਤੀਆਂ ਅਤੇ ਮਗਰੋਂ ਅਸੀਂ ਰੋਟੀ ਖਾਦਿਆਂ ਬਗੈਰ ਹੀ ਓਥੋਂ ਆ ਗਏ!
ਤੀਹਾਂ ਸਾਲਾਂ ਬਾਅਦ ਅੱਜ ਹਾਲਾਂ ਕਿ ਪਿਤਾ ਜੀ ਤੇ ਭਾਵੇਂ ਇਸ ਜਹਾਨ ਵਿਚ ਨਹੀਂ ਰਿਹਾ ਪਰ ਅੱਠਾਂ ਕਮਰਿਆਂ ਵਾਲੀ ਉਹ ਖਾਲੀ ਕੋਠੀ ਵੀ ਭਾਂ-ਭਾਂ ਕਰਦੀ ਹੋਈ ਇੱਕ ਸੁਨੇਹਾ ਦੇ ਰਹੀ ਏ ਕੇ ਗੁਸਲਖਾਨਿਆਂ ਅਤੇ ਵੱਡੇ ਘਰਾਂ ਵਾਲੀ ਸੌੜੀ ਸਿਆਸਤ ਨਾਸ਼ਵਾਨ ਇਨਸਾਨੀ ਦਿਮਾਗਾਂ ਤੇ ਇਸ ਕਦਰ ਭਾਰੂ ਕਿਦਾਂ ਹੋ ਜਾਂਦੀ ਹੈ ਕੇ ਬੰਦਾ ਕਿਰਾਏ ਦੇ ਘਰਾਂ ਦੀਆਂ ਚੋਂਕੀਦਾਰੀਆਂ ਕਰਦਾ ਇਸੇ ਭੁਲੇਖੇ ਵਿਚ ਸਾਰੀ ਜਿੰਦਗੀ ਕੱਢ ਦਿੰਦਾ ਕੇ ਸ਼ਾਇਦ ਓਹੀ ਇਸਦਾ ਮਾਲਕ ਹੈ..!
ਜੇ ਮਾਲਕ ਹੋਵੇ ਤਾਂ ਅਖੀਰ ਨੂੰ ਚਿਤਾ ਤੇ ਕੱਲਾ ਹੀ ਬੇਸੁੱਧ ਕਿਓਂ ਪਿਆ ਹੋਵੇ..ਇਹ ਸਭ ਕੁਝ ਵੀ ਉਸਦੇ ਨਾਲ ਹੀ ਕਿਧਰੇ ਪਏ ਹੋਣੇ ਚਾਹੀਦੇ ਨੇ..ਅਸਲ ਮਾਲਕ ਤਾਂ ਬੱਸ ਓਹੀ ਜਿਹੜਾ ਉੱਪਰ ਬੈਠਾ ਜਦੋਂ ਵੀ ਡੋਰ ਹਿਲਾਵੇ ਤਾਂ ਇਥੇ ਫਿਰਦੇ ਹਰੇਕ ਚੌਂਕੀਦਾਰ ਨੂੰ ਬਾਂਦਰ ਵਾਂਙ ਨੱਚਣਾ ਹੀ ਪੈਂਦਾ..!
ਹਰਪ੍ਰੀਤ ਸਿੰਘ ਜਵੰਦਾ