ਅੱਜ ਕਰਮੋ ਨੂੰ ਬਿਰਧ ਆਸ਼ਰਮ ਵਿੱਚ ਆਈ ਨੂੰ ਮਹੀਨੇ ਦੇ ਕਰੀਬ ਹੋ ਗਿਆ ਸੀ। ਹੁਣ ਕਿਤੇ ਜਾ ਕੇ ਉਹਦੇ ਮਨ ਨੂੰ ਮਾੜਾ-ਮੋਟਾ ਧੀਰਜ ਜਿਹਾ ਬੱਝਾ ਸੀ। ਪਹਿਲੇ ਚਾਰ-ਪੰਜ ਦਿਨ ਉਹ ਬਹੁਤ ਬੇਚੈਨ ਰਹੀ ਸੀ ਕਿਉਂਕਿ ਅਜਨਬੀ ਥਾਂ ਤੇ ਰਹਿਣਾ ਕਿਹੜਾ ਕੋਈ ਸੌਖੀ ਗੱਲ ਹੈ? ਉਹ ਵੀ ਅਜਿਹੀ ਥਾਂ ਤੇ ਜਿੱਥੇ ਸਾਰੇ ਬਜ਼ੁਰਗ ਕਿਸੇ ਨਾ ਕਿਸੇ ਦੁੱਖ ਕਰਕੇ ਸਤਾਏ ਇੱਥੇ ਛੱਡ ਦਿੱਤੇ ਗਏ ਸੀ। ਸਭ ਦੇ ਸਰਾਪੇ ਹੋਏ ਚਿਹਰੇ ਦੇਖ ਕੇ ਕਰਮੋ ਦਾ ਦਿਲ ਹੌਲਾ ਪੈ ਜਾਂਦਾ। ਉਹਨੂੰ ਵੀ ਅੱਚਵੀਂ ਜਿਹੀ ਲੱਗ ਜਾਂਦੀ ਕਿ ਪਤਾ ਨਹੀਂ ਕਦੋਂ ਰੱਬ ਇਸ ਨਰਕ ਵਰਗੀ ਜ਼ਿੰਦਗੀ ਤੋਂ ਛੁਟਕਾਰਾ ਕਰਵਾਏਗਾ? ਉਹ ਆਪਣੇ ਪੁੱਤ ਛਿੰਦੇ ਨੂੰ ਮਨ ਵਿੱਚ ਲੱਖ-ਲੱਖ ਵਾਰ ਕੋਸਦੀ ਤੇ ਆਪ-ਮੁਹਾਰੇ ਹੀ ਕਹਿੰਦੀ ਕਿ ਪੁੱਤ, ਤੇਰੀ ਪਾਲਣਾ ਵਿੱਚ ਮੈਥੋਂ ਕਿਹੜੀ ਊਣਤਾਈ ਰਹਿ ਗਈ, ਜਿਹੜਾ ਤੂੰ ਮੈਨੂੰ ਬਹੂ ਦੇ ਆਖੇ ਲੱਗ ਕੇ ਇੱਥੇ ਸ਼ਹਿਰ ਦਵਾਈ ਦਿਵਾਉਣ ਦੇ ਬਹਾਨੇ ਛੱਡ ਗਿਆ। ਪਰ ਫਿਰ ਮਨ ਨੂੰ ਧੀਰਜ ਦਿੰਦੀ ਹੋਈ ਆਖਦੀ ਕਿ ਭਲਾਂ, ਉਹਦੇ ਕੀ ਵੱਸ ਹੈ ਵਿਚਾਰੇ ਦੇ ? ਮੈਂ ਆਪ ਹੀ ਉਹਨੂੰ ਨਰਕ ਵਿੱਚ ਧੱਕਾ ਦਿੱਤਾ ਉਸਨੂੰ, ਉਹ ਤਾਂ ਵਿਚਾਰਾ ਕਿਸੇ ਸਧਾਰਨ ਘਰ ਦੀ ਲੜਕੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਤਾਂ ਕਿ ਸਾਡੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ। ਪਰ ਅਸੀਂ ਹੀ ਦੋਵੇਂ ਜੀਅ ਰੇੜਕਾ ਪਾ ਕੇ ਬੈਠ ਗਏ ਕਿ ਕਿਸੇ ਚੰਗੇ ਘਰ ਦੀ ਲੜਕੀ ਨਾਲ ਵਿਆਹ ਕਰਾਂਗੇ ਤੇਰਾ। ਬੱਸ ਜਿੱਦਣ ਦਾ ਵਿਆਹ ਕੀਤਾ ਛਿੰਦੇ ਦਾ, ਉਸ ਦਿਨ ਤੋਂ ਹੀ ਘਰ ਵਿੱਚ ਕਲੇਸ਼ ਪੈ ਗਿਆ। ਅਖੇ, ਮੈਂ ਨਹੀਂ ਪਕਾਉਣੀਆਂ ਰੋਟੀਆਂ ਸਾਰੇ ਟੱਬਰ ਦੀਆਂ, ਆਪੇ ਲਾਹ ਲੈਣ ਜਿਹਨੇ ਖਾਣੀਆਂ ਨੇ। ਛਿੰਦੇ ਦਾ ਬਾਪੂ ਦਿਲ ਦਾ ਮਰੀਜ ਹੋਣ ਕਰਕੇ ਤੇ ਨਿੱਤ ਦੇ ਕਲੇਸ਼ ਕਰਕੇ ਹੋਕਾ ਲੈ ਕੇ ਹੀ ਮਰ ਗਿਆ। ਮੈਂ ਵੀ ਉਹਦੀ ਮੌਤ ਪਿੱਛੋਂ ਨਿਆਸਰੀ ਜਿਹੀ ਹੋ ਗਈ। ਹੁਣ ਛਿੰਦੇ ਦੋ ਸਾਲ ਮਗਰੋਂ ਇੱਕ ਧੀ ਵੀ ਹੋ ਗਈ ਸੀ, ਜਿਹਦਾ ਬੜਾ ਪਿਆਰਾ ਨਾਂ ਸੀਰਤ ਸੀ, ਜਵਾਂ ਛਿੰਦੇ ਪੁੱਤ ਵਰਗੀ ਸੀ ਮੁਹਾਂਦਰੇ ਤੋਂ। ਹੁਣ ਮੈਨੂੰ ਲੱਗਣ ਲੱਗਾ ਸੀ ਕਿ ਚਲੋ ਹੁਣ ਦਿਨ ਸੀਰਤ ਕਰਕੇ ਬਦਲ ਜਾਣਗੇ। ਬੜਾ ਚੁੱਕਣ ਨੂੰ ਜੀਅ ਕਰਦਾ ਸੀ ਉਹਨੂੰ ਪਰ ਨੂੰਹ ਦੇ ਡਰ ਕਰਕੇ ਚੁੱਕ ਨਾ ਸਕਦੀ। ਇੱਕ-ਦੋ ਵਾਰੀ ਨੂੰਹ ਤੋਂ ਪੁੱਛਿਆ ਵੀ ਪਰ ਉਸ ਚੰਦਰੀ ਨੇ ਕੋਈ ਹੁੰਗਾਰਾ ਨਾ ਦਿੱਤਾ। ਜਦੋਂ ਛਿੰਦੇ ਪੁੱਤ ਮੇਰੇ ਕੋਲ ਉਸਨੂੰ ਲੈ ਕੇ ਦਸ ਮਿੰਟ ਬੈਠ ਜਾਂਦਾ ਤਾਂ ਬਹੂ ਭਾਂਡੇ ਭੰਨਣੇ ਸ਼ੁਰੂ ਕਰ ਦਿਆ ਕਰੇ। ਫਿਰ ਮੈਂ ਆਪ ਹੀ ਅਖੀਰ ਨੂੰ ਦੋਹਾਂ ਦੇ ਕਲੇਸ਼ ਤੋਂ ਬਚਣ ਲਈ ਉਹਨੂੰ ਜਾਣ ਲਈ ਕਹਿ ਦਿਆ ਕਰਾਂ। ਮਨ ਦੇ ਵਿੱਚ ਇਹੀ ਝੋਰਾ ਰਹਿੰਦਾ, ਜੇ ਉਦੋਂ ਛਿੰਦੇ ਦੇ ਆਖੇ ਲੱਗ ਜਾਂਦੀ ਤਾਂ ਆਹ ਦਿਨ ਨਾ ਵੇਖਣੇ ਪੈਂਦੇ। ਹੁਣ ਮਨ ਵਿੱਚ ਪਛਤਾਵਾ ਸੀ ਕਿ ਐਹੋ ਜਿਹੇ ਪੈਸੇ ਨੂੰ ਕਿਸੇ ਨੇ ਚੱਟਣਾ ਹੈ, ਜਦੋਂ ਛੋਟਾ ਜਿਹਾ ਸਾਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਛਿੰਦੇ ਦੇ ਬਾਪੂ ਦੀ ਓਦੋਂ ਇੱਛਾ ਸੀ ਕਿ ਇੱਕ ਔਲਾਦ ਹੋਰ ਲੈ ਲਈਏ, ਕੱਲੇ-ਕਹਿਰੇ ਬੱਚੇ ਨਾਲ ਕੀ ਬਣਦਾ ਹੈ? ਪਰ ਆਹ ਜਿਹੜੀ ਚੰਦਰੀ ਰੀਤ ਜਿਹੀ ਬਣ ਗਈ ਕਿ ਹੁਣ ਪਹਿਲਾ ਪੁੱਤ ਹੋ ਗਿਆ, ਹੋਰ ਔਲਾਦ ਕੀ ਕਰਨੀ ਹੈ, ਐਂਵੇ ਜ਼ਮੀਨ ਦਾ ਬਟਵਾਰਾ ਹੋਊ ਤੇ ਨਾਲੇ ਨਿੱਤ ਦਾ ਕਲੇਸ਼ ਪਊ। ਜੇ ਦੋ ਹੁੰਦੇ ਤਾਂ ਇੱਕ ਤਾਂ ਸਾਂਭਦਾ ਮੈਨੂੰ। ਆਹ ਬਿਰਧ ਆਸ਼ਰਮ ਵਾਲੇ ਦਿਨ ਤਾਂ ਨਾ ਦੇਖਣੇ ਪੈਂਦੇ। ਪਰ ਫਿਰ ਖਿਆਲ ਆਉਂਦਾ ਕਿ ਉਸ ਡਾਢੇ ਦੀਆਂ ਲਿਖੀਆਂ ਬਾਰੇ ਕੋਈ ਨਹੀਂ ਜਾਣਦਾ ਕਿ ਉਸਨੇ ਕਿਹੜੇ ਦਿਨ ਵਿਖਾਉਣੇ ਨੇ। ਹੁਣ ਮਨ ਵਿੱਚ ਪਹਿਲੇ ਮਹੀਨੇ ਵਿੱਚ ਜਿਹੜੀ ਹਲਚਲ ਹੋਣੀ ਸੀ, ਉਹ ਹੋ ਗਈ। ਆਪਣੇ ਨਾਲ ਦੇ ਵੱਧ ਦੁਖੀਆਂ ਨੂੰ ਦੇਖ ਕੇ ਮਨ ਨੂੰ ਧਰਵਾਸ ਦੇ ਛੱਡੀਦਾ। ਨਾਲੇ ਹੁਣ ਸਾਰਿਆਂ ਨਾਲ ਬੁੱਕਲ ਜਿਹੀ ਖੁੱਲ੍ਹ ਗਈ ਸੀ। ਜਦੋਂ ਵੀ ਛਿੰਦੇ ਪੁੱਤ ਤੇ...
ਉਹਦੀ ਧੀ ਸੀਰਤ ਦੀ ਯਾਦ ਆਉਂਦੀ ਤਾਂ ਅੱਥਰੂਆਂ ਦਾ ਹੜ੍ਹ ਜਿਹਾ ਆ ਜਾਂਦਾ ਤੇ ਫਿਰ ਉਹਦੀ ਖ਼ੁਸ਼ੀ ਲਈ ਦਿਲ ਤੇ ਪੱਥਰ ਧਰ ਲੈਂਦੀ। ਸਾਰੇ ਨਾਲ ਦੇ ਇੱਕ-ਦੂਜੇ ਨੂੰ ਧਰਵਾਸ ਦਿੰਦੇ ਤੇ ਮਨ ਹਲਕਾ ਕਰਾ ਦਿੰਦੇ। ਹਰ ਕੋਈ ਕਿਸੇ ਨਾ ਕਿਸੇ ਦੁੱਖ ਤੋਂ ਪੀੜਤ ਸੀ। ਕੋਈ ਕਹਿੰਦੀ ਕਿ ਮੇਰਾ ਇੱਕ ਪੁੱਤ ਨਸ਼ਾ ਕਰਦਾ ਹੈ ਤੇ ਉਸਦਾ ਵਿਆਹ ਨਹੀਂ ਹੋਇਆ ਤੇ ਦੂਜੇ ਨੇ ਨੂੰਹ ਦੇ ਆਖੇ ਲੱਗ ਕੇ ਸਾਰਾ ਕੁੱਝ ਸਾਂਭ ਲਿਆ ਤੇ ਮੈਨੂੰ ਇੱਥੇ ਛੱਡ ਗਏ। ਕੋਈ ਕਹਿੰਦੀ ਕਿ ਮੇਰਾ ਪੁੱਤ ਨੌਕਰੀ ਕਰਦਾ ਹੋਣ ਕਰਕੇ ਪਿੰਡੋਂ ਸਾਰਾ ਕੁੱਝ ਵੇਚ ਕੇ ਸ਼ਹਿਰ ਰਹਿਣ ਲੱਗ ਪਿਆ ਤੇ ਮੇਰਾ ਉੱਥੇ ਜੀਅ ਨਾ ਲੱਗੇ ਤੇ ਮੈਂ ਕਿਹਾ,”ਪੁੱਤ ਮੈਨੂੰ ਪਿੰਡ ਛੱਡ ਆ ਤੇ ਉਹ ਪਿੰਡ ਛੱਡਣ ਦੇ ਬਹਾਨੇ ਇੱਥੇ ਛੱਡ ਗਿਆ।” ਕੋਈ ਧੀਆਂ-ਪੁੱਤਾਂ ਦੇ ਪਾੜੇ ਕਰਕੇ ਦੁਖੀ ਸੀ ਕਿ ਤੁਸੀਂ ਧੀਆਂ ਨੂੰ ਜਿਆਦਾ ਦਿੰਦੇ ਹੋ, ਅਸੀਂ ਨਹੀਂ ਸਾਂਭਣਾ ਤੁਹਾਨੂੰ। ਇੱਥੇ ਜਿੰਨੇ ਰਹਿਣ ਵਾਲੇ ਸਨ ਤੇ ਸਾਰਿਆਂ ਦੇ ਵੱਖ-ਵੱਖ ਦੁੱਖ ਸਨ ਪਰ ਹੈ ਸਾਰੇ ਨੂੰਹਾਂ-ਪੁੱਤਾਂ ਦੇ ਸਤਾਏ ਹੋਏ ਸਨ। ਕਰਮੋ ਦੀ ਜੈਲੋ ਨਾਲ ਕਾਫੀ ਮੱਤ ਮਿਲਦੀ ਸੀ ਤੇ ਦੋਹਾਂ ਦੀ ਸਮੱਸਿਆ ਵੀ ਇੰਨ-ਬਿਨ ਇੱਕੋ ਜਿਹੀ ਸੀ। ਇਸ ਕਰਕੇ ਦੋਵੇਂ ਇੱਕ-ਦੂਜੀ ਨੂੰ ਭੈਣਾਂ ਆਖਦੀਆਂ ਸਨ। ਜੈਲੋ ਦੋ ਸਾਲ ਪਹਿਲਾਂ ਇੱਥੇ ਛੱਡੀ ਗਈ ਸੀ ਕਿਉਂਕਿ ਉਹਦੀ ਮੱਤ ਵੀ ਆਪਣੀ ਨੂੰਹ ਨਾਲ ਘੱਟ ਮਿਲਦੀ ਸੀ ਤੇ ਉਸਦਾ ਪੁੱਤਰ ਆਪਣੀ ਤੀਵੀਂ ਮਗਰ ਜਿਆਦਾ ਲੱਗਦਾ ਸੀ। ਇਸ ਕਰਕੇ ਉਸਨੂੰ ਆਹ ਦਿਨ ਵੇਖਣੇ ਪਏ ਸਨ। ਕਰਮੋ ਅਕਸਰ ਜੈਲੋ ਨੂੰ ਪੁੱਛਦੀ ਕਿ ਇੱਥੇ ਕੋਈ ਘਰ ਦਾ ਮੈਬਰ ਮਿਲਣ ਵੀ ਆਉਂਦਾ ਹੈ ਕਿ ਨਹੀਂ। ਜੈਲੋ ਦੁੱਖੀ ਹਿਰਦੇ ਨਾਲ ਆਖਦੀ ਕਿ ਹਾਂ ਭੈਣੇ, ਤਿਉਹਾਰਾਂ ਵੇਲੇ ਤੇ ਆਹ ਮਦਰ ਡੇ ਵੇਲੇ ਫੋਟੋ ਕਰਵਾਉਣ ਲਈ ਆ ਜਾਂਦੇ ਹਨ ਤੇ ਮਾੜੇ-ਮੋਟੇ ਲੀੜੇ-ਲੱਤੇ ਤੇ ਖਾਣ ਨੂੰ ਭੋਰਾ ਦੇ ਜਾਂਦੇ ਹਨ ਤੇ ਮਗਰੋਂ ਮੋਬਾਇਲਾਂ ਤੇ ਫੋਟੋ ਕਰਕੇ ਦੂਜਿਆਂ ਨੂੰ ਦਿਖਾਉਣ ਲਈ ਪਾਈ ਜਾਂਦੇ ਨੇ ਲੋਕਾਂ ਨੂੰ । ਕਰਮੋ ਆਖਦੀ ਕਿ ਭੈਣੇ, ਆਹ ਮਦਰ ਡੇ ਕਦੋਂ ਆਉਣਾ ਹੈ ? ਜੈਲੋ ਉਸਦੀ ਪੁੱਤ ਨੂੰ ਮਿਲਣ ਦੀ ਤਾਂਘ ਨੂੰ ਦੇਖ ਕੇ ਆਖਦੀ ਕਿ ਭੈਣੇ, ਪੱਕਾ ਤਾਂ ਮੈਨੂੰ ਪਤਾ ਨਹੀਂ ਪਰ ਪਿਛਲੇ ਸਾਲ ਓਦੋਂ ਮਈ ਦਾ ਮਹੀਨਾ ਸੀ, ਜਦੋਂ ਮੇਰਾ ਜੀਤਾ ਪੁੱਤ ਤੇ ਪੋਤਰਾ-ਪੋਤਰੀ ਆਏ ਸੀ। ਚੱਲ ਫਿਰ ਜੈਲੋ ਭੈਣੇ ਹੁਣ ਦੱਸ ਕਿਹੜਾ ਮਹੀਨਾ ਚੱਲਦਾ ਹੈ? ਹੁਣ ਤੇਰਾ ਆਹ ਮਈ ਮਹੀਨਾ ਆਉਣ ਹੀ ਵਾਲਾ ਹੈ। ਇਹ ਸੁਣ ਕੇ ਜਿਵੇਂ ਕਰਮੋ ਵਿੱਚ ਜਾਨ ਜਿਹੀ ਪੈ ਗਈ। ਕਰਮੋ ਜੈਲੋ ਨੂੰ ਕਹਿਣ ਲੱਗੀ ਕਿ ਭੈਣੇ ਉਂਝ ਤਾਂ ਭਾਵੇਂ ਆਪਾਂ ਨਿਹਕਰਮੀਆਂ ਹੀ ਹਨ ਪਰ ਜੇ ਆਪਣੇ ਪੁੱਤ-ਪੋਤਰੇ ਤੇ ਨੂੰਹਾਂ ਮਿਲ ਜਾਣ ਤਾਂ ਆਪਾਂ ਕਰਮਾਂ ਵਾਲੀਆਂ ਹੋਵਾਂਗੀਆਂ। ਜੈਲੋ ਕਹਿਣ ਲੱਗੀ ਕਿ ਭੈਣੇ, ਆਪਾਂ ਕਰਮਾਂ ਵਾਲੀਆਂ ਕਾਹਦੀਆਂ ਹੋਈਆਂ, ਜਿਹੜੀਆਂ ਬੁਢਾਪੇ ਵਿੱਚ ਅਰਾਮ ਨਾਲ ਘਰ ਵਿੱਚ ਚਾਰ ਦਿਨ ਨਾ ਗੁਜਾਰ ਸਕੀਆਂ। ਆਪਾਂ ਪੁੱਤਾਂ ਨੂੰ ਔਖੇ ਹੋ ਕੇ ਇਸ ਕਰਕੇ ਤਾਂ ਨਹੀਂ ਪਾਲਿਆ ਕਿ ਤੁਸੀਂ ਵੱਡੇ ਹੋ ਕੇ ਆਪਣੀਆਂ ਜਨਾਨੀਆਂ ਮਗਰ ਲੱਗ ਕੇ ਸਾਨੂੰ ਇੱਥੇ ਛੱਡ ਜਾਓਂਗੇ। ਨਾ ਭਲਾਂ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਕੱਲ੍ਹ ਨੂੰ ਤੁਹਾਡੇ ਤੇ ਕਿਹੜਾ ਬੁਢਾਪਾ ਆਉਣਾ ਨਹੀਂ ? ਕੋਈ ਗੱਲ ਨਹੀਂ ਮਾਲਕ ਦੇ ਘਰ ਦੇਰ ਹੈ, ਅੰਧੇਰ ਨਹੀਂ। ਜੈਲੋ ਭੈਣੇ ਇਹ ਲੋਕ ਆਪਾਂ ਨੂੰ ਪੱਥਰ ਦੀਆਂ ਮੂਰਤੀਆਂ ਸਮਝਦੇ ਨੇ, ਜੋ ਦਿਖਾਵੇ ਲਈ ਇੰਨ੍ਹਾਂ ਤਿਉਹਾਰਾਂ ਤੇ ਮਦਰ ਡੇ ਤੇ ਪੱਥਰ ਦੀਆਂ ਮੂਰਤੀਆਂ ਤੇ ਫੁੱਲ ਝੜਾ ਕੇ ਆਪਣੇ ਅੰਦਰ ਵਾਲੇ ਮਰੇ ਭਗਵਾਨ ਨੂੰ ਖ਼ੁਸ਼ ਕਰਨ ਦਾ ਯਤਨ ਕਰਦੇ ਹਨ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761