ਇੰਦਰ ਪਾਲ ਸਿੰਘ ਪਟਿਆਲਾ
ਔਰਤ ਦਿਵਸ
ਉਸ ਔਰਤ ਦਿਵਸ ਦੇ ਮੌਕੇ ਤੇ ਹੋਣ ਵਾਲੇ ਪ੍ਰੋਗਰਾਮ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਸੱਦਾ ਮਿਲਿਆ। ਮੁੱਖ ਮਹਿਮਾਨ ਦੇ ਤੌਰ ਤੇ ਵੀ ਇੱਕ ਔਰਤ ਨੂੰ ਹੀ ਸਟੇਜ ਤੇ ਹੋਰ ਹਸਤੀਆਂ ਨਾਲ ਬਿਠਾਇਆ ਗਿਆ। ਓਹ ਕਾਫ਼ੀ ਪੜ੍ਹੀ ਲਿਖੀ ਜਾਪਦੀ ਸੀ। ਪਹਿਰਾਵੇ, ਚਿਹਰੇ ਦੇ ਹਾਵ ਭਾਵ ਅਤੇ ਤੱਕਣੀ ਤੋਂ ਕਾਫ਼ੀ ਸੂਝਵਾਨ ਲੱਗ ਰਹੀ ਸੀ। ਸਟੇਜ ਸੈਕਟਰੀ ਨੇ ਓਹਨਾਂ ਬਾਰੇ ਕੁਝ ਪ੍ਰਸੰਸ਼ਾ ਭਰੇ ਸ਼ਬਦ ਬੋਲੇ ਅਤੇ ਪ੍ਰਬੰਧਕਾਂ ਵਿੱਚੋਂ ਇੱਕ ਨੇ ਫੁੱਲਾਂ ਦਾ ਗੁਲਦਸਤਾ ਪੇਸ਼ ਕੀਤਾ। ਉਸ ਤੋਂ ਬਾਅਦ ਰੰਗਾ-ਰੰਗ ਪ੍ਰੋਗਰਾਮ ਸ਼ੁਰੂ ਹੋ ਗਿਆ।
ਸ਼ੁਰੂ ਵਿੱਚ ਪਹਿਲਾਂ ਇੱਕ ਧਾਰਮਿਕ ਗੀਤ ਕੁਝ ਸਕੂਲੀ ਕੁੜੀਆਂ ਨੇ ਗਾਇਆ। ਜਿਸ ਦੇ ਸ਼ਬਦ ਅਰਦਾਸ ਭਰੇ ਸਨ। ਬੱਚਿਆਂ ਨੇ ਸਪੀਚ, ਕਵਿਤਾ, ਸਕਿੱਟ ਪੇਸ਼ ਕੀਤੇ ਜਿੰਨ੍ਹਾਂ ਰਾਹੀ ਬੱਚਿਆਂ ਦਾ ਹੁਨਰ ਨਿੱਖਰ ਕੇ ਸਾਹਮਣੇ ਆਇਆ। ਵਿੱਚ ਵਿੱਚ ਸਟੇਜ ਸੈਕਟਰੀ ਵੀ ਇੱਕ ਦੋ ਸ਼ੇਅਰ ਬੋਲ ਕੇ ਜਾਂ ਕੁਝ ਹੋਰ ਕਹਿ ਕੇ ਅਗਲੀ ਪੇਸ਼ਕਸ਼ ਦੀ ਤਿਆਰੀ ਦੇ ਵਕਫ਼ੇ ਨੂੰ ਪੂਰ ਰਿਹਾ ਸੀ। ਅੰਤ ਵਿੱਚ ਗਿੱਧੇ ਦੀ ਵਾਰੀ ਆਈ ਜਿਸ ਤੋਂ ਬਾਅਦ ਮੁੱਖ ਮਹਿਮਾਨ ਨੂੰ ਸਰੋਤਿਆਂ ਨਾਲ ਆਪਣੀ ਗੱਲ ਬਾਤ ਦੀ ਸਾਂਝ ਪਾਉਣ ਲਈ ਬੇਨਤੀ ਕੀਤੀ ਗਈ।
ਉਸ ਨੇ ਦੋ ਘੁੱਟ ਪਾਣੀ ਪੀ ਕੇ ਆਪਣਾ ਗਲਾ ਤਰ ਕੀਤਾ ਅਤੇ ਆਪਣਾ ਭਾਸ਼ਨ ਸ਼ੁਰੂ ਕੀਤਾ।
…. ਮੈਨੂੰ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਉਣ ਲਈ ਮੈਂ ਪ੍ਰਬੰਧਕਾਂ ਦਾ ਧੰਨਵਾਦ ਕਰਦੀ ਹਾਂ। ਔਰਤ ਦਿਵਸ ਦੇ ਇਸ ਸਮਾਰੋਹ ਵਿੱਚ ਇੱਕ ਔਰਤ ਹੋਣ ਦੇ ਨਾਤੇ ਮੈਂ ਫ਼ਖਰ ਮਹਿਸੂਸ ਕਰਦੀ ਹਾਂ………
ਅੱਜ ਦੇ ਸਮਾਜ ਵਿੱਚ ਹੀ ਨਹੀਂ ਸਗੋਂ ਸ਼ੁਰੂ ਤੋਂ ਹੀ ਔਰਤ ਨੂੰ ਉਸ ਦਾ ਬਣਦਾ ਸਨਮਾਨ ਨਾ ਦੇ ਕੇ ਅਤੇ ਉਸ ਨੂੰ ਪੈਰ ਦੀ ਜੁੱਤੀ, ਢੋਰ ਗੰਵਾਰ ਸਮਝ ਕੇ ਉਸ ਨਾਲ ਵਿਤਕਰਾ ਹੁੰਦਾ ਆਇਆ ਹੈ….. ਦਾਜ ਅਤੇ ਸ਼ਰੀਰਕ ਤਸੀਹਿਆਂ ਰਾਹੀਂ ਉਸ ਦੀ ਜਿੰਦਗੀ ਨੂੰ ਨਰਕ ਬਣਾਇਆ ਜਾ ਰਿਹਾ ਹੈ। ਤਲਾਕਾਂ ਦੀ ਗਿਣਤੀ ਵਧ ਰਹੀ ਹੈ…..
…. ਮੇਰੀਆਂ ਚਾਰ ਧੀਆਂ ਹਨ। ਸਭ ਨੂੰ ਮੈਂ ਬਹੁਤ ਵਧੀਆ ਢੰਗ ਨਾਲ ਪਾਲਿਆ, ਪੜ੍ਹਾਇਆ ਲਿਖਾਇਆ ਹੈ। ਧੀਆਂ ਵਿੱਚ ਅਤੇ ਪੁੱਤਰਾਂ ਵਿੱਚ ਕੋਈ ਫ਼ਰਕ ਨਹੀਂ ਸਮਝਿਆ ਕਦੇ। ਦੋ ਵਿਆਹ ਦਿੱਤੀਆਂ ਹਨ। ਓਹ ਵਿਦੇਸ਼ ਵਿੱਚ ਸੈਟਲ ਹਨ।…… ਜਿੰਨ੍ਹਾਂ ਚਿਰ ਅਸੀਂ ਮਾਂ ਦੇ ਤੌਰ ਤੇ ਓਹਨਾਂ ਨੂੰ ਅਹਿਸਾਸ ਨਹੀਂ ਕਰਾਵਾਂਗੇ ਕਿ ਧੀਆਂ ਪੁੱਤਰਾਂ ਵਾਂਗ ਹੀ ਪਿਆਰੀਆਂ ਹੁੰਦੀਆਂ ਹਨ ਓਨਾਂ ਚਿਰ ਓਹਨਾਂ ਦਾ ਮਨੋਬਲ ਡਿੱਗਿਆ ਹੋਇਆ ਨਜ਼ਰ ਆਉਂਦਾ ਰਹੇਗਾ…..
ਵਿੱਚ ਵਿੱਚ ਵੱਜਦੀਆਂ ਤਾੜੀਆਂ ਉਸ ਦੇ ਬੋਲਾਂ ਨੂੰ ਹੁੰਗਾਰਾ ਦੇ ਰਹੀਆਂ ਸਨ। ਉਸ ਦੇ ਬੋਲਾਂ ਵਿੱਚ ਹੋਰ ਦ੍ਰਿੜਤਾ ਅਤੇ ਆਤਮ ਵਿਸ਼ਵਾਸ ਵੇਖਣ ਨੂੰ...
ਮਿਲ ਰਿਹਾ ਸੀ।
ਆਪਣੇ ਅੰਤਿਮ ਸ਼ਬਦਾਂ ਰਾਹੀਂ ਹੱਥ ਜੋੜ ਕੇ ਫ਼ਿਰ ਇੱਕ ਵਾਰ ਪ੍ਰਬੰਧਕਾਂ, ਸਰੋਤਿਆਂ ਅਤੇ ਆਈਟਮਾਂ ਪੇਸ਼ ਕਰਨ ਵਾਲੇ ਬੱਚਿਆਂ, ਕੁੜੀਆਂ ਦੀ ਸ਼ਲਾਘਾ ਕਰਦੀ ਹੋਈ ਓਹ ਵਾਪਸ ਆਪਣੀ ਜਗ੍ਹਾ ਤੇ ਬੈਠ ਗਈ।
ਸਮਾਪਤੀ ਦੀ ਘੋਸ਼ਣਾ ਹੋਈ। ਪ੍ਰੋਗਰਾਮ ਦੇ ਦੌਰਾਨ ਹੀ ਸਰੋਤਿਆਂ ਨੂੰ ਬੈਠੇ ਬੈਠੇ ਸਨੈਕਸ ਵਗੈਰਾ ਵੰਡੇ ਗਏ ਸਨ। ਮੁੱਖ ਮਹਿਮਾਨ ਅਤੇ ਪ੍ਰਬੰਧਕਾਂ ਨੂੰ ਵੱਖਰੇ ਤੌਰ ਤੇ ਇੱਕ ਕਮਰੇ ਵਿੱਚ ਰਿਫਰੈਸ਼ਮੈਂਟ ਲਈ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ।
ਮੁੱਖ ਪ੍ਰਬੰਧਕ ਦਾ ਕਰੀਬੀ ਦੋਸਤ ਹੋਣ ਦੇ ਨਾਤੇ ਮੈਂਨੂੰ ਵੀ ਓਥੇ ਬੁਲਾ ਲਿਆ ਗਿਆ। ਖਾਂਦੇ ਪੀਂਦੇ ਹੋਏ ਹੀ ਸਭ ਪ੍ਰੋਗਰਾਮ ਦੀ ਸਫਲਤਾ ਅਤੇ ਔਰਤ ਦੇ ਅਧਿਕਾਰਾਂ ਪ੍ਰਤੀ ਆਪਸ ਵਿੱਚ ਗੱਲਬਾਤ ਕਰਦੇ ਹੋਏ ਉਸ ਪ੍ਰਤੀ ਆਪਣਾ ਸਨੇਹ ਵਿਖਾਉਣ ਦੀ ਦੌੜ ਵਿੱਚ ਸ਼ਾਮਲ ਸਨ। ਕਈਆਂ ਦੇ ਨਿਜੀ ਪਰਿਵਾਰਕ ਜੀਵਨ ਵਿੱਚ ਔਰਤਾਂ ਦੀ ਅਵਸਥਾ ਤੋਂ ਮੈਂ ਜਾਣੂ ਸੀ ਅਤੇ ਸੋਚ ਰਿਹਾ ਸੀ ਕਿ ‘ਹਾਥੀ ਦੇ ਦੰਦ ਖਾਣ ਨੂੰ ਹੋਰ…..’ ਵਾਲੀ ਅਖਾਣ ਅੱਜ ਕਿੰਨੀ ਜਿਆਦਾ ਸੱਚ ਸਾਬਤ ਹੋ ਰਹੀ ਹੈ।
ਮਲਕੜੇ ਜਿਹੇ ਮੈਂ ਮੁੱਖ ਮਹਿਮਾਨ ਦੇ ਨੇੜੇ ਹੋ ਕੇ ਖੜ੍ਹ ਗਿਆ। ਓਹ ਉਸ ਵਕਤ ਇੱਕਲੀ ਹੀ ਸੀ। ਮੈਂ ਉਸ ਦੇ ਭਾਸ਼ਨ ਦੀ ਹਲਕੀ ਜਿਹੀ ਤਾਰੀਫ਼ ਕੀਤੀ ਹੀ ਸੀ ਕਿ ਉਹ ਫ਼ਿਰ ਆਪਣੀਆਂ ਚਾਰ ਧੀਆਂ ਦੀਆਂ ਗੱਲਾਂ ਸੁਣਾਉਣ ਲੱਗ ਪਈ। ਵਾਰ ਵਾਰ ਗੁੱਟ ਤੇ ਬੰਨ੍ਹੀ ਮਹਿੰਗੀ ਘੜੀ ਤੇ ਵੀ ਨਜ਼ਰ ਮਾਰ ਰਹੀ ਸੀ। ਸ਼ਾਇਦ ਕੁਝ ਕਾਹਲੀ ਵਿੱਚ ਸੀ।
ਹੌਂਸਲਾ ਜਿਹਾ ਕਰ ਕੇ ਮੈਂ ਕਹਿ ਹੀ ਦਿੱਤਾ – ” ਮੈਡਮ ਜੀ ਤੁਸੀਂ ਤਾਂ ਧੀਆਂ ਅਤੇ ਪੁੱਤਰਾਂ ਵਿੱਚ ਕਿਸੇ ਵੀ ਪੱਖੋਂ ਕੋਈ ਫ਼ਰਕ ਹੀ ਨਹੀਂ ਸਮਝਿਆ ਕਦੇ ਵੀ, ਧੀਆਂ ਤਾਂ ਪਰਿਵਾਰ ਵਿੱਚ ਦੋ ਵੀ ਬਹੁਤ ਹੁੰਦੀਆਂ ਹਨ। ਫਿਰ ਇਹ ਕਿਹੜੀ ਲਾਲਸਾ ਵਿੱਚ ਚਾਰ…… ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਉਸ ਹੱਥਲੀ ਪਲੇਟ ਜਿਸ ਵਿੱਚ ਅਜੇ ਇੱਕ ਗੁਲਾਮ ਜਾਮੁਨ ਪਿਆ ਸੀ, ਮੇਜ਼ ਤੇ ਰੱਖਦੇ ਹੋਏ ਬੋਲੀ – ਮੈਂ ਅੱਜ ਦੇ ਇੱਕ ਹੋਰ ਪ੍ਰੋਗਰਾਮ ਵਿੱਚ ਵੀ ਜਾਣਾ ਹੈ। ਮੈਂਨੂੰ ਦੇਰ ਹੋ ਰਹੀ ਹੈ…. ਬਿਨਾਂ ਚਾਰ ਧੀਆਂ ਪੈਦਾ ਕਰਨ ਵਾਲੀ ਮੇਰੀ ਗੱਲ ਦਾ ਜਵਾਬ ਦਿੱਤੇ ਓਹ ਪ੍ਰਬੰਧਕਾਂ ਨੂੰ ਮਿਲੇ ਬਿਨਾ ਹੀ ਕਮਰੇ ਵਿੱਚੋਂ ਬਾਹਰ ਨਿਕਲ ਗਈ।
ਮੇਰੀਆਂ ਸੋਚਾਂ ਹੋਰ ਵੀ ਗੰਭੀਰ ਹੋ ਗਈਆਂ ਕਿ ਅੱਜ ਦੀ ਇਸ ਸਥਿਤੀ ਦਾ ਜਿੰਮੇਵਾਰ ਕੌਣ ਹੈ, ਮਾਂ- ਸੱਸ- ਨਨਾਣ – ਦਰਾਣੀ – ਜਿਠਾਣੀ ਜਾਂ ਫਿਰ ਪੁਰਸ਼ ਸਮਾਜ!!