More Punjabi Kahaniya  Posts
ਤੇਰੀ ਦੁਨੀਆਂ ( ਭਾਗ : ਤੀਸਰਾ )


ਤੇਰੀ ਦੁਨੀਆਂ

ਉਹ ਜ਼ਿੰਦਗੀ ਵਿਚੋਂ ਤੇ ਚਲੀ ਗਈ,ਪਰ ਮੇਰੇ ਖਿਆਲਾਂ ਵਿਚ ਆ ਉਲਝ ਗਈ,ਉਹ ਦੂਰ ਤੇ ਹੋ ਗਈ,ਪਰ ਮੇਰੇ ਵਿੱਚੋਂ ਦੂਰ ਨਾ ਹੋਈ, ਮੈਨੂੰ ਨਾ ਚਾਹੁੰਦੇ ਵੀ ਉਹਦੀ ਯਾਦ ਆ ਜਾਂਦੀ,ਜੋ ਦੇਰ ਰਾਤ ਤੀਕ ਮੇਰੇ ਕੋਲ ਕਿਸੇ ਆਪਣੇ ਵਾਂਗ ਬੈਠੀ ਰਹਿੰਦੀ ਤੇ ਪੂੰਝ ਦੀ ਰਹਿੰਦੀ, ਕਣੀਆਂ ਵਾਂਗ ਡੁੱਲ੍ਹਦੇ ਹੰਝੂਆਂ ਨੂੰ, ਮੈਂ ਉਹਦੇ ਸ਼ਹਿਰ ਗਿਆ,ਪੂਰੇ ਇੱਕ ਸਾਲ ਮਗਰੋਂ, ਮੈਂ ਬੱਸ ਵਿੱਚੋਂ ਉਤਰਿਆਂ ਹੀ, ਅੱਖਾਂ ਬੰਦ ਕਰਿਆ ਤੇ ਕਿਹਾ… ਹੇ ਰੱਬ ਜੀ, ਐਨਾ ਕਾ ਹੌਂਸਲਾ ਦੇਣਾਂ ਕਿ ਜੇ ਉਹ ਸਾਹਮਣੇ ਵੀ ਆਵੇ, ਮੈਨੂੰ ਤਾਂ ਵੀ ਕੋਈ ਫ਼ਰਕ ਨਾ ਪਵੇ,ਹੋਇਆ ਵੀ ਉਹੀ, ਉਸੇ ਦਿਨ ਤੇਜੀ ਦਾ ਫ਼ੋਨ ਆਇਆ ਉਸਨੇ ਦੱਸਿਆ ਕਿ ਮੈਂ ਵੀ ਸ਼ਹਿਰ ਹੀ ਆ, ਆਪਾਂ ਚੱਲਦੇ ਆਂ, ਮੈਂ ਵੇਖਿਆ ਉਹ ਉਸੇ ਦੁਕਾਨ ਤੇ ਸੀ, ਪਹਿਲਾਂ ਨਾਲੋਂ ਜ਼ਿਆਦਾ ਖੁਸ਼,ਵਿਆਹੀ ਹੋਈ ਤੇ ਜ਼ਿਆਦਾ ਨਰੋਈ ਵੀ, ਮੈਂ ਆਪਣੀਆਂ ਅੱਖਾਂ ਸਾਫ਼ ਕਰ ਰਿਹਾ ਸੀ,
ਮੈਂ : ਉਏ ਤੇਜੀ,ਆ ਨੂਰ ਦੇ ਵਰਗੀ ਨਹੀਂ ਲੱਗਦੀ
ਤੇਜੀ : ਉਏ ਤੂੰ ਪੀ ਰੱਖੀ ਆ
ਮੈਂ : ਨਹੀਂ ਸੱਚੀਂ, ਓਵੇਂ ਹੀ ਲੱਗਦੀ ਆ
ਤੇਜੀ : ਉਸਤਾਦ ਜੀ ਇਹ ਨੂਰ ਹੀ ਆ
ਮੈਂ : ਸੱਚੀਂ,ਇਹਦਾ ਵਿਆਹ ਹੋ ਗਿਆ
ਤੇਜੀ : ਹੋਰ ਕੀ , ਨਾਲ਼ੇ ਆਂਟੀ ਦੇ ਮੁੰਡੇ ਨਾਲ ਹੀ ਤੇ ਹੋਇਆ, ਮੈਂ ਤੇ ਇਹ ਵੀ ਸੁਣਿਆ ਕਿ ਇਹਦੀ ਗੱਲ ਬਾਤ ਸੀ ਉਹਦੇ ਨਾਲ਼, ਯਰ ਕੁੜੀ ਵੇਖਣ ਨੂੰ ਤਾਂ ਸ਼ਰੀਫ ਸੀ, ਚੱਲ ਆਪਾਂ ਕੀ ਲੈਣਾ…
ਮੈਂ : ਤੇਜੀ ਇੱਕ ਗੱਲ ਦੱਸਾਂ
ਤੇਜੀ : ਹਾਂ ਬੋਲ
ਮੈਂ : ਮੈਂ ਉਹਨੂੰ ਸੱਚਾ ਪਿਆਰ ਕਰਦਾ ਸੀ
ਤੇਜੀ : ਫ਼ੇਰ ਕੀ ਆ, ਹੁਣ ਕੋਈ ਹੋਰ ਲੱਭ ਲਾ
ਮੈਂ : ਨਹੀਂ ਉਹ ਵੀ ਕਰਦੀ ਸੀ
ਤੇਜੀ : ਉਏ ਕੀ ਮਤਲਬ ਤੇਰਾ
ਮੈਂ : ਸਾਡੀ ਗੱਲ ਬਾਤ ਵੀ ਹੁੰਦੀ ਰਹੀ ਆ
ਤੇਜੀ : ਉਏ ਮੈਨੂੰ ਕਿਉਂ ਨਹੀਂ ਦੱਸਿਆ ਪਹਿਲਾਂ ( ਹੈਰਾਨੀ ਨਾਲ )
ਮੈਂ : ਬੱਸ ਯਰ ਡਰ ਜਾ ਲੱਗਦਾ ਸੀ।
ਤੇਜੀ : ਚੱਲ ਕੋਈ ਨਾ, ਕੁੜੀਆਂ ਤਾਂ ਹੁੰਦੀਆਂ ਹੀ ਐਵੇਂ ਦੀਆਂ ਨੇ
ਮੈਂ : ਨਹੀਂ ਯਰ ਨੂਰ ਨਹੀਂ ਸੀ ਐਵੇਂ ਦੀ
ਤੇਜੀ : ਤਾਂ ਹੀ ਤਾਂ ਵਿਆਹ ਕਰਵਾ ਲਿਆ,ਉਹ ਵੀ ਆਪਣੀ ਮਰਜ਼ੀ ਨਾਲ
ਮੈਂ : ਯਰ ਤੂੰ ਐਵੇਂ ਨਾ ਮਾਰ, ਤੈਨੂੰ ਕੀ ਪਤਾ,ਉਈਂ ਮਾਰੀ ਜਾਣਾਂ ਆਵਦੇ ਕੋਲੋਂ
ਤੇਜੀ : ਹੈਲੋ, ਮੈਨੂੰ ਪੂਰੀ ਸੁਰਤ ਆ,ਪਰ ਮੈਨੂੰ ਤੂੰ ਹੀ ਸੈੱਟ ਲੱਗਦਾ, ਨਾਲ਼ੇ ਲੱਗਜੂ ਪਤਾ ਤੈਨੂੰ ਵੀ, ਦੋ ਮਹੀਨੇ ਰੁੱਕ ਜਾ
( ਤੇਜੀ ਨੇ ਹੌਲੀ ਜਿਹੇ ਮੇਰੇ ਕੰਨ ਵਿੱਚ, ਇੱਕ ਅਜਿਹੀ ਗੱਲ ਦੱਸੀ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਮੈਂ ਅੱਗੇ ਕੁਝ ਬੋਲ ਹੀ ਨਾ ਸਕਿਆ )

ਇਹ ਸੀ ਮੇਰੀ ਪਹਿਲੀ ਮੁਹੱਬਤ, ਜਿੱਥੇ ਪਤਾ ਹੀ ਨਾ ਲੱਗਾ, ਕਿਸਮਤ ਨੇ ਧੋਖਾ ਦਿੱਤਾ ਹੈ ਜਾਂ ਮੁਹੱਬਤ ਜਿਹੀ ਕੁੜੀ ਨੇ, ਫ਼ੇਰ ਮੈਂ ਲਿਖਣਾਂ ਸ਼ੁਰੂ ਕਰ ਦਿੱਤਾ ,ਦਿਨ ਬੀਤਦੇ ਗਏ, ਫ਼ੇਰ ਸਾਲ ਬੀਤ ਗਏ, ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀ, ਜਿੱਥੇ ਇੱਕ ਮੋੜ ਆਇਆ ਕਿ ਡੇਢ ਸਾਲ ਬਾਅਦ ਇੱਕ ਕੁੜੀ ਫ਼ੇਰ ਮੇਰੀ ਜਿੰਦਗੀ ਵਿੱਚ ਆਈ,ਜਿਸਦੇ ਨਾਮ ਦੇ ਅੱਖਰ ਬਿਲਕੁਲ ਮੇਰੇ ਨਾਮ ਨਾਲ ਮਿਲਦੇ ਸੀ, ਹਾਂਜੀ ਉਹਦਾ ਨਾਮ ਸੀ ਬਿਲਕੁਲ ਮੇਰੇ ਨਾਂ ਦੇ ਵਰਗਾ , ਬਿਲਕੁਲ ਅਲਫ਼ਨੂਰ ਦੇ ਵਰਗੀ, ਮੈਂ ਇਸ ਨੂੰ ਨਾ ਚਾਹੁੰਦਿਆਂ ਵੀ ਆਪਣੀ ਜ਼ਿੰਦਗੀ ਵਿਚ ਆਉਣ ਤੋਂ ਨਾ ਰੋਕ ਸਕਿਆ, ਗੱਲ ਸੂਰਜ ਦੇ ਉੱਗਣ ਨਾਲ ਸ਼ੁਰੂ ਹੁੰਦੀ ਤੇ ਸਾਰੀ ਦੁਨੀਆਂ ਸੌਂ ਜਾਣ ਮਗਰੋਂ ਖ਼ਤਮ, ਕਿੰਨੀਆਂ ਰਾਤਾਂ ਕਿੰਨੇਂ ਦਿਨ ਅਸੀਂ ਦੂਰ ਹੁੰਦਿਆਂ ਵੀ, ਬਿਲਕੁਲ ਕੋਲ਼ ਵਾਂਗ ਕੱਢੇ, ਉਹਨੂੰ ਬੇਸ਼ੱਕ ਮੈਂ ਮਿਲਿਆ ਕਦੇ ਨਹੀਂ, ਪਰ ਫੇਰ ਵੀ ਅਸੀਂ ਇੱਕ ਦੂਸਰੇ ਦੇ ਐਨੇ ਕੋਲ਼ ਹੋ ਗਏ ਕਿ ਇੱਕ ਪਲ਼ ਵੀ ਇੱਕ ਦੂਸਰੇ ਤੋਂ ਦੂਰ ਰਹਿਣਾਂ ਔਖ਼ਾ ਲੱਗਣ ਲੱਗਾ, ਨਿੱਕੀ ਨਿੱਕੀ ਗੱਲ ਤੇ ਲੜਨਾ,ਉਹਨੇ ਰੁੱਸਣਾ ਮੈਂ ਮਨਾਉਣਾ,ਇਹੀ ਚੱਲਦਾ ਰਿਹਾ, ਫ਼ੇਰ ਇੱਕ ਦਿਨ ਕੀ ਹੋਇਆ, ਉਸਦਾ ਅਚਾਨਕ ਮੈਸਜ਼ ਆਇਆ ਕਿ ਮੈਂ ਅੱਜ ਤੋਂ ਬਾਅਦ ਗੱਲ ਨਹੀਂ ਕਰ ਸਕਦੀ, ਜਦੋਂ ਮੈਂ ਮੈਸਜ਼ ਵੇਖਿਆ ਉਹ ਬਲੌਕ ਕਰ ਚੁੱਕੀ ਸੀ, ਮੈਂ ਉਸਨੂੰ ਟੈਕਸਟ ਮੈਸਜ਼ ਕਰਨਾ ਚਾਹਿਆ , ਪਰ ਉਸਦੀ ਮਨ ਮਰਜ਼ੀ ਸਮਝ ਕੇ ਰੁੱਕ ਗਿਆ, ਕੁਝ ਦਿਨ ਬਾਅਦ ਹੀ ਮੈਨੂੰ ਕਿਸੇ ਇੱਕ ਅਣਜਾਣ ਕੁੜੀ ਨੇ ਮੈਸਜ਼ ਕਰਿਆ,ਜਿਸ ਦਾ ਨਾਮ ਸੀ ਸੰਧੂ ਸਾਬ,ਜਿਸ ਨਾਲ਼ ਮੇਰੀ ਥੋੜ੍ਹੀ ਬਹੁਤ ਗੱਲ ਬਾਤ ਹੋਣੀਂ ਸ਼ੁਰੂ ਹੋ ਗਈ,ਬਸ ਫੇਰ ਇੱਕ ਅਜਿਹੀ ਗ਼ਲਤੀ ਹੋਈ, ਜਿਸਦਾ ਪਿਛਤਾਵਾ…..!!!! ਅੱਜ ਵੀ‌ ਖ਼ੁਦ ਨੂੰ ਕੋਸਦਾ ਹੈ,ਕਹਿ ਸਕਦੇ ਹੋ ਇਹ ਇਨਸਾਨ ਮੁਹੱਬਤ ਦੇ ਕਾਬਿਲ ਨਹੀਂ , ਪਰ ਹਾਂ ਇਹ ਵੀ ਸੱਚ ਹੈ, ਸਜ਼ਾ ਵੀ ਜ਼ਰੂਰ ਮਿਲਦੀ ਹੈ ਪਾਪ ਕੀਤੇ ਦੀ,ਬਸ ਫ਼ੇਰ ਕੀ ਹੋਇਆ ,ਜੋ ਚਲੇ ਗਏ ਸੀ ਹਮੇਸ਼ਾ ਲਈ, ਉਹ ਵਾਪਿਸ ਆ ਗਏ ਆਏ ਵੀ ਏਦਾਂ ਕਿ ਆਪਣਾ ਆਪ ਆਉਂਦੇ ਸਾਰ ਹੀ ਸਾਡੇ ਉੱਪਰੋਂ ਵਾਰ ਦਿੱਤਾ, ਏਦਾਂ ਲੱਗਿਆ ਸ਼ਾਇਦ ਜ਼ਿੰਦਗੀ ਹੀ ਇਹ ਹੈ, ਪਹਿਲਾਂ ਤਾਂ ਸਿਰਫ਼ ਸ਼ੁਰੂਆਤ ਸੀ,ਸਾਰਾ ਦਿਨ ਖੁੱਭੇ ਰਹਿਣਾਂ ਇੱਕ ਦੂਸਰੇ ਵਿੱਚ, ਮੈਂ ਭੁੱਲ ਗਿਆ ਕੁਝ ਵਕ਼ਤ ਲਈ ਕਿ ਸਜ਼ਾ ਅਜੇ ਬਾਕੀ ਹੈ, ਫ਼ੇਰ ਕੀ ਹੋਇਆ ਤੜਾਕ ਹੋਇਆ,ਚੰਨ‌ ਤਾਰੇ ਸਭ ਮੁੱਕਰ ਗਏ,ਕੀਤੇ ਹੋਏ ਵਾਅਦੇ,ਉਹ ਜੋ ਸਾਹਾਂ ਵਿੱਚ ਸਾਹ ਲੈਂਦੇ ਸੀ, ਅੱਜ ‌ਹੋਰਾਂ‌ ਦੀ ਧੜਕਣ ਬਣ‌ ਗਏ ਤੇ ਜਾਂਦੇ ਜਾਂਦੇ ਕਹਿੰਦੇ… ਖੁਸ਼ ਰਹੀਂ ਅਸੀਂ ਵੀ ਖੁਸ਼ ਆ…

ਲੱਗਿਆ ਹੁਣ ਤੇ ਕੁਝ ਬਚਿਆ ਹੀ ਨਹੀਂ , ਕੀ ਕਰਾਂਗਾ ਜ਼ਿੰਦਗੀ ਨੂੰ ਬਿਨਾਂ ਮਕਸਦ ਜਿਉਂ ਕੇ, ਫੇਰ ਉਹ ਪਲ਼ ਯਾਦ ਆਏ,ਜੋ ਉਸ ਇਨਸਾਨ ਤੇ ਬੀਤੇ ਹੋਣੇ,ਜਿਸ ਦੀ ਸਜ਼ਾ ਮੈਨੂੰ ਹੁਣ ਮਿਲ਼ੀ,ਪਰ ਤੁਰਨਾ ਚਾਹਿਆ,ਤੁਰਿਆ ਹੌਲ਼ੀ ਹੌਲ਼ੀ ਸਭ ਪਹਿਲਾਂ ਵਰਗਾ ਹੁੰਦਾ ਗਿਆ, ਪਿਆਰ, ਮੁਹੱਬਤ ਸ਼ਬਦ ਮੇਰੇ ਲਈ ਨਫ਼ਰਤ ਬਣਕੇ ਰਹਿ ਗਿਆ,ਮੁੜ ਛੱਤ‌ ਤੇ ਬੈਠ ਇੱਕਲਤਾ ਨੂੰ ਹਾਕਾਂ ਮਾਰਨ ਲੱਗਾ,ਹਵਾ ਵਿੱਚ ਤਰਦੀਆ ਰੰਗ ਬਰੰਗੀਆਂ ਗੁਲਿਸਤਾਂ ਨੂੰ ਮੁੱਠੀ‌ ਵਿਚ ਭਰਨ ਲੱਗਾ।

ਕਹਾਣੀਆਂ ਦੀ ਦੁਨੀਆਂ ਵਿੱਚੋਂ ਤੁਰਨ ਲੱਗਾ, ਹੌਲ਼ੀ ਹੌਲ਼ੀ ਕਵਿਤਾਵਾਂ ਵੀ ਉਹਦੇ ਵਾਂਗੂੰ ਸਾਥ ਛੱਡਣ‌ ਲੱਗੀਆ, ਗੀਤਾਂ ਦੀ ਕੰਨੀਂ ਵੀ ਹੱਥ ਆਈ ਆਈ ਸੁੱਟ ਗਈ,ਲੱਗਾ ਸਭ ਕੁਝ ਤਬਾਹ ਹੋ ਗਿਆ, ਹੁਣ ਕੀ ਕਰਾਂਗਾ ਮੈਂ, ਫ਼ੇਰ ਮੁੜ ਨਰਮਾ ਬੋਇਆ ਗਿਆ,ਮੁੜ ਤੰਦ ਪਰੁੰਨੇ ਗਏ,ਮੁੜ ਲੱਗੀਆਂ ਬੂਕੀਆਂ ਤੇ ਫੁੱਟੀ ਫੁੱਟੀ ਕਰੀ ਗਈ ਇੱਕਠੀ, ਲਈ ਗਈ ਪਿੰਜ ਫ਼ੇਰ, ਫ਼ੇਰ ਬਣਾ ਲਈ ਇੱਕ ਚਿੱਟੇ ਰੰਗ ਦੀ ਚੁੰਨੀ,ਜੋ ਦਲਾਲਾਂ ਦੀਆਂ ਕਾਟਾਂ ਤੋਂ ਭਾਰੂ ਹੁੰਦੀ ਹੁੰਦੀ, ਆ ਲਮਕਦੀ ਇਬਾਦਤ ਨੂਰ ਦੀ ਦੁਕਾਨ ਦੇ ਸੱਜੇ ਹੱਥ ਵਾਲੇ ਪਾਸੇ ਦੇ ਤੀਸਰੇ ਹੈਂਗਰ ਉੱਪਰ, ਜਿਸਦੇ ਓਹਲੇ ਹੋਇਆ ਚਿਹਰਾ , ਫ਼ੇਰ ਸ਼ਾਇਰ ਨੂੰ ਧਕੇਲ ਕੇ ਲੈ ਗਿਆ, ਬਲ਼ਦੀ ਹੋਈ ਮੋਮਬੱਤੀ ਦੇ ਵੱਲ, ਜਿੱਥੇ ਪਹੁੰਚ ਲੱਗ ਪਏ ਚੰਦ ਨੂੰ ਪੰਖ, ਹਨੇਰੇ ਨੂੰ ਤਿਲਕ,ਤੇ ਹਵਾ ਨੂੰ ‌ਸੁਨੇਹੇ

ਪੋਹ ਦੇ ਮਹੀਨੇ ਵੀ ਅੰਤਾਂ ਦਾ ਮੁੜ੍ਹਕਾ, ਨਜ਼ਰਾਂ ਵਿਚ ਨਜ਼ਰ ਖੁੱਭੀ, ਖ਼ਾਲੀ ਅੰਬਰ ਪੰਛੀਆਂ ਨੇ ਲਕੋ ਲਿਆ,ਹਵਾ ਇਕਾਂਤ ਵੱਸ ਹੋ ਗਈ, ਰੁੱਖਾਂ ਨੂੰ ਆ ਗਈ ਨੀਂਦ,ਸੂਰਜ ਨੇ ਧਰ ਲਿਆ ਉੱਚੇ ਨੀਵੇਂ ਪੈਰ,ਲੱਗ ਗਈ ਨਜ਼ਰ ਧਰਤੀ ਦੀ ਮੜਕ ਨੂੰ ਤੇ ਅਸੀਂ ਖੁੱਭੇ ਹੋਏ ਸਾਂ ਇੱਕ ਦੂਸਰੇ ਦੀਆਂ ‌ਅੱਖਾਂ‌ ਦੇ ਵਿਚ, ਕਿੰਨਾਂ ਚਿਰ ਹੀ ਨਾ ਉਹਨੇ ਅੱਖ ਫੜਕਾਈ ਤੇ ਨਾ ਰਤੀ ਭਰ ਵੀ ਪਰੇ ਕਰੀ ਤੇ ਨਾ ਹੀ ਮੈਂ,ਪਤਾ ਨਹੀਂ ਕਿਹੜਾ ਰਾਗ ਸੀ, ਨਵੇਕਲੀ ਜਿਹੀ‌ ਧੁਨ ਵਾਲ਼ਾ ਜਿਸ ਪਿੱਛੇ ‌ਸਹਿਜੇ ਸਹਿਜੇ‌ ਸਰੰਗੀ ਬੋਲ‌ ਰਹੀ ਸੀ ਤੇ ‌ਵੱਜ‌ ਰਿਹਾ ਸੀ ਮਲਵਈ ਗੀਤ…

ਟਿੱਬਿਆਂ ਦੀ ਰੇਤ ਉੱਤੇ ਲੱਭੇ ਸਾਨੂੰ, ਕਲੀਰੇ ਤੇਰੇ ਮੇਚਦੇ
ਕਣਕਾਂ ਨੂੰ ਲੱਗੇ ਪਾਣੀਂ ਵੱਟਾਂ ਉੱਤੋ,ਤੋਰ ਤੇਰੀ ਵੇਖਦੇ

ਹਾਣੀਆਂ ਨੂੰ ਮਿਲੇ ਹਾਣ ਜਿਵੇਂ, ਸਾਨੂੰ ਤੇਰੀ ਦੀਦ ਨੀਂ
ਛੱਡ ਮੁਲਕਾਂ ਦੇ ਰੌਲਿਆਂ ਨੂੰ,ਦੱਸ ਕਦ ਆਉਂਣੀ ਈਦ ਨੀਂ

ਵਰਕੇ ਮੈਂ ਭਰਾਂ ਲਿਖ ਲਿਖ ਰਾਤ, ਤੇਰੀਆਂ ਹੀ ਯਾਦਾਂ‌ ਨੂੰ
ਕਿਤੇ ਕਰਦੇ ਹਵਾਲੇ ,ਕੋਈ ਲਵੇ ਨਾ ਨੀ ਡੱਕ ਇਹ ਕਮਾਦਾਂ ਨੂੰ

ਕੰਬਣੀ ਜਿਹੀ ਛੜੀ, ਦੱਸਾਂ ਨੈਣਾਂ ‌ਰੱਤੀਆਂ ਨੂੰ ਵੇਖ ਕੇ
ਨੀਂ ਮੈਂ ਤੇਰੇ ਪਿੰਡ ਆਜੂ ਏਥੇ ਸਭ ਕੁਝ ਨੀ ਓ ਵੇਚ ਕੇ

ਤੇਰੇ ਹਾਸਿਆਂ ਨੂੰ ਰੱਖਲਾਂਗਾ ਵਿਚ ਸਾਂਭ ਨੀਂ ਪਟਾਰੀਆਂ
ਤੂੰ ਵੀ ਉਡੀਕ ਮੇਰੀ ਵਿਚ ,ਖੋਲ ਖੋਲ ਰੱਖੇ ਕੁੜੇ ਵਾਰੀਆਂ

ਹੋਰ ਨੀਂ ਮੈਂ ਦੱਸ ਕਿਹੜੇ,ਲਿਆ‌ ਤਾਰੇ ਦੱਸ ਤੇਰੀ ਝੋਲੀ ਵਿਚ ਭਰਦਾ
ਚੰਨ ਜਿਹੀ‌ ਕੁੜੀਏ ਨੀਂ, ਸ਼ਾਇਰ ਇੱਕ ਤੇਰੀ ਵੱਸ ਦੀਦ ਉੱਤੇ ਮਰਦਾ

ਭੁੱਲਿਆ ਹੈ ਬੰਦਿਸ਼ਾਂ ਤੇ ਤਾਲ ਮੇਲਾਂ ਦੇਆਂ ਗੱਡਿਆਂ ਨੂੰ
ਹੋਣ ਲੈਣ ਦੇ ਉਡਾਰ,ਪੰਛੀ ਖੁੱਲੇ ਛੱਡਿਆ ਨੂੰ

ਗੀਤਾਂ ਚ ਪਰੋਵਾਂ ਚਿੱਤ ਕਰੇ, ਝਾਂਜਰਾਂ ਦਾ ਸ਼ੋਰ ਨੀਂ
ਸੋਹਣੇ ਤਾਂ ਨੇ ਲੱਖ,ਪਰ ਸੱਚੀ ਜਿਹਾ ਨਾ ਹੋਰ ਨੀਂ

ਇੱਕ ਪਤਾ ਨਹੀਂ ਕਿੱਥੋਂ ਸਾਧ ਦੀ ਸਮਾਧੀ ਭੰਗ ਕਰਨ ਲਈ,ਹਵਾ ਦਾ ਬੁੱਲ੍ਹਾ ਬੋਹੜਿਆ ਤੇ ਲੰਮੀਂ ਜਿਹੀ ਵਾਲ਼ਾਂ ਦੀ ਲਟ ਉਹਦੇ ਅੱਖਾਂ ਅੱਗੇ ਆ ਗਈ,ਉਹ ਮਿੰਨਾ ਜਿਹੀ ਮੁਸਕਾਰੀ ਜਿਵੇਂ ਕਹਿ ਰਹੀ ਹੋਵੇ…ਕੀ ਵੇਖ ਰਿਹਾਂ ਹੈਂ, ਮੈਂ ਤਾਂ ਕੁੜੀਆਂ ਵਰਗੀ ਕੁੜੀ ਹੀ ਹਾਂ, ਮਨੋ ਮਨੀਂ ਮੈਂ ਵੀ‌ ਜਵਾਬ ‌ਦਿੱਤਾ…ਹੈਂ ਤੇ ਕੁੜੀਆਂ ਵਰਗੀ ਕੁੜੀ ਹੀ ਪਰ ਪਹਿਲਾਂ ਕਦੇ ਕਿਸੇ ਵੱਲ ਵੇਖਣ ਨੂੰ ਐਨਾ ਦਿਲ ਹੀ ਕਰਿਆ ਤੇ ਹੁਣ ਰੁੱਕ ਹੀ ਨਹੀਂ ਰਿਹਾ
ਐਦਾਂ ਜਾਪਿਆ ਜਿਦਾਂ ਉਹਨੇ ਕਿਹਾ ਹੋਵੇ…ਅੱਛਾ, ਫ਼ੇਰ ਕੋਲ਼ ਆ‌ ਕੋਈ ਗੱਲ ਕਿਉਂ ਨਹੀਂ ਤੋਰ ਲੈਂਦੇ
ਉਹਨੂੰ ਕਿਸੇ ਨੇ ਹਾਕ ਮਾਰੀ…ਉਸਨੇ ਇਕਦਮ ਮੇਰੇ ਤੋਂ ਹਟਾਈ ਤੇ ਟੇਢਾ‌ ਜਿਹਾ ਮੇਰੇ ਵੱਲ ਵੇਖਦਿਆਂ , ਅੰਦਰ ਚਲੀ ਗਈ
ਮੈਂ ਕਿੱਧਰ ਨੂੰ ਤੁਰ ਪਿਆ ਸਾਂ,ਪੁੱਛ ਰਿਹਾ ਸੀ ਖ਼ੁਦ ਨੂੰ ਖ਼ੁਦ ਕੋਲ਼ੋਂ ਕੀ ਤੂੰ ਇਹ ਸਹੀ ਕਰ ਰਿਹਾ ਹੈ, ਤੈਨੂੰ ਪਤਾ ਹੈ,ਕਿ ਤੇਰੀ ਜਿੰਦਗੀ ਵਿੱਚ ਕੀ ਹੋਇਆ ਫ਼ੇਰ ਵੀ ਕਿਉਂ…ਪਰ ਦਿਲ ਕਹਿ ਰਿਹਾ ਸੀ ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇ ਪਾਗਲਾ ਤੂੰ ਯਕੀਨ ਤੇ ਕਰਕੇ ਵੇਖ ਨਾਲ਼ੇ ਯਕੀਨ ਤੇ ਕਰਨ ਲਈ ਹੁੰਦਾ,ਜੇ ਹਰ ਵਾਰ ਹੀ ਯਕੀਨ ਤੋੜਿਆ ਜਾਣਾ ਸੀ, ਫ਼ੇਰ ਕੀ ਲੋੜ ਪਈ ਸੀ,ਇਸ ਸ਼ਬਦ ਨੂੰ ਘੜਨ ਦੀ , ਫੇਰ ਸਹੀ ਸੀ ਨਾ ਧੋਖਾ ਸ਼ਬਦ…ਸੁਪਨਾ ਟੁੱਟ ਗਿਆ, ਉਸਨੂੰ ਮੁੜ ਵਾਪਿਸ ਤੱਕਣ ਦੀ ਹਿੰਮਤ ਮੇਰੀ ਵਿਚ ਨਾ ਆਈ,ਉਹ ਵਾਪਿਸ ਚਲਾ ਗਿਆ

ਮੇਰਾ‌ ਅੱਜ ਵੀ ਦੋ ਚਿੱਤੀ ਵਿਚ ਧੜਕਦਾ ਸੀ ਦਿਲ, ਕਿ ਇੱਕ ਅਜਿਹਾ ਸੂਰਜ ਉੱਗੇਗਾ,ਜਿਸ ਦਿਨ ਕੋਈ ਆਵੇਗਾ ਤੇ ਕਹੇਗਾ,ਸੁਣੋ ਜੀ ਜੋ ਹੋਇਆ ਉਹ ਸਭ‌ ਝੂਠ ਸੀ, ਤੁਹਾਡੇ ਆਪਣੇ...

ਤੁਹਾਡੇ ਕੋਲ ਹੀ ਨੇ, ਫ਼ੇਰ ਦਿਲ ਦਾ ਮੁਰਝਾਇਆ ਫੁੱਲ ਫ਼ੇਰ ਖਿੜ ਜਾਵੇਗਾ,ਪਰ‌ ਉਹੀ ਗੱਲ ਇਹ ਉਮੀਦ ਬਹੁਤ ਚੰਦਰੀ ਹੈ, ਪਤਾ ਹੁੰਦਾ ਕਿ ਉਹਨਾਂ ਨੇ ਕਦੇ ਆਉਣਾ ਨਹੀਂ, ਫ਼ੇਰ ਵੀ ਉਡੀਕ ਕਰਨ ਲਈ ਕਰਦੀ ਹੈ ਮਜਬੂਰ, ਵੇਖਦੀ ਹੈ ਨਾਲ਼ੇ ਵੇਖਣ‌ ਲਈ ਕਹਿੰਦੀ ਹੈ , ਖੁੱਲੀਆਂ ਅੱਖਾਂ ਨਾਲ ਸੁਪਨੇ ਤੇ ਮੈਂ ਹਾਂ ਜੋ ਉਸਦੀ ਉਂਗਲ ਫੜ ਉਸਦੇ ਮਗਰ ਤੁਰ ਪੈਂਦਾ ਹਾਂ, ਬਸ ਇਹੀ ਕਹਾਂਗਾ ਮੈਂ ਹੁਣ ਮਰ‌ ਰਿਹਾਂ ਹਾਂ, ਓਦਾਂ ਨਹੀਂ ਜਿਦਾਂ ਸਾਰੇ ਮਰਦੇ ਨੇ,ਮੇਰੀ ਮਰਨੀ ਥੋੜ੍ਹੀ ਦੁਨੀਆਂ ਤੋਂ ਅਜੀਬ ਹੈ , ਜੇ ਬਚਾਅ ਸਕਦੇ ਹੋ ਤਾਂ ਬਚਾ ਲਵੋ, ਮੈਂ ਪੂਰੇ ਦਾ ਖ਼ਾਲੀ ਹੋ ਗਿਆ ਹਾਂ, ਮੇਰੇ ਵਿਚ ਮੁੱਠੀ ਭਰ‌ ਖ਼ਾਲੀ ਹਵਾ‌ ਹੈ,ਜਿਸ ਦਾ ਕੋਈ ਪਤਾ ਨਹੀਂ, ਕਦੋਂ ਕੋਈ ਗੁਬਾਰਾ ਭਰਨ ਲਈ ਕੰਮ ਲੈ ਲਿਆ ਜਾਏ।

ਇਸੇ ਨੂੰ ਕਹਿੰਦੇ ਨੇ ਉਲਝੀ ਹੋਈ ਉਲਝਣ ਨੂੰ ਹੋਰ ਉਲਝਣ ਵਿਚ ਪਾਉਂਣਾ, ਹਾਂ ਮੇਰੇ ਵਰਗੇ ਲੋਕਾਂ ਕੋਲ ਹੋਰ ਕੰਮ ਵੀ ਕੀ ਹੁੰਦਾ, ਸੋਚਦੇ ਰਹਿੰਦੇ ਨੇ ਹਰ ਵਕਤ ਬਿਨਾਂ ਕਿਸੇ ਨਾਲ਼ ਝੂਠਾ ਵਾਅਦਾ ਕਰੇ ਉਹਦੇ ਬਾਰੇ, ਜਿਸਨੂੰ ਭੁੱਲਕੇ ਵੀ ਨਹੀਂ ਲੱਗਦਾ ਸਮਾਂ ਸਾਡੇ ਹਾਲ ਪੁੱਛਣ ਦਾ,ਬਹੁਤ ਫ਼ਰਕ ਹੁੰਦਾ ਮੁਹੱਬਤ ਵਿਚ ਟੁੱਟੇ ਇਨਸਾਨ ਦਾ ਆਮ ਸੱਟ ਵਾਲੇ ਇਨਸਾਨ ਤੋਂ

ਸਾਰੇ ਰਾਹ ਬੰਦ ਨੇ, ਮੈਂ ਮੇਰੇ ਨਾਵਲ ਦਾ ਇੱਕਲਾ ਪਾਤਰ ਹਾਂ,ਜਿਸ ਦੇ ਦੁਆਲੇ ਘੁੰਮ ਰਹੀ ਹੈ ਸਾਰੀ ਧਰਤੀ, ਤੇ ਮੈਂ ਕਿਸੇ ਕੇਂਦਰ ਬਿੰਦੂ ਵਾਂਗੂੰ, ਹੌਲ਼ੀ ਹੌਲ਼ੀ ਖ਼ੁਦ ਨੂੰ ਭੁੱਲ ਰਿਹਾ ਹਾਂ, ਚੀਕਾਂ ਦੀ ਆਵਾਜ਼ ਆ ਰਹੀ ਹੈ, ਸ਼ਰਾਬ ਦੀਆਂ ਬੋਤਲਾਂ ਨੂੰ ਤੋੜਿਆ ਜਾ ਰਹਾ ਹੈ, ਡੁੱਲ੍ਹ‌ ਰਿਹਾ‌ ਹੈ ਡਰੱਮ ਭਰ‌ ਭਰ‌ ਓ‌ ਪੌਜਟਿਵ ਖ਼ੂਨ ,ਜੋ ਹੋ ਸਕਦਾ ਸੀ‌ ਬਲੱਡ ਬੈਂਕ ਵਿਚ ਜਮਾਂ, ਕਿਉਂ ਛਾਂਗਿਆ ਜਾ ਰਿਹਾ ਹੈ, ਬਿਨਾਂ ਟਾਹਣੀ ਵਾਲੇ ਰੁੱਖਾਂ ਨੂੰ, ਬਿਜਲੀ ਚੱਲੀ‌ ਜਾਂਦੀ ਹੈ,ਕਮਰੇ ਵਿਚ ਹਨੇਰਾ ਪਸਰ ਜਾਂਦਾ ਹੈ, ਸ਼ਾਇਰ ਭਿੱਜੀਆਂ ਅੱਖਾਂ ਨੂੰ ਹੱਥਾਂ ਨਾਲ ਪੂੰਝਦਾ ਹੈ, ਪਰ ਹੰਝੂ ਕਿਸੇ ਰਾਵੀ ਨਦੀ ਵਿਚ ‌ਆ ਜੁੜਦੇ ਝਰਨੇ ਵਾਂਗ ਵਹਿ ਰਹੇ ਨੇ,ਜਿਸ ਨੇ ਹੱਥਾਂ ਨੂੰ ਐਨਾ ਕੁ ਗਿੱਲਾ ਕਰ ਦਿੱਤਾ ਕਿ, ਅੱਖਾਂ ਨੂੰ ਪੂੰਝਦਿਆਂ ਪੂੰਝਦਿਆਂ ਹੋਰ ਗਿੱਲੀਆਂ ਹੋ ਗਈਆਂ ਅੱਖਾਂ, ਅੰਦਰੋਂ ਚੱਲ ਕੇ ਆ‌ ਰਹੀ ਨਿੱਘੀ ਜਿਹੀ ਸਾਹ ਦੀ ਹਵਾ, ਕਿਸੇ ਅਣਜਾਣ ਦੇ ਮੈਸਜ਼ ਵਿਚ ਬਦਲ ਜਾਂਦੀ ਹੈ, ਸੁੱਜੀਆਂ ਅੱਖਾਂ ਨੂੰ ਕਿੰਨਾ ਕੁ ਵਿਖਦਾ ਹੈ , ਉਹ ਵੀ ਉਦੋਂ ਜਦੋਂ ਚਾਰ ਚੁਫੇਰੇ ਉਹਦੀ‌ ਤਸਵੀਰ ਵਿਖ ਰਹੀ ਹੋਵੇ,ਜਿਸ‌ ਨੂੰ ਦੂਰ ਹੋਈ ਨੂੰ ਹੋ ਗਈ ਹੋਣ‌ ਦੋ ਸਾਲ… ਸ਼ਾਇਰ ਨੂੰ ਅਨੇਕਾਂ ਸਵਾਲ ਕਰਦਾ ਹੈ ਹਨੇਰਾ, ਪੁੱਛਦਾ ਹੈ ਇਹ ਉਹੀ ਇੱਕਲਤਾ ਤਾਂ ਹੈ, ਜਿੱਥੋਂ ਦੀ ਲੰਘਦੇ ਤੇਰੀ ਬਾਂਹ ਕਵਿਤਾਵਾਂ ਨੇ ਫੜ ਲਈ ਸੀ, ਫ਼ੇਰ ਹੁਣ ਇਹੀ ਇੱਕਲਤਾ ਤੇਰਾ ਮਰਨ ਕਿਉਂ ਬਣ‌‌ ਰਹੀ ਹੈ, ਉਸ ਸਮੇਂ ਵਿਚ ਮੇਰੇ ਨਾਲ਼ ਮੇਰੀ ਮੰਜ਼ਿਲ ਸੀ,ਇਸ ਇੱਕਲਤਾ ਵਿਚ ਮੇਰੇ ਨਾਲ਼ ਮੈਂ ਵੀ ਨਹੀਂ ਆ, ਉਸਦੀ ਅੱਖ ਵਿੱਚ ਫ਼ੇਰ ਖ਼ਾਰਾ ਪਾਣੀਂ ਉੱਤਰ ਆਇਆ ਸੀ।

ਕੀਹਨੂੰ ਚੰਗਾ ਲੱਗਦਾ, ਕਿਸੇ ਬੇਗਾਨੇ ਲਈ ਰੋਣਾਂ,ਪਰ ਹਾਂ ਸੀ ਕਦੇ ਤਾਂ ਉਹ ਆਪਣਾ ਹੀ, ਖ਼ੁਦ ਨਾਲ ਵਾਅਦਾ ਕਰੀ ਦਾ ਹੈ, ਤੂੰ ਉਸਦਾ ਇੰਤਜ਼ਾਰ ਕਰੇਗਾ ਪਰ ਉਡੀਕ ਨਹੀਂ,ਪਤਾ ਨਹੀਂ ਕਿੱਥੋਂ ਗੱਲ ਸ਼ੁਰੂ ਹੁੰਦੀ ਤੇ ਕਿੱਥੇ ਜਾ ਮੁੱਕ ਜਾਂਦੀ ਹੈ, ਮੈਂ ਚਾਹੁੰਦੇ ਹੋਏ ਵੀ‌ ਉਸਨੂੰ ਆਪਣੇ ਖਿਆਲਾਂ ਤੋਂ ਵੱਖ ਨਾ ਕਰ ਸਕਿਆ, ਉਹ ਮੇਰੀ ਜਿੰਦਗੀ ਵਿੱਚੋਂ ਇੱਕਲੀ ਨਾ ਗਈ ਜਾਂਦੀ ਜਾਂਦੀ ਹੋਰ ਵੀ ਬਹੁਤ ਕੁਝ ਲੈ ਗਈ, ਮੈਂ ਪੂਰੀ ਤਰ੍ਹਾਂ ਭੁੱਲ ਗਿਆ ਸਕੂਨ ਦਾ ਅਰਥ, ਗੁੱਸੇ ਤੋਂ ਬਿਨਾਂ ਮੇਰੇ ਕੋਲ਼ ਕੁਝ ਨਹੀਂ ਸੀ,ਜੇ ਵੇਖਿਆ ਜਾਏ ਤਾਂ ਸੀ ਰੁੱਖੀ‌ ਆਵਾਜ਼ ਉਹ ਵੀ ਉਹ ਜੋ ਪੈਸੇ ਲੈ ਕੇ ਬੋਲਦੀ ਕਹੀ ਲਵੋ। ਮੈਨੂੰ ਖ਼ੁਦ ਵੀ ਨਹੀਂ ਸੀ ਪਤਾ, ਕਿ ਇੱਕ ਸ਼ਕਸ ਦੁਨੀਆਂ ਤਬਾਹ ਹੀ ਨਹੀਂ ਬਦਲ ਵੀ ਸਕਦਾ ਹੈ, ਉਹ ਵੀ ਐਨੀ‌ ਚੰਗੀ ਤਰ੍ਹਾਂ,ਇਹ ਨਹੀਂ ਕਹਾਂਗਾ,ਕਿ ਮੈਂ ਉਹਨੂੰ ਭੁੱਲਣਾਂ ਚਾਹੁੰਦਾਂ ਹਾਂ, ਬਸ ਹੁਣ ਖੁਦ ਨੂੰ ਹੋਰ ਭੁਲੇਖੇ ਵਿੱਚ ਰੱਖਣਾ ਚੰਗਾ ਨਹੀਂ ਲੱਗਦਾ, ਕਿਉਂ ਨਾ ਜੋ ਕਿਸਮਤ ਨੇ ਮੁੱਠੀ ਭਰ ਕੇ ਝੋਲ਼ੀ ਵਿਚ ਪਾਇਆ ਹੈ, ਉਸਨੂੰ ਸਿਰ ਮੱਥੇ ਕਬੂਲ ਲਿਆ‌ ਜਾਏ।

ਸੱਚ ਦੱਸਾਂ ਮੈਂ ਇਸ ਬੇਤਰਤੀਬੀ ਦੁਨੀਆਂ ਤੋਂ ‌ਵੱਖ ਹੋਣਾਂ ਚਾਹੁੰਦਾ ਹਾਂ, ਮੈਂ ਇੱਕ ਨਵੀਂ ਧੁੱਪ ਵੇਖਣੀ ਚਾਹੁੰਦਾ ਹਾਂ, ਨਵੇਂ ਸਿਰੇ ਸ਼ੁਰੂ ਕਰਨਾ ਚਾਹੁੰਦਾ ਹਾਂ, ਕੋਹਾਂ ਤੀਕ ਫ਼ੈਲਿਆ ਤੰਦ… ਤੂੰ ਦੱਸ ਹੋਵੇਗਾ ਇਹ ਸੰਭਵ…?? ਸੁਖ ਨੇ ਆਪਣੇ ਆਪ‌‌ ਨੂੰ ਸਵਾਲ‌ ਕੀਤਾ, ਚੌਂਹ ਪਾਸੇ ਛਹਿਨਾਟਾ ਛਾਅ ਗਿਆ, ਅੰਦਰੋਂ ਇੱਕ ਆਵਾਜ਼ ਆਈ,ਇਹ ਮੇਰੇ ਮਹਿਬੂਬ ਸੁਣ ਰਿਹਾ ਹੈ, ਮੈਨੂੰ ਪਤਾ ਹੈ ਤੂੰ ਸੁਣ ਰਿਹੈ,ਪਰ ਬੋਲਦਾ ਨਹੀਂ…ਲੈ ਸੁਣ…

ਮੈਂ ਵਾਪਿਸ ਮੁੜ ਰਿਹਾ ਹਾਂ,ਇਸ ਰਾਹ ਤੋਂ, ਹੋ ਸਕਿਆ ਤਾਂ ਮੈਨੂੰ ਮੁਆਫ਼ ਕਰ ਦੇਵੀਂ, ਮੈਂ ਨਹੀਂ ਚਾਹੁੰਦਾ ਮੁੱਠੀ ਭਰ ਯਾਦਾਂ ਤੇਰਾ ਤੇ ਮੇਰਾ ਵਕ਼ਤ ਅਜਾਈਂ ਕਰਨ, ਮੈਂ ਖੁਸ਼ ਹਾਂ ਕਿ ਤੂੰ ਖੁਸ਼ ਏ, ਆਪਣੀ ਸੋਹਣੀ ਜ਼ਿੰਦਗੀ ਵਿਚ, ਪਰ ਮੈਨੂੰ ਵੀ ਇਜਾਜ਼ਤ ਦੇ ਕਿ ਮੈਂ ਇਸ ਦੁਨੀਆਂ ਤੋਂ ਅੱਡ ਹੋ ਸਕਾਂ, ਮੈਂ ਚਾਹੁੰਦਾ ਹਾਂ ਅੱਜ ਤੋਂ ਬਾਅਦ ਜੋ ਵੀ ਤੇਰਾ ਨਾਮ ਲਵੇ, ਮੈਂ ਉਸ ਕੋਲੋਂ ਲਕੋ ਲਵਾਂ ਤੇਰੇ ਤੇ ਮੇਰੇ ਵਿਚਲੀਆਂ ਸਾਂਝਾ ਨੂੰ ,ਜੋ ਹੁਣ ਦੁਨੀਆਂ ਅੱਗੇ ਸਿਰਫ਼ ਇੱਕ ਕਹਾਣੀ ਬਣਕੇ ਰਹਿ ਗਈਆਂ ਨੇ,ਪਰ ਮੈਂ ਨਹੀਂਚਾਹੁੰਦਾ ਤੈਨੂੰ ਮੈਨੂੰ ਖੋਹਣ ਦਾ ਕਦੀਂ ਜ਼ਿੰਦਗੀ ਵਿਚ ਨਿੱਕੇ ਜਿਹੇ ਭੁਲੇਖੇ ਨਾਲ ਵੀ ਪਿਛਤਾਵਾ ਹੋਵੇ, ਮੈਨੂੰ ਇਜਾਜ਼ਤ ਦੇ ਕਿ ਮੈਂ ਮੁੜ ਚੁੱਪ ਦੇ ਦੇਸ਼ ਵੱਲ ਤੁਰ ਪਿਆ, ਆਪਣੀਆਂ ਰੀਝਾਂ, ਗੱਲਾਂ ਨੂੰ ਰਸਤੇ ਵਿੱਚ ਪੈਂਦੀ ਕਬਰਸਤਾਨ ਵਿਚ ਕਬਰ ਪੁੱਟ ਨੱਪ ਦੇਵਾਂ, ਮੈਂ ਨਹੀਂ ਚਾਹੁੰਦਾ ਕਿਸੇ ਨੂੰ ਮੇਰੀ ਉਡੀਕ ਹੋਵੇ, ਮੈਂ ਉਡੀਕ ਸ਼ਬਦ ਨੂੰ ਜ਼ਿੰਦਗੀ ਵਿੱਚੋਂ ਖ਼ਤਮ ਕਰਨਾ ਚਾਹੁੰਦਾ ਹਾਂ, ਤੈਨੂੰ ਇਹ ਵੀ ਪਤਾ ਹੈ,ਜੇ ਮੈਂ ਇਸ ਰਾਹ ਉੱਪਰ ਚੱਲਿਆ ਤਾਂ ਕਦੇ ਮੁੜ ਵਾਪਿਸ ਨਹੀਂ ਪਰਤਾਂਗਾ, ਕਿਉਂਕਿ ਇਸ ਰਾਹ ਤੋਂ ਮੋੜਨ ਦੀ ਹਿੰਮਤ ਸਿਰਫ਼ ਇੱਕ ਸ਼ਕਸ ਨੇ ਕੀਤੀ ਸੀ,ਉਹ ਸੀ ਤੂੰ

ਚੱਲ ਛੱਡ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਜਾਣਾਂ ਹਾਂ, ਤੂੰ ਖੁਸ਼ ਹੈ, ਮੈਂ ਖੁਸ਼ ਹਾਂ ਦੱਸ ਹੋਰ ਚਾਹੀਦਾ ਕੀ ਹੈ, ਚੱਲ ਦੋਵੇਂ ਮਿਲ਼ਕੇ ਭੁਲਾ ਦੇਨੇ ਆ ਇੱਕ ਦੂਸਰੇ ਨੂੰ, ਤੈਨੂੰ ਤੇਰੀ ਦੁਨੀਆ ਮੁਬਾਰਕਬਾਦ, ਮੈਨੂੰ ਮੈਂ ਮੁਬਾਰਕਬਾਦ

ਮੈਂ ਛੱਡਦਾਂ ਹਾਂ ਅੱਜ ਤੋਂ ਸਭ ਉਹ ਆਦਤਾਂ ਜਿਹਨਾਂ ਵਿੱਚੋਂ ਝਲਕਦੀ ਹੈ ਤੇਰੀ ਕਮੀਂ, ਹਾਂ ਮੈਂ ਛੱਡਦਾਂ ਹਾਂ ਤੇਰੀ ਹਰ ਰੋਜ਼ ਫੋਟੋ ਵੇਖਣ ਦੀ ਆਦਤ, ਮੈਂ ਵਾਅਦਾ ਕਰਦਾ ਹਾਂ ਕਿ ਅੱਜ ਤੋਂ ਬਾਅਦ ਤੇਰੀ ਮੇਰੀ ਕਹਾਣੀ, ਕਹਾਣੀ ਨਹੀਂ ਰਾਜ਼ ਬਣਕੇ ਦੱਬ ਦਵਾਂਗਾ,ਇਹ ਕਿਤਾਬ ਨੂੰ ਖੋਲਣ ਤੇ ਅਗਲਾ ਪੰਨਾ ਲਿਖਣ ਵਾਲ਼ਾ ਸ਼ਕਸ ਸਿਰਫ਼ ਤੂੰ ਹੋਵੇਂਗੀ, ਮੈਂ ਮੁੱਕਰਦਾ ਹਾਂ ਆਪਣੇ ਲੇਖਕ ਹੋਣ‌ ਤੋਂ

ਕਹਿਣ‌ ਤੇ ਹੰਡਾਉਣ ਵਿਚ ਕਾਫ਼ੀ ਫ਼ਰਕ ਹੁੰਦਾ,ਪਰ ਮੈਨੂੰ ਪਤਾ ਇਹ ਸਫ਼ਰ ਅੱਜ ਨਹੀਂ ਤੇ ਕੱਲ੍ਹ ਤੈਅ ਕਰਨਾ ਹੀ ਪਵੇਗਾ, ਕਿਉਂ ਨਾ ਇਸ ਨੂੰ ਅੱਜ ਤੋਂ ਹੀ ਸ਼ੁਰੂ ਕਰ ਲਿਆ ਜਾਵੇ, ਕੋਸ਼ਿਸ਼ ਕਰਿਓ ਸ਼ਾਇਰ ਨੂੰ ਚੁੱਪ ਹੈ ਤਾਂ ਚੁੱਪ ਹੀ ਰਹਿਣ ਦੇਵੋ।

ਤੁਸੀਂ ਸਮਝਦਾਰ ਹੋ , ਸਿਆਣਪ ਦੇ ਅਰਥ ਸਮਝਦੇ ਹੋ, ਮੇਰੇ ਤੋਂ ਵੱਧ ਜਾਣਦੇ ਹੋ, ਖੁੱਲ੍ਹੇ ਅੰਬਰ ਦਾ ਖਲਾਅ ਵਿਚ ਕੀ ਹੈ ਰੁੱਤਬਾ ਨਾਲ਼ੇ ਮੈਂ ਕੋਈ ਕਵੀ ਜਾਂ ‌ਸਾਧੂ ਮਹਾਤਮਾ ਥੋੜ੍ਹੀ ਹਾਂ, ਮੈਂ ਤਾਂ ਆਪਣੇ ਰਾਹ ਤੋਂ ਭਟਕਿਆ ਹੋਇਆ ਇੱਕ ਰਾਹੀ ਹਾਂ,ਜਿਸ ਦੀ ਮੰਜ਼ਿਲ ਨੇ ਹੀ‌ ਮੰਜ਼ਿਲ ਬਣਨ ਤੋਂ ਇਨਕਾਰ ਕਰ ਦਿੱਤਾ,

ਮੈਂ ਉਹਨਾਂ ਸਵਾਲਾਂ ਨੂੰ ਆਪਣਾ ਆਪ ਸੌਂਪਦਾ ਹਾਂ, ਜਿਹਨਾਂ ਦੇ ਉੱਤਰ ਦੇਣ ਤੋਂ ਪਹਿਲਾਂ ਹੀ ਮੇਰੀ ਜ਼ੁਬਾਨ ਨੇ ਲਾ ਲਿਆ ਸੀ ਤਾਲਾ,ਬਾਹਰ ਬਦਲਦਾ ਮੌਸਮ ਗਵਾਹ ਹੈ ਕਿ ਜੋ ਵਾਅਦੇ ਕੀਤੇ ਜਾ ਰਹੇ ਨੇ ਜਾਂ ਜਿਨ੍ਹਾਂ ਨੂੰ ਕੀਤਾ ਗਿਆ ਸੀ, ਉਹਨਾਂ ਨੂੰ ਹੁਣ ਪੂਰਾ ਕਰਿਆ ਜਾਇਆ, ਉਹਨਾਂ ਦਾ ਲੇਖਾ ਪੂਰਾ ਕੀਤਾ ਜਾਵੇ,ਜੋ ਦਰਦ ਮੈਂ ਉਹਨੂੰ ਦਿੱਤੇ ਸੀ, ਉਹਨਾਂ ਦਾ ਲਾਇਆ ਜਾਏ ਹਿਸਾਬ ਕਿਤਾਬ ਜੋ ਬਣ ਗਏ ਸੀ ਅੱਖਾਂ ਦੇ ਹੰਝੂ… ਮੇਰੇ ਕੋਲ ਕੁਝ ਨਹੀਂ ਹੈ,ਬਸ ਕੁਝ ਸਾਹ ਜ਼ਰੂਰ ਨੇ ਜਾਂ ਫ਼ੇਰ ਇਹ ਖ਼ਾਲੀ ਦੇਹ ਹੈ, ਤੁਸੀਂ ਚਾਹੋ ਤਾਂ ਇਹਨਾਂ ਵਿੱਚੋਂ ਕੁਝ ਰੱਖ ਲਵੋ, ਮੈਂ ਕੌਣ ਹਾਂ ਹੁਣ… ਹੁਣ ਤੇ ਇਸ ਨਾਲ ਵੀ ਫ਼ਰਕ ਨਹੀਂ ਹੈ।

ਮੇਰੇ ਕੋਲੋਂ ਗੱਲਾਂ ਮੁੱਕ ਗਈਆਂ ਨੇ, ਮੈਂ ਮੁਹੱਬਤ ਵੰਡ ਦਿੱਤੀ ਹੈ,ਐਨੀ ਮੇਰੀ ਪਹੁੰਚ ਨਹੀਂ ਕਿ ਮੈਂ ਅੱਖਰ ਖਰੀਦ ਲਵਾਂ, ਮਾਂ ਮੰਨਦੀ ਹੈ ਮਾੜਾ ਚਕੋਰੀ ਦਾ ਡੇਕ ਉੱਤੇ ਬੈਠ ਕੇ ਆ ਬੋਲਣਾ ਸ਼ਾਮ ਨੂੰ,ਪਰ ਮਾਂ ਨਹੀਂ ਜਾਣਦੀ ਉਹਨੂੰ ਇਜਾਜ਼ਤ ਹੈ, ਮੇਰੇ ਕੋਲ਼ ਐਨਾ ਅਧੀਕਾਰ ਨਹੀਂ ਕਿ ਮੈਂ ਉਸਨੂੰ ਕੁਝ ਸੁਣਨ ਲਈ ਕਿਹਾਂ, ਉਸਦਾ ਬੋਲਣਾਂ ਜਾਇਜ਼ ਹੈ। ਮੈਂ ਏਥੇ ਇਹ ਨਹੀਂ ਕਹਾਂਗਾ ਕਿ ਮੈਂ ਇੱਕਲਾ ਹਾਂ, ਨਹੀਂ ਬਿਲਕੁਲ ਵੀ ਨਹੀਂ… ਬਸ ਹੁਣ ਕੁਝ ਆਪਣਾ ਨਹੀਂ ਲੱਗਦਾ,ਲੱਗਦਾ ਹੈ ਸੱਚੀਂ ਮੁੱਚੀਂ ਉਹ ਰਾਹ ਚੁਣ ਲੈਣਾਂ ਚਾਹਿਦਾ ਹੈ,ਜਿਸ ਵਿਚ ਸਿਰਫ਼ ਮੇਰੇ ਅਤੇ ਰਾਹ ਤੋਂ ਬਿਨਾਂ ਹੋਰ ਕੋਈ ਨਾ ਹੋਵੇ, ਜਦੋਂ ਮੈਂ ਸਾਰੀ ਜ਼ਿੰਦਗੀ ਵੀ ਨਾ ਮਾਫ਼ ਹੋਣ ਤੋਂ ਵੀ ਵੱਧ ਗੁਨਾਹ ਕਰ ਦਿੱਤੇ, ਮੈਨੂੰ ਉਦੋਂ ਚੇਤਾ ਆਇਆ ਹੈ ਕਿ ਮੈਂ ਅਖ਼ੀਰ ਪਹੁੰਚਣਾ ਕਿੱਥੇ ਹੈ, ਮੇਰਾ ਅਸਲੀ ਘਰ ਕਿਹੜਾ ਹੈ, ਮੈਂ ਰਾਬਤਾ ਨਹੀਂ ਤੋੜਾਂਗਾ, ਮੈਨੂੰ ਯਾਦ ਰਹਿਣਗੇ ਸਭ ਦੇ ਚਿਹਰੇ, ਬਸ ਹੁਣ ਮੈਂ ਬੁਝੇ ਦੀਵੇ ਵਰਗੀ ਕੁਝ ਚੀਜ਼ ਬਣਕੇ ਤੁਹਾਡੇ ਨਾਲ ਵਿਚਰਾਗਾਂ,ਇਹ ਕੋਈ ਸਮਝੋਤਾ ਨਹੀਂ ਹੈ ਤੇ ਨਾ ਹੀ ਕੋਈ ਸਜ਼ਾ,ਇਹ ਕੁਦਰਤ ਦਾ ਨਿਯਮ ਹੈ ਜਿਸ ਨੂੰ ਸਿਰਮੱਥੇ ਕਬੂਲ ਕਰ ਲੈਣਾ ਹੀ ਮੈਂ ਆਪਣਾ ਫਰਜ਼ ਸਮਝਦਾ ਹਾਂ।

***

ਏ ਮੇਰੇ ਮਹਿਬੂਬ… ਮੈਨੂੰ ਮਾਫ਼ ਕਰੀਂ ਮੈਂ ਤੇਰੇ ਕਹੇ ਬੋਲਾਂ ਤੋਂ ਸਾਫ਼ ਸਾਫ਼ ਮੁੱਕਰ ਰਿਹਾਂ ਹਾਂ ਤੇਰੇ ਬਿਨਾਂ ਖੁਸ਼ ਰਹਿਣ ਦਾ ਵਾਅਦਾ ਮੇਰੇ ਤੋਂ ਪੂਰਾ ਨਹੀਂ ਕਰ ਹੋਇਆ, ਮੈਂ ਨਹੀਂ ਚਾਹੁੰਦਾ ਤੇਰੇ ਹਾਸਿਆਂ ਦੀ ਦੌਲਤ ਵਿੱਚ ਮੇਰੀਆਂ ਲਿਖਤਾਂ ਵਿਗਣ‌ ਪਾਉਣ, ਮੈਂ ਭਾਫ਼ ਬਣ ਮੇਰੇ ਅੰਦਰ ਉੱਡਦੀਆਂ ਲਿਖਤਾਂ ਨੂੰ ਤੇਰੇ ਤੀਕ ਉੱਪੜਣ ਤੋਂ ਪਹਿਲਾਂ ਹੀ ਆਪਣਾ‌ ਆਪ ਸੌਂਪ ਦੇਵਾਂਗਾ ਅਤੇ ਸੋਂਹ ਪਾ ਦੇਵਾਂਗਾ, ਹਲੀਮੀ ਨਾਲ ਚੱਲਦੇ ਸਾਹਾਂ ਦੀ

***

ਕਹਾਣੀਕਾਰ : ਸੁਖਦੀਪ ਸਿੰਘ ਰਾਏਪੁਰ
8699633924

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)