ਨਿੱਕੇ ਹੁੰਦਿਆਂ ਪੈਸਾ ਤੇ ਚਕਾਚੌਂਦ ਕਦੋਂ ਮੇਰੇ ਜਨੂੰਨ ਬਣ ਗਏ ਮੈਨੂੰ ਪਤਾ ਹੀ ਨਾ ਲੱਗਾ.!
ਅਕਸਰ ਹੀ ਘਰੇ ਆਏ ਪ੍ਰਾਹੁਣਿਆਂ ਦੀਆਂ ਕਾਰਾਂ ਗੱਡੀਆਂ ਵੱਲ ਗਹੁ ਨਾਲ ਤੱਕਦੀ ਰਹਿੰਦੀ..ਹੱਥ ਲਾ ਲਾ ਵੇਖਦੀ..ਜੀ ਕਰਦਾ ਅੰਦਰ ਬੈਠ ਕਿਧਰੇ ਦੂਰ ਚਲੀ ਜਾਵਾਂ..!
ਸੱਜੀਆਂ ਧੱਜੀਆਂ ਨਵੀਆਂ ਵਿਆਹੀਆਂ ਕੋਲ ਢੁੱਕ ਢੁੱਕ ਬੈਠਣਾ ਮੈਨੂੰ ਸਕੂੰਨ ਦਿੰਦਾ..ਪੜਾਈ ਇੱਕ ਵਾਧੂ ਜਿਹੀ ਚੀਜ ਲੱਗਦੀ..!
ਜਦੋਂ ਖੁਦ ਦੇ ਰਿਸ਼ਤੇ ਦਾ ਟਾਈਮ ਆਇਆ ਤਾਂ ਕੁਝ ਲੋਕ ਘਰਦਿਆਂ ਨੂੰ ਪਸੰਦ ਨਹੀਂ ਸਨ ਤੇ ਕੁਝ ਮੇਰੇ ਜਨੂੰਨ ਦੀ ਕਸਵੱਟੀ ਤੇ ਪੂਰੇ ਨਾ ਉੱਤਰੇ..!
ਅਖੀਰ ਜਿਸ ਤੇ ਉਂਗਲ ਧਰੀ ਮੈਥੋਂ ਦਸ ਸਾਲ ਵੱਡਾ ਸੀ..ਪਰ ਮਹਿੰਗੀਆਂ ਕਾਰਾਂ,ਗੁੱਟ ਤੇ ਬੰਨੀ ਘੜੀ ਦੇ ਲਿਸ਼ਕਾਰੇ ਅਤੇ ਬਣ ਠਨ ਕੇ ਵਿਚਰਨ ਦੇ ਤਰੀਕਿਆਂ ਤੋਂ ਇੰਝ ਲੱਗਾ ਕਾਫੀ ਵੱਡੇ ਸਿਲਸਿਲੇ ਦਾ ਮਾਲਕ ਸੀ..!
ਕੁਝ ਆਖਣ ਲੱਗੇ ਪਤਾ ਕਰ ਲੈਣਾ ਚਾਹੀਦਾ ਕੇ ਅਜੇ ਤੱਕ ਵਿਆਹ ਕਿਓਂ ਨਹੀਂ ਹੋਇਆ ਪਰ ਮੈਂ ਆਖਿਆ ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ..!
ਛੇ ਮਹੀਨੇ ਸੁਫ਼ਨੇ ਵਾਂਙ ਲੰਘ ਗਏ..ਮਾਲਦੀਵ ਬੰਬੇ ਗੋਵਾ ਅਤੇ ਹੋਰ ਕਿੰਨੀਆਂ ਥਾਵਾਂ..ਡਲਹੌਜੀ ਸ਼ਿਮਲਾ ਤੇ ਐਵੇਂ ਸਨ ਜਿੱਦਾਂ ਆਪਣੇ ਸ਼ਹਿਰ ਦੇ ਹੀ ਮੁਹੱਲੇ ਹੋਣ..ਜਦੋਂ ਜੀ ਕਰਦਾ ਤੁਰ ਪੈਂਦੇ..!
ਫੇਰ ਹੌਲੀ ਹੌਲੀ ਇੱਕ ਗੱਲ ਮਹਿਸੂਸ ਕੀਤੀ ਕੇ ਉਹ ਹਰ ਰੋਜ ਕਿੰਨੀਆਂ ਸਾਰੀਆਂ ਦਵਾਈਆਂ ਲਿਆ ਕਰਦਾ ਸੀ..ਪੁੱਛਣ ਤੇ ਕੋਈ ਤੱਸਲੀਬਖਸ਼ ਜਵਾਬ ਨਾ ਮਿਲਦਾ..ਫੇਰ ਇੰਝ ਲੱਗਾ ਜਿੱਦਾਂ ਮੈਂਥੋਂ ਅੱਕ ਜਿਹਾ ਗਿਆ ਹੋਵੇ..ਪਰ ਮੈਨੂੰ ਮੇਰੇ ਬਟੂਏ ਅਤੇ ਕਰੈਡਿਟ ਕਾਰਡ ਬਰੋਬਰ ਭਰੇ ਭਰਾਏ ਮਿਲਦੇ..ਘਰੇ ਕੁਵੇਲੇ ਆਉਣ ਦਾ ਸਿਲਸਿਲਾ ਆਮ ਜਿਹਾ ਹੋ ਗਿਆ ਫੇਰ ਇੱਕਠੇ ਦੋ ਦੋ ਦਿਨ ਘਰੋਂ ਗਾਇਬ..ਮੈਨੂੰ ਖਿਝ ਚੜ੍ਹਦੀ..ਫੋਨ ਕਰਦੀ..ਤਾਂ ਅੱਗਿਓਂ ਬੰਦ ਆਉਂਦਾ..ਫੇਰ ਜਦੋਂ ਚੁੱਕਦਾ ਤਾਂ ਲੜ ਪਿਆ ਕਰਦਾ..ਇੱਕੋ ਜਵਾਬ ਅਖ਼ੇ ਬਿਜਨਸ ਟੂਰ ਤੇ ਹਾਂ..!
ਇੱਕ ਦਿਨ ਡਰਾਈਵਰ ਮੂਹੋਂ ਨਿੱਕਲ ਗਿਆ ਕੇ ਇਸੇ ਸ਼ਹਿਰ ਦੇ ਕਿਸੇ ਹੋਟਲ ਵਿਚ ਠਹਿਰਿਆ ਸੀ..ਮਗਰੋਂ ਕੰਸੋਵਾਂ ਅਤੇ ਸ਼ੰਕਾ ਨਵੀਰਤੀਆਂ ਦਾ ਇੱਕ ਨਾ ਮੁੱਕਣ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ..!
ਜਿਸਤਰਾਂ ਮੈਨੂੰ ਚਕਾਚੌਂਦ ਪ੍ਰਭਾਵਿਤ ਕਰਦੀ...
ਉਸਦੇ ਵੀ ਕਈ ਸ਼ੌਕ ਸਣ..ਨਵੇਂ ਤਜੁਰਬਿਆਂ ਦੇ ਸ਼ੌਕ..ਨਿੱਤ ਨਵੇਂ ਚੇਹਰਿਆਂ ਦਾ ਸੰਗ..ਆਪਣੇ ਤੋਂ ਕਾਫੀ ਨਿੱਕੀ ਉਮਰ ਦਾ ਵਕਤੀ ਸਾਥ..!
ਇਸ ਸਾਰੇ ਕੁਝ ਦੇ ਵਿੱਚ ਰਫਤਾਰ ਨਾਲ ਚੱਲਦੀ ਜਿੰਦਗੀ ਸੁਸਰੀ ਨਾਲੋਂ ਵੀ ਹੌਲੀ ਹੋ ਗਈ..!
ਕਲੇਸ਼ ਵਕਤੀ ਸਮਝੌਤੇ ਅਤੇ ਹੋਰ ਵੀ ਕਿੰਨਾ ਕੁਝ..ਪਤਾ ਲੱਗਾ ਇੱਕ ਹੋਰ ਟੱਬਰ ਵੀ ਸੀ ਬਾਹਰਲੇ ਮੁਲਖ..ਖੈਰ ਮੈਂ ਵਾਪਿਸ ਪੇਕੇ ਘਰ ਪਰਤ ਆਈ..!
ਹੁਣ ਖਾਲੀ ਘਰ ਵਿਚ ਇੱਕ ਭਾਬੀ ਆ ਚੁਕੀ ਸੀ..ਮੇਰੀ ਥਾਂ ਭਰੀ ਗਈ..ਮੈਂ ਵਕਤੀ ਤੌਰ ਤੇ ਤਾਂ ਮਨਜੂਰ ਸਾਂ ਪਰ ਸਦੀਵੀਂ ਨਹੀਂ..ਉੱਤੋਂ ਮੇਰੇ ਦਿਨ ਵੀ ਪੂਰੇ ਹੋ ਗਏ ਸਨ..ਫੇਰ ਧੀ ਨੇ ਜਨਮ ਲਿਆ..ਸਿਵਾਏ ਕੁਝ ਕੂ ਕਰੀਬੀਆਂ ਦੇ ਹੋਰ ਕੋਈ ਵੀ ਕੋਲ ਨਹੀਂ ਸੀ..ਮੈਨੂੰ ਖੁਸ਼ੀ ਵੀ ਸੀ ਤੇ ਰੋਣਾ ਵੀ ਆ ਰਿਹਾ ਸੀ..!
ਮਗਰੋਂ ਜਿੰਦਗੀ ਨਾਲ ਸਬੰਧਿਤ ਲਿਆ ਗਿਆ ਮੇਰਾ ਦੂਸਰਾ ਫੈਸਲਾ ਵੀ ਗਲਤ ਸਾਬਿਤ ਹੋਇਆ..ਇਸ ਵਿਥਿਆ ਦੇ ਕਿੰਨੇ ਸਾਰੇ ਪੱਖ ਹੋਰ ਵੀ ਨੇ..ਸ਼ਾਇਦ ਇਸ ਲਿਖਤ ਵਿਚ ਸਮੇਟਣੇ ਸੰਭਵ ਨਾ ਹੋਣ ਪਰ ਏਨਾ ਜਰੂਰ ਆਖਾਂਗੀ ਕੇ ਅੱਲੜ ਉਮਰ ਦੀ ਮਸਤ ਖੁਮਾਰੀ ਵਿਚ ਲਏ ਗਏ ਕਿਸੇ ਗਲਤ ਫੈਸਲੇ ਨਾਲ ਇਨਸਾਨ ਅੱਗੇ ਜਾ ਕੇ ਜਦੋਂ ਅਲੱਗ-ਥਲੱਗ ਪੈ ਜਾਂਦਾ ਏ ਤਾਂ ਉਸਦਾ ਸਰੀਰਕ ਮਾਨਸਿਕ ਅਤੇ ਆਰਥਿਕ ਸੋਸ਼ਣ ਤੇ ਹੁੰਦਾ ਈ ਹੁੰਦਾ ਉੱਤੋਂ ਕਈ ਵੇਰ ਉਹ ਖੁਦ ਦੀਆਂ ਬੇਕਾਬੂ ਗਰਜਾਂ ਦਾ ਮਾਰਿਆ ਐਨਾ ਕਮਜ਼ੋਰ ਵੀ ਪੈ ਜਾਂਦਾ ਕੇ ਸੌਖਿਆਂ ਹੀ ਆਤਮ ਸਮਰਪਣ ਲਈ ਰਾਜੀ ਵੀ ਹੋ ਜਾਂਦਾ ਏ..!
ਫੇਰ ਦਿਨ ਬਦਿਨ ਬਿਨਾਂ ਥੱਲੇ ਦੇ ਇੱਕ ਅੰਨ੍ਹੇ ਖੂਹ ਵਿਚ ਲਗਾਤਾਰ ਹੀ ਡਿੱਗੀ ਜਾ ਰਿਹਾ ਉਹ ਦੋਹਰਾ ਸੰਤਾਪ ਭੁਗਤਣ ਲਈ ਮਜਬੂਰ ਹੋ ਜਾਂਦਾ..ਜਮਾਨੇ ਦੇ ਤਾਹਨੇ ਮੇਹਣੇ ਅਤੇ ਅੰਤਰ ਆਤਮਾ ਦੀਆਂ ਦੁਤਕਾਰਾਂ ਉਸਨੂੰ ਕਿਸੇ ਪਾਸੇ ਜੋਗਾ ਨੀ ਛੱਡਦੀਆਂ!
ਹਰਪ੍ਰੀਤ ਸਿੰਘ ਜਵੰਦਾ