ਚੱਲ ਕੋਈ ਨਾ ……
ਬਚਪਣ ਵਰਗੀ ਮੌਜ ਕਦੇ ਜ਼ਿੰਦਗੀ ਵਿੱਚ ਦੁਬਾਰਾ ਮੁੜ ਕੇ ਨੀ ਆ ਸਕਦੀ. ਜੈਲੇ ਨੇ ਆਪਣਾ ਬਚਪਣ ਆਪਣੇ ਦੋਵੇ ਭਰਾਵਾ ਨਾਲ ਬਹੁਤ ਵਧੀਆਂ ਕੱਢਿਆ. ਸਾਰਾ ਦਿਨ ਮੌਜ ਮਸਤੀ ਕਰਨੀ, ਦੁਪਿਹਰ ਨੂੰ ਬਾਬੇ ਤੇ ਦਾਦੇ ਦੀ ਰੋਟੀ ਖੇਤ ਫੜਾ ਕੇ ਫੇਰ ਤੰਬੂਆਂ ਵਾਲੇ ਖੇਤਾਂ ਕੋਲ ਖੇਡਣ ਲੱਗ ਜਾਇਆ ਕਰਦੇ. ਰਾਤ ਪਈ ਨੂੰ ਸ਼ਾਉਣੀ ਵਿੱਚ ਮੂਵੀ ਦੇਖਣ ਚਲੇ ਜਾਂਦੇ, ਜਿਹੜੀ ਕੇ ਹਰੇਕ ਹਫਤੇ ਬਦਲ ਜਾਇਆ ਕਰਦੀ ਸੀ. ਸਵੇਰ ਨੂੰ ਕਿਸੇ ਵੀ ਭਰਾ ਨੇ ਵੱਡੇ ਦਿਨ ਤੱਕ ਨਾ ਉੱਠਣਾ,ਫੇਰ ਬਾਬੇ ਤੋਂ ਖੂੰਡੇ ਖਾਣੇ ਤੇ ਹੌਲੀ ਹੌਲੀ ਸਬ ਨੇ ਕੰਮੀ ਲੱਗ ਜਾਣਾ.
ਸਮਾ ਲੰਗਦਾ ਗਿਆ, ਜੈਲਾ ਤੇ ਉਸਦਾ ਵੱਡਾ ਭਰਾ ਸੁਖਵੰਤ ਜਵਾਨੀ ਵੇਲੇ ਮੇਲਿਆਂ ਤੇ ਆਪਣੀਆਂ ਬਾਹਾਂ ਦਾ ਜ਼ੋਰ ਅਜ਼ਮਾਉਂਦੇ. ਉਹਨਾ ਆਪਣੇ ਬਾਬੇ ਨਾਲ ਮੇਲਿਆਂ ਜਾਂ ਫਿਰ ਖੇਡਾ ਤੇ ਜਾ ਕੇ ਡੇਢ ਕੁਅੰਨਟਲ ਮਿੱਟੀ ਨਾਲ ਭਰੀ ਬੋਰੀ ਦਾ ਵਾਰੋ ਵਾਰੀ ਬਾਲਾ ਕੱਢ ਦਿੰਦੇ. ਸੁਣਦੇ ਹਾਂ, ਓਹਨਾ ਦੇ ਮੁਕਾਬਲੇ ਦਾ ਹੋਰ ਗੱਬਰੂ ਕਦੇ ਨਜ਼ਰ ਨਾ ਆਇਆ ਮੈਦਾਨ ਵਿੱਚ.
ਬਾਬੇ ਤੇ ਦਾਦੇ ਨੇ ਸਮੇ ਦੇ ਹਿਸਾਬ ਨਾਲ ਆਪਣੇ ਮੁੰਡਿਆਂ ਦਾ ਵਿਆਹ ਕਰ ਦਿੱਤਾ. ਰੱਜ ਕੇ ਮਿਹਨਤ ਕਰੀ ਤੇ ਘਰ ਵਿੱਚ ਕਿਸੇ ਵੀ ਕਿਸਮ ਦੀ ਘਾਟ ਨਾ ਛੱਡੀ. ਭਾਵੇ ਜੈਲੇ ਦਾ ਬਾਬਾ ਤੇ ਦਾਦਾ ਸੁਬਾਹ ਪੱਖੋਂ ਸਖ਼ਤ ਸਨ ਪਰ ਘਰ ਵਿੱਚ ਕਿਸੇ ਔਰਤ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਨਾ ਰੱਖਿਆ. ਨਾ ਘਰ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਸਮਜਿਆ ਗਿਆ ਤੇ ਨਾ ਹੀ ਮਰਦਾ ਨਾਲੋਂ ਘੱਟ ਸਮਜਿਆ ਗਿਆ. ਰੋਹਬ ਤੇ ਰੁਤਬਾ ਇਹਨਾਂ ਕੇ ਜੇਕਰ ਓਹਨਾ ਨੂੰ ਇਹ ਵੀ ਸੁਣਨ ਨੂੰ ਮਿਲ ਜਾਵੇ ਕੇ ਸ਼ਰੀਕੇ ਵਾਲਿਆਂ ਨੇ ਹੋਰ ਜ਼ਮੀਨ ਲੈ ਕੇ ਓਹਨਾ ਤੋਂ ਉੱਪਰ ਦੀ ਹੋ ਜਾਣਾ ਤਾਂ ਰਾਤੋ ਰਾਤ ਸਾਈ ਫੜਾ ਕੇ ਓਹਨਾ ਤੋਂ ਜ਼ਿਆਦਾ ਜ਼ਮੀਨ ਦਾ ਸੌਦਾ ਕਰਕੇ ਘਰ ਆਉਂਦੇ ਤੇ ਸਵੇਰ ਨੂੰ ਪਿੰਡ ਵਿੱਚ ਏਹੀ ਸੁਣਨ ਨੂੰ ਮਿਲਦਾ ਕੇ ਸਰਦਾਰਾ ਸਿਓ ਫੇਰ ਬਾਜੀ ਮਾਰ ਗਿਆ.
ਕਹਿੰਦੇ ਹੁੰਦੇ ਖ਼ੁਸ਼ੀਆਂ, ਹਾਸੇ ਤੇ ਮੌਜ ਬਹਾਰਾਂ ਸਦਾ ਨੀ ਰਹਿੰਦੇ. ਪਤਾ ਨੀ ਕਿਹੜੀ ਮਾੜੀ ਘੜੀ ਸੀ ਜਦ ਜੈਲੇ ਦਾ ਬਾਬਾ ਅਚਾਨਕ ਹੀ ਪੂਰਾ ਹੋ ਗਿਆ. ਜਿੰਮੇਵਾਰੀਆਂ ਦੀ ਪੰਡ ਆਪਣੇ ਜਵਾਨ ਪੁੱਤਰਾਂ ਦੇ ਸਿਰ ਰੱਖ ਗਿਆ. ਇਕ ਦੋ ਮਹੀਨੇ ਪਿੱਛੋਂ ਘਰ ਬਲਦ ਨੇ ਜੈਲੇ ਦੇ ਦਾਦੇ ਵਿੱਚ ਟੱਕਰ ਮਾਰ ਦਿਤੀ. ਜ਼ਖਮ ਗਹਿਰੇ ਸੀ ਜ਼ਿਆਦਾ ਦਿਨ ਨਾ ਕੱਢਦੇ ਹੋਏ ਉਹ ਵੀ ਸਦੀਵੀ ਵਿਛੋੜਾ ਦੇ ਗਿਆ. ਘਰ ਦਾ ਸਾਰਾ ਮਹੌਲ ਹੁਣ ਬਦਲ ਚੁੱਕਾ ਸੀ. ਘਰ ਦੀ ਮੁਖਤਿਆਰੀ ਹੁਣ ਜੈਲੇ ਦੀ ਮਾਂ ਪਿਆਰੋ ਦੇ ਹੱਥ ਸੀ. ਪਿਆਰੋ ਦਾ ਆਪਣੇ ਵੱਡੇ ਮੁੰਡੇ ਮੁਖਤਿਆਰ ਤੇ ਛੋਟੇ ਮੁੰਡੇ ਨਿਮੇ ਨਾਲ ਜ਼ਿਆਦਾ ਮੇਲ ਸੀ.
ਕਹਿ ਸਕਦੇ ਆ ਮੁੰਡਿਆਂ ਨੂੰ ਬਾਬੇ ਤੇ ਦਾਦੇ ਦੀਆਂ ਕਰੀਆਂ ਕਮਾਈਆ ਤੇ ਮਿਹਨਤਾ ਦਾ ਕੋਈ ਜ਼ਿਆਦਾ ਗਿਆਨ ਨਹੀਂ ਸੀ. ਤਾਹੀਓਂ ਪਿਆਰੋ ਮਗਰ ਲੱਗ ਕੇ ਜੈਲੇ ਦੇ ਵੱਡੇ ਭਰਾ ਨੇ ਜ਼ਮੀਨਾ ਨੂੰ ਵੇਚਣਾ ਸ਼ੁਰੂ ਕਰ ਦਿੱਤਾ. ਜੇ ਮਾਂ ਅਕਲ ਵਾਲੀ ਹੁੰਦੀ ਤਾਂ ਮੁੰਡਿਆਂ ਨੂੰ ਕੰਮੀ ਲਾ ਕੇ ਰੱਖਦੀ, ਦੋ ਤੋਂ ਚਾਰ ਬਣਾਉਂਦੀ. ਪਰ ਅਫ਼ਸੋਸ ਹੁਣ ਕਹਾਣੀ ਕੁੱਜ ਹੋਰ ਹੀ ਸੀ. ਅੰਗੂਠੇ ਲਾ-ਲਾ ਹੁਣ ਨਿੱਤ ਢੋਲੇ ਦੀਆਂ ਲਾਈਆਂ ਜਾਂਦੀਆਂ. ਜੈਲੇ ਦੀ ਘਰਵਾਲੀ ਮਿੰਦਰੋ ਨੂੰ ਏਦਾਂ ਜ਼ਮੀਨਾਂ ਦਾ ਵੇਚਣਾ ਪਸੰਦ ਨੀ ਸੀ. ਸ਼ਾਇਦ ਏਸੇ ਕਰਕੇ ਓਹਦੀ ਬਾਕੀ ਘਰਦਿਆਂ ਨਾਲ ਮੱਤ ਨੀ ਮਿਲੀ. ਹੌਲੀ ਹੌਲੀ ਕਰਦੇ ਕਰਾਉਂਦੇ ਨੋਕ ਝੋਕ ਵੱਧਦੀ ਗਈ ਤੇ ਫੇਰ ਵਟਵਾਰਾ ਕਰਨ ਦਾ ਫੈਸਲਾ ਕਰ ਲਿਆ.
ਜੈਲੇ ਨੂੰ ਘਰ ਵਿੱਚ ਆਉਂਦਾ ਹਿੱਸਾ ਦੇ ਕੇ ਓਹਦੇ ਭਰਾ ਤੇ ਮਾਂ (ਪਿਆਰੋ) ਖੇਤ ਘਰ ਪਾ ਕੇ ਰਹਿਣ ਲੱਗ ਪਏ. ਜਿਹੜਾ ਪਿੰਡ ਵਿੱਚ ਹਿੱਸਾ ਆਇਆ ਸੀ ਘਰ ਦਾ ਪਿਆਰੋ ਨੇ ਉਹ ਵੀ ਵੇਚ ਦਿੱਤਾ. ਭਲਾ ਪੁੱਛੇ ਇਹਨਾਂ ਨੂੰ ਕੋਈ ਜੇ ਥੋਡਾ ਪਿਓ-ਦਾਦਾ ਜਿਓੰਦਾ ਹੁੰਦਾ ਇਹਨਾਂ ਕੁੱਜ ਵੇਚ ਲੈਂਦੇ ? ਜਿਓਂਦਿਆਂ ਦੇ ਡੱਕਰੇ ਕਰ ਦਿੰਦੇ ਉਹ ਤਾਂ ਸਾਰੇ ਟੱਬਰ ਦੇ. ਪਿਆਰੋ ਦੇ ਤਿੰਨ ਮੁੰਡੇ ਪਰ ਜ਼ਮੀਨ ਦੇ ਚਾਰ ਹਿਸੇ ਪਾ ਦਿਤੇ. ਪਿਆਰੋ ਨੇ ਚੌਥਾ ਹਿੱਸਾ ਆਪਣੇ ਨਾਮ ਦਾ ਰੱਖ ਲਿਆ. ਜੈਲਾ ਜ਼ਮੀਨ ਦਾ ਚੌਥਾ ਹਿੱਸਾ ਲੈ ਕੇ ਵੀ ਖ਼ੁਸ਼ ਸੀ. ਭਰਾਵਾ ਨਾਲ ਓਹਨੂੰ ਪਹਿਲਾ ਤੋਂ ਹੀ ਬਹੁਤ ਪਿਆਰ ਸੀ. ਮਿੰਦਰੋ ਨੇ ਨਿੱਤ ਆਖਣਾ ਜ਼ਮੀਨ ਦੀ ਵੰਡ ਸਹੀ ਨਹੀਂ ਹੋਈਂ ਤੇ ਉਪਰੋ ਜਿਹੜਾ ਖੇਤ ਹਿੱਸੇ ਆਇਆ ਓਹਦੇ ਵਿੱਚ ਮੋਟਰ ਵੀ ਹੈਨੀ. ਅਫਸੋਸ ਦੀ ਗੱਲ, ਜੈਲੇ ਨੂੰ ਫਸਲਾਂ ਨੂੰ ਪਾਣੀ ਵੀ ਆਪਣੇ ਭਰਾਵਾਂ ਕੋਲੋਂ ਮੁੱਲ ਲੈ ਕੇ ਲਾਉਣਾ ਪੈਂਦਾ.
ਮਿੰਦਰੋ ਨੇ ਜੈਲੇ ਕੋਲੋਂ ਪੁੱਛਿਆ...
ਕੇ ਏਸ ਵਾਰ ਓਹਨਾ ਪਾਣੀ ਕਿਉ ਨੀ ਦਿੱਤਾ ? ਜੈਲੇ ਨੇ ਕਿਹਾ ਜੇ ਨਹੀਂ ਦਿੱਤਾ ਤਾਂ ਕੀ ਕਰ ਸਕਦੇ ਆ ? ਮਿੰਦਰੋ ਨੇ ਪੈਸੇ ਆਪਣੀ ਮੁੱਠੀ ਵਿੱਚ ਫੜੇ ਤੇ ਆਪਣੇ ਮੁੰਡੇ ਨੂੰ ਨਾਲ ਲੈ ਕੇ ਖੇਤ ਉਹਨਾਂ ਘਰ ਪਾਣੀ ਲਈ ਗੱਲ ਕਰਨ ਚਲੀ ਗਈ. ਮਿੰਦਰੋ ਨੇ ਜਾਕੇ ਆਵਾਜ਼ ਮਾਰੀ ਭਾਈ ਸੁਖਵੰਤ …… ਅੱਗੋਂ ਆਵਾਜ਼ ਆਈ ਕੇ ਭਾਈ ਉਹ ਤਾਂ ਘਰ ਨੀ , ਕੀ ਕੰਮ ਸੀ ? ਮਿੰਦਰੋ ਨੇ ਕਿਹਾ ਭਾਈ ਪੈਸੇ ਲੈ ਲੋ ਪਰ ਚੌਲਾਂ ਨੂੰ ਪਾਣੀ ਲਾ ਲੈਣ ਦੋ, ਮੈਂ ਤਾਂ ਪੈਸੇ ਦੇਣ ਆਈ ਆ. ਭਾਈ ਸਾਨੂੰ ਤਾਂ ਇਹਦੇ ਵਾਰੇ ਕੁੱਜ ਪਤਾ ਨੀ,ਓਹਨਾ ਨਾਲ ਹੀ ਗੱਲ ਕਰ ਲਿਓ ਕਹਿ ਕੇ ਸੁਖਵੰਤ ਦੀ ਘਰਵਾਲੀ ਨੇ ਗੱਲ ਮੁਕਾ ਦਿਤੀ. ਮਿੰਦਰੋ ਦੇ ਮੁੰਡੇ ਨੇ ਜਦ ਅੰਦਰ ਘਰ ਵਿੱਚ ਖੇਡਦੇ ਨੇ ਗੇੜਾ ਦਿੱਤਾ ਤਾਂ ਆ ਕੇ ਓਹਨੇ ਆਪਣੀ ਮਾਂ ਨੂੰ ਦੱਸਿਆ ਵੀ ਤਾਇਆ ਤਾਂ ਅੰਦਰ ਕਮਰੇ ਵਿੱਚ ਪਿਆ. ਮਿੰਦਰੋ ਗੁੱਸੇ ਵਿੱਚ ਭਰੀ ਪੀਤੀ ਦੋ ਚਾਰ ਗੱਲਾਂ ਕਹਿ ਕੇ ਵਾਪਿਸ ਆ ਗਈ. ਜੈਲੇ ਨੇ ਉਹ ਸਾਲ ਪਾਣੀ ਨਾ ਹੋਣ ਕਰਕੇ ਖੜੇ ਚੌਲ ਵਾਹ ਦਿਤੇ. ਮਿੰਦਰੋ ਨੇ ਹਜ਼ਾਰ ਦੁਹਾਈਆਂ ਪਾਉਣੀਆ ਜੈਲੇ ਨੂੰ ਵੀ ਦੇਖ ਲਾ ਤੇਰੇ ਭਰਾਵਾ ਦੀ ਕਰਤੂਤ. ਜੈਲੇ ਨੇ ਅੱਗੋਂ ਏਹੀ ਕਹਿਣਾ….. ਚੱਲ ਕੋਈ ਨਾ …… ਕਰ ਵੀ ਕੀ ਸਕਦੇ ਆ ਹੁਣ.
ਭਾਵੇ ਜੈਲੇ ਨੂੰ ਜ਼ਮੀਨ ਵਿੱਚੋ ਚੌਥਾ ਹਿਸਾ ਆਇਆ ਪਰ ਓਹਦੇ ਛੋਟੇ ਭਰਾ ਨਿਮੇ ਨੂੰ ਫੇਰ ਵੀ ਵਹਿਮ ਰਹਿਣਾ ਕੇ ਸ਼ਾਇਦ ਜੈਲੇ ਨੂੰ ਜ਼ਮੀਨ ਵੱਧ ਆ ਗਈ. ਉਹ ਹਰੇਕ ਸਾਲ ਪਟਵਾਰੀ ਨੂੰ ਬੁਲਾ ਕੇ ਜ਼ਮੀਨ ਦੀ ਵੰਡ ਦੇਖਦਾ. ਜੈਲੇ ਦੀ ਜ਼ਮੀਨ ਓਹਨੀ ਹੀ ਰਹਿੰਦੀ ਪਰ ਬੀਤੀ ਦੇ ਮਨ ਦਾ ਵਹਿਮ ਕਦੇ ਦੂਰ ਨਾ ਹੋਇਆ. ਮਿੰਦਰੋ ਨੇ ਫੇਰ ਕਹਿਣਾ ਬੋਲਦੇ ਕਿਉ ਨੀ ? ਤੀਏ ਦਿਨ ਆ ਜਾਂਦੇ ਮਿਣਤੀ ਕਰਨ ਗੱਲ ਆ ਇਹ ਕੋਈ ..!? ਜੈਲੇ ਦਾ ਓਹੀ ਜਵਾਬ ਰਹਿਣਾ ਚੱਲ ਕੋਈ ਨਾ ਕਰ ਲੈਣ ਦੇ, ਜਿੰਨੀ ਹਿਸੇ ਆਈ ਆ ਓਹਨੀ ਹੀ ਰਹਿਣੀ ਆ. ਕੁੱਜ ਨੀ ਹੁੰਦਾ ਭਾਵੇ ਹਜ਼ਾਰ ਵਾਰ ਮਿਣਤੀ ਕਰਵਾ ਲੈਣ.
ਜੈਲੇ ਨੇ ਬਹੁਤ ਔਖਾ ਸਮਾਂ ਦੇਖਿਆ. ਨਾ ਭਰਾਵਾ ਨੂੰ ਕੁਜ ਕਹਿ ਸਕਿਆ ਨਾ ਓਹਨਾ ਨੂੰ ਕਹਿਣਾ ਓਸ ਨੂੰ ਉਚਿਤ ਲੱਗਿਆ. ਚੱਲ ਕੋਈ ਨਾ ਕਹਿਕੇ ਪਤਾ ਨੀ ਕਿੰਨੇ ਕੁ ਸਬਰਾ ਦੇ ਘੁੱਟ ਭਰ ਗਿਆ. ਉਂਜ ਕਦੇ ਜ਼ਾਹਿਰ ਨੀ ਸੀ ਕਰਦਾ ਪਰ ਸ਼ਾਇਦ ਜਦ ਪੀਕੇ ਆਉਂਦਾ ਤਾਂ ਆਪਣੇ ਭਰਾਵਾਂ ਜਾ ਫਿਰ ਬਚਪਣ ਨੂੰ ਯਾਦ ਕਰ ਰੋ ਪੈਂਦਾ. ਚੌਥੇ ਹਿਸੇ ਵਿੱਚ ਰੱਖੀ ਹੋਈ ਜ਼ਮੀਨ ਪਿਆਰੋ ਜਾਣ ਤੋਂ ਪਹਿਲਾ ਵੇਚ ਕੇ ਸੁਖਵੰਤ ਤੇ ਨਿਮੇ ਨੂੰ ਲੁਟਾ ਗਈ. ਅਫਸੋਸ ਏਸ ਗੱਲ ਦਾ, ਜੇਕਰ ਪਿਆਰੋ ਨੇ ਜ਼ਿੰਦਗੀ ਵਿੱਚ ਫੈਸਲੇ ਸਹੀ ਲਏ ਹੁੰਦੇ ਤਾਂ ਘਰ ਦੇ ਹਾਲਾਤ ਕੁੱਜ ਹੋਰ ਹੀ ਹੋਣੇ ਸੀ. ਕੀ ਭਰਾਵਾ ਦੇ ਰਿਸ਼ਤੇ ਕਿਸੇ ਹਦ ਤੇ ਆ ਕੇ ਇਹਨੇ ਕਮਜ਼ੋਰ ਹੋ ਜਾਂਦੇ ਨੇ ਕੇ ਆਪਣਿਆਂ ਦੇ ਦੁੱਖ ਵੀ ਨਜ਼ਰ ਨੀ ਆਉਂਦੇ ? ਕਿਵੇਂ ਇਕ ਮਾਂ ਇਹਡਾ ਜਿਗਰਾ ਕਰ ਲੈਂਦੀ ਆ ਆਪਣੀ ਹੀ ਔਲਾਦ ਨੂੰ ਦੁੱਖ ਦੇਣ ਦਾ ? ਪਤਾ ਨੀ ਏਦਾਂ ਦੇ ਕਿੰਨੇ ਹੀ ਸਵਾਲ ਜੈਲੇ ਦੇ ਮਨ ਵਿੱਚ ਆਉਂਦੇ ਹੋਣੇ ਜਿਹੜੇ ਨਾ ਓਹਨੇ ਕਦੇ ਆਪਣੀ ਮਾਂ ਕੋਲੋਂ ਪੁੱਛੇ ਤੇ ਨਾ ਹੀ ਆਪਣੇ ਭਰਾਵਾ ਕੋਲੋਂ. ਜਿੰਦਾ ਦੇ ਹਾਲਾਤਾਂ ਵਿੱਚੋ ਜੈਲਾ ਲੰਗਿਆ ਓਹਨਾ ਨੂੰ ਸਿਰਫ ਉਹ ਖੁਦ ਆਪ ਹੀ ਸਮਜ ਸਕਦਾ ਸੀ.
ਜੋ ਵੀ ਆ ਜੈਲਾ ਹੌਂਸਲੇ ਵਾਲਾ ਸੀ, ਔਖਾ ਸੌਖਾ ਹੋ ਕੇ ਬਾਬੇ ਤੇ ਦਾਦੇ ਵਾਂਗ ਖੂਬ ਮਿਹਨਤ ਕਰੀ ਤੇ ਆਪਣੇ ਬੱਚੇ ਵਧੀਆ ਨੌਕਰੀਆਂ ਤੇ ਲਾ ਦਿਤੇ, ਨਾਲੇ ਚੰਗਾ ਸਮਾਂ ਆਉਣ ਤੇ ਓਹਨਾ ਦੇ ਵਿਆਹ ਵੀ ਕਰ ਦਿਤੇ. ਅੱਜ ਆਪਣੇ ਘਰ ਜੈਲਾ ਠਾਠ ਨਾਲ ਰਹਿੰਦਾ, ਜ਼ਮੀਨ ਵੀ ਹੋਰ ਬਣਾ ਲਈ ਤੇ ਘਰ ਵੀ ਕੋਈ ਘਾਟ ਨੀ ਸੀ. ਸਮਾਂ ਲੱਗਣ ਤੇ ਜੈਲਾ ਅਜੇ ਵੀ ਮੋਟਰ ਸਾਈਕਲ ਚੱਕ ਕੇ ਆਪਣੇ ਭਰਾਵਾਂ ਦੇ ਘਰ ਗੇੜਾ ਮਾਰ ਆਉਂਦਾ ਤੇ ਵਾਪਿਸ ਆਉਣ ਤੇ ਮਿੰਦਰੋ ਨੇ ਫੇਰ ਕਹਿਣਾ ਜਾ ਆਇਆ ? ਨਾਲੇ ਤੇਰੀ ਸਾਰ ਨੀ ਲੈਂਦੇ ਫੇਰ ਵੀ ਜਾਣੋ ਨਾ ਹਟੀ ! ਮਿੰਦਰੋ ਦੀ ਹਰ ਇੱਕ ਗੱਲ ਦਾ ਜੈਲੇ ਨੇ ਇਕੋ ਜਵਾਬ ਦੇਣਾ ……ਚੱਲ ਕੋਈ ਨਾ …. ਫ਼ੇਰ ਕੀ ਹੋਇਆ !
ਨਰਿੰਦਰ ਸਿੰਘ
12/06/2021