More Punjabi Kahaniya  Posts
ਵਿਸਾਹ ਨਾ ਖਾਇਓ


ਉਮਰ ਦਸ ਕੂ ਸਾਲ..
ਦਿੱਲੀ ਹਰਿਆਣੇ ਬਾਡਰ ਦੇ ਕੋਲ ਹੀ ਘਰ..
ਚੱਲਦਾ ਲੰਗਰ..ਜਲੇਬੀਆਂ..ਡ੍ਰਾਈ ਫਰੂਟ..ਦਾਲ ਫੁਲਕੇ..ਬਿਸਕੁਟ..ਸਬਜੀਆਂ ਅਤੇ ਹੋਰ ਵੀ ਕਿੰਨਾ ਕੁਝ..ਜਿਹੜਾ ਸ਼ਾਇਦ ਕਦੀ ਪਹਿਲਾਂ ਕਦੀ ਨਹੀਂ ਸੀ ਵੇਖਿਆ!
ਆਪਣੀ ਸੱਜੇ ਹੱਥ ਦੀ ਮੁੱਠ ਆਪਣੇ ਮੂੰਹ ਵਿਚ ਦੇ ਕੇ ਦੂਰ ਖਲੋਤਾ ਵੇਖੀ ਜਾਂਦਾ..ਭੁੱਖ ਮਚੀ ਹੋਈ ਲੱਗਦੀ ਏ..
ਥੋੜਾ ਝਕਦਾ..ਦੋ ਕਦਮ ਅਗੇ ਆਉਂਦਾ..ਫੇਰ ਵਾਪਿਸ ਪਰਤ ਜਾਂਦਾ..
ਸ਼ਾਇਦ ਲੰਮੀ ਦਾਹੜੀ ਵੇਖ ਡਰ ਗਿਆ..ਸੋਚਦਾ ਗਾਹਲ ਕੱਢੇਗਾ ਜਾਂ ਚੁਪੇੜ ਮਾਰੂ..!
ਮੇਰਾ ਧਿਆਨ ਜਾਂਦਾ..
ਸੈਨਤ ਮਾਰ ਕੋਲ ਸੱਦ ਲੈਂਦਾ..ਆਜਾ ਪੁੱਤ..ਜੋ ਲੇਣਾ ਲੈ ਲੈ..ਡਰ ਨਾ..!
ਮਨ ਸਰੀਰ ਨਾਲੋਂ ਵੀ ਕਾਹਲਾ..
ਅਖਬਾਰ ਦੇ ਟੋਟੇ ਤੇ ਰਖਿਆ ਜਲੇਬੀ ਦਾ ਵੱਡਾ ਸਾਰਾ ਵਲ..
ਸ਼ਾਇਦ ਵਡੇਰਿਆਂ ਨੂੰ ਯਾਦ ਕਰਦਾ..ਜਿਹੜੇ ਚੁਰਾਸੀ ਦੀਆਂ ਗੱਲਾਂ ਦੱਸਦੇ ਹੁੰਦੇ ਸੀ..
ਟਾਇਰ ਪਾ ਪਾ ਮੁਕਾਏ ਸਨ..
ਖਾਈ ਜਾਂਦਾ ਨਾਲੇ ਸੋਚੀ ਜਾਂਦਾ..ਇਹ ਸਾਰੇ ਤਾਂ ਦਾਦੇ ਦੀਆਂ ਕਹਾਣੀਆਂ ਵਿਚਲੇ ਓਹੀ ਸਰਦਾਰ ਲੱਗਦੇ ਨੇ..!
ਮੇਰੇ ਅੰਦਰ ਵੀ ਕਸ਼ਮਕਸ਼ ਚੱਲ ਰਹੀ ਏ..
ਹਿੰਦੀ ਵਿਚ ਕਿੱਦਾਂ ਦੱਸਾਂ ਕੇ ਪੁੱਤਰਾਂ ਅਸੀ ਤੇ ਉਸ ਪਿਤਾ ਦੀਆਂ ਔਲਾਦਾਂ ਹਾਂ ਜਿਸਨੇ ਬਾਈ ਦੀਆਂ ਬਾਈ ਚੜਕੇ ਆਇਆਂ ਖਿਲਾਫ ਲੜੀਆਂ ਸਨ..
ਕਿੰਨਾ ਭੋਲਾ ਲੜਾਕੂ ਸੀ ਉਹ..ਚੜਕੇ ਆਇਆਂ ਨੂੰ ਵੀ ਆਖਦਾ ਪਹਿਲਾ ਵਾਰ ਤੁਸੀਂ ਕਰੋ!
ਆਖਦਾ..ਜੇ ਦੁਸ਼ਮਣ ਪਿਆਰ ਨਾਲ ਜਿੱਤਿਆ ਜਾਂ ਸਕਦਾ ਹੋਵੇ ਤਾਂ ਹਥਿਆਰ ਚੁੱਕਣ ਦੀ ਕੋਈ ਲੋੜ ਨੀ..!
ਏਨੇ ਨੂੰ ਕੋਲੋਂ ਘੋੜਿਆਂ ਤੇ ਚੜਿਆਂ ਸਿੰਘਾਂ ਦਾ ਕਾਫਲਾ ਲੰਘਦਾ..
ਬੁਖਾਰ ਨਾਲ ਤਪਦਾ ਸਰੀਰ..ਕੋਲ ਪਿਆ ਗੁਰਮੁਖ ਸਿੰਘ..ਇੱਕ ਦਮ ਉੱਠ ਜੈਕਾਰਾ ਛੱਡ ਦਿੰਦਾ..ਬੋਲੇ ਸੋ ਨਿਹਾਲ..ਸੱਤ ਸ੍ਰੀ ਅਕਾਲ..ਅਖੇ ਬਘੇਲ ਸਿੰਘ ਦੇ ਵਾਰਿਸ ਪਿਛਲਾ ਹਿਸਾਬ ਕਿਤਾਬ ਕਰਨ ਆਏ ਨੇ..ਜਲ ਪਾਣੀ ਪੁੱਛੋਂ ਇਹਨਾਂ ਨੂੰ!
“ਜਿਥੋਂ ਕਾਫਲਾ ਲੰਘਿਆ ਖਾਲਸੇ ਦਾ..ਓਥੇ ਮੁਰਦਿਆਂ ਵਿਚ ਵੀ ਜਾਨ ਪੈਜੂ
ਤੇਗਾਂ ਧਰਤ ਚੋਂ ਉੱਗਦੀਆਂ ਰਹਿਣੀਆਂ ਵੇ..ਬਾਜਾਂ ਵਾਸਤੇ ਛੋਟਾ ਆਸਮਾਨ ਪੈਜੂ”
ਮੁਰਦਿਆਂ ਵਿਚ ਜਾਨ ਪੈਂਦੀ ਸੁਣੀ ਸੀ..ਅੱਖੀਂ ਅੱਜ ਵੇਖੀ..!
ਇੱਕ ਆਖਦਾ ਤੁਰਨ ਲੱਗਿਆਂ ਮਾਂ ਨੇ ਵਾਸਤੇ ਪਾਏ ਅਖੇ ਇਹਨਾਂ ਦੇ ਤੇ ਕੰਮ ਚੱਲਦੇ..ਅਸੀਂ ਤੇ ਸੁਵੇਰੇ ਕੰਮ ਕਰ ਕੇ ਆਥਣੇ ਓਸੇ ਦਾ ਆਟਾ ਮੁੱਲ ਲਿਆਉਂਦੇ ਆ..!
ਮੈਨੂੰ ਹਮੇਸ਼ਾਂ ਧੁੜਕੂ ਲੱਗਾ ਰਹਿੰਦਾ ਕਿਧਰੇ ਮੰਜਿਲ ਤੋਂ ਓਰੇ ਵਾਲਾ ਸਮਝੌਤਾ ਹੀ ਨਾ ਕਰ ਆਉਣ..ਲੌਂਗੋਵਾਲ ਵਾਲਾ..ਦੋ ਗੁਲਾਬ ਜਾਮੁਣ ਅਤੇ ਚਾਹ ਦੇ ਕੱਪ ਵਾਲਾ..ਪਰ ਦੱਸਦੇ ਇਹ ਤਾਂ ਆਪਣੀ ਪੋਣੇ ਵਿਚ ਬੰਨ ਨਾਲ ਲੈ ਕੇ ਜਾਂਦੇ..!
ਇਸ ਵਾਰ ਸ਼ਾਇਦ ਸਪਸ਼ਟ ਆਖ ਦਿੱਤਾ..”ਜਾਂ ਹਾਂ ਤੇ ਜਾਂ ਫੇਰ ਨਾਂਹ”..ਜਾਂ ਟਾਂਡਿਆਂ ਵਾਲੀ ਰਹੂੰ ਤੇ ਜਾਂ ਫੇਰ ਭਾਂਡਿਆਂ ਵਾਲੀ..!
ਯਾਰ...

ਹਾਅ ਗੱਲ ਤੇ ਨਾ ਆਖਿਆ ਕਰ..ਇਹ ਤੇ ਮੰਜੀ ਸਾਬ ਖਲੋ ਕੇ ਇੱਕ ਸੰਤ ਆਖਿਆ ਕਰਦਾ ਸੀ..
ਕਿੱਡੀ ਪਾਗਲ ਕੌਮ ਏ..ਮਰ ਜਾਣ ਨੂੰ ਮਖੌਲ ਸਮਝਦੀ ਏ..ਕੋਈ ਵਿਚ ਵਿਚਾਲੇ ਦਾ ਰਾਹ ਮਨਜੂਰ ਹੀ ਨਹੀਂ..ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ..
ਪਤਾ ਨੀ ਕੀ ਪਿਆ ਦਿੱਤਾ ਖੰਡੇ ਬਾਟੇ ਵਿਚ..!
ਦੱਸਦੇ ਟੋਹੜਾ ਗਿਆ ਸੀ ਆਖਰੀ ਵੇਲੇ..
ਅਖੇ ਸੰਤ ਜੀ ਸਰਕਾਰਾਂ ਦੇ ਹੱਥ ਬੜੇ ਲੰਮੇ ਹੁੰਦੇ..ਦਿੱਲੀ ਸਾਡੇ ਵਿਚੋਂ ਕਿਸੇ ਨੂੰ ਮੁੱਖ ਮੰਤਰੀ..ਅਮਰੀਕ ਸਿੰਘ ਨੂੰ ਵਜੀਰੀ ਦੇਣਾ ਮੰਨ ਗਈ..ਬਾਕੀ ਮੰਗਾ ਲਈ ਕਮਿਸ਼ਨ ਬਿਠਾ ਦੇਊਂਗੀ..”
ਅੱਗੋਂ ਸਿੱਧੜ ਸਾਧ ਗੱਲ ਪੈ ਗਿਆ ਅਖੇ ਅਸੀਂ ਮੋਰਚਾ ਵਜੀਰੀਆਂ ਲੈਣ ਨੂੰ ਨਹੀਂ ਸੀ ਲਾਇਆ..ਜੇ ਹੁਣ ਲੱਤਾਂ ਭਾਰ ਨਹੀਂ ਝੱਲਦੀਆਂ ਤਾਂ ਲਾਂਹਬੇ ਹੋ ਜੋ..ਬਾਕੀ ਮੈਂ ਜਾਣਾ ਤੇ ਸਰਕਾਰ ਜਾਣੇ!
ਫੇਰ ਜਦੋਂ ਛੇ ਜੂਨ ਨੂੰ ਹੱਥ ਖੜੇ ਕਰ ਬਾਹਰ ਨਿੱਕਲੇ ਤਾਂ ਪਹਿਲਾ ਸਵਾਲ..
“ਉਹ ਮਰ ਗਿਆ ਕੇ ਹੈਗਾ”?
ਸ਼ਰਮਾ ਨਾਮ ਦਾ ਫੌਜ ਦਾ ਕਰਨਲ..ਦੱਸਦੇ ਖਿਝ ਕੇ ਗੱਲ ਪੈ ਗਿਆ..
ਕਿੰਨੇ ਬੇਜ਼ਮੀਰੇ ਲੋਕ ਨੇ..ਏਡਾ ਨੁਕਸਾਨ ਹੋ ਗਿਆ ਤੇ ਇਹ ਅਜੇ ਵੀ ਇਹੀ ਪੁੱਛੀ ਜਾਂਦੇ “ਉਹ ਹੈਗਾ ਕੇ ਮਰ ਗਿਆ”
ਖਸਮ ਭਾਵੇਂ ਮਰ ਜਾਵੇ ਪਰ ਸੌਂਕਣ ਰੰਡੀ ਹੋਣੀ ਚਾਹੀਦੀ..
ਮੁੜਕੇ ਸੌਂਕਣ ਵੀ ਰੰਡੀ ਹੋਈ..ਔਲਾਦ ਵੀ ਰੁਲ ਗਈ ਤੇ ਪੱਲੇ ਵੀ ਕੱਖ ਨਹੀਂ ਰਿਹਾ!
ਉੱਡਦੀ ਉੱਡਦੀ ਖਬਰ ਸੁਣੀ..ਪੁਲਸ ਹਟਾ ਕੇ ਫੌਜ ਲਾਉਣ ਲੱਗੇ..
ਦਿੱਲੀ ਬਾਰੇ ਮਸ਼ਹੂਰ ਏ..ਇਹ ਮਾਰਨ ਤੋਂ ਪਹਿਲਾਂ ਬਦਨਾਮ ਕਰਦੀ ਏ..ਪਰ ਕੋਲ ਹੀ ਸੈੱਲ ਫੋਨ ਤੇ ਲੱਗਾ ਹੋਇਆ ਇਹ ਗਾਉਣ..”ਰੋਸ਼ਨੀਆਂ ਨੂੰ ਦਰਦ ਕੀ..ਦਰਦਾਂ ਨੂੰ ਕੀ ਦੇਸ਼..ਫੌਜੀਆਂ ਨੇ ਕੀ ਘੇਰਨੇ..ਜੋ ਧਰਤੀ ਦੇ ਦਰਵੇਸ਼!
ਨਾਲ ਹੀ ਚੀਨ ਬਾਡਰ ਤੇ ਬੈਠਾ ਇੱਕ ਫੌਜੀ..ਵੀਡਿਓ ਬਣਾ ਕੇ ਆਖਦਾ..
ਮੇਰਾ ਬਾਪੂ ਧਰਨੇ ਵਿਚ ਏ..
ਜੇ ਉਸਦੇ ਸਿਰ ਵਿਚ ਡਾਂਗ ਪਈ ਤਾਂ ਫੇਰ ਸਾਥੋਂ ਨਹੀਂ ਰਿਹਾ ਜਾਣਾ..
ਦਿੱਲੀਓਂ ਆਇਆ ਇੱਕ ਪੂਰਾਣਾ ਬਿਆਨ..ਇਹਨਾਂ ਨੂੰ ਤੇ ਭਰਤੀ ਹੀ ਸ਼ਹੀਦ ਕਰਵਾਉਣ ਲਈ ਕੀਤਾ ਜਾਂਦਾ!
ਦਿਲ ਨੂੰ ਧਰਵਾਸ..ਇਸ ਵਾਰ ਜਰੂਰ ਕੁਝ ਵੱਖਰਾ ਹੋਊ..
ਪਰ ਇਸ ਵਾਰ ਦਿੱਲੀ ਬੈਠੇ ਵੀ ਉਹ ਨੇ..ਕਲਾਵੇ ਵਿਚ ਲੈ ਕੇ ਮਗਰੋਂ ਖੰਜਰ ਖੋਬਣ ਵਾਲੇ..
ਬਚ ਕੇ ਰਿਹੋ ਮੇਰੇ ਪੁੱਤਰੋ..ਵਿਸਾਹ ਨਾ ਖਾਇਓ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਵਿਸਾਹ ਨਾ ਖਾਇਓ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)