ਪੱਚੀ ਕੁ ਸਾਲ ਪਹਿਲਾਂ ਦੀ ਗੱਲ..ਮੋਹਾਲੀ ਲਾਗੇ ਪਿੰਡ..ਅੱਧੀ ਰਾਤ ਨੂੰ ਬੂਹਾ ਖੜਕਿਆ।
ਮਾਹੌਲ ਓਦਾਂ ਦੇ ਹੀ ਸਨ..ਨਾਲਦੀ ਵਾਸਤੇ ਪਾਈ ਜਾਵੇ ਬੂਹਾ ਨਾ ਖੋਲਿਓ..ਪਰ ਮੈਂ ਆਖਿਆ ਕੋਈ ਗੱਲ ਨੀ ਦੇਖਣਾ ਤੇ ਪੈਣਾ।
ਬਾਰ ਖੋਲਿਆ..ਸਾਮਣੇ ਹੱਟੀ ਵਾਲਾ ਖਲੋਤਾ ਸੀ..ਆਖਣ ਲੱਗਾ.. ਸਰਦਾਰਾ ਬਜ਼ੁਰਗ ਢਿੱਲਾ ਹੋ ਗਿਆ ਏ..ਹਸਪਤਾਲ ਜਾਣਾ ਪੈਣਾ..ਵਾਸਤਾ ਈ ਰੱਬ ਦਾ..ਇੱਕ ਵਗਾਰ ਪਾਉਣੀ ਏ..ਕਾਰ ਚਾਹੀਦੀ ਏ..।
ਓਹਨੀ ਦਿਨੀਂ ਸਾਰੇ ਪਿੰਡ ਵਿਚ ਸਿਰਫ ਸਾਡੇ ਕੋਲ ਹੀ ਫ਼ੀਏਟ ਕਾਰ ਹੋਇਆ ਕਰਦੀ ਸੀ..
ਬਹਾਨਾ ਸੋਚਦਾ ਹੋਇਆ ਨਾਂਹ ਨੁੱਕਰ ਕਰਨ ਹੀ ਲੱਗਾ ਸਾਂ ਕਿ ਨਾਲਦੀ ਕੂਹਣੀ ਜਿਹੀ ਮਾਰ ਆਖਣ ਲੱਗੀ.. ਜੇ ਆਪਣੇ ਬਾਪੂ ਜੀ ਹੁੰਦੇ ਤਾਂ ਵੀ ਇੰਝ ਸੋਚੀ ਪੈਂਦੇ..?
ਮੈਂ ਸੂਰਤ ਸੰਭਾਲੀ ਤੇ ਆਖ ਦਿੱਤਾ ਕਿ ਦਸਾਂ ਮਿੰਟਾਂ ਵਿੱਚ ਆਉਂਦਾ ਹਾਂ, ਬਾਪੂ ਨੂੰ ਗਲੀ ਤੋਂ ਬਾਹਰ ਲੈ ਕੇ ਖਲੋ ਜਾਵੋ!
ਓਥੇ ਅੱਪੜਿਆ ਤਾਂ ਬਾਪੂ ਬੜੀ ਬੁਰੀ ਹਾਲਤ ਵਿੱਚ..ਪਰ ਮੇਰੇ ਵੱਲ ਵੇਖ ਹੱਥ ਜੋੜੀ ਜਾਵੇ..ਮਰਦਾ-ਮਰਦਾ ਵੀ ਆਖੀ ਜਾਵੇ..ਸਰਦਾਰਾ ਬੜੀ ਮੇਹਰਬਾਨੀ ਤੇਰੀ..
ਮੰਜੇ ਤੋਂ ਚੁੱਕ ਪਿਛਲੀ ਸੀਟ ਤੇ ਪਾਉਣ ਲੱਗੇ ਤਾਂ ਮੁਸ਼ਕ ਆਈ ਜਾਵੇ..
ਹੁਣ ਨਾਲਦੀ ਤੇ ਕੋਲ ਨਹੀਂ ਸੀ ਪਰ ਇਸ ਵਾਰ ਕੂਹਣੀ ਸ਼ਾਇਦ ਉੱਪਰ ਵਾਲੇ ਨੇ ਮਾਰ ਦਿੱਤੀ..ਆਪਣੇ ਬਾਪੂ ਹੁਰੀਂ ਚੇਤੇ ਆ ਗਏ ਤੇ ਮੁਸ਼ਕ ਆਉਣੀ ਹਟ ਗਈ..
ਪੀ. ਜੀ.ਆਈ....
ਖੜਿਆਂ..ਦਾਖਿਲ ਕਰਵਾਉਂਦਿਆਂ ਸਵੇਰ ਹੋ ਗਈ।
ਅਗਲੇ ਦਿਨ ਉਹ ਘਰੇ ਆ ਗਿਆ..ਮੁੱਠੀ ਵਿਚ ਸੌ ਦਾ ਨੋਟ..ਨਾਲੇ ਰੋਈ ਜਾਵੇ..ਅਖ਼ੇ ਸਰਦਾਰਾ ਰੱਬ ਬਣ ਬਹੁੜਿਆ ਕੱਲ..ਹਮਾਤੜ ਕੋਲ ਬਹੁਤੇ ਤੇ ਨਹੀਂ..ਆਹ ਸੌ ਰੱਖ ਲੈ ਤੇਲ ਪਾਣੀ ਜੋਗੇ।
ਨਾਲਦੀ ਫੇਰ ਗਲ਼ ਪੈ ਗਈ ਅਖ਼ੇ ਸਾਡਾ ਵੀ ਤੇ ਲੱਗਦਾ ਬਾਪੂ ਕੁਝ.. ਜਾਹ ਕੋਲ ਬੈਠ ਉਸਦੇ..ਤੈਨੂੰ ਉਡੀਕਦਾ ਹੋਊ..।
ਤੀਜੇ ਦਿਨ ਬਾਪੂ ਪੂਰਾ ਹੋ ਗਿਆ..ਮਕਾਣਾਂ ਆਉਣ ਲੱਗੀਆਂ ਤਾਂ ਉਹ ਹਰੇਕ ਨੂੰ ਉਹ ਕਾਰ ਵਾਲੀ ਕਹਾਣੀ ਸਬ ਤੋਂ ਪਹਿਲਾਂ ਦੱਸਿਆ ਕਰੇ।
ਲੋਕ ਤੁਰ ਗਏ ਨੂੰ ਚੇਤੇ ਕਰ ਕਰ ਵੈਣ ਪਾਈ ਜਾਣ ਤੇ ਨਾਲ ਨਾਲ ਮੈਨੂੰ ਦਵਾਵਾਂ ਦੇਈ ਜਾਣ..।
ਅੱਜ ਏਨੇ ਵਰ੍ਹਿਆਂ ਮਗਰੋਂ ਬਰਫ਼ਾਂ ਦੇ ਦੇਸ਼ ਵਿਚ ਮਿਲੀਅਨ ਡਾਲਰ ਦੇ ਘਰ ਅੱਗੇ ਪੰਜ-ਪੰਜ ਗੱਡੀਆਂ ਖਲੋਤੀਆਂ ਨੇ ਤੇ ਟ੍ਰਾਂਸਪੋਰਟ ਕੰਪਨੀ ਦਾ ਕੋਈ ਹਿਸਾਬ ਹੀ ਨਹੀਂ।
ਸ਼ਾਇਦ ਇਸੇ ਲਈ ਸਿਆਣੇ ਆਖਿਆ ਕਰਦੇ ਸੀ ਕਿ ਗਰੀਬ ਦੀ ਦੁਆ ਅਤੇ ਬਦ-ਦੁਆ ਦੋਵੇਂ ਹੀ ਧੁਰ ਦਰਗਾਹੇ ਬਿਨਾਂ ਕਿਸੇ ਰੋਕ ਟੋਕ ਦੇ ਅੱਪੜਦੀਆਂ ਨੇ।
(True Story)
ਹਰਪ੍ਰੀਤ ਸਿੰਘ ਜਵੰਦਾ