ਕਾਲਜ ਵੇਲੇ ਸਾਡਾ ਕਾਫੀ ਵੱਡਾ ਗਰੁੱਪ ਹੋਇਆ ਕਰਦਾ ਸੀ..
ਫੇਰ ਨੱਬੇ-ਕਾਨਵੇਂ ਵੇਲੇ ਵਗੀ ਹਨੇਰੀ ਵਿਚ ਅਸੀਂ ਸਿਰਫ ਚਾਰ ਹੀ ਰਹਿ ਗਏ..!
ਮੈਂ ਖੁਦ ਵੀ ਪੁਲਸ ਦੀ ਨਜ਼ਰੀਂ ਚੜ ਗਿਆ..ਘਰਦਿਆਂ ਚੁੱਪਚਾਪ ਟ੍ਰਾੰਸਪੋਰਟ ਕਾਰੋਬਾਰ ਲਈ ਮੈਨੂੰ ਜੈਪੁਰ ਘੱਲ ਦਿੱਤਾ..!
ਅਚਾਨਕ ਸੁਨੇਹਾ ਗਿਆ ਸਾਡਾ ਜਿਗਰੀ ਯਾਰ “ਪੋਲਾ” ਚੜਾਈ ਕਰ ਗਿਆ ਸੀ..ਜਿਸ ਦਿਨ ਉਸਦਾ ਸਕੂਟਰ ਟਰੱਕ ਵਿਚ ਵੱਜਿਆ ਉਸ ਦਿਨ ਵੀ ਉਹ ਸਾਡੇ ਘਰੇ ਇਹ ਉਲਾਹਮਾ ਦੇਣ ਹੀ ਆਇਆ ਸੀ ਮੈਨੂੰ ਚੋਰੀ ਛੁੱਪੇ ਜੈਪੁਰ ਕਿਓਂ ਭੇਜਿਆ..!
ਮਹਿਫ਼ਿਲਾਂ ਸੱਥਾਂ ਅਤੇ ਕੁਲ ਜਹਾਨ ਦੀਆਂ ਸਾਰੀਆਂ ਰੌਣਕਾਂ ਸੁੰਝੀਆਂ ਪੈ ਗਈਆਂ..!
ਸਵਾ ਛੇ ਫੁੱਟ ਉਚੇ ਤੇ ਹੱਦੋਂ ਵੱਧ ਸੋਹਣੇ ਯਾਰ ਦਾ ਇੰਝ ਚਲੇ ਜਾਣਾ..ਇਤਬਾਰ ਨਾ ਹੋਵੇ..ਪਰ ਸਭ ਤੋਂ ਵੱਧ ਫ਼ਿਕਰਮੰਦੀ ਵਾਲੀ ਗੱਲ ਉਸਦੀਆਂ ਤਿੰਨ ਛੋਟੀਆਂ ਭੈਣਾਂ ਅਤੇ ਬਜ਼ੁਰਗ ਮਾਂ.ਪਿਓ..!
ਫੇਰ ਅਸੀਂ ਬਾਕੀ ਰਹਿ ਗਿਆ ਨੇ ਇੱਕ ਸਲਾਹ ਕੀਤੀ..ਮੈਂ ਆਪਣਾ ਘਰ ਬਾਰ ਛੱਡ ਪੱਕਾ ਹੀ ਓਹਨਾ ਵੱਲ ਆ ਗਿਆ..!
ਤੁਰਨ ਲੱਗੇ ਨੂੰ ਮਾਂ ਆਖਣ ਲੱਗੀ..ਪੁੱਤਰ ਇਥੇ ਮੇਰੇ ਕੋਲ ਤੇ ਤਿੰਨ ਹੋਰ ਨੇ ਪਰ ਜਿਥੇ ਚੱਲਿਆ ਓਥੇ ਓਹਨਾ ਦੇ ਇੱਕੋ-ਇੱਕ ਸਦਾ ਲਈ ਗਵਾਚ ਗਿਆ..ਇਸ ਬਣ ਗਏ ਰਿਸ਼ਤੇ ਨੂੰ ਹੁਣ ਤੋੜ ਤੱਕ ਨਿਭਾਵੀਂ..!
ਫੇਰ ਪੂਰੇ ਤੇਰਾਂ ਸਾਲ “ਪੋਲਾ” ਬਣ ਨਿਰ ਸਵਾਰਥ ਸੇਵਾ ਕੀਤੀ..ਜਦੋਂ ਕਦੀ ਭੈਣਾਂ ਹੰਜੂ ਵਹਾਉਣ ਲੱਗਦੀਆਂ ਤਾਂ ਓਹਨਾ ਦੇ ਸਰ ਤੇ ਹੱਥ ਰੱਖ ਦਿਲਾਸਾ ਦਿੰਦਾ..!
ਫੇਰ ਇੱਕ ਦਿਨ ਵੱਡੀ ਭੈਣ ਦੇ ਕਾਰਜ ਨੇਪਰੇ ਚਾੜੇ ਗਏ..ਬਾਕੀ ਦੋ ਵੀ ਮਗਰੋਂ ਛੇਤੀ ਹੀ ਵਿਆਹੀਆਂ ਗਈਆਂ..ਜੀਜਿਆਂ ਦੇ ਰੂਪ ਵਿਚ ਤਿੰਨ ਨਵੇਂ ਜੀਆਂ ਦਾ ਆਗਮਨ ਹੋਇਆ..ਸਮੇ ਦੇ ਵਹਾਅ ਨਾਲ ਪਰਿਵਾਰ ਦੇ ਸੋਚਣ ਦਾ ਨਜ਼ਰੀਆਂ ਥੋੜਾ ਬਦਲ ਜਿਹਾ ਗਿਆ..ਦਿਲਾਂ ਤੋਂ ਸੋਚਣ ਵਾਲੇ ਦਿਮਾਗਾਂ ਵਾਲਿਆਂ ਅੱਗੇ ਹੌਲੇ ਪੈ ਗਏ ਲੱਗੇ..!
ਫੇਰ ਇੱਕ ਦਿਨ ਮਾਂ ਨੇ ਕੀਤੀ ਵਸੀਹਤ ਮੇਰੇ ਸਾਮਣੇ ਰੱਖ ਦਿੱਤੀ..ਦਸ ਕਿੱਲੇ ਪੈਲੀ,ਮਕਾਨ ਅਤੇ ਹੋਰ ਵੀ ਕਿੰਨਾ ਕੁਝ ਮੇਰੇ ਨਾਮ ਸੀ..ਮੈਨੂੰ ਲੱਗਾ ਉਹ ਮੇਰੀ ਤੇਰਾਂ ਸਾਲਾਂ ਦੀ ਕੀਤੀ ਘਾਲਣਾ ਦੀ ਕੀਮਤ ਚੁਕਾ ਰਹੇ ਸਨ..!
ਮਨ ਹੀ ਮਨ “ਪੋਲੇ” ਨੂੰ ਯਾਦ ਕੀਤਾ..ਦੋ ਚਾਰ ਗੱਲਾਂ ਬਾਤਾਂ ਹੋਈਆਂ..ਪਰਲ ਪਰਲ ਹੰਜੂ ਵਗ ਤੁਰੇ..ਓਸੇ ਵੇਲੇ ਵਸੀਅਤ ਪਾੜ ਦਿੱਤੀ..!
ਦਿਮਾਗਾਂ ਵਾਲੇ ਜੀਜਿਆਂ ਨੂੰ ਇਸ ਕਹਾਣੀ ਦਾ ਪਤਾ ਲੱਗਾ ਤਾਂ ਓਹਨਾ ਅੰਦਰ ਬੈਠਾ ਕਾਰੋਬਾਰੀ ਜਾਗ ਖਲੋਤਾ..ਆਖਣ ਲੱਗੇ ਸਾਰਾ ਕੁਝ ਇਸਦੇ ਨਾਮ ਹੀ ਲੱਗੇਗਾ ਪਰ ਇਸਨੂੰ ਮਿਲੇਗਾ ਦੋ ਸਾਲ ਬਾਅਦ..ਅਸੀਂ ਹੁਣ ਇਹ ਵੇਖਣਾ ਇਹ ਬਾਕੀ ਰਹਿ ਗਿਆਂ ਦੀ ਸੇਵਾ ਕਿੱਦਾਂ ਕਰਦਾ..ਸੱਪ ਵੀ ਮਾਰ ਗਏ ਤੇ ਸੋਟੀ ਵੀ ਨਾ ਟੁੱਟਣ ਦਿੱਤੀ..!
ਮੈਂ ਏਨੀ ਗੱਲ ਸੁਣ...
ਤੜਪ ਉਠਿਆ..ਇੰਝ ਲੱਗਿਆ ਕੋਈ ਮੇਰੇ ਸੱਚੇ ਪਿਆਰ ਅਤੇ ਕੋਮਲ ਜਜਬਾਤਾਂ ਨੂੰ ਪਦਾਰਥ ਵਾਦ ਦੀ ਤੱਕੜੀ ਵਿਚ ਤੋਲ ਰਿਹਾ ਹੋਵੇ..!
ਸਾਫ ਸਾਫ ਆਖ ਦਿੱਤਾ ਕੇ ਮੈਨੂੰ ਕੁਝ ਨਹੀਂ ਚਾਹੀਦਾ..ਨਾ ਹੀ ਦੋ ਸਾਲ ਕਿਸੇ ਹੋਰ ਪ੍ਰੀਖਿਆ ਦੇਣ ਦਾ ਮੇਰੇ ਵਿਚ ਹੋਂਸਲਾ ਈ ਬਾਕੀ ਬਚਿਆ ਹੈ..!
ਇਸੇ ਦੌਰਾਨ ਬਾਪੂ ਜੀ ਚੜਾਈ ਕਰ ਗਏ..ਮਗਰ ਰਹਿ ਗਈ ਬੀਜੀ ਅਤੇ ਭੈਣਾਂ ਜੀਜਿਆਂ ਨੇ ਇੱਕ ਵੱਖਰੀ ਧਿਰ ਜਿਹੀ ਬਣਾ ਲਈ..ਕਦੀ ਕਦੀ ਪੋਲਾ ਸੁਫ਼ਨੇ ਵਿਚ ਆਉਂਦਾ ਤਾਂ ਉਸਨੂੰ ਬੜੇ ਉਲਾਹਮੇਂ ਦਿੰਦਾ..ਜਿਊਣ ਜਾਗਿਆ ਤੂੰ ਹੀ ਨਾ ਜਾਂਦਾ ਤਾਂ ਇਹ ਸਾਰਾ ਕੁਝ ਕਦੇ ਨਾ ਵਾਪਰਦਾ..ਉਹ ਅੱਗੋਂ ਆਖਦਾ ਜੇ ਤੂੰ ਬਿਨਾ ਦੱਸਿਆ ਜੈਪੁਰ ਨਾ ਗਿਆ ਹੁੰਦਾ ਤਾਂ ਸ਼ਇਦ ਅੱਜ ਵਾਲੇ ਹਾਲਾਤ ਵੀ ਨਾ ਹੁੰਦੇ..!
ਅਖੀਰ ਇੱਕ ਦਿਨ ਪਾਣੀ ਸਿਰੋਂ ਉੱਪਰ ਹੋ ਗਿਆ ਤੇ ਨਵੀਂ ਮਾਂ ਦਾ ਘਰ ਛੱਡ ਦਿੱਤਾ..ਪਿਛਲੇ ਵਾਲਿਆਂ ਵੀ ਵਾਪਿਸ ਪਰਤਣ ਲਈ ਇੱਕ ਵੇਰ ਵੀ ਝੂਠੀ ਸੱਚੀ ਸੁਲਾ ਤੱਕ ਨਾ ਮਾਰੀ..ਤੁਰਨ ਲੱਗਿਆਂ ਨਾਲਦੀ ਨੂੰ ਆਖਿਆ ਕੇ ਸਾਰਾ ਕੁਝ ਹੁਣ ਇਥੇ ਹੀ ਰੱਖ ਜਾ..ਇਥੋਂ ਤੱਕ ਉਸਦੀਆਂ ਬਾਹਾਂ ਦੀਆਂ ਬਰੀਕ ਵੰਗਾਂ ਵੀ..!
ਪੋਲੇ ਦੇ ਘਰੋਂ ਸਿਰਫ ਇੱਕੋ ਚੀਜ ਚੁੱਕੀ..ਉਸਦੇ ਘਰ ਦੀ ਇੱਕ ਇੱਟ..ਸੋਚਿਆ ਜਦੋਂ ਆਪਣਾ ਮਕਾਨ ਬਣਾਵਾਂਗੇ ਤਾਂ ਓਦੋਂ ਯਾਦਗਾਰ ਦੇ ਤੌਰ ਤੇ ਵਰਤਾਂਗੇ..!
ਜਿਉਂ ਜੰਮੇ ਬੋਦੀਉਂ ਲੰਮੇ..ਅੱਜ ਆਪਣੀਆਂ ਖੁਦ ਦੀਆਂ ਦੋ ਧੀਆਂ ਵੀ ਵਿਆਹੁਣ ਜੋਗੀਆਂ ਹੋ ਗਈਆਂ ਨੇ..ਪਰ ਏਨੀ ਗੱਲ ਜਰੂਰ ਆਖਾਂਗਾ ਕੇ ਜੇ ਦਿਲ ਦਾ ਮਾਸ ਖਵਾਕੇ ਜਵਾਨ ਕੀਤੇ ਕਿਸੇ ਰਿਸ਼ਤੇ ਨੂੰ ਕਦੀ ਦਿਮਾਗਾਂ ਵਾਲੇ ਵਿਓਪਾਰੀ ਅਗਵਾ ਕਰ ਲੈਣ ਤਾਂ ਬੰਦਾ ਅੰਦਰੋਂ ਬਾਹਰੋਂ ਚਕਨਾ ਚੂਰ ਤਾਂ ਜਰੂਰ ਹੋ ਜਾਂਦਾ ਪਰ ਫੇਰ ਵੀ ਸਿਆਣਪ ਇਸੇ ਵਿਚ ਹੈ ਕੇ ਢੇਰੀ ਨਾ ਹੀ ਢਾਹੀ ਜਾਵੇ..ਬਸ ਆਪਣੀ ਰਫਤਾਰ ਨਾਲ ਤੁਰੇ ਜਾਣਾ ਚਾਹੀਦਾ..ਅਖੀਰ ਉਸ ਸਫ਼ਰ ਦੀ ਮੰਜਿਲ ਦਿਸ ਹੀ ਪੈਂਦੀ ਹੈ ਜਿਸ ਸਫ਼ਰ ਵਿਚ ਇਨਸਾਨ ਦਾ ਸਰੀਰ ਨਹੀਂ ਸਗੋਂ ਰੂਹ ਥੱਕ ਜਾਇਆ ਕਰਦੀ..!
ਟੋਏ ਟਿੱਬੇ ਟੱਪਦਿਆਂ ਗਏ ਸਮੁੰਦਰ ਟੱਪ..ਜਿੰਨੀ ਵੱਡੀ ਛਾਲ ਸੀ ਓਨੀਂ ਵੱਡੀ ਸੱਟ..ਵਾਕਿਆ ਹੀ ਜਿੰਦਗੀ ਜਦੋਂ ਵਿੱਤੋਂ ਬਾਹਰੀ ਵੱਡੀ ਛਾਲ ਮਾਰਨ ਲਈ ਮਜਬੂਰ ਕਰ ਦੇਵੇ ਤਾਂ ਥੋੜੀ ਬਹੁਤ ਸੱਟ ਲੱਗਣੀ ਤੇ ਸੁਭਾਵਿਕ ਹੀ ਏ!
ਫੋਟੋ ਪੋਲੇ ਵੀਰ ਦੀ ਨਹੀਂ ਪਰ ਹੈ ਉਹ ਬਿਲਕੁਲ ਏਦਾਂ ਦਾ ਹੀ ਸੀ
ਹਰਪ੍ਰੀਤ ਸਿੰਘ ਜਵੰਦਾ