More Punjabi Kahaniya  Posts
ਸਪੰਨ ਦਾ ਸੂਟ


ਹਜੇ ਜਨਵਰੀ ਚੜਿਆ ਵੀ ਨਹੀਂ ਸੀ ਕਿ ਮੇਰੀ ਸੱਸ ਨੇ ਪਹਿਲਾਂ ਹੀ ਆਖਣਾ ਸ਼ੁਰੂ ਕਰ ਦਿੱਤਾ।ਐਤਕੀਂ ਆਪਣੇ ਮਾਪਿਆਂ ਨੂੰ ਕਹਿ ਦਵੀਂ ਜਦੋਂ ਲੋਹੜੀ ਦੇਣ ਆਉਣ ਤਾਂ ਮੇਰੇ ਲਈ ਸੋਹਣਾ ਸਪੰਨ ਦਾ ਸ਼ਾਲ ਵਾਲਾ ਸੂਟ ਲੈਕੇ ਆਵਣ।ਕਿਤੇ ਓਹੀ ਦੀਵਾਲੀ ਵਾਂਗ ਬਾਹਾਂ ਲਮਕਾਉਂਦੇ ਨਾ ਆ ਜਾਣ।
ਮੇਰੀ ਜਠਾਣੀ ਤੇ ਦਰਾਣੀ ਦੇ ਮਾਪੇ ਹਰ ਦਿਨ ਤਿਉਹਾਰ ਤੇ ਮੇਰੀ ਸੱਸ ਦੀ ਸੋਹਣੀ ਖਾਤਿਰਦਾਰੀ ਕਰਕੇ ਜਾਂਦੇ ਆ ਤੇ ਮੇਰਾ ਵੀਰਾ ਦੀਵਾਲੀ ਨੂੰ ਇੱਕ ਡੱਬੇ ਨਾਲ 200 ਰੁਪਈਆ ਤੇ ਲੋਹੜੀ ਵੇਲੇ ਮੂੰਗਫਲੀ ਰੇੜੀਆਂ ਨਾਲ 200 ਰੁਪਈਆ ਫੜਾ ਜਾਂਦਾ ਆ।
ਮੇਰਾ ਵੀ ਦਿਲ ਕਰ ਆਇਆ ਕਿ ਮੈਂ ਵੀ ਇਸ ਵਾਰ ਆਪਣੇ ਵੀਰ ਨੂੰ ਕੱਪੜਿਆਂ ਲਈ ਆਖਦੀ ਆ ਤੇ ਨਾਲ ਆਪਣੀ ਸੱਸ ਲਈ ਵੀ ਕਹਿ ਦਵਾਂਗੀ।ਮੈਂ ਹਜੇ ਫੋਨ ਕਰਨ ਦਾ ਯੱਕਾ ਤੱਕਾ ਹੀ ਕਰ ਰਹੀ ਸੀ।ਮੇਰੇ ਫੋਨ ਕਰਨ ਤੋਂ ਪਹਿਲਾਂ ਹੀ ਭਰਜਾਈ ਦਾ ਫੋਨ ਆ ਗਿਆ।”ਭੈਣ ਇਸ ਵਾਰ ਸਾਡੇ ਕੋਲੋਂ ਲੋਹੜੀ ਦੇਣ ਨਹੀਂ ਆਇਆ ਜਾਣਾ,ਤੇਰੇ ਵੀਰੇ ਦਾ ਕੰਮ ਨਹੀਂ ਲੱਗਿਆ,ਓਹ ਸੁਬਾਹ ਕੰਮ ਤੇ ਜਾਣ ਲੱਗਿਆ ਮੈਨੂੰ ਕਹਿ ਕੇ ਗਿਆ ਸੀ ਕਿ ਭੈਣ ਨੂੰ ਫੋਨ ਕਰਕੇ ਦੱਸ ਦਵੀਂ ਐਵੇਂ ਉਡੀਕ ਨਾ ਕਰੀ ਜਾਵੇ”।
ਭਰਜਾਈ ਦੀ ਗੱਲ ਸੁਣਦਿਆਂ ਹੀ ਮੈਨੂੰ ਗੁੱਸਾ ਆ ਗਿਆ ਤੇ ਮੇਰੀ ਸੱਸ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਆਉਣਾ ਸ਼ੁਰੂ ਹੋ ਗਿਆ।
ਲੋਹੜੀ ਵੀਰ ਵਲੋਂ ਤਾਂ ਨਹੀਂ ਮਿਲਣੀ ਸੀ ਪਰ ਸੱਸ ਵਲੋਂ ਲੋਹੜੀ ਤੇ ਪਤਾ ਨਹੀਂ ਕੀ ਕੀ ਮਿਲ ਜਾਣਾ ਸੀ।
ਇਹਨਾ ਮੈਨੂੰ ਕੰਮ ਤੋਂ ਆ ਕੇ ਪੁੱਛਿਆ ਕਿ ਕੀ ਹੋਇਆ ਬੜੀ ਪਰੇਸ਼ਾਨ ਜਹੀ ਆ। ਇਹਨਾ ਨੂੰ ਕੁਝ ਦੱਸਣ ਦੀ ਮੇਰੀ ਹਿੰਮਤ ਜਹੀ ਨਾ ਪਈ। ਪਰ ਰੱਬ ਅੱਗੇ ਫ਼ਰਿਆਦਾਂ ਕਰਦੀ ਰਹੀ ਕਿ ਵੀਰ ਨੂੰ 11 ਤਰੀਕ ਤੱਕ ਪੈਸੇ ਮਿਲ ਜਾਣ ਤੇ ਕਿਸੇ ਤਰਾਂ ਓਹ ਮੈਨੂੰ ਲੋਹੜੀ ਦੇਣ ਲਈ ਆ ਜਾਵੇ।
ਗਿਆਰਾਂ ਤਰੀਕ ਨੂੰ ਮੈਂ ਸਾਰਾ ਦਿਨ ਬੈਠੀ ਬੂਹੇ ਵੱਲ ਹੀ ਵੇਖਦੀ ਰਹੀ। ਬੀਹੀ ਚੋਂ ਕੋਈ ਵੀ ਸਕੂਟਰ ਮੋਟਰਸਾਈਕਲ ਜਾਂਦਾ ਸੀ ਤਾਂ ਭੱਜਕੇ ਬਾਹਰ ਵੇਖਦੀ ਸੀ ਕਿ ਸ਼ਾਇਦ ਮੇਰਾ ਵੀਰਾ ਆ ਗਿਆ ਹੋਵੇ।
ਉਡੀਕਦੀ ਉਡੀਕਦੀ ਸ਼ਾਮ ਪੈ ਗਈ ਵੀਰ ਨੇ ਆਉਣਾ ਤਾਂ ਕੀ ਸੀ ਵੀਰ ਦਾ ਕੋਈ ਫੋਨ ਵੀ ਨਾ ਆਇਆ।ਮੇਰੀ ਸੱਸ ਮੈਨੂੰ ਵਾਰ ਵਾਰ ਆ ਕੇ ਪੁੱਛੀ ਜਾਵੇ।ਹਜੇ ਤੱਕ ਤੇਰਾ ਭਰਾ ਆਇਆ ਨੀ,ਮੈਂ ਵੀ ਝੂਠ ਹੀ ਕਹੀ ਜਾਵਾਂ ਕਿ ਫੋਨ ਤਾਂ ਆਇਆ ਸੀ, ਆਉਣ ਵਾਲਾ ਹੀ ਹੋਣਾ ਆ।
ਜਦੋਂ ਸ਼ਾਮ ਨੂੰ ਇਹ ਵਾਪਸ ਕੰਮ ਤੋਂ ਆਏ ਤਾਂ ਇਹਨਾ ਵੀ ਆਉਂਦਿਆ ਹੀ ਕਹਿ ਦਿੱਤਾ ਕਿ ਲਿਆ ਖਵਾ ਫੇਰ ਜਿਹੜੀ ਮੂੰਗਫਲੀ ਆਈ ਆ।ਸਾਰੀਆਂ ਉਮੀਦਾਂ ਆਸਾਂ ਨਾਲ ਇਹਨਾ ਦੇ ਮੋਢੇ ਨੂੰ ਗਿੱਲਾ ਕਰ ਦਿੱਤਾ।
ਇਹਨਾ ਮੈਨੂੰ ਸਮਝਾਇਆ ਕਿ ਫੇਰ ਕੀ ਹੋਇਆ ਅਗਰ ਓਹ ਨਹੀਂ ਆ ਸਕੇ ਸੁਬਾਹ ਆਪਾਂ ਆਪ ਜਾ ਕੇ ਮਿਲ ਆਵਾਂਗੇ।
ਸੁਬਾਹ 10 ਵਜੇ ਅਸੀਂ ਵੀਰ ਦੇ ਘਰ ਪਹੁੰਚ ਗਏ।ਘਰ ਜਾ ਕੇ ਵੇਖਿਆ ਵੀਰ ਘਰ ਹੀ ਸੀ।ਭਾਬੀ ਤੇ ਨਿਆਣੇ ਬੈਠੇ ਟੀਵੀ ਵੇਖ ਰਹੇ ਸੀ।ਸਾਨੂੰ ਓਥੇ ਵੇਖਦਿਆਂ ਹੀ ਨਿਆਣਿਆਂ ਦੇ ਚਿਹਰੇ ਤੇ ਰੌਣਕਾਂ ਆ ਗਈਆਂ।
ਪਾਣੀ ਧਾਣੀ...

ਪੀਣ ਤੋਂ ਬਾਅਦ ਵੀਰ ਨੇ ਆਪਣੀ ਗੱਲ ਦੱਸੀ ਕਿ ਭੈਣ ਮੁਆਫ਼ ਕਰੀਂ ਇਸ ਵਾਰ ਲੋਹੜੀ ਦੇਣ ਨੀ ਆ ਹੋਇਆ।ਅਸਲ ਚ ਜਦੋਂ ਦਾ ਸਿਆਲ ਚੜਿਆ ਆ ਚੱਜ ਨਾਲ ਦਿਹਾੜੀ ਹੀ ਨੀ ਲੱਗੀ। ਟਾਂਵਾ ਟਾਂਵਾ ਕੰਮ ਨਿਕਲਦਾ ਆ ਤੇ ਓਹਦੇ ਨਾਲ ਰੋਟੀ ਪਾਣੀ ਹੀ ਚਲਦਾ ਆ।
ਨਿਆਣਿਆਂ ਦੇ ਪਾਏ ਕੱਪੜੇ ਦੇਖ ਤੇ ਭਰਜਾਈ ਦੇ ਅੱਖਾਂ ਹੇਠਾਂ ਕਾਲੇ ਟੋਇਆਂ ਨੂੰ ਵੇਖ ਕੇ ਮੇਰੇ ਗੁੱਸੇ ਗਿਲੇ ਕਿਤੇ ਦੂਰ ਉਡਾਰੀ ਮਾਰ ਗਏ।
ਮੈਂ ਭਰਜਾਈ ਨੂੰ ਪੁੱਛਿਆ ਭਾਬੀ ਤੁਹਾਡੇ ਘਰੋਂ ਵੀ ਨਹੀ ਆਇਆ ਕੋਈ ਲੋਹੜੀ ਦੇਣ ਲਈ,ਭਾਬੀ ਅੱਗਿਓਂ ਕੁਝ ਬੋਲਦੀ ਅੰਦਰੋਂ ਨਿਆਣਿਆਂ ਦੀਆਂ ਅਵਾਜ਼ਾਂ ਆਉਣ ਲੱਗ ਗਈਆਂ ਭੂਆ ਚੀਜ਼ੀ ਲੈਕੇ ਆਈ ਹੋਣੀ ਆ।
ਵੀਰ ਨੇ ਭਤੀਜੇ ਨੂੰ ਅਵਾਜ਼ ਮਾਰ ਕੇ 50 ਦਾ ਨੋਟ ਫੜਾਇਆ,” ਆਹ ਲੈ ਹੱਟੀਓਂ 20 ਰੁਪਏ ਦੀ ਖੰਡ ਤੇ ਛੋਟਾ ਪੱਤੀ ਦਾ ਪੈਕਟ ਨਾਲ ਇੱਕ ਦੁੱਧ ਦਾ ਪੈਕਟ ਤੇ ਇੱਕ ਬਿਸਕੁਟਾਂ ਦਾ ਪੈਕਟ ਫੜ ਲਿਆਈਂ ਤੇ ਆਖੀਂ ਬਾਕੀ ਪੈਸੇ ਡੈਡੀ ਆਪ ਦੇ ਜਾਊਗਾ।
ਵੀਰ ਦੇ ਪੰਜਾਹਾਂ ਦੇ ਨੋਟ ਨਾਲ ਮੇਰਾ ਦਿਲ ਰੋਣ ਲੱਗ ਗਿਆ।ਮੇਰੇ ਬੋਲਣ ਤੋਂ ਪਹਿਲਾਂ ਇਹ ਬੋਲ ਪਏ,” ਵੀਰ ਅਸੀਂ ਚਾਹ ਰੋਟੀ ਸਭ ਕੁਝ ਖ਼ਾ ਪੀ ਕੇ ਆਏ ਆ।ਅਸੀਂ ਤਾਂ ਸਿਰਫ ਤੁਹਾਨੂੰ ਮਿਲਣ ਆਏ ਆ,ਚਲ ਆਜਾ ਆਪਾਂ ਬਾਹਰ ਘੁੰਮ ਫਿਰ ਕੇ ਆਓਂਦੇ ਆ,ਭਾਬੀ ਹੁਣਾ ਨੂੰ ਗੱਲੀਂ ਲੱਗੀਆਂ ਰਹਿਣ ਦਿਓ।
ਮੈਂ ਤੇ ਭਾਬੀ ਬੈਠੀਆਂ ਗੱਲਾਂ ਕਰਦੀਆਂ ਰਹੀਆਂ ਤਕਰੀਬਨ ਇੱਕ ਘੰਟੇ ਬਾਅਦ ਇਹ ਤੇ ਵੀਰਾ ਵਾਪਿਸ ਮੁੜ ਕੇ ਆਏ ਤੇ ਹੱਥਾਂ ਚ ਲਿਫਾਫੇ ਚੁੱਕੇ ਹੋਇਓ ਸੀ।
ਇਹਨਾ ਆਉਂਦਿਆ ਹੀ ਭਾਬੀ ਨੂੰ ਲਿਫਾਫੇ ਫੜਾ ਦਿੱਤੇ ਤੇ ਆਖਿਆ ਭਾਬੀ ਜੀ ਖਾਣਾ ਤਿਆਰ ਕਰੋ ਤੇ ਖੀਰ ਜਰੂਰ ਬਣਾਇਉ।ਭਤੀਜਾ ਭਤੀਜੀ ਘਰੇ ਆਈਆਂ ਚੀਜ਼ੀਆਂ ਨੂੰ ਵੇਖ ਕੇ ਭੰਗੜਾ ਪਾਉਣ ਲੱਗ ਗਏ।
ਇਹਨਾ ਨੇ ਭਾਬੀ ਨੂੰ ਵਧੀਆ ਸੂਟ ਵੀਰ ਨੂੰ ਗਰਮ ਜੈਕਟ ਤੇ ਨਿਆਣਿਆਂ ਨੂੰ ਕੱਪੜੇ ਵੀ ਲੈਕੇ ਦਿੱਤੇ ਤੇ ਮੇਰੇ ਲਈ ਤੇ ਆਪਣੇ ਲਈ ਵੀ ਕੱਪੜੇ ਲੈਕੇ ਆਏ।ਨਾਲ ਇੱਕ ਸਪੰਨ ਦਾ ਸ਼ਾਲ ਵਾਲਾ ਸੂਟ ਮੇਰੀ ਸੱਸ ਲਈ ਵੀ ਲੈਕੇ ਆਏ।
ਇਹਨਾ ਦੇ ਇੰਨਾ ਕੁਝ ਲਿਆਉਣ ਤੇ ਮੈਂ ਪੁੱਛਿਆ ਕਿ ਤੁਸੀਂ ਇਹ ਸਭ ਕਿਉਂ ਕੀਤਾ ਤਾਂ ਕਹਿੰਦੇ ਮੈਂ ਜਿਹੜੀ ਉਦਾਸੀ ਤੇਰੇ ਚਿਹਰੇ ਤੇ ਵੇਖੀ ਸੀ ਓਹੀ ਉਦਾਸੀ ਭਾਬੀ ਦੇ ਚਿਹਰੇ ਤੇ ਵੀ ਸੀ।ਮੈਂ ਤਾਂ ਬਸ ਓਹ ਉਦਾਸੀਆਂ ਨੂੰ ਸਾਫ ਕਰਨ ਦੀ ਨਿੱਕੀ ਜਹੀ ਕੋਸ਼ਿਸ਼ ਕੀਤੀ ਆ।
ਘਰ ਆ ਕੇ ਮੈਂ ਮੂੰਗਫਲੀਆਂ ਰੇੜੀਆਂ ਤੇ ਸਪੰਨ ਦਾ ਸੂਟ ਸਾਰਾ ਕੁਝ ਸੱਸ ਦੇ ਬੈਡ ਤੇ ਧਰ ਦਿੱਤਾ।ਸੱਸ ਨਾਲੇ ਮੂੰਗਫਲੀ ਛੱਬੀ ਜਾਂਦੀ ਸੀ ਤੇ ਨਾਲੇ ਮੇਰੇ ਵੀਰੇ ਦੀਆਂ ਤਰੀਫ਼ਾਂ ਕਰੀ ਜਾਂਦੀ ਸੀ।
ਇਹਨਾ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਆਪਾਂ ਹਰ ਦਿਨ ਤਿਉਹਾਰ ਤੇ ਵੀਰ ਹੁਣਾ ਨੂੰ ਆਪ ਮਿਲਣ ਜਾਇਆ ਕਰੁੰਗੇ ਤੇ ਇਸੇ ਤਰਾਂ ਸਾਰੇ ਤਿਉਹਾਰ ਮਨਾਇਆ ਕਰੂੰਗੇ।
ਧੰਨਵਾਦ,
ਜਸਕਰਨ ਬੰਗਾ।।

...
...



Related Posts

Leave a Reply

Your email address will not be published. Required fields are marked *

2 Comments on “ਸਪੰਨ ਦਾ ਸੂਟ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)