More Punjabi Kahaniya  Posts
ਕੀ ਤੁਹਾਡੇ ਅੰਦਰ ਵੀ ਛਿੰਦਾ ਲੁਕਿਆ ਬੈਠਾ ਏ ?


ਕੀ ਤੁਹਾਡੇ ਅੰਦਰ ਵੀ ਛਿੰਦਾ ਲੁਕਿਆ ਬੈਠਾ ਏ ?
ਕਿਸੇ ਪਿੰਡ ‘ਚ ਸੁਰਿੰਦਰ ਸਿੰਘ ਉਰਫ ਛਿੰਦਾ ਨਾਮ ਦਾ ਸ਼ਖਸ ਰਹਿੰਦਾ ਸੀ, ਘਰ ਦੇ ਹਾਲਾਤ ਤਾਂ ਨਰਮ ਈ ਰਹਿੰਦੇ ਪਰ ਛਿੰਦਾ ਦਿਖਾਵਾ ਕਰਨ ਦੀ ਬੀਮਾਰੀ ਤੋਂ ਪੀੜ੍ਹਤ ਸੀ। ਕਿਸੇ ਛੜੇ ਦਾ ਰਿਸ਼ਤਾ, ਛਿੰਦੇ ਨੇਂ ਆਪਣੀ ਕਰਾਮਾਤ ਨਾਲ ਸਿਰੇ ਚਾੜ੍ਹ ਦਿੱਤਾ ਤਾਂ ਅਗਲਿਆਂ ਨੇ ਵੀ ਸੋਨੇ ਦਾ ਕੜਾ ਪਾ ਕੇ ਛਿੰਦੇ ਦਾ ਮੁੱਲ ਤਾਰਤਾ ਪਰ ਕੌੜਤੂੰਮਾ ਵੀ ਤਾਂ ਮੱਝ ਈ ਪਚਾਉਂਦੀ ਏ, ਬਕਰੀਆਂ ਦੇ ਢਿੱਡੋਂ ਤੂੰਮੇ ਦੀਆਂ ਡਕਾਰਾਂ ਨ੍ਹੀਂ ਆਉਂਦੀਆਂ। ਛਿੰਦਾ ਜਬਰਦਸਤ ਉਤਸ਼ਾਹ ਚ ਆ ਗਿਆ ਕਿ ਪਿੰਡ ਚ ਮੇਰਾ ਪਾਇਆ ਕੜਾ ਦਿੱਸੇ, ਸਾਰੇ ਪਿੰਡਦੇ ਮੈਨੂੰ ਪੁੱਛਣ ਤੇ ਫੇਰ ਮੈਂ ਟੋਹਰ ਨਾਲ ਦੱਸਾਂ ਕਿ, ਸੋਨੇ ਦਾ ਏ, ਫੇਰ ਠੁੱਕ ਬਣਦੀ ਏ ਕਿ ਨ੍ਹੀਂ।
ਪਿੰਡ ਆ ਗਿਆ ਛਿੰਦਾ, ਠੰਡ ਇੰਨੀ,, ਓ ਹੋ ਹੋ,, ਰਹਿ ਰੱਬ ਦਾ ਨਾਂ, ਸੱਥ ਚ ਸਾਰੇ ਧੂਣੀ ਤਪੀ ਜਾਣ ਪਰ ਛਿੰਦਾ ਅੱਧੀ ਬਾਹਾਂ ਦੇ ਕੁੜਤੇ ਚ ਈ ਜਾ ਕੇ ਲੱਗ ਗਿਆ ਗੱਪਾਂ ਠੋਕਣ, ਜੇ ਕੰਬਲ ਉਪਰ ਲੈ ਲਿੰਦਾ ਤਾਂ ਕੜਾ ਸਵਾਹ ਦਿੱਸਣਾ ਸੀ, ਚੱਲੋ ਜੀ ਨਾਲੇ ਛਿੰਦਾ ਠੁਰੀ ਜਾਵੇ ਤੇ ਕੜੇ ਆਲੇ ਹੱਥ ਨੂੰ, ਧੱਕੇ ਨਾਲ ਈ ਬੇਲੋੜਾ ਹਿਲਾ-ਹਿਲਾ ਕੇ ਗੱਲਾਂ ਕਰੀ ਜਾਵੇ ਪਰ ਬਦਕਿਸਮਤੀ ਨਾਲ ਕਿਸੇ ਨੇਂ ਛਿੰਦੇ ਨੂੰ ਕੜੇ ਬਾਰੇ ਨਾਂ ਪੁੱਛਿਆ, ਛਿੰਦਾ ਇੰਨੀ ਠੰਡ ਚ ਪੂਰੇ ਪਿੰਡ ਚ ਚੱਕਰ ਲਾ-ਲਾ ਗੱਲਾਂ ਮਾਰ ਆਇਆ ਪਰ ਕਿਸੇ ਵੀ ਮਾਂ ਦੇ ਪੁੱਤ ਨੇਂ, ਕੜੇ ਬਾਰੇ ਨਾਂ ਪੁੱਛਿਆ। ਅਖੀਰ ਛਿੰਦੇ ਨੇ ਚੱਕਿਆ ਤੇਲ ਆਲਾ ਗੈਲਣ ਤੇ ਛਿੜਕ ਕੇ ਤੇਲ, ਆਪਣੇ ਘਰ ਨੂੰ ਈ ਅੱਗ ਲਾ ਦਿੱਤੀ, ਪੂਰਾ ਪਿੰਡ ਭੱਜਾ ਆਇਆ, ਕੜੀ ਮੁਸ਼ੱਕਤ ਤੋਂ ਬਾਅਦ ਪੂਰੇ ਪਿੰਡ ਨੇ ਮਸਾਂ ਅੱਗ ਤੇ ਕਾਬੂ ਪਾਇਆ। ਛਿੰਦੇ ਨੂੰ ਪਿੰਡ ਦੇ ਬਜ਼ੁਰਗ ਸਾਬਕਾ ਸਰਪੰਚ ਬੋਹੜ ਸਿੰਘ ਨੇ ਪੁੱਛਿਆ,”ਛਿੰਦੇ ਕਿੰਨਾ ਕੁ ਨੁਕਸਾਨ ਹੋਇਆ ਏ”? ਛਿੰਦੇ ਦੇ ਮੰਨ੍ਹ ਦੀ ਹੋ ਗਈ ਤੇ ਉਦਾਸੀ ਦੀ ਨਕਲੀ ਜਿਹੀ ਏਕਟਿੰਗ ਕਰਦਾ ਬੋਲਿਆ,”ਸਰਪੰਚ ਸਾਬ੍ਹ, ਸੱਭ ਕੁਝ ਸੜ ਗਿਆ, ਬਸ ਆਹ ਕੜਾ ਬਚਿਆ ਏ, ਸੋਨੇ ਦਾ ਏ, ਇਕ ਤੋਲੇ ਦਾ”। ਮੂਰਖਾਂ ਦੇ ਸਰਤਾਜ ਛਿੰਦੇ ਦੇ ਚਿਹਰੇ ਤੇ ਜੇਤੂ ਮੁਸਕਾਨ ਸੀ।
ਆਹ ਤਾਂ ਸੀ ਗੱਲ ਛਿੰਦੇ ਦੀ, ਪਰ ਤੁਸੀਂ ਸੋਚੋ ਕਿ ਆਪਣੇ ਸਭ ਦੇ ਅੰਦਰ ਵੀ, ਕਿਸੇ ਕੋਨੇ ਚ, ਕੋਈ ਲੁਕਿਆ ਛਿੰਦਾ ਤਾਂ ਨ੍ਹੀਂ ਬੈਠਾ, ਜੀ ਹਾਂ , ਇਹ...

ਛੁਪਿਆ ਉੱਲੂ ਸਾਡੇ ਸਭ ਵਿੱਚ ਮੌਜੂਦ ਏ। ਦਿਖਾਵੇ ਲਈ ਆਪਾਂ ਆਪਣੀ ਔਕਾਤ ਚੋਂ ਬਾਹਰ ਜਾ ਕੇ, ਵੱਡੀਆਂ ਕੋਠੀਆਂ ਪਾਉਂਦੇ ਆਂ, ਵੱਡੀਆਂ ਗੱਡੀਆਂ, ਵਿਆਹਾਂ ਤੇ ਬੇਲੋੜੇ ਖਰਚੇ, ਮਹਿੰਗੇ ਮੋਬਾਈਲ, ਬ੍ਰਾਂਡੇਡ ਕੱਪੜੇ ਵਗੈਰਾ, ਫਾਲਤੂ ਸ਼ਾਪਿੰਗ ਬਸ ਕੀ-ਕੀ ਦੱਸਾਂ, ਦਰਅਸਲ ਲੋਕਾਂ ਦੇ ਦਾਖਾ-ਦੇਖੀ ਆਪਾਂ ਸਾਰੇ ਹੀਣਭਾਵਨਾ ਦੇ ਸ਼ਿਕਾਰ ਹੋ ਗਏ ਆਂ, ਜਿਸ ਕਰਕੇ ਆਹ ਅਨਮੋਲ ਜਿੰਦਗੀ ਆਪਾਂ, ਕਿਸ਼ਤਾਂ ਭਰਨ ਲਈ ਈ ਜੀਣ ਲੱਗ ਪੈਂਦੇ ਆਂ। ਜਿਆਦਾਤਰ,, ਮੁਲਾਜ਼ਮ ਆਪਣੀ ਤਨਖਾਹ ਦੇਖ ਇਸ ਜਾਲ ਚ ਫੱਸ ਜਾਂਦੇ ਨੇ ਉਥੇ ਹੀ, ਕਿਸਾਨ ਕੱਚੀ ਫਸਲ ਦੇਖ ਤੇ ਵਪਾਰੀ ਪਿਛਲਾ ਮੁਨਾਫਾ ਦੇਖ, ਬਾਕੀ ਔਕਾਤ ਤੋਂ ਵੱਧ ਕੇ ਖਰੀਦੀ ਕੋਈ ਵੀ ਚੀਜ ਸਿਰਫ ਸਾਂਭੀ ਹੀ ਜਾ ਸਕਦੀ ਏ, ਵਰਤੀ ਨ੍ਹੀਂ ਜਾ ਸਕਦੀ।
ਸਰਕਾਰੀ ਮਹਿਕਮਿਆਂ ਚ ਦਿਖਾਵੇ ਦੀ ਪ੍ਰਵਿਰਤੀ ਜਿਆਦਾਤਰ, ਬੰਦੇ ਦੇ ਰੈਂਕ ਅਨੁਸਾਰ ਵੱਧਦੇ ਕ੍ਰਮ ਚ ਚਲਦੀ ਏ, ਜਿੱਥੇ ਵਾਰ-ਵਾਰ ਆਪਣਾ ਵੱਡੇ ਅਹੁਦੇ ਦੇ ਦਿਖਾਵੇ ਲਈ ਨਿਰੰਤਰ, ਅਭਿਨੈ ਜਾਰੀ ਰਹਿੰਦਾ ਏ ਤਾਂ ਉੱਥੇ ਈ ਵੱਡੇ-ਵੱਡੇ ਰਾਜਨੇਤਾਵਾਂ, ਅਭਿਨੇਤਾਵਾਂ, ਖਿਲਾੜੀਆਂ, ਲੇਖਕਾਂ ਤੇ ਪੱਤਰਕਾਰਾਂ ਦੇ ਵਿੱਚ ਦਾ ਛਿੰਦਾ, ਕਈ ਵਾਰ ਸ਼ਰੇਆਮ ਈ ਦਿਖਾਈ ਦੇ ਜਾਂਦਾ ਏ। ਅਸਲ ਚ ਦਿਖਾਵਾ ਹੁਣ ਇਕ ਵੱਡੀ ਮਹਾਂਮਾਰੀ ਦਾ ਰੂਪ ਧਾਰਣ ਕਰ ਚੁੱਕਾ ਏ। ਅਖੌਤੀ ਸਮਾਜਸੇਵੀਆਂ ਤੇ ਛੁਟਭਈਏ ਲੀਡਰਾਂ ਦਾ ਛਿੰਦਾ, ਉਨਾਂ ਵੱਲੋਂ ਕੀਤੇ ਮਾਮੂਲੀ ਕੰਮਾਂ ਦੀਆਂ ਵੱਡੀਆਂ ਤਸਵੀਰਾਂ ਦੇ ਵਿੱਚੋਂ ਝਾਕਦਾ ਰਹਿੰਦਾ ਏ, ਤਾਂ ਉੱਥੇ ਈ ਆਪਣੀ ਠੁੱਕ ਬਣਾਉਣ ਲਈ ਦਾਨ ਕਰਨ ਆਲਿਆਂ ਦਾ ਛਿੰਦਾ ਵੀ ਪੱਥਰਾਂ ਤੇ ਲਿੱਖੇ ਨਾਮਾਂ ਵਿਚੋਂ ਸਾਫ ਦਿਖਾਈ ਦਿੰਦਾ ਏ। ਹਾਲਾਂਕਿ ਬਹੁਤ ਸਾਰੇ ਸਮਾਜ ਭਲਾਈ ਦੇ ਨੈਤਿਕ ਕੰਮਾਂ ਦਾ ਸਰਵਜਨਕ ਦਿਖਾਵਾ ਕਰਨਾ ਲਾਜ਼ਮੀ ਏ ਤਾਂ ਜੋ ਹੋਰ ਲੋਕ ਵੀ ਪ੍ਰੇਰਿਤ ਹੋਣ । ਬਾਕੀ ਮਤਲਬ ਦੇ ਇਸ ਕਾਲੇ ਦੌਰ ਚ ਸਾਡੇ ਜਿਆਦਾਤਰ ਮਿੱਤਰ, ਰਿਸ਼ਤੇਦਾਰ ਸਾਡਾ ਫਿਕਰ ਤਾਂ ਭਾਂਵੇ ਘੱਟ-ਵੱਧ ਈ ਕਰਦੇ ਹੋਣ ਪਰ ਮਦਦ ਕਰਨ ਦਾ ਦਿਖਾਵਾ ਕਰਨ ਆਲੀ ਹਨੇਰੀ ਲਿਆ ਦਿੰਦੇ ਨੇਂ। ਮੈਂ ਤਾਂ ਇਸ ਬੀਮਾਰੀ ਚੋਂ ਨਿਕਲਣ ਲਈ ਯਤਨਸ਼ੀਲ ਆਂ ਤੇ ਆਸ ਕਰਦਾ ਹਾਂ ਕਿ ਤੁਸੀਂ ਵੀ ਜਲਦੀ ਈ ਇਸ ਰੋਗ ਤੋਂ ਨਿਜਾਤ ਪਾ ਲਵੋਗੇ।
ਅਸ਼ੋਕ ਸੋਨੀ ਕਾਲਮਨਵੀਸ
ਪਿੰਡ ਖੂਈ ਖੇੜਾ ਫਾਜ਼ਿਲਕਾ
9872705078

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)