More Punjabi Kahaniya  Posts
ਫਰੇਬ ਕਿਸ਼ਤ – 6


ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਕਿਸ਼ਤ – 6
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਪਿਛਲੀ ਕਿਸ਼ਤ ਦਾ ਲਿੰਕ-
https://m.facebook.com/story.php?story_fbid=332357712233828&id=100063788046394
6
ਪਿਛਲੀ ਕਿਸ਼ਤ ਵਿੱਚ ਜੈਲਾ ਸ਼ਿਵਾਨੀ ਨੂੰ ਮਿਲਣ ਲਈ ਰਾਏਕੋਟ ਤੋਂ ਲੁਧਿਆਣੇ ਪਹੁੰਚਦਾ ਹੈ। ਓਹ ਸ਼ਿਵਾਨੀ ਨੂੰ ਮਿਲਣ ਲਈ ਬਹੁਤ ਕਾਹਲਾ ਸੀ। ਓਧਰ ਜੈਲੇ ਨੂੰ ਪਿਆਰ ਕਰਨ ਦੀ ਸਜ਼ਾ ਕਾਲੀ ਨੂੰ ਮਿਲ ਰਹੀ ਸੀ। ਉਸਦੇ ਘਰ ਵਾਲੇ ਜ਼ਬਰਦਸਤੀ ਉਸਦਾ ਵਿਆਹ ਕਿਸੇ ਹੋਰ ਨਾਲ ਕਰਨ ਜਾ ਰਹੇ ਸਨ।
ਪਰ ਕਾਲੀ ਇਹ ਕਿਵੇਂ ਹੋਣ ਦਿੰਦੀ!!? ਓਹ ਘਰ ਦਿਆਂ ਤੋਂ ਚੋਰੀ ਘਰੋਂ ਬਾਹਰ ਨਿੱਕਲੀ ਅਤੇ ਉਸੇ ਬਾਬੇ ਕੋਰ ਚਲੀ ਗਈ ਜਿੱਥੇ ਅਕਸਰ ਜਾਇਆ ਕਰਦੀ ਸੀ। ਉਸਨੇ ਬਾਬੇ ਨੂੰ ਸਭ ਕੁੱਛ ਦੱਸਿਆ!
“ਤੇਰੀ ਜਿੰਦਗੀ ਬਹੁਤ ਜਲਦੀ ਬਦਲਣ ਵਾਲੀ ਹੈ ਕੁੜੀਏ!!! ਬਾਬਿਆਂ ਦੀ ਇਹ ਗੱਲ ਚੇਤੇ ਕਰੇਂਗੀ!!! ਇਕ ਵੱਡਾ ਪਲਟਾ ਖਾਣ ਵਾਲੀ ਹੈ ਤੇਰੀ ਜਿੰਦਗੀ!!!” ਬਾਬਾ ਬੋਲਿਆ, “ਮੌਕਾ ਹੱਥੋਂ ਨਿਕਲਣ ਨਾ ਦਵੀਂ!!!!”
“ਕਿਹੜਾ ਮੌਕਾ ਬਾਬਾ ਜੀ!!?” ਕਾਲੀ ਬੋਲੀ।
“ਆਏਗਾ!!! ਆਏਗਾ ਜਲਦੀ ਆਏਗਾ!!!!” ਬਾਬਾ ਬੋਲਿਆ।
“ਪਰ ਹੁੱਣ ਮੈਂ ਕੀ ਕਰਾਂ!!?” ਕਾਲੀ ਨੇ ਹੱਥ ਜੋੜ ਪੁੱਛਿਆ।
“ਤਾਂਡਵ!!!! ਮੌਤ ਦਾ ਤਾਂਡਵ!!!!!” ਬਾਬਾ ਚੀਕਦਾ ਹੋਇਆ ਬੋਲਿਆ।
ਅਤੇ ਇਕ ਜ਼ਹਿਰ ਦੀ ਪੁੜੀ ਕਾਲੀ ਦੇ ਹੱਥ ਫੜਾ ਦਿੱਤੀ। ਕਾਲੀ ਸਵਾਲੀਆ ਨਜ਼ਰਾਂ ਨਾਲ ਬਾਬੇ ਵੱਲ ਦੇਖ ਰਹੀ ਸੀ।
ਲੁਧਿਆਣੇ ਇਕ ਮਾੱਲ ਵਿੱਚ ਮਿਲੇ ਜੈਲੇ ਅਤੇ ਸ਼ਿਵਾਨੀ ਨੇ ਸਭ ਤੋਂ ਪਹਿਲਾਂ ਇਕੱਠੇ ਬੈਠ ਕੇ ਕੌਫੀ ਪੀਤੀ। ਦੋਵਾਂ ਨੇ ਹੱਸ-ਹੱਸ ਇਕ-ਦੂਸਰੇ ਨਾਲ ਗੱਲਾਂ ਕੀਤੀਆਂ। ਫਿਰ ਓਨਾ ਨੇ ਇਕ ਫਿਲਮ ਦੇਖੀ। ਫਿਲਮ ਦੇਖਣ ਤੋਂ ਬਾਅਦ ਜੈਲਾ ਸ਼ਿਵਾਨੀ ਨੂੰ ਮੈਕ-ਡੀ ਵਿੱਚ ਬਰਗਰ ਖਿਲਾਓਣ ਲੈ ਗਿਆ। ਸਾਰਾ ਖਰਚ ਜੈਲਾ ਕਰ ਰਿਹਾ ਸੀ। ਸ਼ਿਵਾਨੀ ਬਹੁਤ ਖੁੱਸ਼ ਨਜ਼ਰ ਆ ਰਹੀ ਸੀ।
“ਤੁਸੀਂ ਬਹੁਤ ਚੰਗੇ ਓ!” ਸ਼ਿਵਾਨੀ ਬੋਲੀ, “ਮੈਂ ਸੱਚ ਕਹਿਨੀ ਆ!”
“ਤੇ ਤੁਸੀਂ ਹੱਦ ਦਰਜੇ ਦੇ ਖੂਬਸੂਰਤ ਓ! ਇੰਨਾ ਸੋਹਣਾ ਕੋਈ ਕਿਵੇਂ ਹੋ ਸਕਦਾ!?” ਜੈਲਾ ਬੋਲਿਆ।
“ਕੀ ਪਤਾ ਤੁਹਾਡੀ ਨਜ਼ਰ ਦਾ ਕਮਾਲ ਹੋਵੇ! ਕਈ ਵਾਰ ਦੇਖਣ ਵਾਲੇ ਦੀ ਨਜ਼ਰ ਚ ਹੀ ਕੋਈ ਜਾਦੂ ਹੁੰਦਾ!” ਸ਼ਿਵਾਨੀ ਨੇ ਕਿਹਾ, “ਅੱਛਾ ਇਹ ਦੱਸੋ! ਕਿ ਤੁਹਾਡੇ ਘਰ ਕੌਣ-ਕੌਣ ਹੈ?”
“ਮੈਂ ਤੇ ਮੇਰੇ ਬਾਪੂ ਜੀ”। ਜੈਲਾ ਬੋਲਿਆ, “ਜ਼ਮੀਨ-ਜਾਇਦਾਦ ਤਾਂ ਬਹੁਤ ਹੈ ਪਰ ਸਿਰਫ ਪੈਸਾ ਹੀ ਤਾਂ ਸਭ ਕੁੱਛ ਨੀ ਹੁੰਦਾ ਨਾ ਸ਼ਿਵਾਨੀ!”
“ਹਾਂ, ਤੁਸੀਂ ਸੱਚ ਕਹਿੰਦੇ ਓ!” ਸ਼ਿਵਾਨੀ ਬੋਲੀ।
“ਤੁਹਾਡੇ ਘਰ ਕੌਣ-ਕੌਣ ਹੈ?” ਜੈਲੇ ਨੇ ਪੁੱਛਿਆ।
“ਮੇਰੇ ਮੰਮੀ-ਪਾਪਾ ਤੇ ਮੈਂ”। ਸ਼ਿਵਾਨੀ ਨੇ ਕਿਹਾ, “ਸਾਡੀ ਵੀ ਛੋਟੀ ਜਿਹੀ ਫੈਮਿਲੀ ਹੈ!…… ਐਕਚੁਲੀ! ਆਓ!! ਮੈਂ ਤੁਹਾਨੂੰ ਆਪਣੇ ਘਰ ਲੈ ਚੱਲਦੀ ਆ!”
“ਕੀ!?” ਜੈਲਾ ਹੈਰਾਨ ਸੀ।
“ਹਾਂ!! ਆਓ ਨਾ ਪਲੀਜ਼!! ਘਰੇ ਮੰਮੀ-ਪਾਪਾ ਤੁਹਾਨੂੰ ਮਿਲਕੇ ਬਹੁਤ ਖੁੱਸ਼ ਹੋਣਗੇ!!” ਸ਼ਿਵਾਨੀ ਨੇ ਜੈਲੇ ਦਾ ਹੱਥ ਫੜ ਲਿਆ।
ਫਿਰ ਸ਼ਿਵਾਨੀ ਜੈਲੇ ਨੂੰ ਘਰ ਲੈ ਗਈ। ਸ਼ਿਵਾਨੀ ਦਾ ਘਰ ਕਾਫੀ ਆਲੀਸ਼ਾਨ ਸੀ। ਵਧੀਆ ਕੋਠੀ ਪਾਈ ਸੀ। ਘਰ ਸਾਹਮਣੇ ਦੋ ਕਾਰਾਂ ਖੜੀਆਂ ਸਨ। ਇਕ ਫਾਰਚੀਊਨਰ ਸੀ ਅਤੇ ਦੂਸਰੀ ਰੇਂਜ ਰੋਵਰ ਸੀ।
ਜਦੋਂ ਘਰ ਪਹੁੰਚੇ ਤਾਂ ਚੌਕੀਦਾਰ ਨੇ “ਸਲਾਮ ਮੇਮਸਾਹਿਬ” ਕਿਹਾ। ਹੌਂਡਾ ਸਿਟੀ ਵਿੱਚ ਬੈਠੀ ਸ਼ਿਵਾਨੀ ਨੇ ਕਾਰ ਵਿੱਚ ਹੀ ਪਏ ਰਿਮੋਟ ਨਾਲ ਮਿਹਲਨੁਮਾ ਕੋਠੀ ਦਾ ਦਰਵਾਜਾ ਖੋਲਿਆ ਅਤੇ ਗੇਟ ਆਪਣੇ ਆਪ ਹੀ ਇਕ ਪਾਸੇ ਵੱਲ ਖਿਸਕਣ ਲੱਗਿਆ। ਜੈਲਾ ਇਹ ਸਭ ਦੇਖ ਸੋਚ ਰਿਹਾ ਸੀ ਕਿ ਸ਼ਿਵਾਨੀ ਤਾਂ ਬੜੀ ਅਮੀਰ ਹੈ। ਪਰ ਇਸਨੇ ਤਾਂ ਕਿਹਾ ਸੀ ਕਿ ਇਹ ਕਾੱਲਸੈਂਟਰ ਵਿੱਚ ਕੰਮ ਕਰਦੀ ਹੈ।
ਸ਼ਿਵਾਨੀ ਨੇ ਕਾਰ ਕੋਠੀ ਅੰਦਰ ਜਾ ਕੇ ਲਗਾਈ। ਇਕ ਨੌਕਰ ਭੱਜਦਾ ਹੋਇਆ ਆਇਆ ਅਤੇ ਆ ਕੇ ਸ਼ਿਵਾਨੀ ਦੀ ਕਾਰ ਦਾ ਦਰਵਾਜਾ ਖੋਲਿਆ। ਅੱਖਾਂ ਕੱਢ-ਕੱਢ ਦੇਖਦਾ ਜੈਲਾ ਸੋਚ ਵਿੱਚ ਪਿਆ ਹੋਇਆ ਸੀ ਵਈ ਇਹ ਚੱਕਰ ਆਖਰ ਹੈ ਕੀ!?
ਅੰਦਰ ਗਏ ਤਾਂ ਸਭ ਕੁੱਛ ਕਿਸੇ ਸ਼ਾਹੀ ਮਹਿਲ ਵਾਂਗ ਲੱਗਿਆ। ਹਰ ਚੀਜ਼ ਮਹਿੰਗੀ ਸੀ। ਮਹਿੰਗਾ ਫਰਨੀਚਰ! ਸਜਾਵਟ ਦਾ ਖਾਸ ਸਾਮਾਨ! ਬਾਹਰਲੀਆਂ ਕੰਪਨੀਆਂ ਦੇ ਏਸੀ, ਫਰਸ਼ ਉਪਰ ਮਖਮਲੀ ਚਟਾਈ ਵਿਸ਼ੀ ਹੋਈ ਸੀ।
“ਆਓ ਬੇਟਾ ਆਓ!!” ਇਕ ਆਦਮੀ ਚਿਹਰੇ ਤੇ ਮੁਸਕਾਨ ਲਈ ਜੈਲਦਾਰ ਵੱਲ ਵਧਿਆ।
“ਇਹ ਮੇਰੇ ਪਾਪਾ ਨੇ!” ਸ਼ਿਵਾਨੀ ਬੋਲੀ।
“ਬੇਟਾ ਮੇਰਾ ਨਾਮ ਅਸ਼ਵਿਨੀ ਕੁਮਾਰ ਹੈ!! ਆਓ ਬੈਠੋ!!!” ਆਪਣਾ ਨਾਮ ਅਸ਼ਵਿਨੀ ਕੁਮਾਰ ਦੱਸਦੇ ਉਸ ਆਦਮੀ ਨੇ ਜੈਲੇ ਨੂੰ ਬਿਠਾ ਲਿਆ।
ਇਕ ਔਰਤ ਵੀ ਆਈ। ਸ਼ਿਵਾਨੀ ਨੇ ਕਿਹਾ ਕਿ ਉਹ ਸ਼ਿਵਾਨੀ ਦੀ ਮਾਂ ਸੀ। ਉਸਦਾ ਨਾਮ ਨਿਮਰਤਾ ਦੇਵੀ ਸੀ। ਪਹਿਲਾਂ ਤਾਂ ਜੈਲੇ ਲਈ ਸਵਾਦਿਸ਼ਟ ਖਾਣਾ ਪਰੋਸਿਆ ਗਿਆ। ਜਿਵੇਂ ਕਿਸੇ ਮਹਿੰਗੇ ਹੋਟਲ ਤੋਂ ਮੰਗਵਾਇਆ ਹੋਵੇ।
“ਸਾਡੇ ਘਰ ਤਾਂ ਰੋਜ ਇਹੋ ਜਿਹਾ ਖਾਣਾ ਹੀ ਪੱਕਦਾ ਹੈ ਬੇਟਾ! ਦੇਖੋ ਪੈਸਾ ਬੰਦਾ ਕਮਾਂਓਦਾ ਕਿਓਂ ਹੈ!!? ਜੇ ਐਨਾ ਪੈਸਾ ਕਮਾ ਕੇ ਵੀ ਖਾਣ-ਪੀਣ ਈ ਚੱਜ ਦਾ ਨਾ ਹੋਇਆ ਤਾਂ ਪੈਸੇ ਨੂੰ ਅੱਗ ਲਾਉਣੀ ਆ!! ਹੈਂ!!………… ਹਾ!! ਹਾ!! ਹਾ!!!” ਬੋਲਦਾ ਹੋਇਆ ਅਸ਼ਵਿਨੀ ਕੁਮਾਰ ਉਚੀ ਦੇਣੇ ਹੱਸਿਆ।
“ਬੇਟਾ ਇੰਨਾ ਦਾ ਸੁਭਾਅ ਖੁੱਲਾ ਹੈ! ਤੁਸੀਂ ਗੁੱਸਾ ਨਾ ਕਰਨਾ”। ਨਿਮਰਤਾ ਦੇਵੀ ਬੋਲੀ।
ਪਰ ਜੈਲਾ ਤਾਂ ਚੁੱਪ ਜਿਹਾ ਕਰਿਆ ਈ ਬੈਠਾ ਰਿਹਾ। ਓਹ ਤਾਂ ਸਮਝਦਾ ਸੀ ਕੀ ਸ਼ਿਵਾਨੀ ਗਰੀਬੜੀ ਜਿਹੀ ਹੋਏਗੀ। ਪਰ ਇਹ ਤਾਂ ਜੈਲੇ ਵਰਗੇ ਕਈਆਂ ਨੂੰ ਨੌਕਰੀ ਤੇ ਰੱਖ ਸਕਦੀ ਸੀ।
ਰੋਟੀ-ਪਾਣੀ ਛਕਣ ਤੋਂ ਬਾਅਦ ਅਸ਼ਵਿਨੀ ਕੁਮਾਰ ਜੈਲੇ ਨੂੰ ਆਪਣੀ ਕੋਠੀ ਦਿਖਾਓਣ ਲੈ ਗਿਆ। ਕੋਠੀ ਦਿਖਾਓਣ ਦੇ ਬਹਾਨੇ ਉਸਨੇ ਜੈਲੇ ਨਾਲ ਗੱਲ ਕਰ ਲਈ।
“ਬੇਟਾ ਸ਼ਿਵਾਨੀ ਨੂੰ ਤੂੰ ਬਹੁਤ ਪਸੰਦ ਏ! ਓਨੇ ਤੇਰੇ ਨਾਲ ਮਿਲਣ ਤੋਂ ਪਹਿਲਾਂ ਈ ਮੈਨੂੰ ਸਭ ਦੱਸ ਦਿੱਤਾ ਸੀ!!” ਅਸ਼ਵਿਨੀ ਕੁਮਾਰ ਨੇ ਕਿਹਾ।
ਓਹ ਗੱਲ ਇਸ ਤਰਾਂ ਕਰਦਾ ਸੀ...

ਜਿਵੇਂ ਕਿਸੇ ਫੌਜ ਦਾ ਜਰਨੈਲ ਹੋਵੇ। ਉਸਦੀ ਮੁੱਛ ਵੀ ਕਿਸੇ ਫੌਜੀ ਦੀ ਤਰਾਂ ਖੜੀ ਸੀ। ਜੈਲਾ ਉਸ ਕੋਲ ਖੜਾ ਉਸਦੀ ਗੱਲ ਸੁੱਣਦਾ ਰਿਹਾ।
“ਦੇਖ ਬੇਟਾ ਕੋਈ ਕਮੀ ਤਾਂ ਮੇਰੀ ਬੇਟੀ ਨੂੰ ਹੈ ਨਹੀਂ! ਤੇ ਇਹ ਸਾਰੀ ਜਾਇਦਾਦ ਵੀ ਮੇਰੇ ਮਰਨ ਤੋਂ ਬਾਅਦ ਓਦੀ ਹੀ ਹੋਏਗੀ!! ਪਰ ਫੇਰ ਵੀ ਇੰਨਾ ਵੱਡਾ ਕਾਰੋਬਾਰ! ਇਦਾ ਕੋਈ ਤਾਂ ਵਾਰਿਸ ਮੈਨੂੰ ਚਾਹੀਦਾ ਹੀ ਹੈ ਨਾ!” ਅਸ਼ਵਿਨੀ ਕੁਮਾਰ ਬੋਲਿਆ।
“ਕੀ ਕਾਰੋਬਾਰ ਹੈ ਅੰਕਲ ਜੀ ਤੁਹਾਡਾ?” ਜੈਲੇ ਨੇ ਜਕਦੇ ਹੋਏ ਨੇ ਪੁੱਛਿਆ।
“ਪੁੱਤਰ ਆਪਣਾ ਟਾਇਰਾਂ ਦਾ ਕਾਰੋਬਾਰ ਹੈ। ਅਸੀਂ ਟਾਇਰ ਬਣਾਓਦੇ ਆ!” ਅਸ਼ਵਿਨੀ ਕੁਮਾਰ ਨੇ ਕਿਹਾ, “ਅੱਜ ਤਾਂ ਮੈਨੂੰ ਅਰਜੰਟ ਡੁਬਈ ਜਾਣਾ ਪੈ ਰਿਹਾ ਇਕ ਮਿਟਿੰਗ ਤੇ ਪਰ ਅਗਲੀ ਵਾਰ ਮੈਂ ਤੈਨੂੰ ਆਪਣੀਆਂ ਫੈਕਟਰੀਆਂ ਦਿਖਾਓਣ ਜਰੂਰ ਲੈਕੇ ਜਾਊਂਗਾ!”
“ਜੀ ਅੰਕਲ”। ਜੈਲਾ ਬੋਲਿਆ।
“ਮੇਰੀ ਇਹੀ ਇੱਛਾ ਸੀ ਕਿ ਕੋਈ ਐਸਾ ਜਵਾਈਂ ਮੈਨੂੰ ਮਿਲ ਜਾਏ ਜਿਸਦੇ ਮੋਢਿਆਂ ਤੇ ਮੈਂ ਆਪਣੇ 500 ਕਰੋੜ ਦੇ ਕੇਰੋਬਾਰ ਦੀ ਜਿੰਮੇਵਾਰੀ ਪਾ ਸਕਾਂ!! ਤੇ ਅੱਜ ਤੈਨੂੰ ਮਿਲ ਕੇ ਮੇਰੀ ਓਹ ਇੱਛਾ ਪੂਰੀ ਹੁੰਦੀ ਲੱਗ ਰਹੀ ਹੈ ਪੁੱਤਰ!!” ਅਸ਼ਵਿਨੀ ਕੁਮਾਰ ਜਦੋਂ ਬੋਲਿਆ ਤਾਂ ਜੈਲੇ ਦੇ ਪੈਰਾਂ ਥੱਲਿਓਂ ਜਿਵੇਂ ਜ਼ਮੀਨ ਹੀ ਖਿਸਕ ਗਈ।
“ਕਿੰਨਾ ਕਰੋੜ ਅੰਕਲ ਜੀ!?” ਜੈਲਾ ਬੋਲਿਆ।
“500 ਕਰੋੜ ਪੁੱਤਰ! ਤੇ ਸ਼ਿਵਾਨੀ ਨਾਲ ਵਿਆਹ ਤੋਂ ਬਾਅਦ ਇਹ ਸਾਰੀ ਦੌਲਤ ਤੇਰੀ ਤੇ ਸ਼ਿਵਾਨੀ ਦੀ ਹੋ ਜਾਏਗੀ!! ਆਪਣੀ ਜਿੰਮੇਦਾਰੀ ਪੂਰੀ ਕਰਕੇ ਮੈਂ ਫਾਰਮ ਹਾਊਸ ਰਹਿਣ ਚਲਿਆ ਜਾਣਾ!” ਅਸ਼ਵਿਨੀ ਬੋਲਿਆ।
ਜੈਲੇ ਦਾ ਦਿਮਾਗ ਚੱਕਰ ਖਾ ਗਿਆ। ਓਹ ਤਾਂ ਬੱਸ ਆਪਣੇ ਵਾਸਤੇ ਜਨਾਨੀ ਚਾਹੁੰਦਾ ਸੀ। ਇਕ ਪਤਨੀ ਜੋ ਉਸਦਾ ਘਰ ਸਵਾਰ ਸਕੇ!! ਪਤੰਦਰ ਦਾ ਓਹ ਤਾਂ ਬੱਸ ਸ਼ਿਵਾਨੀ ਨੂੰ ਮਿਲਣ ਆਇਆ ਸੀ। ਓਨੂੰ ਕੀ ਪਤਾ ਸੀ!! ਇੱਥੇ ਆ ਕੇ 500 ਕਰੋੜ ਦਾ ਸੌਦਾ ਵੱਜ ਜਾਏਗਾ!!
ਉਸਦੀਆਂ ਅੱਖਾਂ ਵਿੱਚ ਅਚਾਨਕ ਆਪਣੇ ਸੁਨਿਹਰੇ ਭਵਿੱਖ ਦੇ ਸੁਪਨੇ ਜਾਗ ਪਏ!! ਜਿਹੜਾ ਜੈਲਾ ਕੁੱਛ ਘੰਟੇ ਪਹਿਲਾਂ ਤੱਕ ਬੱਸ ਇਹੀ ਸੋਚ ਰਿਹਾ ਸੀ ਕਿ ਰੱਬਾ ਛੜੇ ਬੰਦੇ ਦੀ ਦਾਲ ਪੱਕਦੀ ਹੋਜੇ!! ਓਹ ਹੁੱਣ ਅਮਰੀਕਾ-ਕਨੇਡਾ ਘੁੰਮਣ ਦੇ ਸੁਪਨੇ ਦੇਖਣ ਲੱਗਿਆ।
“ਤਾਂ ਕਿਹੋ ਜਿਹਾ ਲੱਗਿਆ ਮੇਰਾ ਘਰ!?” ਸ਼ਿਵਾਨੀ ਬੋਲੀ, “ਤੇ ਮੇਰੇ ਮੰਮੀ-ਪਾਪਾ!?”
“ਸ਼ਿਵਾਨੀ ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਜੌਬ ਕਰਦੇ ਓ!? ਫੇਰ ਇਹ ਇੰਨੀ ਦੌਲਤ!? ਤੁਹਾਡੇ ਬਾਪੂ ਜੀ ਤਾਂ ਟਾਇਰ ਕਿੰਗ ਨੇ!?” ਜੈਲਾ ਬੋਲਿਆ।
“ਹਾਂ ਮੇਰੇ ਪਾਪਾ ਟਾਇਰ ਕਿੰਗ ਨੇ! ਪਰ ਮੈਂ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਆ! ਆਪਣੇ ਦਮ ਤੇ ਕੁੱਛ ਕਰਨਾ ਚਾਹੁੰਨੀ ਆ! ਮੈਂ ਪਿਛਲੇ ਚਾਰ ਸਾਲਾਂ ਤੋਂ ਆਪਣਾ ਖਰਚ ਆਪ ਚੱਕ ਰਹੀ ਆ!” ਸ਼ਿਵਾਨੀ ਬੋਲੀ।
ਜੈਲਦਾਰ ਨੂੰ ਸ਼ਿਵਾਨੀ ਉਪਰ ਬੜਾ ਮਾਣ ਹੋਇਆ। ਸ਼ਿਵਾਨੀ ਇਕ ਮਿਹਨਤੀ ਕੁੜੀ ਸੀ। ਉਸਨੇ ਆਪਣੇ ਪਿਤਾ ਦੀ ਦੌਲਤ ਦਾ ਫਾਇਦਾ ਨਹੀਂ ਚੱਕਿਆ। ਬਲਕਿ ਖੁੱਦ ਆਪਣੇ ਖਰਚ ਆਪ ਚੱਕੇ ਸਨ।
“ਅੱਛਾ ਤੁਸੀਂ ਵੀ ਮੈਨੂੰ ਬਾਪੂ ਜੀ ਨਾਲ ਮਿਲਾਓਗੇ ਨਾ?” ਸ਼ਿਵਾਨੀ ਨੇ ਜੈਲੇ ਨੂੰ ਕਿਹਾ, “ਮੈਨੂੰ ਆਪਣੇ ਘਰ ਲੈਕੇ ਜਾਓਂਗੇ?”
“ਹਾਂ ਸ਼ਿਵਾਨੀ ਪਰ ਮੈਂ ਤੁਹਾਡੇ ਜਿੰਨਾ ਅਮੀਰ ਨਹੀਂ!” ਜੈਲਾ ਬੋਲਿਆ।
“ਤੁਸੀਂ ਮੇਰੀਆਂ ਅੱਖਾਂ ਤੇ ਪੱਟੀ ਬੰਨੋ, ਮੇਰਾ ਹੱਥ ਫੜੋ ਤੇ ਮੈਨੂੰ ਜਿੱਥੇ ਚਾਹੇ ਲੈ ਜਾਓ! ਮੈਂ ਹਰ ਥਾਂ ਚੱਲਣ ਲਈ ਤਿਆਰ ਆ!” ਸ਼ਿਵਾਨੀ ਨੇ ਜੈਲੇ ਦਾ ਹੱਥ ਫੜਕੇ ਕਿਹਾ, “ਮੈਂ ਤੁਹਾਡੇ ਨਾਲ ਵਿਆਹ ਕਰਨਾ ਜੈਲੇ!”
ਹਫਤਾ ਪਹਿਲਾਂ ਤੱਕ ਜੈਲਾ ਛੜਾ ਸੀ। ਕਿਸੇ ਕੁੜੀ ਨੂੰ ਜਾਣਦਾ ਤੱਕ ਨਹੀਂ ਸੀ। ਅਤੇ ਹੁੱਣ ਹਫਤੇ ਬਾਅਦ ਇਕ ਕਰੋੜਪਤੀ ਕੁੜੀ ਉਸਦੇ ਸਾਹਮਣੇ ਖੜੀ ਵਿਆਹ ਦਾ ਪ੍ਰਸਤਾਵ ਰੱਖ ਰਹੀ ਸੀ।
ਇਹ ਸਭ ਕੁੱਛ ਜਿਆਦਾ ਹੀ ਜਲਜੀ ਨਹੀਂ ਸੀ ਹੋ ਰਿਹਾ!!?
ਪਰ ਜੋ ਵੀ ਸੀ! ਜੈਲਦਾਰ ਲਈ ਸਭ ਬਹੁਤ ਵਧੀਆ ਸੀ। ਓਹ ਖੁੱਸ਼ ਸੀ ਕਿ ਵਧੀਆ ਸਹੁਰੇ ਮਿਲ ਗਏ। ਕਰੋੜਾਂ ਦੀ ਜਾਇਦਾਦ ਮਿਲ ਗਈ ਅਤੇ ਸ਼ਿਵਾਨੀ ਵਰਗੀ ਸੋਹਣੀ ਪਤਨੀ ਮਿਲ ਗਈ।
ਇਹ ਸਭ ਕਿਸਮਤ ਦੀਆਂ ਖੇਡਾਂ ਹੁੰਦੀਆਂ ਨੇ!! ਸਭ ਰੱਬ ਦੇ ਖੇਲ ਨੇ! ਜਦੋਂ ਓਹ ਚਾਹੁੰਦਾ ਓਦੋਂ ਈ ਪੱਤੇ ਹਿੱਲਦੇ ਹੁੰਦੇ ਆ! ਸ਼ਾਇਦ ਰੱਬ ਨੇ ਜੈਲਦਾਰ ਦਾ ਵਿਆਹ ਇੰਨੇ ਅਮੀਰ ਘਰ ਵਿੱਚ ਹੋਣਾ ਲਿਖਿਆ ਸੀ। ਇਸੇ ਲਈ ਅੱਜ ਤੱਕ ਜੈਲਾ ਛੜਾ ਬੈਠਾ ਰਿਹਾ। ਸ਼ਿਵਾਨੀ ਨੂੰ ਦੇਖ-ਦੇਖ ਸਾਰਾ ਪਿੰਡ ਸੜਿਆ ਕਰੂਗਾ!! ਵਾਹ ਓਏ ਰੱਬਾ!! ਤੇਰੇ ਰੰਗ ਨਿਆਰੇ!!
ਸ਼ਿਵਾਨੀ ਨੂੰ ਮਿਲ ਕੇ ਰਾਏਕੋਟ ਮੁੜਦਾ ਹੋਇਆ ਜੈਲਾ ਗੁਰੂ ਘਰ ਮੱਥਾ ਟੇਕਣ ਲਈ ਰੁਕਿਆ। ਸ਼ਿਵਾਨੀ ਦਾ ਪਿਆਰ ਪਾ ਕੇ ਜੈਲੇ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਸਦਾ ਕਨੇਡਾ ਦਾ ਵੀਜ਼ਾ ਲੱਗ ਗਿਆ ਹੈ।
“ਆਹ ਲੈ 1500!”
“ਪਰ ਗੱਲ ਤਾਂ 2000 ਦੀ ਹੋਈ ਸੀ ਸ਼ਿਵਾਨੀ!”
ਅਸ਼ਵਿਨੀ ਨੂੰ ਸ਼ਿਵਾਨੀ ਪੈਸੇ ਦੇ ਰਹੀ ਸੀ। ਅਸ਼ਵਿਨੀ ਅਸਲ ਵਿੱਚ ਇਕ ਐਕਟਰ ਸੀ। ਇਕ ਅਦਾਕਾਰ!! ਜਿਸਨੂੰ ਸ਼ਿਵਾਨੀ ਜੈਲੇ ਸਾਹਮਣੇ “ਐਕਟਿੰਗ” ਕਰਨ ਲਈ ਲਿਆਈ ਸੀ। ਓਹ ਕੋਈ ਸ਼ਿਵਾਨੀ ਦਾ ਬਾਪ-ਬੂਪ ਨਹੀਂ ਸੀ। ਅਤੇ ਓਹ ਨਿਮਰਤਾ ਵੀ ਭਾੜੇ ਤੇ ਲਿਆਂਦੀ ਹੋਈ ਮਾਂ ਸੀ!!
ਇਹ ਆਲੀਸ਼ਾਨ ਕੋਠੀ ਵੀ ਸ਼ਿਵਾਨੀ ਨੇ ਕਿਰਾਏ ਤੇ ਲਈ ਹੋਈ ਸੀ। ਸਭ ਕੁੱਛ ਨਕਲੀ ਸੀ। ਜੈਲੇ ਨੂੰ ਦਿਖਾਓਣ ਵਾਸਤੇ!
“ਯਾਰ ਅਸ਼ਵਨੀ!! ਬਿਲਡਿੰਗ ਦਾ ਕਰਾਇਆ ਜਿਆਦਾ ਹੋ ਗਿਆ!! ਚੱਲ ਅਗਲੀ ਵਾਰ ਜਿਆਦਾ ਲੈ ਲਵੀਂ!!” ਸ਼ਿਵਾਨੀ ਬੋਲੀ, “ਇਹ ਪੇਂਡੂ ਜਿਹੇ ਨੂੰ ਛਿੱਲਣ ਤੋਂ ਬਾਅਦ ਅਗਲਾ ਮੁਰਗਾ ਵੀ ਤਿਆਰ ਈ ਆ!!”
“ਚੱਲ ਠੀਕ ਆ!! ਮਿਲਦੇ ਆ ਫੇਰ!!” ਅਸ਼ਵਿਨੀ ਬੋਲਿਆ ਤੇ ਚਲਿਆ ਗਿਆ।
ਅਸ਼ਵਿਨੀ ਤੇ ਨਿਮਰਤਾ ਦੋਵੇਂ ਪਤੀ-ਪਤਨੀ ਸਨ। ਅਦਾਕਾਰ ਬਣਨਾ ਚਾਹੁੰਦੇ ਸਨ। ਪਰ ਫਿਲਮਾਂ ਵਿੱਚ ਮੌਕਾ ਨਾ ਮਿਲ ਸਕਿਆ। ਹੁੱਣ ਆਪਣੀ ਅਦਾਕਾਰੀ ਸ਼ਿਵਾਨੀ ਕੋਲ ਦਿਖਾਓਂਦੇ ਸਨ। ਜਿੱਥੇ ਸ਼ਿਵਾਨੀ ਜੋ ਰੋਲ ਦੇ ਦਿੰਦੀ ਸੀ, ਓਹ ਨਿਭਾ ਦਿੰਦੇ ਸਨ।
ਸ਼ਿਵਾਨੀ ਇਕ ਧੋਖੇਬਾਜ਼ ਠੱਗ ਸੀ ਜੋ ਲੋਕਾਂ ਨੂੰ ਲੁੱਟਦੀ ਸੀ। ਜੈਲੇ ਵਰਗੇ ਕਈਆਂ ਨੂੰ ਓਹ ਨੰਗਾ ਕਰ ਚੁੱਕੀ ਸੀ।
ਤੇ ਹੁੱਣ ਜੈਲੇ ਦੀ ਵਾਰੀ ਸੀ!!
ਪਰ ਇਸ ਵਾਰ…………ਸਿਵਾਨੀ ਦਾ ਦਾਅ ਪੁੱਠਾ ਪੈ ਜਾਣ ਵਾਲਾ ਸੀ…..!!!
ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)