ਕਰੋਨਾ ਦੇ ਸਮੇ ਤੋਂ ਬਾਅਦ ਦੀ ਗੱਲ ਆ। ਪਿੰਡ ਦੀ ਉੱਪਰਲੀ ਫਿਰਨੀ ਵਾਲ਼ੀ ਭੈਣ ਜੀ ਆਈ ਹੋਈ ਸੀ। ਗੁਰਦੁਆਰੇ ਸੰਗਰਾਂਦ ਦਾ ਮੇਲ਼ਾ ਲੱਗਦਾ ਹੁੰਦਾ ਤੇ ਘਰ ਦੂਰ ਹੋਣ ਤੇ ਸੋਚਿਆ ਕਿ ਜਰਾ ਅਰਾਮ ਕਰਕੇ ਚੱਲਦੀ ਹਾਂ। ਏਨੇ ਨੂੰ ਗੱਲਾਂ ਵਿੱਚ ਈ ਚੱਲਦਿਆਂ ਪੁੱਛਣ ਲੱਗੀ..
ਹਾਏ ਨੀ ਭੈਣੇ, ਤੇਰਾ ਮੁੰਡਾ ਹਾਲੇ ਏਥੇ ਈ ਆ? ਨੀ ਮੁੜ ਗਿਆ ਨੀ ਨੀਜੀਲੈਂਡ ਨੂੰ ? ਹੁਣ ਤਾਂ ਕਰੋਨਾ ਕਦੋਂ ਦਾ ਚਲਿਆ ਗਿਆ। ਜਹਾਜ਼ ਤਾਂ ਭਰ ਭਰ ਜਾਂਦੇ ਕਨੇਡੇ ਅਮਰੀਕਾ ਨੂੰ। ਨੀ ਏਹਦੇ ਵੱਲ ਕਿੱਦਾਂ ਦਾ ਕਰੋਨਾ ਜਿਹੜਾ ਹਾਲੇ ਤੱਕ ਖਤਮ ਹੋਣ ਦਾ ਨਾਂ ਈ ਨੀ ਲੈਂਦਾ?
ਹੌਂਕਾ ਜਿਹਾ ਲੈਂਦੇ.. ਹਾਂਜੀ ਭੈਣ ਜੀ ਇਨ੍ਹਾਂ ਦੀ ਪ੍ਰਧਾਨਮੰਤਰੀ ਬਾਕੀ ਮੁਲਕਾਂ ਨਾਲੋਂ ਜਿਆਦਾ ਈ ਸਖਤ ਆ। ਖਬਰੇ ਕੀ ਨਾਂ ਓਹਦਾ ‘ਸਿੰਡਾ’ ਸਾਨੂੰ ਤਾਂ ਲੈਣਾ ਵੀ ਨੀ ਆਉਂਦਾ ਕਹਿੰਦੀ ਆ ਦੇਸ਼ ਚ’ ਬਿਮਾਰੀ ਨੀ ਆਉਣ ਦੇਣੀ, ਤਾਂ ਕਰਕੇ ਹਾਲੇ ਬਾਡਰ ਨੀ ਖੋਲਦੀ। ਉਂਝ ਤਾਂ ਖਬਰਾਂ ਪੜ੍ਹਦਾ ਰਹਿੰਦਾ ਫੋਨ ਤੇ, ਹਾਲੇ ਕੋਈ ਖਬਰ ਸਾਰ ਆਈ ਨੀ ਖੁੱਲਣ ਦੀ। ਹੌਂਸਲੇ ਜਿਹੇ ਨਾਲ ਜਵਾਬ ਦਿੱਤਾ।
ਨੀ ਭੈਣੇ ਏਹ ਤਾਂ ਸਭ ਅੰਨ ਜਲ਼ ਦੀ ਖੇਡ ਆ। “ਜਿੱਥੇ ਦਾਣੇ ਉੱਥੇ ਖਾਣੇ”। ਹੋਊ ਏਹਦਿਆਂ ਭਾਗਾਂ ਚ’ ਹਾਲੇ ਤੁਹਾਡੇ ਡਰੰਮ ਵਾਲ਼ੇ ਦਾਣੇ। ਸਾਨੂੰ ਤਾਂ ਏਹੀ ਸੀ ਬਈ ਮੁੰਡਾ ਚੰਗਾ ਭਲਾ ਕਮਾਉਂਦਾ ਘਰ ਆਣ ਕੇ ਬੈਠ ਗਿਆ। ਚਲੋ ਘਰ ਦਾ ਖਰਚ ਪਾਣੀ ਵਧੀਆ ਚੱਲੀ ਜਾਂਦਾ ਸੀ। ਤੇ ਭਾਈ ਜਿਹੜੀ ਕਿੱਲਾ ਵੇਚ ਕੇ ਗਿਆ ਸੀ ਓਹ ਕਿਹੜਾ ਪੈਸੇ ਪੂਰੇ ਹੋਗੇ ਹੋਣੇ ਹਾਲ਼ੇ?
ਨੀ ਚੱਲ ਓਹ ਤਾਂ ਹੁੰਦੇ ਰਹਿਣਗੇ ਮੇਰਾ ਪੁੱਤ ਬਥੇਰਾ ਮਿਹਨਤੀ ਆ। ਦੇਰ ਤਾਂ ਬਸ ਏਹਦਾ ਬਾਡਰ ਖੁੱਲਣ ਦੀ ਆ।
ਨੀ ਭੈਣੇ ਜੇ ਗੁੱਸਾ ਨਾ ਕਰੇ ਤਾਂ ਦੱਸ ਤੁਹਾਨੂੰ ਕੀ ਲੋੜ ਪਈ ਸੀ ਮੁੰਡੇ ਨੂੰ ਬੁਲਾਉਣ ਦੀ? ਪਿਓ ਤਾਂ ਓਹਦਾ ਜਹਾਨੋ ਚਲੇ ਹੀ ਗਿਆ ਸੀ ਕਿਹੜਾ ਮੁੜ ਆਉਣਾ ਸੀ? ਤੁਸੀਂ...
ਤਾਂ ਆਪਣੀ ਰੋਟੀ ਪੱਕਦੀ ਰੱਖਦੇ।
ਭੈਣ ਪਿਓ ਚਲੇ ਤਾਂ ਗਿਆ ਸੀ ਪਰ ਮੁੜਕੇ ਦੁਨੀਆਂ ਤੇ ਕਦੇ ਦਿਸਣਾ ਵੀ ਨਹੀਂ ਸੀ। ਜੋ ਚਿਹਰੇ ਛਿਪ ਗਏ ਮੁੜਕੇ ਕਿੱਥੋਂ ਦਿਸਦੇ ਆ? ਤੇ ਜੇ ਪਿਓ ਦੇ ਸਿਵੇ ਨੂੰ ਸੇਕ ਵੀ ਨਾ ਸਕਿਆ ਤਾਂ ਅਸੀਂ ਓਹਦੇ ਮਾਂ ਪਿਓ ਕਾਹਨੂੰ ਹੋਏ? ਜੇ ਲੋਕਾਂ ਈ ਸਿਵੇ ਸੇਕਣੇ ਤਾਂ ਢਿੱਡੋਂ ਜੰਮਿਆਂ ਨਾਲ਼ ਕਾਹਦਾ ਰਿਸ਼ਤਾ? ਨਾਲ਼ੇ ਭੈਣੇ ਬਾਹਰ ਗਿਆ ਸੀ ਚੰਗੀ ਜਿੰਦਗੀ ਬਣਾਓਣ ਵਾਸਤੇ ਕੋਈ ਦੇਸ਼ ਨਿਕਾਲ਼ਾ ਨੀ ਸੀ ਦਿੱਤਾ ਓਹਨੂੰ । ਸਾਰੇ ਕਾਗਜ ਪੱਤਰ ਆ ਓਹਦੇ ਕੋਲ਼ ਰਾਹਦਾਰੀ ਦੇ।
ਚਲ ਚੰਗਾ ਭੈਣੇ ਸਾਨੂੰ ਕੀ? ਤੁਹਾਡੀਆਂ ਤੁਸੀ ਜਾਣੋ। ਮੈਂ ਹੁਣ ਘਰ ਨੂੰ ਚੱਲਦੀ ਆਂ ਦੁਪਿਹਰਾ ਸਿਰ ਤੇ ਆ ਗਿਆ ਧੁੱਪ ਚ ਤੁਰਿਆ ਨੀ ਜਾਣਾ ।
ਇਹ ਕਹਿੰਦੀ ਮੈਨੂੰ ਸੋਚਾਂ ਚ ਡੋਬ ਕੇ ਚਲੀ ਗਈ। ਤੇ ਮੈਂ ਬੈਠੀ ਰੱਬ ਨਾਲ਼ ਗਿਲੇ ਛਿਕਵੇ ਕਰਦੀ ਆਂ ਕਿ ਮੇਰੇ ਪੁੱਤਰ ਨੇ ਆਪਣੀ ਮਿਹਨਤ ਸਦਕਾ ਪੜਾਈ ਪੂਰੀ ਕੀਤੀ ਸੀ ਤੇ ਨੌਕਰੀ ਵੀ ਚੰਗੀ ਕਰਦਾ ਸੀ । ਕਿੱਲੇ ਵੇਚੇ ਦੇ ਪੈਸੇ ਵੀ ਲਾਹੁਣੇ ਸ਼ੁਰੂ ਕਰ ਦਿੱਤੇ ਸੀ। ਮਾਂ ਪਿਓ ਨੂੰ ਪਿੱਛੇ ਦੇਖਣ ਲਈ ਓਹਦੇ ਕੋਲ਼ ਰਾਹਦਾਰੀ ਸੀ। ਖੌਰੇ ਏਸ ਕਰੋਨੇ ਦੀ ਚੰਦਰੀ ਬਿਮਾਰੀ ਨੇ ਵੀ ਹੁਣੇ ਆਓਣਾ ਸੀ? ਕਹਿੰਦਾ ਸੀ ਮੰਮੀ ਮੇਰਾ ਤਿੰਨ ਸਾਲ ਦਾ ਵੀਜਾ ਮੈਨੂੰ ਕੋਈ ਰੋਕ ਟੋਕ ਨਹੀ ਤੂੰ ਫਿਕਰ ਨਾ ਕਰਿਆ ਕਰ।
ਏਨਾ ਕੁ ਸੋਚਦੀ ਦੇ ਅੱਖੋਂ ਹੰਝੂ ਕਿਰ ਗਏ “ ਮੇਰੇ ਪੁੱਤਰ ਦੀ ਮਿਹਨਤ ਨੇ ਮੈਨੂੰ ਅੱਜ ਭਾਗ ਲਾ ਦੇਣੇ ਸੀ ਜੇ 19 ਮਾਰਚ ਨੂੰ ਅਚਾਨਕ ‘ਬਾਡਰ ਬੰਦ’ ਕਰ ਕੇ ਏਹਦੀ ‘ਸਿੰਡਾ’ ‘ਪਿੱਠ ਤੇ ਵਾਰ’ ਨਾ ਕਰਦੀ।
ਹਿੰਦੇ ਸੰਧੂ