ਚਾਹ ਇੱਕ ਨੰਬਰ ਬਣਾਉਂਦਾ ਸੀ ਚਰਨਾ,, ਤਾਂ ਹੀ ਖੋਖੇ ਤੇ ਵੀ ਕੰਮ ਠੀਕ ਸੀ। ਘਰਵਾਲੀ ਸ਼ਾਤੀ ਵੀ ਪੂਰੀ ਮਿਹਨਤੀ ਤੇ ਚਤਰ, ਚਾਹ ਦੀ ਦੁਕਾਨ ਲਈ ਲਿਆਂਦੇ ਦੁੱਧ ਨੂੰ ਗਰਮ ਕਰ ਮਲਾਈ ਉਤਾਰ ਘਿਊ ਵੇਚ, ਕਪੜੇ ਸਿਉਂ, ਦਰੀਆਂ ਖੇਸ ਬੁਣ ਕੇ, ਚਰਨੇ ਦਾ ਪੂਰਾ ਸਾਥ ਦਿੰਦੀ, ਤਾਂ ਕਰਕੇ ਹੀ ਬਜ਼ੁਰਗ ਮਾਂ-ਬਾਪ ਦੀ ਵਧੀਆ ਸੇਵਾ ਕਰਦਿਆਂ ਵੀ, ਉਹਨਾਂ ਆਪਣੇ ਜੀਤੇ ਨੂੰ ਪੜ੍ਹਨ ਲਈ ਹਰ ਜਰੂਰੀ ਸੁਵਿਧਾ ਪ੍ਰਦਾਨ ਕੀਤੀ। ਜੀਤਾ ਪੜ੍ਹਾਈ ਚ ਹੁਸ਼ਿਆਰ,ਵਧੀਆ ਸਕੂਲ, ਟਿਊਸ਼ਨ ਕਾਲਜ, ਹੋਸਟਲ ਮਿਲਣ ਨਾਲ ਨਿਖਰ ਗਿਆ। ਜਿਵੇਂ-ਜਿਵੇਂ ਜੀਤੇ ਦੇ ਖਰਚੇ ਵੱਧਦੇ ਗਏ, ਚਰਨਾ ਤੇ ਸ਼ਾਂਤੀ ਮੁੜ੍ਹਕੇ ਨਾਲ ਨਾਉਣ੍ਹ ਲੱਗ ਪਏ, ਅਸਲ ਚ ਚਰਨੇ ਤੇ ਸ਼ਾਂਤੀ ਨੇ ਸਿਰਫ ਚਾਹ ਨਹੀਂ, ਆਪਣੀ ਜਵਾਨੀ,ਆਪਣੇ ਚਾਅ, ਆਪਣਾ ਆਪ ਜੀਤੇ ਤੇ ਲਾ ਕੇ ਉਸਨੂੰ ਐਮ ਐਸ ਸੀ,ਬੀ ਐਡ, ਐਮ ਫਿਲ ਤੱਕ ਦੀ ਪੜ੍ਹਾਈ ਕਰਵਾਈ।
ਜਿਸ ਦਿਨ ਸਰਕਾਰੀ ਅਧਿਆਪਕ ਵਜੋਂ ਜੀਤੇ ਦੀ ਚੌਣ ਹੋਈ, ਚਰਨੇ ਨੇ ਪੂਰੀ ਮਾਰਕੀਟ ਚ ਮੁਫਤ ਚਾਹ ਵੰਡੀ, ਸ਼ਾਂਤੀ ਤਾਂ ਕਿੰਨਾ ਹੀ ਸਮਾਂ ਖੁਸ਼ੀ ਨਾਲ ਰੌਂਦੀ ਰਹੀਂ। ਜੀਤਾ ਸਾਇੰਸ ਮਾਸਟਰ ਲੱਗਿਆ, ਲੁਧਿਆਣੇ, ਨਵੀਂ ਜੁਆਇਨ ਹੋਈ ਮੈਡਮ ਸੰਗੀਤਾ,ਨਾਮੀ ਅਧਿਆਪਕ ਆਗੂ ਬਲਦੇਵ ਸਿੰਘ ਦੀ ਧੀ ਸੀ, ਇਸੇ ਦੌਰਾਨ 15 ਦਿਨਾਂ ਦੀ ਇੰਡਕਸ਼ਨ ਟ੍ਰੇਨਿੰਗ ਚ ਦੋਵਾਂ ਦੀ ਅੱਖ ਨੇ ਇਕ ਦੂਜੇ ਦਾ ਹੋਣ ਦਾ ਮੰਨ ਬਣਾ ਲਿਆ।
ਜੀਤੇ ਨੂੰ ਹੁਣ ਚਾਹ ਦਾ ਖੋਖਾ ਬਹੁਤ ਮਾੜਾ ਤੇ ਸ਼ਰਮਨਾਕ ਲੱਗਦਾ, ਉਹਨੇਂ ਚਰਨੇ ਤੇ ਸ਼ਾਂਤੀ ਨੂੰ ਖੋਖਾ ਛੱਡ, ਮੰਡੀ ਤੋਂ ਲੁਧਿਆਣੇ ਆਉਣ ਨੂੰ ਕਿਹਾ ਤਾਂ, ਉਹ ਖੋਖੇ ਤੇ ਲਿਫਾਫਾ ਬੰਨ੍ਹ ,ਘਰ ਨੂੰ ਪੱਕਾ ਤਾਲਾ ਲਾ ਲੁਧਿਆਣੇ ਆ ਗਏ।
ਜੀਤੇ ਤੇ ਸੰਗੀਤਾ ਨੇ ਵਿਆਹ ਕਰਵਾ ਲਿਆ। ਜੀਤੇ ਨੇ ਲੁਧਿਆਣੇ ਪਲਾਟ ਖਰੀਦਿਆ ਤਾਂ ਚਰਨੇ ਨੇ ਖੁਸ਼ੀ-ਖੁਸ਼ੀ ਸਾਰੀ ਉਮਰ ਦੀ ਕਮਾਈ ਦੇ ਦਿੱਤੀ ਤੇ ਲਾਡ ਨਾਲ ਪਲਾਟ ਵੀ ਨੂੰਹ ਰਾਣੀ ਦੇ ਨਾਮ ਕਰ ਦਿੱਤਾ। ਹੋਲੀ-ਹੋਲੀ ਪਲਾਟ ਚ ਕੋਠੀ ਬਣ ਗਈ, ਤੇ ਜੀਤੇ ਦੇ ਘਰ ਮੁੰਡਾ ਵੀ ਹੋ ਗਿਆ।
ਜੀਤਾ ਸਿੱਧੀ ਭਰਤੀ ਚ ਪ੍ਰਿੰਸੀਪਲ ਬਣ ਗਿਆ, ਜੀਤੇ ਦਾ ਸਹੁਰਾ ਬਲਦੇਵ ਯੂਨੀਅਨ ਆਗੂ ਸੀ ਤਾਂ ਲੀਡਰਾਂ ਨਾਲ ਵੀ ਲਿੰਕ ਸੀ ,ਉਹਦੇ ਕਰਕੇ...
ਜੀਤੇ ਨੂੰ ਆਪਣਾ ਸਹੁਰਾ ਅਸਲੀ ਹੀਰੋ ਈ ਜਾਪਦਾ ਸੀ।ਪਰ ਘਰ ਵਿਚ ਸ਼ਾਂਤੀ ਤੇ ਚਰਨੇ ਦੀ ਹਾਲਤ ਮਾੜੀ ਸੀ।
ਅਸਲ ਵਿੱਚ ਜਦੋਂ ਵੱਡੇ-ਵੱਡੇ ਲੋਕ ਆਉਂਦੇ ਤਾਂ ਜੀਤਾ ਤੇ ਸੰਗੀਤਾ,ਚਰਨੇ ਹੋਰਾਂ ਕਰਕੇ ਬੜੀ ਸ਼ਰਮ ਮੰਨਦੇ। ਸ਼ਾਂਤੀ ਤੇ ਚਰਨਾ ਵੀ ਨੂੰਹ-ਪੁੱਤਰ ਦੀ ਨਿੱਤ ਦੀ ਝਿੜਕਾਂ ਤੋਂ ਅੱਕੇ ਆਪਣੇ ਛੋਟੇ ਜਿਹੇ ਕਮਰੇ ਚ ਹੀ ਰਹਿੰਦੇ। ਪੋਤੇ ਨੂੰ ਵੀ ਹੋਲੀ-ਹੋਲੀ ਨੇੜੇ ਨਾਂ ਆਉਣ ਦੀਆਂ ਹਦਾਇਤਾਂ ਜਾਰੀ ਹੋ ਗਈਆਂ।
ਘਰ ਚ ਪੋਤੇ ਦੀ ਜਨਮਦਿਨ ਪਾਰਟੀ , ਬਲਦੇਵ ਨੇਂ ਇਲੈਕਟ੍ਰਾਨਿਕ ਸਕੂਟੀ ਗਿਫਟ ਕੀਤੀ, ਸਾਰੇ ਰਿਸ਼ਤੇਦਾਰਾਂ ਚ ਬੈਠਾ ਬਲਦੇਵ ਕਹਿੰਦਾ ,”ਨਾਨੇ ਨੇ ਤਾਂ 60000 ਲਾ ਤਾ, ‘ਨੰਗ ਨੰਗੇ ਦਾਦਕੇ’ ਨੇ ਕੀ ਦਿੱਤਾ ਏ,,”। ਪੂਰੀ ਮਹਿਫਲ ਚ ਵਿਚਾਰਾ ਬਣਿਆ ਚਰਨਾ,ਇੰਝ ਖੜਾ ਸੀ, ਜਿਵੇਂ ਕੋਈ ਵੱਡਾ ਅਪਰਾਧੀ ਹੋਵੇ, ਕੋਲ ਹੀ ਜੀਤਾ ,ਸੰਗੀਤਾ ਸਭ ਚੁੱਪ ਖੜੇ ਸੀ ਪਰ ਘੁੱਟ ਕੁ ਲੱਗੀ ਚ ਬਲਦੇਵ ਦੋਹਤੇ ਨੂੰ ਕਹਿ ਚਰਨੇ ਨੂੰ ਸੁਣਾਉਂਦਾ ਫੇਰ ਕਹਿੰਦਾ,”ਕੋਈ ਨਾਂ ਸ਼ੇਰਾ ਤੂੰ ਐਸ਼ ਕਰ, ਤੇਰੇ ਨਾਨੇ ਨੇ ਥੋੜ੍ਹੀ ਠਿਆਨੀ-ਠਿਆਨੀ ਦੇ ਚਾਹ ਦੇ ਕੱਪ ਵੇਚ ,ਸਾਰੀ ਉਮਰ ਲੋਕਾਂ ਦੀ ਜੂਠ ਧੋਤੀ ਏ”।
ਅੱਜ ਸ਼ਾਂਤੀ ਦਾ ਸਬਰ ਮੁੱਕ ਗਿਆ, ਅੱਖਾਂ ਚੋਂ ਹਰਲ-ਹਰਲ ਵੱਗਦੇ ਪਾਣੀ ਚ ਬਸ ਇੰਨਾ ਕੁ ਈ ਬੋਲ ਸਕੀ,”ਜੀਤੇ, ਬਲਦੇਵ ਸਿੰਘ ਦੇ ਬੋਲ ਤਾਂ ਸਾਨੂੰ ਉਨੇਂ ਨਹੀਂ ਚੁਭੇ, ਪਰ ਤੇਰੀ ਇਸ ਚੁੱਪ ਨੇ ਅੱਜ ਆਪਣੇ ਸਾਰੇ ਰਿਸ਼ਤੇ ਨਬੇੜ ਛੱਡੇ”। ਸੰਦੂਕੜੀ ਚੁੱਕ ਜਦੋਂ ਉਹ ਤੁਰੇ ਤਾਂ, ਜੀਤੇ ਨੇ ਹੋਲੀ ਜਿਹੀ ਰੁਕਣ ਦਾ ਕਿਹਾ ਪਰ ਅਸਲ ਚ ਮੰਨ੍ਹ ਤਾਂ ਦੋਵੇਂ ਧਿਰਾਂ ਈ ਬਣਾ ਚੁੱਕੀਆਂ ਸਨ।
ਚਰਨਾ ਆਪਣੇ ਖੋਖੇ ਤੇ ਚਾਹ ਬਣਾ ਰਿਹਾ ਸੀ, ਕੋਲ ਈ ਸ਼ਾਂਤੀ ਬੈਠੀ ਸੀ ਕਿ ਅਖਬਾਰ ਆ ਗਿਆ, ਵੱਡੀ ਖਬਰ ਸੀ, ਅਧਿਆਪਕ ਦਿਵਸ ਤੇ ਪੰਜਾਬ ਦੇ ਪ੍ਰਿੰਸੀਪਲ ਸਰਦਾਰ ਅਜੀਤ ਸਿੰਘ ਸਪੁੱਤਰ ਸਰਦਾਰ ਗੁਰਚਰਨ ਸਿੰਘ ਨੂੰ ਮਿਲਿਆ ‘ਸਟੇਟ ਐਵਾਰਡ’!
ਅਸ਼ੋਕ ਸੋਨੀ, ਪਿੰਡ ਖੂਈ ਖੇੜਾ ,ਫਾਜ਼ਿਲਕਾ 9872705078
ਅਸ਼ੋਕ ਸੋਨੀ
ਧੰਨਵਾਦ ਜੀਓ