ਪਿਓਰ ਮਲਵਈ ਜ਼ਿਲ੍ਹੇ ਮੁਕਤਸਰ ਦੇ ਮੁੰਡੇ ਨੂੰ ਪਿਓਰ ਪੁਆਧੀ ਜ਼ਿਲ੍ਹੇ ਰੋਪੜ ਵਿਚ ਨੌਕਰੀ ਮਿਲ ਗਈ..ਬੋਲਣ ਦੇ ਪੱਖ ਤੋਂ ਮਲਵਈ ਤੇ ਪੁਆਧੀ ਉਪ ਭਾਸ਼ਾਵਾਂ ਵਿਚ ਕਾਫ਼ੀ ਫ਼ਰਕ ਹੈ.. ਸੋ ਭੰਬਲਭੂਸਾ ਲਾਜ਼ਮੀ ਸੀ.. ਆਪਣੇ ਕੁਝ ਸ਼ਬਦ ਉਨ੍ਹਾਂ ਨੂੰ ਸਮਝ ਨਾਂ ਆਉਣ ਤੇ ਕੁਝ ਉਨ੍ਹਾਂ ਦੇ ਆਪਾਂ ਨੂੰ.. />
😍😍😍
ਮਲਵਈ ਤੇ ਪੁਆਧੀ ਬੋਲਣ ਵਿੱਚ ਫ਼ਰਕ ਦੀ ਇਕ ਉਦਾਹਰਨ
:-
ਮਲਵਈ… ਰਾਮ ਨੂੰ ਉਸ ਦੇ ਪਿਤਾ ਜੀ ਬੁਲਾਉਂਦੇ ਐ..
ਪੁਆਧੀ…ਰਾਮ ਨੂੰ ਉਸ ਦੇ ਪਿਤਾ ਜੀ ਬੁਲਾਇਆ ਕਰਦੇ..
ਅਧਿਆਪਕਾਂ ਦੀ ਘਾਟ ਕਾਰਨ ਮੈਨੂੰ ਬਾਰ੍ਹਵੀਂ ਕਲਾਸ ਵੀ ਪੜ੍ਹਾਉਣ ਲਾ ਦਿੱਤਾ.. ਬੱਚੇ ਮੇਰੀ ਬੋਲੀ ਸੁਣ ਕੇ ਹੱਸਿਆ ਕਰਨ.. ਇੱਕ ਦਿਨ ਮੈਂ ਦਬਕਾ ਮਾਰਿਆ “ਚੁੱਪ ਕਰੋ ਓਏ ਜਿਹੜਾ ਹੱਸਿਆ ਮੈਂ ਉਹਦੀ “ਢੂਈ” ਕੁੱਟਣੀ ਐ.. ਸਾਰੀ ਕਲਾਸ ਵਿੱਚ ਹਾਸੜ ਪੈ ਗਿਆ.. ਮੈਂ ਦੁਬਾਰਾ ਕਿਹਾ “ਉਏ ਚੁੱਪ ਕਰੋ ਨਹੀਂ ਤਾਂ ਮੈਂ ਸਾਰੀ ਕਲਾਸ ਦੀਆਂ “ਢੂਈਆਂ” ਕੁੱਟਣੀਐਂ.. ਉਸ ਤੋਂ ਵੀ ਜ਼ਿਆਦਾ ਹਾਸੜ ਪੈ ਗਿਆ..ਮੈਨੂੰ ਲੱਗਿਆ ਕੁਝ ਗੜਬੜ ਜ਼ਰੂਰ ਐ.. ਕਲਾਸ ਤੋਂ ਬਾਅਦ ਪੰਜਾਬੀ ਲੈਕਚਰਾਰ ਜੋਗਿੰਦਰ ਸਿੰਘ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਹੋਇਆ, ਉਹ ਵੀ ਮੇਰੀ ਗੱਲ ਸੁਣ ਕੇ ਬੜਾ ਹੱਸੇ.. ਪਰ ਮੈਨੂੰ ਸਮਝ ਨਾਂ ਆਵੇ ਕਿ ਰੌਲਾ ਕੀ ਹੈ.. ਉਨ੍ਹਾਂ ਨੇ ਦੱਸਿਆ ਕਿ ਮਾਲਵੇ ਵਿੱਚ “ਢੂਈਂ” ਦਾ ਅਰਥ ਹੈ ਛਾਤੀ ਤੇ ਪੇਟ ਦੇ ਪਿਛਲੇ ਪਾਸੇ ਵਾਲਾ ਹਿੱਸਾ.. ਪਰ ਪੁਆਧੀ ਵਿੱਚ “ਢੂਈਂ” ਸ਼ਬਦ hipps ਲਈ ਵਰਤਿਆ ਜਾਂਦਾ ਹੈ..
“ਹੁਣ ਦੱਸੋ ਬੱਚੇ ਜੇ ਤੁਹਾਡੀ ਗੱਲ ਸੁਣ ਕੇ ਹੱਸਣ ਨਾਂ ਤਾਂ ਹੋਰ ਕੀ ਕਰਨ”..
ਸਾਨੂੰ ਮਿੱਡ ਡੇ ਮੀਲ ਦਾ ਇੰਚਾਰਜ ਵੀ ਲਾ ਦਿੱਤਾ.. ਇੱਕ ਦਿਨ ਆਂਟੀ ਕਹਿੰਦੇ “ਸਰ ਜੀ ਕੱਲ੍ਹ ਨੂੰ ਖੀਰ ਬਣਨੀ ਹੈ, ਗੋਲ ਲੈ ਆਣਾ”.. ਮੈਂ ਸੋਚਾਂ ਕਿ ਇਹ ਗੋਲ ਕੀ ਸ਼ੈਅ ਹੈ, ਜਿਹੜੀ ਖੀਰ ‘ਚ ਪੈਂਦੀ ਐ, ਅਸੀਂ ਤਾਂ ਕਦੇ ਦੇਖੀ ਨੀ”.. ਆਂਟੀ ਨੂੰ ਦੁਬਾਰਾ ਪੁੱਛਿਆ ਤਾਂ ਉਹ ਹਰਭਜਨ ਸਿੰਘ ਦੇ ਬੌਲਿੰਗ ਸਟਾਈਲ ਵਾਂਗ ਹੱਥ ਨੂੰ ਗੋਲ-ਗੋਲ ਘੁਮਾ ਕੇ ਦੱਸੇ “ਸਰ ਜੀ “ਗੋਲ” “ਗੋਲ” ਜੋ ਖੀਰ ਵਿੱਚ ਪੈਂਦੀ ਹੈ”..
ਆਪਣੇ ਕੁਝ ਪੱਲੇ ਨਾਂ ਪਿਆ.. ਫੇਰ ਜੋਗਿੰਦਰ ਸਰ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਆਧ ਦੇ ਇਲਾਕੇ ਵਿਚ ਖੋਪੇ ਦੀ ਠੂਠੀ ਨੂੰ ਗੋਲ ਕਿਹਾ ਜਾਂਦਾ ਹੈ..🥸🥸🥸
ਇਕ ਦਿਨ ਜੋਗਿੰਦਰ ਸਿੰਘ ਦਾ ਫੋਨ ਆਇਆ ਕਿ ਮਾਲਵੇ ਵਿੱਚ “ਚੌਰਾ” ਕਿਹਨੂੰ ਕਹਿੰਦੇ ਐ”..
ਮੇਰਾ ਹਾਸਾ ਨਿਕਲ ਗਿਆ ਤੇ ਮੈਂ ਪੁੱਛਿਆ “ਪਹਿਲਾਂ ਇਹ ਦੱਸੋ ਤੁਹਾਨੂੰ ਕਿਸੇ ਨੇ ਕਹਿ ਤਾਂ ਨਹੀਂ ਦਿੱਤਾ”
ਫੇਰ ਉਨ੍ਹਾਂ ਨੂੰ ਮਾਲਵੇ ਦੇ “ਚੌਰਾ” ਸ਼ਬਦ ਦਾ ਅਰਥ ਸਮਝਾਇਆ…
ਹੋਰ ਅਨੇਕਾਂ ਅਜਿਹੇ ਪੁਆਧ ਦੇ ਸ਼ਬਦ ਹਨ ਜਿਨ੍ਹਾਂ ਨੇ ਸਾਨੂੰ ਚੱਕਰਾਂ ਵਿੱਚ ਪਾਇਆ ਤੇ ਅਨੇਕਾਂ ਮਲਵਈ ਦੇ ਸ਼ਬਦ ਹਨ,ਜਿਨ੍ਹਾਂ ਨਾਲ ਅਸੀਂ ਉਨ੍ਹਾਂ ਨੂੰ ਚੱਕਰਾਂ ‘ਚ ਪਾਈ ਰੱਖਿਆ.. ਸੱਚਮੁੱਚ ਉਪ ਭਾਸ਼ਾਈ ਅੰਤਰ ਬੜੀਆਂ ਦਿਲਚਸਪ ਸਥਿਤੀਆਂ ਪੈਦਾ ਕਰਦੇ ਹਨ..
ਕੁਲਵਿੰਦਰ ਸਿੰਘ ਮੁਕਤਸਰ
ਪੁਆਧੀ ਨਾਲ ਪੰਗੇ