ਅਬਦੁੱਸ ਸੱਤਾਰ ਉਰਫ ਬਾਬਾ ਈਦੀ
ਵੰਡ ਵੇਲੇ ਓਧਰ ਚਲਿਆ ਗਿਆ..ਅੰਮੀਂ ਸਕੂਲ ਜਾਣ ਵੇਲੇ ਦੋ ਆਨੇ ਦਿਆ ਕਰਦੀ..
ਨਾਲੇ ਆਖਦੀ ਇੱਕ ਪੈਸਾ ਆਪਣੇ ਤੇ..ਅਤੇ ਬਾਕੀ ਦੇ ਲੋੜਵੰਦ ਤੇ ਖਰਚੀ..!
ਕਈ ਵਾਰ ਸਾਰੇ ਆਪਣੇ ਤੇ ਖਰਚ ਲੈਂਦਾ ਤਾਂ ਅੰਮੀਂ ਨੂੰ ਪਤਾ ਲੱਗ ਜਾਂਦਾ..ਪਤਾ ਨੀ ਕਿੱਦਾਂ!
ਇੱਕ ਵਾਰ ਇੱਕ ਮਲੰਗ ਨੂੰ ਕੁਝ ਫੁਕਰੇ ਤੰਗ ਕਰੀ ਜਾ ਰਹੇ..
ਅੱਗੇ ਖਲੋ ਗਿਆ..ਹੁਣ ਕਰੋ ਤੰਗ!
ਉਹ ਕੱਠੇ ਹੋ ਕੇ ਪੈ ਗਏ..ਬੜਾ ਕੁੱਟਿਆ..ਘਰੇ ਅੱਪੜਿਆਂ..ਮਾਂ ਨੇ ਲਾਡ ਪਿਆਰ ਕੀਤਾ..ਸੱਟਾਂ ਤੇ ਮਰਹਮ ਪੱਟੀ ਕੀਤੀ..!
ਆਖਣ ਲੱਗੀ ਪੁੱਤਰ ਕੁਝ ਨੀ ਹੋਇਆ ਜੇ ਕੁੱਟ ਪੈ ਗਈ ਤਾਂ..ਬੱਸ ਇੰਝ ਹੀ ਭਲਾਈ ਕਰਦਾ ਰਹੀਂ..!
ਐਸੀ ਚੇਟਕ ਲੱਗੀ..
ਜਦੋਂ ਵੀ ਲਵਾਰਿਸ ਲਾਸ਼..ਜਖਮੀਂ..ਵਕਤ ਦਾ ਮਾਰਿਆ..ਘਰੋਂ ਕੱਢਿਆ ਵੇਖਦੇ ਤਾਂ ਆਖਦੇ..ਈਦੀ ਨੂੰ ਬੁਲਾਓ!
ਇੱਕ ਵਾਰ ਫੌਜ ਦਾ ਕਰਨਲ ਦਸ ਹਜਾਰ ਫੜਾ ਗਿਆ..
ਪੰਜ ਹਜਾਰ ਦੀਆਂ ਦਵਾਈਆਂ ਤੇ ਬਾਕੀ ਬੱਚਿਆਂ ਦਾ ਇੱਕ ਮਿਲਿਟਰੀ ਦਾ ਜੋਂਗਾ ਲੈ ਲਿਆ!
ਫੇਰ ਸਾਰੇ ਕਰਾਚੀ ਵਿਚ ਬਾਬੇ ਈਦੀ ਦਾ ਜੋਂਗਾ ਮਸ਼ਹੂਰ ਹੋ ਗਿਆ!
ਇੱਕ ਵਾਰ ਕਿਸੇ ਦਾ ਬਜ਼ੁਰਗ ਖੂਹ ਵਿਚ ਜਾ ਡਿੱਗਾ..
ਦੋ ਦਿਨ ਬਾਅਦ ਪਤਾ ਲੱਗਾ..ਲਾਸ਼ ਬਦਬੂ ਮਾਰਨ ਲੱਗੀ..ਉਹ ਕੱਢਣ ਤੋਂ ਟਾਲਾ ਵੱਟਣ..!
ਇਸਨੂੰ ਪਤਾ ਲੱਗਾ..ਖੂਹ ਵਿਚੋਂ ਆਪ ਕੱਢਿਆ..ਨੁਹਾਇਆ,ਧੁਆਇਆ..ਕਫ਼ਨ ਪਾਇਆ..ਕਬਰ ਪੁੱਟੀ ਤੇ ਫ਼ਾਤਿਹਾ ਪੜ ਦਫਨਾ ਦਿੱਤਾ..!
ਪਰਿਵਾਰ ਆਖਣ ਲੱਗਾ ਆਹ ਪੰਝੀ ਹਜਾਰ ਰੱਖ ਲਵੋਂ..
ਅੱਗੋਂ ਆਹਂਦਾ ਤੁਹਾਡਾ ਤੇ ਇੱਕ ਪੈਸਾ ਵੀ ਮੇਰੇ ਲਈ ਹਰਾਮ ਹੈ..ਤੁਸੀਂ ਰੁਮਾਲਾਂ ਨਾਲ ਆਪਣੇ ਮੂੰਹ ਨਹੀਂ ਸਗੋਂ ਮਰੀਆਂ ਜਮੀਰਾਂ ਢੱਕ ਲਈਆਂ!
ਵਹੁਟੀ ਬਿਲਕੀਸ ਕਹਿੰਦੀ..”ਈਦੀ ਤੂੰ ਗਲ਼ੀਆਂ...
ਸੜੀਆਂ ਬਦਬੋ ਮਾਰਦੀਆਂ ਲਾਸ਼ਾਂ ਚੁੱਕਦਾ..ਤੈਨੂੰ ਕਚੈਨ ਨੀ ਆਉਂਦੀ”?
ਆਖਦਾ ਜਦੋਂ ਵੀ ਕੋਈ ਲਾਸ਼ ਦਿਸਦੀ ਏ ਤਾਂ ਸੋਚਦਾ ਇਹ ਮੇਰੀ ਵੀ ਹੋ ਸਕਦੀ ਤੇ ਤੇਰੀ ਵੀ..
ਫੇਰ ਕਦੀ ਹਿਚਕਿਚਾਹਟ ਨਹੀਂ ਹੁੰਦੀ!
ਕੌਣ ਕਹਿੰਦਾ ਭਾਈ ਘਨਈਏ ਅਤੇ ਭਗਤ ਪੂਰਨ ਸਿੰਘ ਸਾਡੇ ਵਿਚ ਹੀ ਹੋਏ ਨੇ!
ਦਿੱਲੀ ਮੋਰਚੇ ਤੇ ਗਿਆ ਦਿਲਬਾਗ ਸਿੰਘ..
ਪੰਜਵੜ ਤੋਂ ਸਾਈਕਲ ਤੇ ਦਿੱਲੀ ਅੱਪੜਿਆ..ਮੇਰੇ ਦਿਲ ਵਿਚ ਖਿਆਲ ਆਇਆ..ਮੀਡਿਆ ਪੱਕਾ ਆਖੂ ਖਾੜਕੂਆਂ ਦੇ ਪਿੰਡੋਂ ਇੱਕ ਅੱਤਵਾਦੀ ਆਇਆ..
ਖੈਰ ਬੋਝੇ ਵਿਚੋਂ ਸੌ ਦਾ ਨੋਟ ਕੱਢਿਆ ਤੇ ਏਨੀ ਗੱਲ ਆਖ ਮੁੜ ਗਿਆ ਕੇ ਮੇਰੇ ਕੋਲ ਏਨੇ ਹੀ ਨੇ..
ਜੇ ਹੋਰ ਹੋਏ ਤਾਂ ਫੇਰ ਮੁੜਾਂਗਾ ਪਰ ਇਸ ਵਾਰ ਕੌਮ ਦੀ ਪਿੱਠ ਨਹੀਂ ਲਵਾਉਣੀ..!
ਜਿਸ ਦਿਨ ਕੰਮ ਸਿਰੇ ਲੱਗਿਆ..ਪੰਜਵੜ ਵਾਲੇ ਇਸ ਦਿਲਬਾਗ ਸਿੰਘ ਦਾ ਤਾਂ ਪੱਕਾ ਧੜੀ ਖੂਨ ਵੱਧ ਜੂ..
ਮੁੱਛ ਦਾ ਸਵਾਲ ਜੂ ਬਣ ਗਿਆ..ਦਿੱਲੀਂ ਨਾਲ ਅਗਲੇ ਪਿਛਲੇ ਉਧਾਰ ਚੁਕਾਉਣ ਦਾ ਵੇਲਾ ਤਾਂ ਅਸਲ ਵਿਚ ਹੁਣ ਆਇਆ..
ਇਸ ਵਾਰ ਪੱਕਾ ਟਾਂਡਿਆਂ ਵਾਲੀ ਰਹੂ ਤੇ ਜਾਂ ਫੇਰ ਭਾਂਡਿਆਂ ਵਾਲੀ
ਕਿਓੰਕੇ “ਲਹੂ ਜੋ ਰੱਖਿਆ ਜੋੜ ਕੇ..ਇਸ਼ਕ ਚ ਪਾਊ ਸੀਰ..ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ!
ਆਓ ਦਸਮ ਪਿਤਾ ਦਾ ਬਖਸ਼ਿਆ ਹੋਇਆ ਜੈਕਾਰਾ ਬੁਲੰਦ ਕਰੀਏ..ਬੋਲੇ ਸੋ ਨਿਹਾਲ..ਸੱਤ ਸ੍ਰੀ ਅਕਾਲ!
ਹਰਪ੍ਰੀਤ ਸਿੰਘ ਜਵੰਦਾ