ਛੁੱਟੀਆਂ ‘ਚ ਆਪਣੀ ਪੁਰਾਣੀ ਮੰਡੀ ਦੇ ਗਲੀ-ਮੁਹੱਲੇ ਦਾ ਚੱਕਰ ਲਾਉਂਦੇ ਮਹਿਸੂਸ ਕੀਤਾ ਕਿ ਜਿੱਥੇ ਬਚਪਨ ‘ਚ ਆਪਣੇ ਸੰਗੀ-ਸਾਥੀਆਂ ਨਾਲ ਖੇਡਿਆ ਕਰਦੇ ਸੀ, ਮਸਤੀ ਕਰਦੇ ਸੀ… ਅੱਜ ਓਥੇ ਹਰ ਸਮੇਂ ਚੁੱਪ ਪਸਰੀ ਰਹਿੰਦੀ ਹੈ। ਆਖਿਰ ਸੁੰਨੇ ਹੁੰਦੇ ਘਰਾਂ ਤੇ ਖਾਲੀ ਹੁੰਦੀਆਂ ਗਲੀਆਂ ਦਾ ਕਾਰਨ ਕੀ ਹੈ?
ਪਦਾਰਥਵਾਦੀ ਯੁੱਗ ‘ਚ ਹਰ ਘਰ ‘ਚ ਇੱਕ ਜਾ ਦੋ ਬੱਚੇ ਹੀ ਹਨ… ਬਹੁਤੇ ਅਮੀਰਾਂ ਦੇ ਬੱਚੇ ਤਾਂ ਸ਼ੁਰੂਆਤ ‘ਚ ਹੀ ਸ਼ਿਮਲਾ, ਡਲਹੌਜੀ ਦੇ ਹੋਸਟਲਾਂ ‘ਚ ਪੜ ਰਹੇ ਹਨ। ਤੇ ਬਾਕੀ 10ਵੀਂ ਜਾ +2 ਤੋਂ ਬਾਅਦ ਕੋਚਿੰਗ ਜਾ ਪ੍ਰੋਫੈਸ਼ਨਲ ਕੋਰਸਾਂ ਲਈ ਜਾ ਤਾਂ ਚੰਡੀਗੜ੍ਹ, ਦਿੱਲੀ, ਕੋਟਾ ਰਹਿ ਰਹੇ ਹਨ ਜਾ ਫੇਰ ਕੈਨੇਡਾ/ਆਸਟਰੇਲੀਆ ਲਈ ਉਡਾਰੀ ਮਾਰ ਗਏ ਹਨ।
4-5 ਸਾਲ ਘਰ ਤੋਂ ਬਾਹਰ ਰਹਿਣ ਕਾਰਨ ਬੱਚੇ ਓਥੇ ਵੱਡੇ ਸ਼ਹਿਰਾਂ ਦੇ ਮਾਹੌਲ ‘ਚ ਹੀ ਰਚ-ਮਿਚ ਜਾਂਦੇ ਹਨ, ਓਥੇ ਹੀ ਨੌਕਰੀ ਲੱਭ ਲੈਂਦੇ ਹਨ ਤੇ ਓਥੇ ਹੀ ਆਪਣੀ ਸਹਿਪਾਠੀ ਜਾ ਨਾਲ ਕੰਮ ਕਰਦੇ ਕੁੜੀ/ਮੁੰੰਡੇ ਨਾਲ ਵਿਆਹ ਕਰਵਾ ਲੈਂਦੇ ਹਨ।
ਬੱਚਿਆਂ ਬਾਰੇ ਜਦੋਂ ਕੋਈ ਪੁੱਛਦਾ ਹੈ ਤਾਂ ਮਾਂ-ਬਾਪ ਆਪਣਾ ਮਨ ਸਮਝਾਉਣ ਲਈ ਆਪਣੇ ਮੁੰਡੇ/ਕੁੜੀ ਨੂੰ ਨੌਕਰੀ ਦੇ ਮਿਲਦੇ...
ਚੰਗੇ ਪੈਕੇਜ ਦਾ ਹਵਾਲਾ ਦਿੰਦਿਆਂ ਆਖਦੇ ਨੇ ਕਿ, “ਹੁਣ ਏਥੇ ਰੱਖਿਆ ਵੀ ਕੀ ਹੈ!”
ਘਰਾਂ ‘ਚ ਨਜਰ ਆਉਂਦੇ ਨੇ ਤਾਂ ਸਿਰਫ ਬਜੁਰਗ ਮਾਪੇ… ਸੈਲਫ ਇੰਡੀਪੈਂਡੈਂਸ ਦਾ ਹਵਾਲਾ ਦੇ ਕੇ ਓਨਾਂ ਦੇ ਪੁੱਤਰ-ਨੂੰਹਾਂ ਓਨਾ ਨੂੰ ਆਪਣੇ ਨਾਲ ਫਲੈਟ ‘ਚ ਰੱਖਣ ਲਈ ਤਿਆਰ ਨਹੀਂ ਹਨ। ਬੱਚੇ ਛੁੱਟੀਆਂ ‘ਚ ਰਿਸ਼ਤੇਦਾਰਾਂ ਵਾਂਗੂ ਮਾਂ-ਬਾਪ ਨੂੰ ਮਿਲਣ ਲਈ ਘਰ ਆਉਂਦੇ ਹਨ।
ਘਰ ਖਾਲੀ, ਗਲੀਆਂ ਖਾਲੀ ਤੇ ਹੌਲੀ-ਹੌਲੀ ਮੁਹੱਲੇ ਖਾਲੀ ਹੋ ਰਹੇ ਹਨ… ਸੁੰਨੇ ਘਰ ਰਾਹ ਦੇਖਦੇ ਹਨ, ਬੰਦ ਬੂਹੇ ਅਵਾਜ਼ਾਂ ਮਾਰਦੇ ਹਨ… ਪਰ ਵਾਪਿਸ ਕੋਈ ਨਹੀਂ ਆਉੱਦਾ। ਏਹ ਸਭ ਵੇਖ ਕੇ ਸੁਰਜੀਤ ਪਾਤਰ ਦੀਆਂ ਲਿਖੀਆਂ ਲਾਇਨਾਂ ਯਾਦ ਆ ਜਾਂਦੀਆਂ ਹਨ….
ਜੋ ਵਿਦੇਸ਼ਾਂ ‘ਚ ਰੁਲਦੇ ਨੇ ਰੋਜ਼ੀ ਲਈ,
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ,
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ,
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।
ਵਰਿੰਦਰ ਬਜਾਜ ਮਲੋਟ…✍️