More Punjabi Kahaniya  Posts
ਮੁੱਠ ਕੂ ਛੋਲੇੇ ਚੱਬ ਕੇ ਉੱਡਦੇ ਫਿਰਨ ਸਰੀਰ


ਮਲੇਰਕੋਟਲੇ ਕੁੱਪ-ਰਹੀੜੇ ਦਾ ਮੈਦਾਨ..
ਕੁਝ ਕੂ ਘੰਟਿਆਂ ਵਿਚ ਪੰਝੀ ਤੋਂ ਤੀਹ ਹਜਾਰ ਸਿੰਘ ਸ਼ਹੀਦੀ ਪਾ ਗਏ..
ਬਚੇ ਹੋਇਆਂ ਨੇ ਦਿਨ ਢਲੇ ਰਹਿਰਾਸ ਦੇ ਪਾਠ ਦੀ ਅਰਦਾਸ ਕੀਤੀ..”ਚਾਰ ਪਹਿਰ ਦਿਨ ਸੁਖ ਦਾ ਬਤੀਤ ਹੋਇਆ..ਚਾਰ ਪਹਿਰ ਰੈਣ ਆਈ..ਸੁਖ ਦੀ ਬਤੀਤ ਕਰਨੀ”
ਇਸ ਗਹਿਗੱਚ ਵਿਚ ਕਿੰਨੇ ਸਾਰੇ ਸਖਤ ਜਖਮੀ ਪਟਿਆਲੇ ਬਾਬਾ ਆਲਾ ਸਿੰਘ ਦੀ ਰਿਆਸਤ ਦੀ ਹੱਦ ਟੱਪ ਗਏ..!
ਅਗਲਿਆਂ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ ਕਿਧਰੇ ਅਹਿਮਦ ਸ਼ਾਹ ਅਬਦਾਲੀ ਨਰਾਜ ਹੀ ਨਾ ਹੋ ਜਾਵੇ!

ਜਕਰੀਆ ਖ਼ਾਨ ਨੇ ਭਾਈ ਮਨੀ ਸਿੰਘ ਨੂੰ ਬੰਦ ਬੰਦ ਕੱਟ ਸ਼ਹੀਦ ਕਰਨ ਦਾ ਹੁਕਮ ਦਿੱਤਾ..!
ਜੱਲਾਦ ਲੱਕੜ ਦੇ ਬਠਲ ਤੇ ਬਾਬਾ ਜੀ ਦਾ ਗੁੱਟ ਰੱਖ ਦਾਤਰ ਚਲਾਉਣ ਹੀ ਲੱਗਾ ਸੀ ਕੇ ਮਨੀ ਸਿੰਘ ਆਪਣੀ ਉਂਗਲ ਦਾ ਪੋਟਾ ਅੱਗੇ ਕਰਦੇ ਹੋਏ ਆਖਣ ਲੱਗੇ ਭਾਈ ਸਿਂਖ ਦਾ ਬੰਦ ਬੰਦ ਇਥੋਂ ਸ਼ੁਰੂ ਹੁੰਦਾ ਨਾ ਕੇ ਗੁੱਟ ਤੋਂ..!

ਪਰਮਾਤਮਾ ਸਿੰਘ..
ਜੂਨ ਚੁਰਾਸੀ ਦੇ ਘਲੂਕਾਰੇ ਵੇਲੇ ਨਾਨਕ ਨਿਵਾਸ ਵਿਚ ਲੌਂਗੋਵਾਲ ਦਾ ਗੰਨਮੈਨ ਅਤੇ ਡਰਾਈਵਰ..
ਹੱਥ ਖੜੇ ਕਰਕੇ ਸੌਖਿਆਂ ਆਪਣੇ ਬੌਸ ਨਾਲ ਫੌਜ ਦੀ ਗੱਡੀ ਵਿਚ ਬੈਠ ਸਕਦਾ ਸੀ..
ਪਰ ਪਤਾ ਨੀ ਮਨ ਵਿਚ ਕੀ ਆਈ..
ਨਾਨਕ ਨਿਵਾਸ ਮੋਰਚੇ ਵਿਚ ਆਪਣੇ ਰਾਈਫਲ ਨਾਲ ਲੜਦਾ ਹੋਇਆ ਸ਼ਹੀਦੀ ਪਾ ਗਿਆ..
ਸ਼ਾਇਦ ਸਮਝ ਪੈ ਗਈ ਸੀ ਕੇ ਜੇ ਅੱਜ ਗੋਡੇ ਟੇਕ ਬਚ ਗਿਆ ਤਾਂ ਜਿਉਂਦੇ ਜੀ ਜਮੀਰ ਅਤੇ ਮੁੱਕ ਗਿਆ ਮਗਰੋਂ ਇਤਿਹਾਸ ਨਿੱਤ ਦਿਹਾੜੇ ਮਾਰਿਆ ਕਰਨਗੇ!

ਬਾਬਾ ਆਲੀ ਸਿੰਘ..
ਸੂਬਾ ਸਰਹਿੰਦ ਦੀ ਕਚਹਿਰੀ ਵਿਚ ਅਦਾਲਤੀ ਕੰਮ ਕਰਦਾ ਹੋਇਆ ਆਮ ਜਿਹਾ ਇਨਸਾਨ..
ਹੱਥ ਲਿਖਤ ਬਹੁਤ ਹੀ ਪਿਆਰੀ ਸੀ..
ਇੱਕ ਦਿਨ ਕੋਲੋਂ ਲੰਘਦਾ ਵਜੀਰ ਖ਼ਾਨ ਆਖਣ ਲੱਗਾ “ਸੁਣਿਆ ਗੋਬਿੰਦ ਸਿੰਘ ਦਾ ਘੱਲਿਆ ਬੰਦਾ ਸਿੰਘ ਨਾਮ ਦਾ ਇੱਕ ਕਾਫ਼ਿਰ ਆਪਣੇ ਨਾਮ ਦੇ ਨਾਲ ਬਹਾਦੁਰ ਲਿਖਵਾਉਂਦਾ ਏ..ਚਿੱਠੀ ਤੇ ਲਿਖ ਉਸਨੂੰ ਕੇ ਜੇ ਹਿੰਮਤ ਹੈ ਤਾਂ ਸਰਹਿੰਦ ਵੱਲ ਨੂੰ ਮੂੰਹ ਕਰੇ..”
ਅੱਗੋਂ ਆਲੀ ਸਿੰਘ ਸਹਿ ਸੁਭਾ ਹੀ ਆਖ ਉਠਿਆ “ਜਹਾ-ਪਨਾਹ ਜੇ ਬਹਾਦੁਰ ਹੋਇਆ ਤਾਂ ਖੁਦ ਹੀ ਏਧਰ ਨੂੰ ਜਰੂਰ ਆਵੇਗਾ..ਸੱਦਾ ਭੇਜਣ ਦੀ ਕੀ ਲੋੜ ਹੈ..”
ਅੱਗੋਂ ਗੁੱਸਾ ਕਰ ਗਿਆ..
ਆਲੀ ਸਿੰਘ ਨੂੰ ਇੱਕ ਮਹੀਨੇ ਦੀ ਕੈਦ ਸੁਣਾ ਦਿੱਤੀ..
ਜਮੀਰ ਤੇ ਵਾਰ ਖਾ ਆਲੀ ਸਿੰਘ ਮਹੀਨੇ ਦੀ ਸਜਾ ਕੱਟਣ ਮਗਰੋਂ ਮੁੜ ਕਦੀ ਵੀ ਕਚਹਿਰੀਆਂ ਵਿਚ ਨਹੀਂ ਗਿਆ ਤੇ ਸਿੱਧਾ ਕੈਥਲ ਤੱਕ ਅੱਪੜ ਆਈ ਬੰਦਾ ਸਿੰਘ ਦੀ ਫੌਜ ਨਾਲ ਜਾ ਰਲਿਆ..!
ਚੱਪੜ-ਚਿੜੀ ਦੇ ਮੈਦਾਨ ਵਿਚ ਹੋਏ ਗਹਿਗੱਚ ਵਿਚ ਸੂਬਾ ਸਿਰਹੰਦ ਦੇ ਅੰਦਰਲੇ ਸਾਰੇ ਭੇਦ ਬਾਬਾ ਆਲੀ ਸਿੰਘ ਨੇ ਹੀ ਦਿੱਤੇ ਸਨ!
ਨੌਂ ਜੂਨ ਸਤਾਰਾਂ ਸੌ ਸੋਲਾਂ ਨੂੰ ਦਿੱਲੀ ਵਿਚ ਬੰਦਾ ਸਿੰਘ ਬਹਾਦੁਰ ਨਾਲ...

ਸ਼ਹਾਦਤ ਪਾਉਣ ਵਾਲੇ ਆਖਰੀ ਸਿੰਘਾਂ ਵਿਚ ਹੀ ਇੱਕ ਸੀ ਬਾਬਾ ਆਲੀ ਸਿੰਘ..!

ਜਰਨਲ ਸੁਬੇਗ ਸਿੰਘ..
ਸੰਨ ਇੱਕਤਰ ਦੀ ਬੰਗਲਾਦੇਸ਼ ਦੀ ਵੰਡ ਦਾ ਹੀਰੋ..
ਸੈਂਟਰਲ ਕਮਾਂਡ ਦਾ ਮੁਖੀ..ਇੰਦਰਾ ਨੇ ਹੁਕਮ ਦਿੱਤਾ ਕੇ ਫੌਜ ਉਸਦੇ ਰਾਜਸੀ ਵਿਰੋਧੀ ਜੈ ਪ੍ਰਕਾਸ਼ ਨਰਾਇਣ ਨੂੰ ਗ੍ਰਿਫਤਾਰ ਕਰੇ..
ਗੁਰੂ ਪਿਆਰੇ ਨੇ ਨਾਂਹ ਕਰ ਦਿੱਤੀ ਕੇ..ਅਖ਼ੇ ਫੌਜ ਰਾਜਸੀ ਕਿੜਾਂ ਕੱਢਣ ਲਈ ਨਹੀਂ ਵਰਤੀ ਜਾ ਸਕਦੀ..
ਬੀਬੀ ਗੁੱਸਾ ਕਰ ਗਈ..
ਕੁਰਪਸ਼ਨ ਦਾ ਦੋਸ਼ ਲਾ ਕੇ ਸਸਪੈਂਡ ਕਰ ਦਿੱਤਾ..
ਫੇਰ ਰਿਟਾਇਰਮੈਂਟ ਤੋਂ ਐਨ ਇੱਕ ਦਿਨ ਪਹਿਲਾਂ ਬਿਨਾ ਮੁਕੱਦਮਾਂ ਚਲਾਏ ਡਿਸਮਿਸ ਕਰ ਦਿੱਤਾ..
ਇੱਕ ਸਮਰਪਤ ਫੌਜੀ ਲਈ ਇਸ ਤੋਂ ਵੱਧ ਸ਼ਰਮਿੰਦਗੀ ਵਾਲਾ ਪਲ ਸ਼ਾਇਦ ਕੋਈ ਹੋਰ ਨਹੀਂ ਹੋ ਸਕਦਾ!

ਫੇਰ ਉਸ ਸੰਤ ਨਾਲ ਮੇਲੇ ਹੋਏ ਜਿਹੜਾ ਸਰੀਰ ਦੇ ਮਰਨ ਨੂੰ ਮੌਤ ਨਹੀਂ ਸੀ ਮੰਨਦਾ..!

ਦੱਸਦੇ ਤਿੰਨ ਜੂਨ ਨੂੰ ਮੋਰਚਿਆਂ ਦੀ ਆਖਰੀ ਟੋਹ ਲੈਂਦਾ ਓਹੀ ਸੰਤ ਜਦੋਂ ਸ੍ਰੀ ਅਕਾਲ ਤਖ਼ਤ ਸਾਬ ਦੀਆਂ ਪੌੜੀਆਂ ਚੜਨ ਲੱਗਾ ਤਾਂ ਕੋਲ ਹੀ ਭੁੰਜੇ ਬੈਠੇ ਨਿੱਕੀ ਉਮਰ ਦੇ ਇੱਕ ਬੱਚੇ ਨੇ ਫਤਹਿ ਬੁਲਾ ਦਿੱਤੀ..
ਤੁਰਿਆ ਜਾਂਦਾ ਖਲੋ ਗਿਆ..
ਬੋਝੇ ਵਿਚ ਹੱਥ ਪਾਉਂਦਾ ਹੋਇਆ ਆਖਣ ਲੱਗਾ..
“ਭੁਚੰਗੀਆਂ ਹਾਲਾਤ ਠੀਕ ਹੁੰਦੇ ਤਾਂ ਕੁਝ ਹੋਰ ਜਰੂਰ ਦਿੰਦਾ ਪਰ ਇਸ ਨਾਜ਼ੁਕ ਮੌਕੇ ਇਸ ਸਾਧ ਕੋਲ ਤੈਨੂੰ ਦੇਣ ਲਈ ਛੋਲਿਆਂ ਦੀ ਇੱਕ ਮੁੱਠ ਤੋਂ ਇਲਾਵਾ ਹੋਰ ਕੁਝ ਵੀ ਨਹੀਂ”

ਜਿੰਦਗੀ ਜਿਊਣ ਦੇ ਦੋ ਤਰੀਕੇ ਹੁੰਦੇ ਨੇ..
ਪਹਿਲਾ..ਅਸੂਲਾਂ ਨੂੰ ਛਿੱਕੇ ਟੰਗ ਹਾਕਮ ਧਿਰ ਦੀ ਹਾਂ ਵਿਚ ਹਾਂ ਮਿਲਾ ਜਗੀਰਾਂ ਜਾਇਦਾਤਾਂ ਪੈਟਰੋਲ ਪੰਪ ਜਿਪਸੀਆਂ ਗੰਨਮੈਨ ਹਵਾਈ ਸਫ਼ਰ ਅਤੇ ਹੋਰ ਵੀ ਕਿੰਨੀਆਂ ਸਹੂਲਤਾਂ ਮਾਣਦੇ ਹੋਏ ਡੰਗ ਟਪਾ ਲਿਆ ਜਾਵੇ!

ਦੂਜਾ..ਉਲਟੇ ਪਾਣੀ ਤਰਦੇ ਹੋਏ ਨਾਇਨਸਾਫੀ ਦੇ ਬੇਲਗਾਮ ਘੋੜੇ ਦੀਆਂ ਵਾਗਾਂ ਫੜ ਹੱਡ ਗੋਡੇ ਤੁੜਵਾ ਕੇ ਮੋਤੀ ਰਾਮ ਮਹਿਰੇ ਵਾਂਙ ਸਾਰਾ ਟੱਬਰ ਕੋਹਲੂ ਵਿਚ ਪਿੜਵਾ ਲਿਆ ਜਾਵੇ..!

ਮੌਤ ਤੇ ਬੇਸ਼ੱਕ ਦੋਵੇਂ ਤਰੀਕਿਆਂ ਵਿਚ ਹੀ ਨਿਸਚਿਤ ਹੈ ਪਰ ਅਕਸਰ ਵੇਖਿਆ ਗਿਆ ਕੇ ਦੂਜਾ ਰਾਹ ਅਪਨਾਉਣ ਵਾਲੇ ਕੋਲ ਕੌਮ ਨੂੰ ਦੇਣ ਲਈ ਸਿਵਾਏ ਛੋਲਿਆਂ ਦੀ ਇੱਕ ਮੁੱਠ ਦੇ ਹੋਰ ਕੁਝ ਵੀ ਨਹੀਂ ਹੁੰਦਾ..!

ਤਾਂ ਹੀ ਸ਼ਾਇਦ ਕਿਸੇ ਖੂਬ ਆਖਿਆ ਕੇ..”ਮੁੱਠ ਕੂ ਛੋਲੇੇ ਚੱਬ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ”

ਕਾਸ਼ ਕੌਂਮੀ ਭਾਵਨਾ ਨਾਲ ਲਬਰੇਜ ਚੜ੍ਹਦੀ ਕਲਾ ਦੇ ਇਹ ਤੀਰ ਆਪਣੇ ਨਿਸ਼ਾਨਿਆਂ ਤੇ ਵੱਜਦੇ ਰਹਿਣ ਅਤੇ ਕੌਂਮ ਟੀਸੀ ਦੇ ਕੌੜੇ ਬੇਰ ਹਮੇਸ਼ਾਂ ਹੀ ਫ਼ੁੰਡਦੀ ਰਹੇ!

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)