More Punjabi Kahaniya  Posts
ਚਿੱਠੀ ਨਹੀਂ ਆਈ ਹੋਣੀ


ਚਿੱਠੀ ਨਹੀਂ ਆਈ ਹੋਣੀ
ਬੜੇ ਪਿਆਰੇ ਸਮੇਂ ਸਨ ਉਹਨੀ ਦਿਨੀਂ ਪਿਆਰ ਪੱਤਰਾਂ ਰਾਂਹੀ ਹੀ ਪ੍ਰਵਾਨ ਚੜ੍ਹਦਾ ਸੀ ਅਤੇ ਮੁੰਡੇ ਕੁੜੀ ਦੀ ਗੁਫਤਗੂ ਮੰਗਣੀ ਤੋਂ ਬਾਅਦ ਹੀ ਸ਼ੁਰੂ ਹੁੰਦੀ ਸੀ।ਉਹਨਾਂ ਸਮਿਆਂ ਦਾ ਪ੍ਰੇਮ ਕਿਸੇ ਪਹਾੜੀ ਦੀ ਕੁੱਖ ਚੋਂ ਨਿਕਲਦੀ ਕੂਲ ਵਰਗਾ ਨਿਰਮਲ ਅਤੇ ਰੋਹੀ ਦੇ ਫੁਲ ਵਰਗਾ ਪਵਿੱਤਰ ਸੀ।ਅੱਜ ਕੱਲ ਤਾਂ ਸਮਾਰਟ ਫੋਨਾਂ ਨੇ ਪਿਆਰ ਦਾ ਨਾਸ ਹੀ ਮਾਰ ਛੱਡਿਆ।ਹਰਪੁਰਾ ਪ੍ਰਾਇਮਰੀ ਸਕੂਲ ਦੀ ਪੰਜਵੀ ਜਮਾਤ ਜੋ ਆਪਣੇ ਆਪ ਨੂੰ ਸੀਨੀਅਰ ਵਿਦਿਆਰਥੀ ਮੰਨਦੀ ਸੀ ਅਤੇ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਜੱਦੀ ਪੁਸ਼ਤੀ ਹੱਕ ਸਮਝਦੀ ਸੀ।ਸਾਡੀ ਸਮੁੱਚੀ ਕਲਾਸ ਜੀਤੋ ਭੈਣਜੀ ਦੇ ਆਉਣ ਸਾਰ ਇੰਝ ਸੁਸਰੀ ਵਾਂਗੂੰ ਸੋਂ ਜਾਂਦੀ ਕੇ ਹੇਠਾਂ ਡਿੱਗੀ ਸੂਈ ਦਾ ਖੜਕਾ ਵੀ ਸੁਣ ਪਵੇ।ਜੀਤੋ ਭੈਣ ਜੀ ਦੀ ਗਿੱਦੜ ਕੁੱਟ ਤੋਂ ਸਾਰੇ ਡਰਦੇ ਸਨ।ਜੀਤੋ ਭੈਣ ਜੀ ਉਸ ਵੇਲੇ ਮੰਗੇ ਹੋਏ ਸਨ ਅਤੇ ਉਹਨਾਂ ਦੇ ਮੰਗੇਤਰ ਦੀ ਚਿੱਠੀ ਬੜੇ ਸੁੰਦਰ ਲਵ ਲੈਟਰ ਵਾਲੇ ਰੰਗੀਨ ਕਾਗਜ਼ ਤੇ ਸਕੂਲ ਦੇ ਐਡਰੈੱਸ ਤੇ ਹੀ ਆਉਂਦੀ ਸੀ।ਉਹਨਾਂ ਵੀ. ਸੀ. ਆਰ ਵਾਲੇ ਸਮਿਆਂ ਵੇਲੇ ਮੰਗੇਤਰ ਦੀ ਚਿੱਠੀ ਵੀ ਘਰਦਿਆਂ ਤੋਂ ਚੋਰੀ ਹੀ ਪੜ੍ਹੀ ਜਾਂਦੀ ਸੀ।ਜੀਤੋ ਭੈਣਜੀ ਪਰਸ ਵਿਚ ਛੁਪਾ ਕੇ ਲਿਆਂਦੀ ਇਕੋ ਚਿੱਠੀ ਕਈ ਕਈ ਦਿਨ ਜਾਂ ਮਹੀਨਾ ਭਰ ਕਲਾਸ ਵਿਚ ਬਾਰ ਬਾਰ ਪੜ੍ਹਦੇ ਰਹਿੰਦੇ।ਚਿੱਠੀ ਪੜ੍ਹਦਿਆ ਉਹਨਾਂ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਜਾਂਦਾ ਤੇ ਪਲ ਪਲ ਰੰਗ ਬਦਲਦੇ।ਅਸੀਂ ਸਾਰੇ ਨਿਆਣੇ ਇਹ ਸਭ ਕਾਸੇ ਦੀ ਪੂਰੀ ਘੋਖ ਰੱਖਦੇ ਅਤੇ ਕਈ ਵਾਰੀ ਪਾਣੀ ਪੀਣ ਦੇ ਆਨੇ ਬਹਾਨੇ ਨਾਲ ਜਾਸੂਸੀ ਕਰਨ ਲਈ ਮੈਡਮ ਦੀ ਕੁਰਸੀ ਪਿੱਛੇ ਜਾ ਖੜ੍ਹਦੇ ਕੇ ਚਿੱਠੀ ਪੜ੍ਹ ਸਕੀਏ।ਪਰ ਦੂਰੋਂ ਸਾਨੂੰ ਰੰਗੀਨ ਕਾਗਜ਼ ਤੇ ਕੋਨੇ ਵਿਚ ਸਿਰਫ ਡਬਲ ਬੈਡ ਦੀ ਤਸਵੀਰ ਹੀ ਨਜਰ ਪੈਂਦੀ।ਜਿਸ ਦਿਨ ਮੈਡਮ ਨੇ ਪ੍ਰੇਮ ਚਿੱਠੀ ਪਹਿਲੀ ਵਾਰੀ ਪੜ੍ਹਨੀ ਹੁੰਦੀ ਬੱਸ ਸਾਡੀ ਉਸ ਦਿਨ ਸਮਝੋ ਈਦ ਹੀ ਬਣ ਜਾਂਦੀ ਉਸ ਦਿਨ ਮੈਡਮ ਗੁਲਾਬ ਵਾਂਗੂ ਖਿੜੀ ਮਹਿਕੀ ਰਹਿੰਦੀ ਅਤੇ ਬੱਚਿਆਂ ਨਾਲ ਇੰਝ ਪਿਆਰ ਕਰਦੀ ਜਿੰਵੇ ਉਸਦੇ ਆਪਣੇ ਹੀ ਬੱਚੇ ਹੋਣ ਅਤੇ ਛੋਟੇ ਛੋਟੇ ਬਿਸਕਿਟ ਜਾਂ...

ਮੂੰਗਫਲੀ ਵੀ ਖ਼ਵਾ ਦਿੰਦੀ।ਅਸੀਂ ਵੀ ਇੱਕ ਦੂਜੇ ਨੂੰ ਸੈਨਤਾ ਨਾਲ ਵਧਾਈ ਦਿੰਦੇ ਬਈ ਅੱਜ ਮੌਜਾਂ ਹੀ ਮੌਜਾਂ।ਅਸੀਂ ਖੇਲ੍ਹਦੇ ਰਹਿੰਦੇ ਪਰ ਮੈਡਮ ਉਸ ਦਿਨ ਕੋਈ ਨੋਟਿਸ ਹੀ ਨਾ ਲੈਂਦੀ।ਅਜਿਹੇ ਦਿਨ ਮੈਡਮ ਸਾਨੂੰ ਖੁਲੀਆ ਛੁੱਟੀਆਂ ਦੇ ਛੱਡਦੀ ਬਸ ਕਦੀ ਅਸਮਾਨ ਵੱਲ ਦੇਖਕੇ ਮੁਸਕਰਾਉਂਦੀ ਹੋਈ ਆਪੇ ਨਾਲ ਗ਼ਲਾਂ ਕਰਦੀ ਕਦੇ ਕਦੇ ਕੋਈ ਗੀਤ ਗੁਣ ਗੁਣਾਉਂਦੀ ਹੋਈ ਸਾਨੂੰ ਵੀ ਗਾਣੇ ਸੁਣਾਉਣ ਲਈ ਖੜ੍ਹੇ ਕਰਦੀ।ਇੰਝ ਲੱਗਦਾ ਜਿੰਵੇ ਮੈਡਮ ਨੂੰ ਕੋਈ ਬਹੁਤ ਅਣਮੋਲ ਵਸਤੂ ਮਿਲ ਗਈ ਹੋਵੇ।ਅਤੇ ਕਲਾਸ ਵਿਚ ਹੀ ਬਾਲ ਸਭਾ ਦਾ ਦੌਰ ਸ਼ੁਰੂ ਹੀ ਜਾਂਦਾ।ਅਤੇ ਜੀਤੋ ਮੈਡਮ ਬਾਰ ਬਾਰ ਆਪਣੇ ਸਿਲਕੀ ਵਾਲਾਂ ਨੂੰ ਸੁਆਰਦੀ ਰਹਿੰਦੀ ਅਤੇ ਬਾਰ ਬਾਰ ਛੋਟਾ ਗੋਲ ਸ਼ੀਸ਼ਾ ਪਰਸ ਵਿਚੋਂ ਬਾਹਰ ਨਿਕਲਦਾ।ਜਦੋ ਕਿਤੇ ਮਹੀਨਾ ਭਰ ਜਾਂ ਜਿਆਦਾ ਸਮਾਂ ਮੈਡਮ ਦੀ ਚਿੱਠੀ ਨਾ ਆਉਂਦੀ ਤਾਂ ਮੈਡਮ ਦਾ ਗੁਸਾ ਸਾਡੇ ਮਾਸੂਮਾਂ ਤੇ ਉੱਤਰਦਾ ਅਤੇ ਸਾਡੇ ਹੱਥ ਤੇ ਪਿਛਵਾੜੇ ਲਾਲ ਹੁੰਦੇ ਰਹਿੰਦੇ।ਉਸ ਦਿਨ ਸਾਨੂੰ ਇੰਝ ਲੱਗਦਾ ਜਿੰਵੇ ਮੈਡਮ ਵਿੱਚ ਕਾਲੀ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ।ਕਈ ਵਾਰ ਦੋਹਾਂ ਪ੍ਰੇਮੀਆਂ ਵਿਚ ਕਿਸੇ ਗੱਲੋਂ ਪ੍ਰੇਮ ਪੱਤਰ ਵਿਚ ਹੀ ਬਹਿਸ ਹੋ ਜਾਂਦੀ ਤਾਂ ਮੈਡਮ ਦਾ ਵਿਵਹਾਰ ਹੀ ਬੱਦਲ ਜਾਂਦਾ ਅਤੇ ਸ਼ਾਮਤ ਸਾਡੀ।ਅਸੀਂ ਸਾਰੇ ਬੱਚੇ ਮੈਡਮ ਦੇ ਬਦਲਦੇ ਵਿਵਹਾਰ ਦੇ ਖ਼ੂਬ ਭੇਤੀ ਹੋ ਚੁੱਕੇ ਸੀ।ਇੱਕ ਦਿਨ ਪਾਲੇ ਦੇ ਛੋਟੇ ਛੋਟੇ ਹੱਥਾਂ ਤੇ ਪਿੱਠ ਤੇ ਮੈਡਮ ਨੇ ਚੰਗੀਆਂ ਸੋਟੀਆ ਮਾਰੀਆਂ ਉਸਦੀਆਂ ਚੀਕਾਂ ਦੀ ਕੁਰਲਾਹਟ ਨੇ ਸਮੁੱਚੇ ਸਕੂਲ ਦਾ ਧਿਆਨ ਆਪਣੀ ਵੱਲ ਖਿੱਚਿਆ।ਬਾਅਦ ਵਿਚ ਅੱਧੀ ਛੁੱਟੀ ਸਮੇ ਜਦੋਂ ਸਾਡੇ ਵਲੋਂ ਪਾਲੇ ਨੂੰ ਛੇੜ ਛੇੜ ਵਿੱਚ ਉਸਦੀ ਹੋਈ ਗਿੱਦੜ ਕੁੱਟ ਦਾ ਕਾਰਨ ਪੁੱਛਿਆ ਤਾਂ ਉਹ ਵੀ ਮੂਡ ਵਿਚ ਆ ਸਾਨੂੰ ਕਹਿੰਦਾ “ਯਾਰ ਗਲ ਤੇ ਕੋਈ ਨਹੀਂ ਸੀ ਮੈਨੂੰ ਇਉਂ ਲੱਗਦਾ ਚਿੱਠੀ ਨਹੀਂ ਆਈ ਹੋਣੀਂ’।
ਚੰਨਣ ਸਿੰਘ ਹਰਪੁਰਾ ਸੀਏਟਲ ਤੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)