ਹਰ ਸਾਲ ਜਦੋਂ ਵੀ ਇਹ ਗਰਮੀਆਂ ਦੇ ਦਿਨ ਆਉਂਦੇ ਹਨ । ਜਦੋਂ ਅੰਬਾਂ ਦਾ ਮੌਸਮ ਹੁੰਦਾ ਹੈ ਅਤੇ ਕੋਇਲ ਦੀ ਮਿੱਠੀ ਮਿੱਠੀ ਆਵਾਜ਼ ਕਾਇਨਾਤ ਵਿਚ ਇਕ ਵੱਖਰਾ ਹੀ ਸੁਰ ਛੇੜ ਦਿੰਦੀ ਹੈ ਤਾਂ ਜ਼ਿਹਨ ਵਿਚ ਬਚਪਨ ਦੀਆਂ ਕਈ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।
ਮੇਰਾ ਪਿੰਡ ਸਰਹਿੰਦ ਨਹਿਰ ਦੇ ਕੰਢੇ ਤੇ ਵੱਸਿਆ ਰੋਪੜ ਜ਼ਿਲ੍ਹੇ ਦਾ ਇਕ ਛੋਟਾ ਜਿਹਾ ਪਿੰਡ ਹੈ ।ਨਹਿਰ ਦਾ ਪੁਲ ਪਾਰ ਕਰਨ ਤੋਂ ਬਾਅਦ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਕੇ ਪਿੰਡ ਪਹੁੰਚਿਆ ਜਾਂਦਾ ਹੈ ।ਸਾਰਾ ਆਲਾ ਦੁਆਲਾ ਦਰੱਖਤਾਂ ਨਾਲ ਭਰਿਆ ਹੋਇਆ ਹੈ ਇੱਕ ਵਾਰ ਤਾਂ ਲੱਗਦਾ ਹੈ ਕਿਸੇ ਜੰਗਲ ਵਿੱਚ ਆ ਗਏ ਹਾਂ।ਸੁਵੱਖਤੇ ਅਤੇ ਸ਼ਾਮੀ ਵੱਖਰਾ ਹੀ ਮਨਮੋਹਕ ਨਜ਼ਾਰਾ ਹੁੰਦਾ ਹੈ ।
ਗੱਲ ਕਰਦੇ ਸੀ ਬਚਪਨ ਦੀ ।ਨਹਿਰ ਦੇ ਕੰਢੇ ਤੇ ਹੀ ਅੰਬਾਂ ਦਾ ਇੱਕ ਬਹੁਤ ਵੱਡਾ ਬਾਗ਼ ਹੁੰਦਾ ਸੀ ।ਕੱਚੀਆਂ ਅੰਬੀਆਂ ਖਾਣ ਦਾ ਬਚਪਨ ਵਿੱਚ ਬਹੁਤ ਜ਼ਿਆਦਾ ਸ਼ੌਕ ਸੀ ।ਅਕਸਰ ਸ਼ਾਮੀਂ ਜਦੋਂ ਵੱਡੀਆਂ ਭੈਣਾਂ ਨੇ ਸੈਰ ਲਈ ਨਹਿਰ ਦੇ ਕੰਢੇ ਜਾਣਾ ਤਾਂ ਅਸੀਂ ਛੋਟੀ ਪਲਟਨ ਨੇ ਵੀ ਨਾਲ ਹੀ ਤੁਰ ਜਾਣਾ ।ਅਤੇ ਨਾਲ ਹੀ ਪੁੜੀ ਵਿਚ ਕਾਲਾ ਨਮਕ ਵੀ ਲੈ ਜਾਣਾ ਤਾਂ ਕੇ ਅੰਬੀਆਂ ਨਾਲ ਖਾਧਾ ਜਾ ਸਕੇ
ਅਕਸਰ ਅੰਬੀਆਂ ਨੂੰ ਲੈ ਕੇ ਮੰਮੀ ਤੋਂ ਬਹੁਤ ਗਾਲ੍ਹਾਂ ਖਾਣੀਆਂ ਮੰਮੀ ਨੇ ਕਹਿਣਾ ਇਨ੍ਹਾਂ ਅੰਬੀਆਂ ਨੇ ਤੈਨੂੰ ਬੀਮਾਰ ਕਰ ਦੇਣੈ ਨਾਲੇ ਤੇਰੇ ਦੰਦ ਨਹੀਂ ਖੱਟੇ ਹੁੰਦੇ।ਮੈਂ ਹੱਸ ਕੇ ਕਹਿਣਾ ਨਹੀਂ ਮੰਮੀ ਇਹ ਤਾਂ ਮੈਨੂੰ ਸੁਆਦ ਹੀ ਬਹੁਤ ਲੱਗਦੀਆ ਹਨ।
ਉਦੋਂ ਨੌਂ ਕੁ ਸਾਲ ਦੀ ਸੀ ਇਕ ਦਿਨ ਹਨੇਰੀ ਚੱਲਣੀ ਸ਼ੁਰੂ ਹੋ ਗਈ ।ਮਨ ਵਿੱਚ ਆਇਆ ਅੰਬੀਆਂ ਬਹੁਤ ਗਿਰਨ ਗਈਆਂ ਇਸ ਲਈ ਆਪਣੀ ਛੋਟੀ ਪਲਟਨ ਨੂੰ ਤਿਆਰ...
ਕਰ ਲਿਆ ਜਿਸ ਵਿੱਚ ਮੇਰੇ ਛੋਟੇ ਭੈਣ ਭਰਾ ਅਤੇ ਇਕ ਤਾਏ ਦੀ ਧੀ ਸੀ ।ਬਿਨਾਂ ਕਿਸੇ ਨੂੰ ਦੱਸੇ ਅਸੀਂ ਝੋਲੇ ਖਸਕਾ ਕੇ ਅੰਬਾਂ ਦੇ ਬਾਗ ਵਿਚ ਦੌੜ ਗਏ ।
ਜਦੋਂ ਉਥੇ ਪਹੁੰਚੇ ਤਾਂ ਅੰਬਾਂ ਦੇ ਬਾਗ ਵਿੱਚ ਅੰਬੀਆਂ ਦੇ ਢੇਰ ਲੱਗੇ ਪਏ ਸਨ ਸਾਡੀਆਂ ਤਾਂ ਵਾਛਾਂ ਖਿੜ ਗਈਆਂ ਕਿ ਪਤਾ ਨਹੀਂ ਕਿਹੜਾ ਖ਼ਜ਼ਾਨਾ ਮਿਲ ਗਿਆ ।ਬਿਨਾਂ ਦੇਰ ਕੀਤੇ ਅਸੀਂ ਫਟਾਫਟ ਆਪਣੇ ਝੋਲੇ ਅੰਬੀਆਂ ਨਾਲ ਭਰ ਲਏ ।ਹੁਣ ਮੁਸੀਬਤ ਇਹ ਸੀ ਕਿ ਸਾਥੋਂ ਝੋਲੇ ਚੁੱਕੇ ਨਾ ਜਾਣ ।ਬੜੀ ਮੁਸ਼ਕਿਲ ਨਾਲ ਗਿਰਦੇ ਢਹਿੰਦੇ ਅਸੀਂ ਘਰ ਪੁੱਜ ਗਏ ।
ਭੋਲੇ ਮਨਾਂ ਵਿੱਚ ਇਹ ਸੀ ਕਿ ਏਨੇ ਅੰਬ ਦੇਖ ਕੇ ਮੰਮੀ ਤਾਂ ਬਹੁਤ ਖੁਸ਼ ਹੋਣਗੇ ਪਰ ਮਾਤਾ ਜੀ ਨੇ ਜਾਂਦੇ ਹੀ ਸਾਡੀ ਰੇਲ ਬਣਾ ਦਿੱਤੀ ਕਿ ਨ੍ਹੇਰੀ ਵਿੱਚ ਬਿਨਾਂ ਦੱਸੇ ਕਿੱਥੇ ਗਏ ਸੀ ਅਤੇ ਨਾਲ ਹੀ ਕਹਿਣ ਲੱਗੇ ਏਨੇ ਅੰਬ ਆਪਾਂ ਕੀ ਕਰਨੇ ਨੇ।ਸਾਡੇ ਉਤਰੇ ਹੋਏ ਮੂੰਹ ਦੇਖ ਕੇ ਕਹਿਣ ਲੱਗੇ ,ਚਲੋ ਕੋਈ ਨੀ ਆਪਾਂ ਸਾਰੇ ਆਂਢੀਆਂ ਗੁਆਂਢੀਆਂ ਨੂੰ ਵੰਡ ਦਿੰਦੇ ਹਾਂ।ਅਤੇ ਅਸੀਂ ਇੰਨੇ ਵਿੱਚ ਹੀ ਖ਼ੁਸ਼ ਹੋ ਗਏ
ਜਦੋਂ ਵੀ ਪੇਕੇ ਜਾਂਦੀ ਹਾਂ ਤਾਂ ਉਸ ਰਸਤੇ ਤੇ ਜਾਂਦਿਆ ਉਹ ਬਚਪਨ ਦੀਆਂ ਸ਼ਰਾਰਤਾਂ ਯਾਦ ਆ ਜਾਂਦੀਆਂ ਹਨ ਭਾਵੇਂ ਹੁਣ ਅੰਬਾਂ ਦਾ ਬਾਗ਼ ਨਹੀਂ ਰਿਹਾ ਪਰ ਉਹ ਯਾਦਾਂ ਦਿਲ ਦੇ ਕਿਸੇ ਕੋਨੇ ਵਿੱਚ ਮਹਿਫੂਜ਼ ਨੇ ਜੋ ਰਹਿੰਦੀ ਉਮਰ ਤਕ ਨਾਲ ਰਹਿਣਗੀਆਂ ।
✍ ਮਨਪ੍ਰੀਤ ਕੌਰ ਮਿਨਹਾਸ