ਜਦੋਂ ਚੱਲਦੇ-ਚੱਲਦੇ ਓਹ ਥੱਕ ਗਿਆ ਤਾਂ ਦੋ ਘੜੀ ਸੜਕ ਦੇ ਕਿਨਾਰੇ ਹੀ ਬੈਠ ਗਿਆ। ਅਚਾਨਕ ਲੱਗੇ ਲਾੱਕਡਾਊਨ ਕਾਰਨ ਉਹ ਤੁਰਕੇ ਹੀ ਆਪਣੇ ਘਰ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੈਰਾਂ ਵਿੱਚ ਪਏ ਹੋਏ ਛਾਲੇ ਉਸਨੂੰ ਹੋਰ ਚੱਲਣ ਦੀ ਇਜ਼ਾਜਤ ਨਹੀਂ ਸਨ ਦੇ ਰਹੇ।
ਜੋ ਬਿਸਕੁਟਾਂ ਦੇ ਪੈਕਟ ਓਹ ਖਾਣ ਲਈ ਨਾਲ ਲੈ ਕੇ ਚੱਲਿਆ ਸੀ, ਓਹ ਪਿਛਲੀ ਸ਼ਾਮ ਖਤਮ ਹੋ ਗਏ ਸਨ। ਹੁੱਣ ਭੁੱਖ ਵੀ ਡਾਹਡੀ ਲੱਗੀ ਸੀ ਅਤੇ ਪਿਆਸ ਵੀ। ਉਸ ਨੂੰ ਕੁੱਛ ਸਮਝ ਨਹੀਂ ਸੀ ਆ ਰਿਹਾ ਕਿ ਕਿੱਥੇ ਜਾਵੇ?
ਹਜੇ ਤਾਂ ਓਹ ਅੱਧੇ ਰਸਤੇ ਵੀ ਨਹੀਂ ਸੀ ਪਹੁੰਚਿਆ।
ਹਾਰ ਕੇ ਓਹ ਓਥੇ ਹੀ ਲੰਮਾ ਪੈ ਗਿਆ। ਦੋ ਘੰਟੇ ਪਿਆ ਰਿਹਾ। ਇਕ ਟਰੱਕ ਵਾਲਾ ਉਸਨੂੰ ਦੇਖ ਕੇ ਰੁਕਿਆ। ਉਸਨੇ ਆਪਣੇ ਕੋਲ ਪਿਆ ਪਾਣੀ ਉਸਨੂੰ ਦੇ ਦਿੱਤਾ। ਪਾਣੀ ਨਾਲ ਪਿਆਸ ਬੁਝੀ ਤਾਂ ਓਹ ਕੁੱਛ ਚੱਲਣ ਜੋਗਾ ਹੋ ਗਿਆ।
ਆਪਣੇ ਨਾਲ ਟਰੱਕ ਵਾਲੇ ਦੀ ਦਿੱਤੀ ਇਕ ਪਾਣੀ ਦੀ ਬੋਤਲ ਉਸਨੇ ਰੱਖ ਲਈ ਸੀ। ਰਾਤ ਤਾਂ ਕਿਸੇ ਤਰੀਕੇ ਲੰਘ ਗਈ। ਪਰ ਅਗਲੇ ਦਿਨ ਦੀ ਦੁਪਹਿਰ ਤੱਕ ਓਹ ਭੁੱਖ ਨਾਲ ਮਰਨ ਵਾਲਾ ਹੋ ਗਿਆ।
ਪਰ ਕਿਸੇ ਤਰੀਕੇ ਚੱਲਦਾ ਰਿਹਾ। ਚੱਲਦੇ ਹੋਏ ਉਸਨੇ ਸੜਕ ਉਪਰ ਇਕ ਕੁੱਤਾ ਮਰਿਆ ਪਿਆ ਦੇਖਿਆ। ਓਹ ਉਸ ਕੋਲ ਜਾ ਕੇ ਬੈਠ ਗਿਆ। ਉਸਦੀ ਸੋਚਣ ਸ਼ਕਤੀ ਖਤਮ ਹੋ ਗਈ ਸੀ। ਉਸਨੂੰ ਬੱਸ ਆਪਣੀ ਭੁੱਖ ਦਿਖਾਈ ਦਿੰਦੀ ਸੀ। ਉਸਨੇ ਉਸ ਮਰੇ ਹੋਏ ਕੁੱਤੇ ਦੇ ਕੱਚੇ ਮਾਸ ਨੂੰ ਹੀ ਖਾਣਾ ਸ਼ੁਰੂ ਕਰ ਦਿੱਤਾ।
ਇਸੇ ਸਮੇਂ ਓਥੇ ਇਕ ਪੱਤਰਕਾਰ ਦੀ ਕਾਰ ਆ ਕੇ ਰੁਕੀ। ਉਸਨੇ ਪਹਿਲਾਂ ਤਾਂ ਮਰੇ ਹੋਏ ਕੁੱਤੇ ਦਾ ਕੱਚਾ ਮਾਸ ਖਾਂਦੇ ਉਸ ਬੰਦੇ ਦੀ ਵੀਡੀਓ ਬਣਾਈ ਅਤੇ ਫੇਰ ਉਸਦੀ ਮੱਦਦ ਕਰੀ। ਉਸਨੂੰ ਹੱਸਪਤਾਲ ਪਹੁੰਚਾਇਆ।
ਇਲਾਜ ਕਰਵਾ ਕੇ ਉਸਨੂੰ ਉਸਦੇ ਪਿੰਡ ਤੱਕ...
ਛੱਡਕੇ ਆਇਆ। ਪੱਤਰਕਾਰ ਇਮਾਨਦਾਰ ਸੀ। ਉਸਨੇ ਰੱਜ ਕੇ ਨਿਕੰਮੀ ਸਰਕਾਰ ਦੀ ਬੇਇੱਜਤੀ ਕਰੀ। ਜਿਸ ਲਈ ਉਸ ਪੱਤਰਕਾਰ ਨੂੰ ਕਈ ਮੁਸ਼ਕਲਾਂ ਵੀ ਆਈਆਂ।
ਤਿੰਨ ਸਾਲਾਂ ਮਗਰੋਂ ਜਦੋਂ ਚੋਣਾਂ ਆਈਆਂ ਤਾਂ ਓਹ ਪੱਤਰਕਾਰ ਸੂਬੇ ਦੇ ਇਕ ਪਿੰਡ ਵਿੱਚ ਗਿਆ। ਓਥੇ ਉਸਨੂੰ ਓਹੀ ਬੰਦਾ ਮਿਲਿਆ ਜੋ ਲਾੱਕਡਾਊਨ ਦੌਰਾਨ ਭੁੱਖਾ ਪਿਆਸਾ ਅੱਧਮਰਾ ਹੋਇਆ ਮਰੇ ਹੋਏ ਕੁੱਤੇ ਦਾ ਕੱਚਾ ਮਾਸ ਖਾ ਰਿਹਾ ਸੀ।
ਪੱਤਰਕਾਰ ਨੇ ਉਸਨੂੰ ਪਹਿਚਾਣ ਲਿਆ। ਬੰਦੇ ਨੇ ਵੀ ਪੱਤਰਕਾਰ ਨੂੰ ਪਹਿਚਾਣ ਲਿਆ। ਪੱਤਰਕਾਰ ਨੇ ਪੁੱਛਿਆ ਕਿ ਕਿਸਨੂੰ ਵੋਟ ਦਵੋਂਗੇ?
ਤਾਂ ਉਸ ਬੰਦੇ ਨੇ ਉਸੇ ਪਾਰਟੀ ਦਾ ਨਾਮ ਲਿਆ ਜਿਸਦੀ ਵਜਾ ਨਾਲ ਓਹ ਲਾੱਕਡਾਊਨ ਵਿੱਚ ਮਰਨ ਕੰਡੇ ਪਹੁੰਚ ਗਿਆ ਸੀ।
“ਕਮਾਲ ਹੈ! ਤੁਸੀਂ ਉਸੇ ਲੀਡਰ ਨੂੰ ਵੋਟ ਦਵੋਂਗੇ ਜਿਸ ਕਰਕੇ ਤੁਸੀਂ ਲੋਕ ਲਾੱਕਡਾਊਨ ਚ ਆਪਣੇ ਘਰ ਪਹੁੰਚਣ ਲਈ ਤਰਸ ਗਏ ਸੀ!?”
“ਓ ਮੇਰੀ ਹੀ ਜ਼ਾਤ ਦਾ ਹੈ!! ਮੇਰੇ ਧਰਮ ਲਈ ਉਸਨੇ ਬਹੁਤ ਵੱਡਾ ਕੰਮ ਕਰਿਆ ਹੈ!! ਓਹ ਆਏਗਾ ਤਾਂ ਦੂਸਰੇ ਮਜ਼ਹਬ ਵਾਲੇ ਡਰਕੇ ਰਹਿਣਗੇ!! ਓਨਾ ਦੀ ਗਿਣਤੀ ਬਹੁਤ ਵੱਧ ਗਈ ਹੈ!!”
“ਇਹ ਕਿੱਥੇ ਪੜਿਆ!?” ਪੱਤਰਕਾਰ ਨੇ ਪੁੱਛਿਆ।
“ਵਟਸਐਪ ਨਹੀਂ ਦੇਖਦੇ ਤੁਸੀਂ!!” ਬੰਦਾ ਬੋਲਿਆ।
ਪੱਤਰਕਾਰ ਚੁੱਪ ਹੋ ਕੇ ਰਹਿ ਗਿਆ। ਉਸੇ ਸ਼ਾਮ ਓਹ ਆਪਣੇ ਇਕ ਸਾਥੀ ਪੱਤਰਕਾਰ ਨਾਲ ਬੈਠਾ ਸੀ। ਉਸਦੇ ਸਾਥੀ ਪੱਤਰਕਾਰ ਨੇ ਉਸਨੂੰ ਪੁੱਛਿਆ,
“ਯਾਰ ਇਸ ਦੇਸ਼ ‘ਚ ਹਰ ਵਾਰ ਬੇਈਮਾਨ ਤੇ ਨਿਕੰਮੀ ਸਰਕਾਰ ਹੀ ਬਣਦੀ ਹੈ!! ਤੈਨੂੰ ਪਤਾ ਇਸ ਮੁਲਕ ਦੀ ਸਭ ਤੋਂ ਵੱਡੀ ਕਮਜ਼ੋਰੀ ਕੀ ਹੈ?”
ਤਾਂ ਓਹ ਪੱਤਰਕਾਰ ਬੋਲਿਆ,
“ਇੱਥੋਂ ਦੇ ਲੋਕਾਂ ਦੀ ਯਾਦ-ਦਾਸ਼ਤ!”
ਗੁਰਪ੍ਰੀਤ ਸਿੰਘ ਭੰਬਰ ਵੱਲੋਂ