More Punjabi Kahaniya  Posts
ਰੇਸ਼ਮਾ


ਜਦੋਂ ਇਹਨਾਂ ਦੀ ਬਦਲੀ ਬਠਿੰਡੇ ਦੀ ਹੋਈ ਤਾਂ ਮੈ ਭਵਾਂ ਜਿਆਦਾ ਖੁਸ਼ ਤਾਂ ਨਹੀ ਸੀ ਪਰ ਸਰਕਾਰੀ ਹੁਕਮ ਦੇੇ ਬੱਧਿਆ ਨੂੰ ਅਉਣਾ ਤਾਂ ਪੈਣਾ ਹੀ ਸੀ। ਮੈਂ ਵੀ ਆਵਦੀ ਬਦਲੀ ਦੀ ਅਰਜੀ ਨਾਲ ਹੀ ਦੇ ਦਿੱਤੀ। ਸਮਾਨ ਚੁੱਕ ਕੇ ਲਿਆਉਣ ਤੋਂ ਕੁੱਝ ਦਿਨ ਪਹਿਲਾਂ ਅਸੀ ਕੁੱਝ ਕਾਗਜੀ ਕਾਰਵਾਈ ਕਰਨ ਲਈ ਛਾਉਣੀ ਗਏ ਤਾਂ ਬਦਲ ਕੇ ਜਾਣ ਵਾਲਾ ਅਫਸਰ ਸਾਨੂੰ ਸਾਡੀ ਹੋਣ ਵਾਲੀ ਸਰਕਾਰੀ ਕੋਠੀ ਵੀ ਦਿਖਾਉਣ ਲੈ ਗਿਆ। ਉੱਥੇ ਹੀ ਰੇਸ਼ਮਾ ਮੈਨੂੰ ਪਹਿਲੀ ਵਾਰ ਮਿਲੀ ਸੀ। ਉਹਨਾਂ ਦੀ ਪਤਨੀ ਦੇ ਨਾਲ ਪਰ ਥੌੜਾ ਪਿੱਛੇ ਹੱਟ ਕੇ ਖੜ੍ਹੀ ਹੋਈ ਸੀ। ਪਤਲਾ ਜਿਹਾ ਸਰੀਰ, ਲੰਮਾ ਕੱਦ, ਸਾਂਵਲਾ ਰੰਗ ਪਰ ਸੋਹਣੇ ਨੈਣ-ਨਕਸ਼। ਗੱਲਾਂ ਗੱਲਾਂ ਵਿੱਚ ਉਹਨਾਂ ਦੱਸਿਆ ਕਿ ਰੇਸ਼ਮਾ ਪਿੱਛਲੇ ਸੱਤ-ਅੱਠ ਮਹਿਨਿਆਂ ਤੋ ਇੱਥੇ ਕੰਮ ਕਰ ਰਹੀ ਹੈ ਅਤੇ ਸਾਰਾ ਘਰ ਉਸਨੇ ਹੀ ਸੰਭਾਲ ਰੱਖਿਆ ਹੈ। ਉਹਨਾਂ ਨੇ ਨਾਲ ਹੀ ਹੱਸਦੇ ਹੋਏ ਕਿਹਾ ਕਿ ਇਸ ਘਰ ਦੇ ਨਾਲ ਨਾਲ ਉਹਨਾਂ ਰੇਸ਼ਮਾ ਵੀ ਤੁਹਾਡੀ ਅਤੇ ਮੈਂ ਵੀ ਝੱਟ ਹਾਂ ਕਰ ਦਿੱਤੀ।
ਪੰਦਰਾਂ ਕੁ ਦਿਨਾਂ ਬਾਅਦ ਜਦੋਂ ਅਸੀ ਸਮਾਨ ਸਮੇਤ ਪਹੁੰਚੇ ਤਾਂ ਉਹ ਪਹਿਲਾਂ ਹੀ ਦਰਵਾਜੇ ਉੱਤੇ ਖੜ੍ਹੀ ਮਿਲੀ। ਸੱਚਮੁੱਚ ਉਸਦੇ ਸਿਰ ਉੱਤੇ ਮੈਨੂੰ ਘਰ ਦੀ ਕੋਈ ਚਿੰਤਾਂ ਨਹੀ ਹੁੰਦੀ ਸੀ। ਦਿਵਾਲੀ ਦੇ ਨੇੜੇ ਜਿਹੇ ਜਦੋਂ ਮੈਂ ਉਸਨੂੰ ਦੱਸਿਆ ਕਿ ਕੱਲ ਕੋਈ ਮਹਿਮਾਨ ਅਉਣੇ ਹਨ ਅਤੇ ਉਹ ਥੌੜਾ ਛੇਤੀ ਆ ਜਾਵੇ। ਉਹ ਅਗਲੀ ਸਵੇਰ ਸੁਵੱਖਤੇ ਹੀ ਆ ਗਈ। ਹਲਕੇ ਹਰੇ ਰੰਗ ਦੀ ਸਾੜੀ ਜਿਸ ਉੱਤੇ ਲਾਲ ਅਤੇ ਸੁਨਿਹਰੇ ਬਾਰਡਰ ਲੱਗਾ ਹੋਇਆ ਸੀ, ਪਾ ਕੇ ਜਦੋਂ ਉਹ ਅੰਦਰ ਵੜੀ ਤਾਂ ਮੇਰਾ ਚਾਹ ਪੀਦੀਂ ਦਾ ਸਾਰਾ ਧਿਆਨ ਉਸ ਉੱਤੇ ਹੀ ਕੇਂਦਰਿਤ ਹੋ ਗਿਆ। “ਤੇਰੀ ਸਾੜੀ ਬਹੁਤ ਸੋਹਣੀ ਆ”, ਮੇਰੇ ਮੂੰਹ ਵਿੱਚੋ ਜਿਵੇਂ ਆਪਣੇ ਆਪ ਹੀ ਨਿਕਲ ਗਿਆ। “ਮੇਰੇ ਵਿਆਹ ਦੀ ਸਾੜੀ ਹੈ”, ਉਸਨੇ ਚਿਹਰੇ ਉੱਤੇ ਬਿਨ੍ਹਾਂ ਕੋਈ ਭਾਵ ਲਿਆਉਦੇ ਹੋਏ ਕਿਹਾ।
ਮੇਰੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ। ਮੈਂ ਤਾਂ ਅੱਜ ਤੱਕ ਉਸਨੂੰ ਕੁਵਾਰੀ ਹੀ ਸਮਝਦੀ ਰਹੀ। ਨਾਂ ਉਸਦੇ ਹੱਥਾਂ ਵਿੱਚ ਕਦੇ ਕੋਈ ਵੰਗ, ਨਾ ਕੋਈ ਗਹਿਣਾ ਅਤੇ ਨਾ ਹੀ ਮੰਗਲਸੂਤਰ। ਮੈਨੂੰ ਪਤਾ ਸੀ ਕਿ ਉਸਦੇ ਸੱਭਿਆਚਾਰ ਵਿੱਚ ਵਿਆਹੁਤਾ ਲਈ ਮੰਗਲਸੂਤਰ ਸਰੀਰ ਦੇ ਕਿਸੇ ਅੰਗ ਵਰਗਾ ਹੀ ਹੁੰਦਾ। ਮੇਰੇ ਮੂੰਹ ਦੇ ਹਾਵ-ਭਾਵ ਅਤੇ ਮੈਨੂੰ ਚੁੱਪ ਦੇਖ...

ਕੇ ਉਹ ਮੇਰੇ ਕੋਲ ਆ ਕੇ ਬੈਠ ਗਈ ਅਤੇ ਬੋਲੀ ਕਿ “ਤੁਹਾਨੂੰ ਕਿਵੇਂ ਨਹੀ ਪਤਾ? ਸਾਰੀ ਕਲੋਨੀ ਦੀਆਂ ਔਰਤਾਂ ਤਾਂ ਮੈਨੂੰ ਛੁੱਟੜ ਆਖਦੀਆਂ ਹਨ। ਮੈਂ ਤਲਾਕਸ਼ੁਦਾ ਹਾਂ”। ਇੰਨਾਂ ਸੁਣਦੇ ਹੀ ਮੇਰੇ ਮਨ ਵਿੱਚ ਉਸ ਪ੍ਰਤੀ ਹਮਦਰਦੀ ਦੇ ਭਾਵ ਆ ਗਏ।
ਉਹ ਦੱਸਣ ਲਗੀ, ਕਿ ਉਸਦਾ ਵਿਆਹ ਉੱਥੋ ਦੀਆਂ ਆਮ ਕੁੜੀਆਂ ਵਾਂਗ ਸਤਾਰਾਂ ਕੁ ਸਾਲ ਦੀ ਉਮਰ ਵਿੱਚ ਕਰ ਦਿੱਤਾ ਸੀ। ਮੇਰੇ ਮਨ ਵਿੱਚ ਪੜ੍ਹਨ ਦੀ ਬਹੁਤ ਇੱਛਾ ਸੀ ਪਰ ਸਹੁਰੇ ਘਰ ਪੜ੍ਹਨਾ ਤਾਂ ਦੂਰ ਮੈਨੂੰ ਰੋਟੀ ਵੀ ਚੱਜ ਨਾਲ ਨਸੀਬ ਨਾ ਹੁੰਦੀ। ਨਿੱਤ ਦੀ ਮਾਰਕੁੱਟ, ਸੱਸ ਦੇ ਤਾਹਣੇ ਤਾਂ ਜਿਵੇ ਆਮ ਹੀ ਸਨ। ਪਰ ਹੁਣ ਮੇਰਾ ਘਰਵਾਲਾ ਕੁੱਟਮਾਰ ਤੋਂ ਅੱਗੇ ਵੱਧ ਮੇਰੇ ਨਾਲ ਜਾਨਵਰ ਵਾਲਾ ਵਿਹਾਰ ਕਰਨ ਲੱਗ ਪਿਆ ਸੀ। ਮਾਂ-ਬਾਪ ਨੂੰ ਦੱਸਿਆ ਤਾਂ ਉਹਨਾਂ ਸਾਫ ਸਾਫ ਕਹਿ ਦਿੱਤਾ ਕਿ ਹੁਣ ਇਹੀ ਮੇਰਾ ਘਰ ਅਤੇ ਇਹੀ ਕਿਸਮਤ ਹੈ। ਪਰ ਮੈਨੂੰ ਇਹ ਕਿਸਮਤ ਮੰਨਜੂਰ ਨਹੀ ਸੀ। ਕੁੱਝ ਮਹੀਨਿਆ ਦੀ ਤਿਆਰੀ ਪਿੱਛੋ ਇੱਕ ਦਿਨ ਮੈਂ ਉੱਥੋ ਭੱਜ ਕੇ ਪੰਜਾਬ ਇੱਥੇ ਆਵਦੇ ਮਾਮੇ ਕੋਲ ਆ ਗਈ। ਮੇਰਾ ਮਾਮਾ ਇੱਥੇ ਹੀ ਪਹਿਰੇਦਾਰ ਹੈ। ਮਾਮੇ ਅਤੇ ਮਾਮੀ ਨੇ ਮੇਰੀ ਸਹਾਇਤਾ ਕੀਤੀ। ਮੇਰੇ ਪੇਕੇ ਸਹੁਰੇ ਮੈਨੂੰ ਲੱਭਦੇ ਇੱਥੇ ਵੀ ਆ ਪਹੁੰਚੇ ਸਨ ਪਰ ਮੈਂ ਨਾਲ ਨਾ ਜਾਣ ਲਈ ਬਜਿੱਦ ਰਹੀ ਅਤੇ ਤਲਾਕ ਦੇ ਕਾਗਜ ਮੈਂ ਭੇਜ ਦਿੱਤੇ ਸਨ। ਇਸ ਸਾਲ ਮੈਂ ਬਾਰਵੀ ਦੇ ਪੇਪਰ ਦੇਣੇ ਹਨ। ਮਾਮਾ ਮਾਮੀ ਦਾ ਆਪਣਾ ਪਰਿਵਾਰ ਹੈ ਅਤੇ ਮੈਂ ਉਹਨਾਂ ਉੱਤੇ ਬੌਝ ਨਹੀ ਬਣਨਾ ਚਹੁੰਦੀ ਸੀ।
ਇੰਨਾਂ ਕਹਿ ਉਹ ਫੇਰ ਹੱਸੂਹੱਸੂ ਕਰਦੇ ਚਹਿਰੇ ਨਾਲ ਬੜੀ ਫੁਰਤੀ ਨਾਲ ਚਾਹ ਵਾਲਾ ਖਾਲੀ ਹੋਇਆ ਕੱਪ ਧੌਣ ਲਈ ਲੈ ਗਈ। ਅੱਜਤੱਕ ਮੈਨੂੰ ਪੜ੍ਹੀਆਂ ਲਿਖੀਆਂ, ਚੰਗੀ ਸੁਸਾਇਟੀ ਵਿੱਚ, ਸੋਹਣੇ ਕੱਪੜੇ ਪਾ ਕੇ ਚੰਗੀਆਂ ਨੌਕਰੀਆਂ ਕਰਦੀਆਂ ਔਰਤਾਂ ਹੀ ਸਵੈਅਭਿਮਾਨੀ ਅਤੇ ਆਤਮਨਿਰਭਰ ਲੱਗਦੀਆਂ ਸਨ। ਪਰ ਰੇਸ਼ਮਾ ਦੀ ਕਹਾਣੀ ਨੇ ਮੇਰੇ ਦਿਮਾਗ ਵਿੱਚਲੀ ਅੱਜ ਦੀ ਅਤਮਨਿਰਭਰ ਔਰਤ ਦੀ ਤਸਵੀਰ ਬਿੱਲਕੁੱਲ ਹੀ ਬਦਲ ਦਿੱਤੀ ਸੀ। ਰੇਸ਼ਮਾ ਦੇ ਪ੍ਰਤੀ ਮੇਰੀ ਇਜ਼ਤ ਬਹੁਤ ਵੱਧ ਗਈ।
✍🏻✍🏻 ਹਰਪ੍ਰੀਤ ਬਰਾੜ ਸਿੱਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)