ਗਰੀਬੀ ਨਾਮ ਦੀ ਡੈਣ
ਮੁੱਖ ਪਾਤਰ – ਰੇਸ਼ਮਾਂ
ਉਰਮੀਂ
ਕਿਸ਼ਤ – 1
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
1
ਰੇਸ਼ਮਾ ਦੀ ਘਰ ਦੀ ਗਰੀਬੀ ਖਤਮ ਹੀ ਨਹੀਂ ਸੀ ਹੁੰਦੀ। ਉਸਦੇ ਸ਼ਰਾਬੀ ਪਤੀ ਦੇ ਮਰ ਜਾਣ ਤੋਂ ਬਾਅਦ, ਉਸਦੀ ਬੁੱਢੀ ਸੱਸ ਦੇ ਕੈਂਸਰ ਤੋਂ ਬਾਅਦ, ਉਸਦੇ ਸੁਹਰੇ ਦੀ ਜਾਨ ਲੈਣ ਤੋਂ ਬਾਅਦ ਵੀ ਇਹ ਗਰੀਬੀ ਟਸ ਦੀ ਮੱਸ ਨਹੀਂ ਸੀ ਹੋਈ। ਸਾਰਾ ਘਰ ਖਾ ਗਈ ਸੀ ਇਹ ਗਰੀਬੀ! ਪਰ ਫੇਰ ਵੀ ਇਸ ਡੈਣ ਦਾ ਢਿੱਡ ਨਹੀਂ ਭਰਿਆ ਸੀ।
ਬਾਬੂ ਰਜਿੰਦਰ ਡੋਗਰਾ ਦੇ ਘਰ ਰੇਸ਼ਮਾਂ ਪੋਚਾ ਲਗਾਓਣ ਜਾਇਆ ਕਰਦੀ ਸੀ। ਉਸਦੇ ਘਰ ਦਾ ਕੰਮ ਕਰਦੀ ਨੂੰ ਰੇਸ਼ਮਾਂ ਨੂੰ ਚਾਰ ਸਾਲ ਹੋ ਗਏ ਸਨ। ਘਰ ਦੀ ਰਸੋਈ ਦੇ ਨਿੱਕੇ-ਮੋਟੇ ਕੰਮ ਕਰਦੀ ਰਹਿੰਦੀ। ਡੋਗਰਾ ਦੀ ਪਤਨੀ ਸ਼ਸ਼ੀਕਲਾ ਰੇਸ਼ਮਾਂ ਦੀ ਮਜਬੂਰੀ ਦਾ ਪੂਰਾ-ਪੂਰਾ ਫਾਇਦਾ ਲੈੰਦੀ ਸੀ। ਉਹ ਰੇਸ਼ਮਾਂ ਨੂੰ ਇਕ ਮਿੰਟ ਵੀ ਬੈਠਣ ਨਹੀਂ ਦਿੰਦੀ ਸੀ।
ਰਜਿੰਦਰ ਡੋਗਰਾ ਵੀ ਰੇਸ਼ਮਾਂ ਤੇ ਗਲਤ ਨਜ਼ਰ ਰੱਖਦਾ ਸੀ। ਉਸਦੀ ਗਰੀਬੀ ਅਤੇ ਮਜ਼ਬੂਰੀ ਦਾ ਫਾਇਦਾ ਚੱਕਣਾ ਚਾਹੁੰਦਾ ਸੀ। ਰੇਸ਼ਮਾ ਇਹ ਚੰਗੀ ਤਰਾਂ ਸਮਝਦੀ ਸੀ। ਅਤੇ ਆਪਣੇ ਆਪ ਨੂੰ ਡੋਗਰੇ ਕੋਲੋਂ ਬਚਾ ਕੇ ਰੱਖਦੀ ਸੀ।
ਉਸਦੀ ਇਕ ਬੇਟੀ ਸੀ। ਰੇਸ਼ਮਾਂ ਦੀ ਜਿੰਦਗੀ ਜਿਓਣ ਦਾ ਇੱਕੋ-ਇਕ ਕਾਰਨ। ਰੇਸ਼ਮਾਂ ਲਈ ਉਸਦੀ ਬੇਟੀ ਉਰਮੀਂ ਸਭ ਕੁੱਛ ਸੀ। ਰੇਸ਼ਮਾਂ ਦਾ ਸੁਪਨਾ ਸੀ ਕਿ ਓਹ ਆਪਣੀ ਬੇਟੀ ਨੂੰ ਡਾਕਟਰ ਬਣਾਵੇ। ਉਰਮੀਂ ਵੀ ਆਪਣੀ ਮਾਂ ਨਾਲ ਬਹੁਤ ਪਿਆਰ ਕਰਦੀ ਸੀ। ਅਤੇ ਉਸਦੇ ਸੁਪਨੇ ਪੂਰੇ ਕਰਨਾ ਚਾਹੁੰਦੀ ਸੀ।
ਡੋਗਰਾ ਦੀ ਛੇੜਖਾਨੀ ਤੋਂ ਤੰਗ ਆਈ ਰੇਸ਼ਮਾਂ ਨੇ ਕੋਈ ਹੋਰ ਕੰਮ ਲੱਭਣ ਦੀ ਕੋਸ਼ਿਸ਼ ਵੀ ਕਰੀ। ਕਿ ਕਿਤੇ ਹੋਰ ਲੱਗ ਜਾਂਦੀ ਹਾਂ। ਤਾਂ ਜੋ ਨਿੱਤ ਦੇ ਪਰੇਸ਼ਾਨੀ ਤੋਂ ਛੁਟਕਾਰਾ ਮਿਲੇ। ਪਰ ਦੂਸਰੀ ਜਗਾ ਵੀ ਤਾਂ ਕੋਈ ਮਰਦ ਹੋਵੇਗਾ ਜੋ ਇਕੱਲੀ ਔਰਤ ਦਾ ਫਾਇਦਾ ਚੱਕਣਾ ਚਾਹੇਗਾ।
ਕਿੱਥੋਂ-ਕਿੱਥੋਂ ਭੱਜੇਗੀਂ ਰੇਸ਼ਮਾ!?
ਸ਼ਸ਼ੀਕਲਾ ਮੈਡਮ ਜਿਵੇਂ ਦੀ ਵੀ ਹੈ ਪਰ ਹਰ ਮਹੀਨੇ ਪੈਸਾ ਵਕਤ ਸਿਰ ਦੇ ਦਿੰਦੀ ਹੈ। ਰੋਜ਼ ਸ਼ਾਮ ਨੂੰ ਬਚੀ ਹੋਈ ਸਬਜ਼ੀ ਵੀ ਡੱਬੇ ਵਿੱਚ ਪਾ ਦਿੰਦੀ ਹੈ। ਬੇਹੀ ਰੋਟੀ ਵੀ ਦੇ ਦਿੰਦੀ ਹੈ ਕਿ ਰੇਸ਼ਮਾਂ ਖਾ ਲਵੀਂ ਅਸੀਂ ਵੀ ਸੁੱਟਣੀ ਹੀ ਹੈ।
ਤਨਖਾਹ ਵੀ ਵਧਾ ਦਿੰਦੀ ਹੈ। ਇਸ ਲਈ ਜਿਵੇਂ ਚੱਲ ਰਿਹਾ ਹੈ ਓਵੇਂ ਚੱਲਣ ਦੇ ਰੇਸ਼ਮਾਂ! ਜੇ ਤੂੰ ਸਹੀ ਹੈਂ ਤਾਂ ਸਾਹਬ!! ਤੇਰੇ ਨਾਲ ਕੁੱਛ ਗਲਤ ਨੀ ਕਰ ਸਕਦੇ!
ਇਹੀ ਸਭ ਸੋਚ ਰੇਸ਼ਮਾਂ ਡੋਗਰਿਆਂ ਦੇ ਘਰ ਲੱਗੀ ਹੋਈ ਸੀ। ਉਰਮੀਂ ਦੀ ਪੜਾਈ ਸਰਕਾਰੀ ਸਕੂਲ ਵਿੱਚ ਕਰਵਾ ਰਹੀ ਸੀ। ਪਰ ਰੇਸ਼ਮਾਂ ਦਾ ਸੁਪਨਾ ਸੀ ਕਿ ਵਧੀਆ ਅੰਗਰੇਜ਼ੀ ਸਕੂਲ ਵਿੱਚ ਓਹ ਉਰਮੀਂ ਨੂੰ ਪੜਾਵੇ।
ਜੇਕਰ ਉਰਮੀਂ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਅਤੇ ਜਮਾਤ ਵਿੱਚ ਪਹਿਲੇ ਸਥਾਨ ਤੇ ਰਹੀ ਤਾਂ ਉਮੀਦ ਸੀ ਕਿ ਉਸਨੂੰ ਵਜੀਫਾ ਮਿਲ ਜਾਵੇ।
ਸੁਪਨੇ ਸਾਨੂੰ ਜਿਓਂਦੇ ਰਹਿਣ ਦਾ ਮਕਸਦ ਤਾਂ ਦਿੰਦੇ ਹਨ ਪਰ ਗਰੀਬਾਂ ਲਈ ਤਾਂ ਇਹ ਨਿਰਾ ਭਾਰ ਹੁੰਦੇ ਹਨ । ਗਰੀਬ ਇਨਸਾਨ ਨੂੰ ਕਿੱਥੇ ਹੱਕ ਹੁੰਦਾ ਹੈ ਸੁਪਨੇ ਦੇਖਣ ਦਾ!? ਓਹ ਤਾਂ ਵਿਚਾਰੇ ਆਪਣਾ ਢਿੱਡ ਭਰ ਲੈਣ ਬੱਸ ਬਹੁਤ ਹੈ।
ਸ਼ਰਾਬੀ ਪਤੀ ਦੀਆਂ ਚਪੇੜਾਂ ਖਾਂਦੀ-ਖਾਂਦੀ ਰੇਸ਼ਮਾਂ ਇਕ ਅੱਖ ਤੋਂ ਅੰਨੀ ਹੋ ਗਈ ਸੀ। ਓਹ ਤਾਂ ਵਿਚਾਰੀ ਆਪਣੀ ਅੱਖ ਦਾ ਇਲਾਜ ਤੱਕ ਨੀ ਕਰਵਾ ਪਾਈ! ਉਰਮੀਂ...
ਨੂੰ ਕਿੱਥੇ ਪੜਾ ਸਕਦੀ ਸੀ!?
ਛੋਟੀ ਹੁੰਦੀ ਰੇਸ਼ਮਾਂ ਨੂੰ ਉਸਦੀ ਮਾਂ ਇਕ ਡੈਣ ਦੀ ਕਹਾਣੀ ਸੁਣਾਇਆ ਕਰਦੀ ਸੀ। ਗਰੀਬੀ ਡੈਣ ਦੀ ਕਹਾਣੀ! ਜੋ ਜਦੋਂ ਕਿਸੇ ਦੇ ਘਰ ਵੜ ਜਾਂਦੀ ਸੀ ਤਾਂ ਉਸ ਘਰ ਦਾ ਸੁੱਖ-ਚੈਨ ਖਤਮ ਕਰ ਦਿੰਦੀ ਸੀ।
ਰੇਸ਼ਮਾ ਦੀ ਜਿੰਦਗੀ ਵੀ ਇਸੇ ਗਰੀਬੀ ਨਾਮ ਦੀ ਡੈਣ ਨੇ ਬਰਬਾਦ ਕਰ ਦਿੱਤੀ ਸੀ। ਓਹ ਬੱਸ ਚਾਹੁੰਦੀ ਸੀ ਕਿ ਉਸਦੀ ਬੱਚੀ ਉਰਮੀਂ ਇਸ ਡੈਣ ਤੋਂ ਬਚ ਜਾਵੇ।
ਰੇਸ਼ਮਾਂ ਨੇ ਸੁੱਣ ਰੱਖਿਆ ਸੀ ਕਿ ਗਿਆਨ ਨਾਮ ਦਾ ਚਾਨਣ, ਵਿੱਦਿਆ ਨਾਮ ਦੀ ਸਵੇਰ ਜਿੰਦਗੀ ਦਾ ਸਾਰਾ ਹਨੇਰਾ ਦੂਰ ਕਰ ਦਿੰਦੀ ਹੈ। ਵਿੱਦਿਆ ਹਾਸਿਲ ਕਰਕੇ ਉਰਮੀਂ ਦੀ ਜਿੰਦਗੀ ਵੀ ਸੰਵਰ ਜਾਏਗੀ।
ਇਸੇ ਆਸ ਨਾਲ ਓਹ ਦਿਨ ਵੇਲੇ ਡੋਗਰਿਆਂ ਦੇ ਕੰਮ ਕਰਨ ਤੋਂ ਬਾਅਦ ਰਾਤ ਨੂੰ ਇਕ ਢਾਬੇ ਤੇ ਭਾਂਡੇ ਮਾਂਜਣ ਲੱਗ ਗਈ। ਸਵੇਰ ਦੇ ਸੱਤ ਵਜੇ ਤੋਂ ਰਾਤ ਦੇ ਇਕ ਵਜੇ ਤੱਕ ਰੇਸ਼ਮਾਂ ਲਗਾਤਾਰ ਕੰਮ ਕਰਦੀ ਸੀ। ਅੱਠ ਵਜੇ ਰਾਤ ਨੂੰ ਡੋਗਰਿਆਂ ਦੇ ਘਰੋਂ ਕੰਮ ਤੋਂ ਛੁੱਟੀ ਕਰਕੇ ਓਹ ਸਿੱਧੀ ਢਾਬੇ ਤੇ ਚਲੀ ਜਾਇਆ ਕਰਦੀ।
ਢਾਬੇ ਦਾ ਮਾਲਕ ਕੁਲਵੰਤ ਸਿੰਘ ਉਸ ਔਰਤ ਦੀ ਮਿਹਨਤ ਦੇਖ ਹੈਰਾਨ ਹੁੰਦਾ। ਉਸਨੇ ਰੇਸ਼ਮਾਂ ਨੂੰ ਆਪਣੀ ਭੈਣ ਮੰਨਿਆ ਹੋਇਆ ਸੀ। ਕੁਲਵੰਤ ਸਿੰਘ ਤਾਂ ਅਰਦਾਸ ਕਰਦਾ ਸੀ ਕਿ ਰੱਬਾ ਇਸ ਔਰਤ ਦੀ ਮਿਹਨਤ ਦਾ ਮੁੱਲ ਇਸਨੂੰ ਜਰੂਰ ਦੇ ਦਵੀਂ।
ਪਰ ਗਰੀਬੀ ਨਾਮ ਦੀ ਡੈਣ ਸ਼ਾਇਦ ਕੁੱਲਵੰਤ ਸਿੰਘ ਦੀ ਅਰਦਾਸ ਤੋਂ ਜਿਆਦਾ ਸ਼ਕਤੀਸ਼ਾਲੀ ਸੀ।
ਉਸ ਦਿਨ ਰੇਸ਼ਮਾਂ ਬਹੁਤ ਖੁੱਸ਼ ਸੀ। ਉਰਮੀਂ ਸਾਰੀ ਜਮਾਤ ਵਿੱਚ ਪਹਿਲੇ ਸਥਾਨ ਤੇ ਆਈ ਸੀ। ਦੁਪਹਿਰ ਵੇਲੇ ਜਦੋਂ ਰੇਸ਼ਮਾਂ ਕੁਲਵੰਤ ਸਿੰਘ ਕੋਲ ਆਈ ਤਾਂ ਉਸਨੇ ਇਕ ਲੱਡੂ ਕੁੱਲਵੰਤ ਨੂੰ ਦਿੱਤਾ।
“ਕੀ ਗੱਲ ਰੇਸ਼ਮਾਂ ਅੱਜ ਦੁਪਹਿਰੇ ਹੀ ਤੂੰ ਢਾਬੇ ਤੇ ਆ ਗਈ?” ਕੁੱਲਵੰਤ ਨੇ ਪੁੱਛਿਆ।
“ਵੀਰ ਮੇਰੀ ਬੇਟੀ ਉਰਮੀਂ ਸਾਰੀ ਕਲਾੱਸ ਚੋਂ ਫਰਸਟ ਆਈ ਆ!!” ਰੇਸ਼ਮਾਂ ਖੁੱਸ਼ ਹੋਈ ਬੋਲੀ, “ਓਨੂੰ ਵਜੀਫਾ ਮਿਲੂਗਾ! ਓਹ ਵਧੀਆ ਸਕੂਲ ਪੜ ਸਕੂਗੀ!!”
ਰੇਸ਼ਮਾਂ ਬਹੁਤ ਖੁੱਸ਼ ਸੀ।
“ਓਹ ਵਾਹ!!” ਕੁਲਵੰਤ ਸਿੰਘ ਨੇ ਲੱਡੂ ਖਾ ਲਿਆ, “ਵਧਾਈਆਂ ਭੈਣੇ ਬਹੁਤ-ਬਹੁਤ!!”
“ਦੇਖਿਓ ਵੀਰ ਜੀ! ਹੁੱਣ ਨਾ ਮੈਂ ਆਪਣੀ ਉਰਮੀਂ ਨੂੰ ਵੱਡੇ ਅੰਗਰੇਜੀ ਸਕੂਲ ਚ ਪੜਾਊਂਗੀ!” ਰੇਸ਼ਮਾਂ ਬੋਲ ਹੀ ਰਹੀ ਸੀ ਕਿ ਕੁਲਵੰਤ ਸਿੰਘ ਦਾ ਮੋਬਾਈਲ ਵੱਜਿਆ।
ਰੇਸ਼ਮਾ ਕੋਲ ਕੋਈ ਫੋਨ ਨਹੀਂ ਹੁੰਦਾ ਸੀ। ਉਸਨੇ ਆਪਣੀ ਗੁਆਂਢਣ ਨੂੰ ਢਾਬੇ ਦਾ ਨੰਬਰ ਦੇ ਰੱਖਿਆ ਸੀ। ਕੁਲਵੰਤ ਦੇ ਫੋਨ ਤੇ ਰੇਸ਼ਮਾਂ ਦੀ ਗੁਆਂਢਣ ਨਿਮਰਤਾ ਰਾਨੀ ਦਾ ਫੋਨ ਸੀ। ਉਸਨੇ ਦੱਸਿਆ ਕਿ ਉਰਮੀਂ ਦਾ ਐਕਸੀਡੈਂਟ ਹੋ ਗਿਆ ਹੈ।
ਗਲੀ ਵਿੱਚ ਤੇਜ਼ ਰਫਤਾਰ ਨਾਲ ਲੰਘਦੀ ਹੋਈ ਇਕ ਕਾਰ ਨੇ ਉਰਮੀਂ ਨੂੰ ਕੁਚਲ ਦਿੱਤਾ। ਕਾਰ ਕੋਈ ਬੱਚਾ ਚਲਾ ਰਿਹਾ ਸੀ। ਇਹ ਹਾਦਸਾ ਉਸ ਵਕਤ ਹੋਇਆ ਜਦੋਂ ਉਰਮੀਂ ਮੁਹੱਲੇ ਵਿੱਚ ਆਪਣਾ ਵਜੀਫਾ ਮਿਲਣ ਦੀ ਖੁਸ਼ੀ ਵਿੱਚ ਮਠਿਆਈ ਵੰਡ ਰਹੀ ਸੀ। ਇਕ ਘਰ ਤੋਂ ਦੂਸਰੇ ਘਰ ਜਾਣ ਸਮੇਂ ਜਦੋਂ ਉਰਮੀਂ ਨੇ ਸੜਕ ਪਾਰ ਕਰਨੀ ਚਾਹੀ ਤਾਂ ਇਕ ਕਾਰ ਉਸਨੂੰ ਕੁਚਲਦੀ ਹੋਈ ਲੰਘ ਗਈ।
ਉਰਮੀਂ ਦੀ ਹਾਲਤ ਗੰਭੀਰ ਸੀ। ਰੇਸ਼ਮਾਂ ਇਹ ਸੁਣਦੇ ਸਾਰ ਢਾਬੇ ਤੇ ਖੜੀ-ਖੜੀ ਬੇਹੋਸ਼ ਹੋ ਕੇ ਡਿੱਗ ਪਈ।
ਕੀ ਗਰੀਬੀ ਨਾਮ ਦੀ ਇਹ ਡੈਣ ਉਰਮੀਂ ਨੂੰ ਨਿਗਲ ਜਾਏਗੀ!!?
ਬਾਕੀ ਅਗਲੀ ਕਿਸ਼ਤ ਵਿੱਚ
ਲੇਖਕ- ਗੁਰਪ੍ਰੀਤ ਸਿੰਘ ਭੰਬਰ ਵੱਲੋਂ