ਉਹ ਅੱਧੀ ਰਾਤ ਨੂੰ ਨਵਜੰਮੀਂ ਧੀ ਦਾ ਉੱਚੀ ਉੱਚੀ ਰੋਣ ਸੁਣ ਉਬੜਵਾਹੇ ਉਠੀ ਤੇ ਆਪਣੀਆਂ ਛਾਤੀਆਂ ਵਿਚ ਕੱਠੀ ਹੋਈ ਮਮਤਾ ਦੀ ਮਣਾ-ਮੂੰਹੀ ਧਾਰ ਉਸਦੇ ਮੂੰਹ ਨੂੰ ਲਾ ਦਿੱਤੀ !
ਸੱਜਰੀ ਸੁਵੇਰ ਦੀ ਤ੍ਰੇਲਂ ਵਾੰਗ ਨਰਮ ਤੇ ਤਾਜੇ ਬੁੱਲਾਂ ਦੀ ਛੋਹ ਨੇ ਉਸ ਦੀਆਂ ਛਾਤੀਆਂ ਅਤੇ ਵਜੂਦ ਤੇ ਪਏ ਭਾਰ ਨੂੰ ਇੱਕਦਮ ਹਲਕਾ ਕਰ ਦਿੱਤਾ !
ਫੇਰ ਕੁਝ ਦਿਨਾਂ ਮਗਰੋਂ …
“ਪੱਟਰਾਣੀਏ ਉੱਠ ਜਾ ਹੁਣ ..ਕਦੋਂ ਤੱਕ ਘੋੜੇ ਵੇਚ ਸੁੱਤੀ ਰਹੇਂਗੀ ..ਦੂਜੀਆਂ ਦੋ ਵੀ ਰੋ ਰਹੀਆਂ ਨੇ ਤੇਰੀ ਜਾਨ ਨੂੰ..ਓਹਨਾ ਦੀ ਵੀ ਸੂਰਤ ਲੈ ਲੈ ..ਕੋਈ ਸਪੈਸ਼ਲ ਜਣੇਪਾ ਨਹੀਂ ਕੱਟ ਰਹੀ ਤੂੰ ..ਅਸੀਂ ਵੀ ਨਿਆਣੇ ਜੰਮੇ ਆ ..ਨਾਲੇ ਹੁਣ ਕਿਹੜਾ ਉਹ ਮਨਹੂਸ ਤੇਰੇ ਕੋਲ ਹੈ ਜੀਦੇ ਕਰਕੇ ਤੈਨੂੰ ਸਾਰੀ ਰਾਤ ਜਗਰਾਤਾ...
ਕੱਟਣਾ ਪੈਂਦਾ ਹੋਵੇ “!
ਸੁਵੇਰੇ ਸੁਵੇਰੇ ਕੰਨਾਂ ਚ ਵੱਜੀਆਂ ਇਹਨਾਂ ਤਿੱਖੀਆਂ ਸੂਲਾਂ ਕਾਰਨ ਆਈ ਜਾਗ ਮਗਰੋਂ ਅਚਾਨਕ ਖਿਆਲ ਆਇਆ ਕੇ ਘਰ ਵਿਚ ਤੀਜੀ ਧੀ ਜੰਮਣ ਮਗਰੋਂ ਪੈਂਦੇ ਕਲੇਸ਼ ਕਰਕੇ ਅਜੇ ਕੱਲ ਹੀ ਤਾਂ ਬੇਔਲਾਦ ਭਰਾ ਭਾਬੀ ਉਸ ਦੀ ਨਵੀਂ ਜਨਮੀਂ ਨੂੰ ਆਪਣੇ ਨਾਲ ਬਹੁਤ ਦੂਰ ਲੈ ਗਏ ਸਨ !
ਛਾਤੀਆਂ ਚੋਂ ਆਪਮੁਹਾਰੇ ਹੀ ਵਗ ਤੁਰੀ ਅਣਪੀਤੇ ਦੁੱਧ ਦੀ ਨਦੀ ਅਤੇ ਅੱਖਾਂ ਚੋਂ ਵਗਦੀ ਖਾਰੇ ਪਾਣੀ ਦੀ ਧਾਰ ਵਿਚਕਾਰ ਅੱਜ ਇੱਕ ਅਜੀਬ ਜਿਹਾ ਮੁਕਾਬਲਾ ਚੱਲ ਰਿਹਾ ਸੀ !
ਹਰਪ੍ਰੀਤ ਸਿੰਘ ਜਵੰਦਾ