ਜਦੋਂ ਦੀ ਵਿਆਹੀ ਆਈ ਸਾਂ..ਬੱਸ ਇਹੋ ਵੇਖਦੀ ਆਈ ਕੇ ਮੇਰਾ ਨਾਲਦਾ ਇੱਕ ਬੜੀ ਹੀ ਅਜੀਬ ਜਿਹੀ ਆਦਤ ਤੋਂ ਦੋ ਚਾਰ ਸੀ..ਜਿਥੇ ਵੀ ਕੁਝ ਮੂੰਹ ਮੱਥੇ ਲੱਗਦੀਆਂ ਵੇਖਦਾ..ਬੱਸ ਵੇਖਣੋਂ ਨਾ ਹਟਿਆ ਕਰਦਾ..ਬੈੰਕ ਟੇਸ਼ਨ ਹਸਪਤਾਲ ਸਬਜੀ ਮੰਡੀ..ਹਰ ਪਾਸੇ ਬੱਸ ਓਹੋ ਵਰਤਾਰਾ..ਕਈ ਵੇਰ ਬੜੀ ਨਮੋਸ਼ੀ ਸਹਿਣੀ ਪੈਂਦੀ!
ਵਿਆਹ ਮੰਗਣੇ ਤੇ ਗਿਆ ਜਦੋਂ ਦੋ ਘੁੱਟ ਲਾ ਲਿਆ ਕਰਦਾ ਤਾਂ ਬੱਸ ਇਹੋ ਧੁੜਕੂ ਲੱਗਾ ਰਹਿੰਦਾ ਕਿਧਰੇ ਕੋਈ ਐਸੀ ਵੈਸੀ ਹਰਕਤ ਹੀ ਨਾ ਕਰ ਬੈਠੇ..!
ਫੇਰ ਧੀ ਹੋਈ..ਸੋਚਿਆ ਹੁਣ ਪੱਕਾ ਫਰਕ ਪੈ ਜਾਊ ਪਰ ਪਰਨਾਲਾ ਓਥੇ ਦਾ ਓਥੇ ਹੀ ਰਿਹਾ..!
ਫੇਰ ਕਈ ਵੇਰ ਸਿਰੋਂ ਪਾਣੀ ਲੰਘ ਜਾਂਦਾ ਤਾਂ ਬੁਲਾਉਣੋਂ ਹਟ ਜਾਂਦੀ..ਫੇਰ ਤਰਲਿਆਂ ਮੁਆਫ਼ੀਆਂ ਤੇ ਆ ਜਾਂਦਾ..ਅਖੀਰ ਨਿਆਣਿਆਂ ਅਤੇ ਗ੍ਰਹਿਸਥੀ ਖਾਤਿਰ ਸੁਲਾ ਕਰਨੀ ਪੈ ਜਾਂਦੀ..!
ਫੇਰ ਨਿਆਣੇ ਵੱਡੇ ਹੋਏ..ਓਹਨਾ ਨੂੰ ਦੁਨੀਆਂਦਾਰੀ ਦੀ ਸਮਝ ਆਉਣ ਲੱਗੀ..ਧੀ ਤਾਂ ਚੁੱਪ ਰਹਿੰਦੀ ਪਰ ਨਿੱਕੇ ਪੁੱਤਰ ਦੀ ਹਾਵ-ਭਾਵ ਇੰਝ ਦੇ ਹੁੰਦੇ ਜਿੱਦਾਂ ਬੱਸ ਵੱਡੇ ਹੋਣ ਦਾ ਹੀ ਇੰਤਜਾਰ ਕਰ ਰਿਹਾ ਹੋਵੇ..!
ਇੱਕ ਵੇਰ ਬਾਹਰੋਂ ਲੋਹਾ ਲਾਖਾ ਹੋਇਆ ਅੰਦਰ ਆ ਵੜਿਆ..ਸ਼ਾਇਦ ਕਿਸੇ ਨੇ ਉਲਾਂਹਮਾ ਦਿੱਤਾ ਸੀ ਕੇ ਮਜਾਕ ਉਡਾਇਆ!
ਮੇਰੇ ਨਾਲ ਔਖਾ ਜਿਹਾ ਬੋਲਿਆ..ਅਖ਼ੇ ਡੈਡੀ ਇੰਝ ਕਿਓਂ ਕਰਦਾ ਏ..!
ਮੈਂ ਆਖਿਆ ਪੁੱਤਰ ਇਹ ਸੰਸਕਾਰ ਬੜੀ ਵੱਡੀ ਚੀਜ ਹੁੰਦੇ ਨੇ..ਜਿਥੇ...
ਇਹਨਾਂ ਦੀ ਘਾਟ ਰਹਿ ਜਾਵੇ ਓਥੇ ਬੱਸ ਇਹੋ ਕੁਝ ਹੀ ਵਾਪਰਦਾ ਏ..!
ਮੇਰੀ ਗੱਲ ਵਿੱਚੇ ਹੀ ਕੱਟ ਆਖਣ ਲੱਗਾ..ਕਿਹੜੇ ਸੰਸਕਾਰਾਂ ਦੀ ਗੱਲ ਕਰਦੀਂ ਏਂ..ਕੱਲ ਨੂੰ ਜੇ ਮੈਂ ਵੀ ਕੁਝ ਇੰਝ ਦਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੇਰੇ ਦਿਲ ਤੇ ਕੀ ਬੀਤੇਗੀ..?
ਢਿੱਡੋਂ ਜਨਮੇਂ ਦੇ ਮੂਹੋਂ ਏਨੀ ਗੱਲ ਸੁਣ ਮੇਰੇ ਅੰਦਰ ਅੱਗ ਲੱਗ ਗਈ..ਜੂੜਿਓਂ ਫੜ ਹੇਠਾਂ ਸੁੱਟ ਲਿਆ ਅਤੇ ਫੇਰ ਕੋਲ ਪਏ ਸਾਗ ਚੀਰਨ ਵਾਲੇ ਦਾਤਰ ਨੂੰ ਫੜ ਚੀਖਣ ਲੱਗੀ..ਤੂੰ ਇੰਝ ਕਰ ਕੇ ਤੇ ਵੇਖ..ਟੋਟੇ ਕਰ ਕੇ ਜਮੀਨ ਵਿੱਚ ਨਾ ਗੱਡ ਦਿੱਤਾ ਤਾਂ ਮੇਰਾ ਨਾਮ ਵੀ ਗੁਰਮੀਤ ਕੌਰ ਨਹੀਂ..!
“ਫੇਰ ਅਜੇ ਤੱਕ ਉਸ ਦੇ ਟੋਟੇ ਕਿਓਂ ਨਹੀਂ ਕੀਤੇ ਗਏ ਤੇਰੇ ਕੋਲੋਂ”..ਆਪਣਾ ਖੁਲਿਆਂ ਜੂੜਾ ਬੰਨਦੇ ਹੋਏ ਨੇ ਮੇਹਣਾ ਮਾਰਿਆ..!
ਇਸ ਲਈ ਕੇ ਮੈਂ ਸਿਰਫ ਤੇਰੀ ਮਾਂ ਹਾਂ ਤੇਰੇ ਪਿਓ ਦੀ ਨਹੀਂ..!
ਏਨੀ ਗੱਲ ਪਿੱਛੋਂ ਪੱਸਰ ਗਈ “ਚੁੱਪ ਦੀ ਇੱਕ ਵੱਡੀ ਅਦਾਲਤ” ਨੇ ਪਤਾ ਨਹੀਂ ਕਿੰਨੀਆਂ ਸਾਰੀਆਂ ਮਾਵਾਂ ਕਟਿਹਰੇ ਵਿੱਚ ਖੜੀਆਂ ਕਰ ਲਈਆਂ ਸਨ!
ਹਰਪ੍ਰੀਤ ਸਿੰਘ ਜਵੰਦਾ