ਢਾਈ ਤਿੰਨ ਸਾਲ ਪਹਿਲਾ ਧੀਅ ਜਸ਼ਨ ਵੀ ਅਪਣੇ ਵੀਰ ਕੋਲ ਬਰੈਂਪਟਨ ਚਲੀ ਗਈ ਸੀ। ਅਸੀ ਦੋਨੋ ਮੀਆ ਬੀਬੀ ਘਰ ਹੁੰਦੇ ਸਾਂ, ਮੈਨੂੰ ਡਿਸਕ ਦੀ ਪ੍ਰੌਬਲਮ ਸੀ,ਡਾਕਟਰ ਨੇ ਬਾਈਕ ਚਲਾਉਣ ਤੋਂ ਮਨ੍ਹਾ ਕੀਤਾ ਹੋਇਆ ਸੀ। ਧੀ ਰਾਣੀ ਦੇ ਬਾਹਰ ਜਾਣ ਤੋਂ ਬਾਅਦ ਉਹਦੀ ‘Pleasure’ ਸਕੂਟੀ ਸਟੋਰ ਰੂਮ ਚ ਖੜ੍ਹੀ ਸੀ।
ਘਰਵਾਲ਼ੀ, ਪਹਿਲਾਂ ਵੀ ਕਈ ਵਾਰੀ ਸਕੂਟੀ ਵੇਚਣ ਦੀ ਸਲਾਹ ਦੇ ਚੁੱਕੀ ਸੀ, ਮੈਂ ਅਕਸਰ ਟਾਲਦਾ ਰਿਹਾ, ਇੱਕ ਦਿਨ ਮੇਰੇ ਮਨ ਚ ਵੀ ਖ਼ਿਆਲ ਆਇਆ ਕਿ ਘਰੇ ਖੜ੍ਹੀ-ਖੜ੍ਹੀ ਚੀਜ਼ ਖਰਾਬ ਹੋਣ ਨਾਲੋਂ ਚੰਗਾ ਵੇਚਕੇ ਚਾਰ ਛਿੱਲੜ ਵੱਟ ਲਈਏ। ਮੈਂ OLX ‘ਤੇ ਵੇਚਣ ਵਾਸਤੇ ਫ਼ੋਟੋ ਪਾਂ ਦਿੱਤੀ, ਕੀਮਤ ਲਿਖ ਦਿੱਤੀ -30000 ਰੁਪੈ।
ਖਰੀਦਦਾਰਾਂ ਦੇ ਫੋਨ ਆਉਣ ਲੱਗ ਪਏ,15 ਤੋਂ ਲੈ ਕੇ 28 ਹਜਾਰ ਦਾ ਮੁੱਲ ਲਾਉਂਦੇ ਰਹੇ,ਇੱਕ ਦਲਾਲ ਨੇ ਤਾਂ 29 ਹਜਾਰ ਵੀ ਲਾ ਦਿੱਤਾ, ਕਹਿੰਦੇ ਲਾਲਚ ਦੀ ਕੋਈ ਸੀਮਾ ਨਹੀਂ ਹੁੰਦੀ, ਮੈਨੂੰ ਵੀ ਲੱਗਿਆ ਜਦੋਂ 28-29 ਹਜਾਰ ਮਿਲ ਰਿਹਾ ਤਾਂ ਤੀਹ ਵੀ ਮਿਲ ਜਾਵੇਗਾ, ਐਵੇਂ ਐਵੇਂ ਕਰਦੇ ਇੱਕ ਹਫਤਾ ਲੰਘ ਗਿਆ।
ਫਿਰ ਇੱਕ ਦਿਨ ਇੱਕ ਫੋਨ ਆਇਆ,ਕੋਈ ਉਮਰ-ਦਰਾਜ ਬੰਦਾ ਕਹਿ ਰਿਹਾ ਸੀ,”ਨਮਸਤੇ ਸਾਬ ਜੀ, ਮੈ ਸ਼ਿਆਮ ਲਾਲ਼ ਆ, ਲੇਬਰ ਦਾ ਕੰਮ ਕਰਦਾ, OLX ‘ਤੇ ਤੁਹਾਡੀ ਸਕੂਟੀ ਦੀ ਐਡ ਦੇਖੀ ਸੀ,ਸਾਨੂੰ ਬਹੁਤ ਪਸੰਦ ਆ, ਅਸੀ 30 ਹਜਾਰ ਰੁਪੈ ਇਕੱਠਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ,ਪਰ ਨਹੀਂ ਕਰ ਸਕੇ। ਇਸ ਵੇਲ਼ੇ ਹੱਥ ਚ ਸਿਰਫ 24 ਕੁ ਹਜਾਰ ਨੇ।ਮੇਰੀ ਮੁੰਡਾ ਇੰਜੀਨੀਅਰਿੰਗ ਦੇ ਆਖ਼ਿਰੀ ਸਾਲ ਚ ਐ,ਬਹੁਤ ਮਿਹਨਤੀ ਹੈ,ਪੜ੍ਹਾਈ ਦੇ ਨਾਲ ਨਾਲ ਇੱਕ ਪਾਰਟ-ਟਾਈਮ ਕੰਮ ਵੀ ਕਰ ਰਿਹਾ। ਕਦੇ ਬੱਸ, ਕਦੇ ਸਾਈਕਲ, ਕਦੇ ਕਿਸੇ ਦੋਸਤ ਤੋ ਲਿਫਟ ਲੈ ਕੇ ਕਾਲਿਜ ਜਾਂਦਾ,ਸੋਚ ਰਿਹਾ ਸੀ ਗੱਭਰੂ ਪੁੱਤ ਨੂੰ ਸਕੂਟੀ ਖਰੀਦ ਕੇ ਦੇ ਦੇਵਾ। ਤੁਹਾਡੀ ਸਕੂਟੀ ਸਾਨੂੰ ਪਸੰਦ ਹੈ,ਨਵੀਂ ਖਰੀਦਣ ਦੀ ਸਾਡੀ ਹੈਸੀਅਤ ਨਹੀਂ ਹੈ,ਬੇਨਤੀ ਹੈ ਦੀ ਦੋ-ਚਾਰ ਦਿਨ ਸਕੂਟੀ ਨਾ ਵੇਚਿਓ,ਮੈਂ ਪੈਸੇ ਦਾ ਪ੍ਰਬੰਧ ਕਰ ਰਿਹਾ,ਅੱਧੇ ਕੁ ਤਾਂ ਮੋਬਾਈਲ ਵੇਚ ਕੇ ਬਣ ਜਾਣਗੇ,ਬਾਕੀ ਕੋਈ ਹੋਰ ਹੱਥ ਪੱਲਾ ਮਾਰਦਾ।” ਖ਼ਬਰਾਂ ਵਾਲ਼ੇ ਰੇਡੂਏ ਵਾਂਗ ਕਾਹਲ਼ੀ ਕਾਹਲੀ ਚ ਉਹ ਅਪਣੀ ਪੂਰੀ ਰਾਮ ਕਥਾ ਸੁਣਾ ਕੇ ਚੁੱਪ ਕਰ ਗਿਆ।
ਮੈਂ ਬਿਨਾ ਕੋਈ ਹੂੰ-ਹਾ ਕੀਤੇ,ਜਿਵੇਂ ਬਾਕੀ ਗ੍ਰਾਹਕਾਂ ਨੂੰ ਜਵਾਬ ਦਿੰਦਾ ਸੀ , ਉਹਨਾਂ ਨੂੰ ਵੀ ‘ਓਕੇ’ ਕਹਿ ਕੇ ਫੋਨ ਕੱਟ ਦਿੱਤਾ।
ਫੇਰ ਮਨ ਚ ਕੁੱਝ ਹਲਚਲ ਜੀ ਹੋਣ ਲੱਗੀ,ਇੱਕ ਅਜੀਬ ਕਸ਼ਮਕਸ਼ ਜੀ ਸੀ, ਆਵਦੇ ਬਾਰੇ ਸੋਚਣ ਲੱਗ ਪਿਆ। ਚੰਗੀ ਜਮੀਨ ਜੈਦਾਦ ਅਤੇ ਸਰਕਾਰੀ ਨੌਕਰੀ ਦੇ ਸਹਾਰੇ ਵਧੀਆ ਜ਼ਿੰਦਗੀ ਕੱਢੀਂ ਸੀ,ਸੁੱਖ ਨਾਲ ਕਦੇ ਜੁਵਾਕਾਂ ਦੀ ਪੜ੍ਹਾਈ ਜਾ ਕੋਈ ਸਾਧਨ ਖਰੀਦਣ ਲੱਗੇ ਕਿਸੇ ਤੋ ਪੈਸੇ ਮੰਗਾਂ ਦੀ ਨੌਬਤ ਨਹੀਂ ਆਈ ਸੀ। ਪਰ ਸ਼ਿਆਮ ਲਾਲ਼ ਵਰਗੇ ਬਾਪ ਇਹ ਸਭ ਕਿਵੇਂ ……. ਮੈਂ ਕਿੰਨਾਂ ਕੁੱਝ ਸੋਚਦਾ ਰਿਹਾ!
ਐਨੇ ਚ ਜਸ਼ਨ ਦੀ ਵੀਡਿਉ ਕਾਲ ਆ ਗਈ,ਉਹ ਆਵਦੀ ਪੱਕੇ ਹੋਣ ਵਾਲੀ ਫਾਈਲ ਦੇ ਆਉਣ ਵਾਲੇ ਨਤੀਜੇ ਨੂੰ ਲੈ ਕੇ ਉਤੇਜਿਤ ਸੀ, ਗੱਲਾਂ ਗੱਲਾਂ ਚ ਮੈ ਉਹਨੂੰ ਸਕੂਟੀ ਵਾਲੀ ਗੱਲ ਦੱਸੀ ਤਾਂ ਕਹਿਣ ਲੱਗੀਕਹਿਣਾ ਐਵੇਂ ਜਿਆਦਾ ਸਿਰ-ਦਰਦੀ ਨਾ ਲਓ,ਜਾ ਤਾਂ ਇਹਨੂੰ ਖੜ੍ਹੀ ਰਹਿਣ ਦਿਉ,ਜਾ ਜਿੰਨੇ ਮਿਲ਼ਦੇ ਆ ਠੀਕ ਆ,ਕਿਸੇ ਗਰੀਬ ਨੂੰ ਦੇ ਦਿਉ,ਭਲਾ ਕਰਦੋ ਕਿਸੇ ਦਾ, ਨਾਲੇ ਸੱਚ …………..।
ਮੈ ਵੀ ਸ਼ਾਇਦ ਅੰਦਰੋਂ ਤਾਂ ਵੀ ਇਹੀ ਚਾਹੁੰਦਾ ਸੀ, ਸੋ ਮੈ ਉਸੇ ਗ੍ਰਾਹਕ ਦੇ ਨੰਬਰ ‘ਤੇ ਦੁਬਾਰਾ ਫੋਨ ਕਰ ਦਿੱਤਾ,ਕਿਹਾ ਤੁਸੀ ਆਪਣਾ ਫੋਨ ਨਾ ਵੇਚਿਓ,ਕੱਲ ਮੈਨੂੰ 24 ਹਜਾਰ ਦੇ ਕੇ ਸਕੂਟੀ...
ਲੈ ਜਾਓ।
ਮਨ ਵੀ ਬੜਾ ਚੰਚਲ ਬਿਰਤੀ ਦਾ ਮਾਲਕ ਐ,ਮੇਰੇ ਕੋਲ 29 ਹਜਾਰ ਦੀ ਔਫਰ ਸੀ,ਪਰ ਮੈਂ ਕਿਸੇ ਅਣਜਾਣ ਬੰਦੇ ਨੂੰ 24 ਹਜਾਰ ਚ ਸਕੂਟੀ ਦੇ ਰਿਹਾ ਸੀ।ਸੋਚ ਰਿਹਾ ਸੀ, ਘਰ ਦੇ ਇੱਕ ਕੋਨੇ ਚ ਬੇਕਾਰ ਖੜ੍ਹੀ ਤਿੰਨ ਸਾਲ ਪੁਰਾਣੀ ‘Pleasure’ਜਦੋਂ ਉਹਨਾਂ ਦੇ ਘਰ ਜਾਵੇਗੀ ਤਾਂ ਕਿੰਨੀ ਖ਼ੁਸ਼ੀ ਵਾਲੀ ਮਾਹੌਲ ਹੋਵੇਂਗਾ।
ਅਗਲੀ ਸਵੇਰ ਉਹਨੇ ਘੱਟ ਤੋਂ ਘੱਟ ਛੇ -ਸੱਤ ਵਾਰੀ ਫੋਨ ਕੀਤਾ, “ਸਰਦਾਰ ਜੀ ਕਿੰਨੇ ਵਜੇ ਆਵਾ,ਕੱਲ੍ਹ ਫ਼ੋਨ ਤੁਸੀ ਹੀ ਕੀਤਾ ਸੀ ਨਾ, ਮੁੰਡੇ ਨੂੰ ਨਾਲ ਲੈਕੇ ਆਵਾ ਜਾ ਨਾਂ। ਜਦੋਂ ਮਿਲ ਗਏ ਬਾਕੀ ਰਹਿੰਦੇ ਪੈਸੇ ਵੀ ਤਹਾਨੂੰ ਜਰੂਰ ਦੇਵਾਗੇ ਪਰ pleasure ਕਿਸੇ ਹੋਰ ਨੂੰ ਨਾਂ ਦੇਣਾ।” ਮੈਂ ਕਿਹਾ 2 ਵਜੇ ਤੋਂ ਬਾਅਦ ਆ ਜਾਇਉ।
ਦੁਪਹਿਰ ਬਾਅਦ ਉਹ ਆਏ, 2000-500-200-100-50 ਦੇ ਨੋਟ ਪਤਾ ਨੀ ਘਰ ਦੇ ਕਿਹੜੇ ਕਿਹੜੇ ਖੱਲਾਂ- ਖੂੰਜਿਆਂ ਚੋ ਕੱਢ ਕੇ ,ਮੰਗ ਤੰਗ ਕੇ ਲਿਆਏ ਸਨ। ਮੁੰਡਾ ਵੀ ਨਾਲ ਆਇਆ ਸੀ।
ਮੁੰਡਾ ਬੜੀ ਰੀਝ ਨਾਲ਼ ਸਕੂਟੀ ਨੂੰ ਨਿਹਾਰ ਰਿਹਾ ਸੀ, ਮੈਂ ਸਕੂਟੀ ਦੀਆਂ ਦੋਨੋਂ ਚਾਬੀਆਂ ਅਤੇ ਕਾਗ਼ਜ਼ ਪੱਤਰ ਉਹਦੇ ਬਾਪੂ ਨੂੰ ਦੇ ਦਿੱਤੇ, ਮੁੰਡਾ ਸੀਟਾਂ ਤੇ ਹੱਥ ਫੇਰ ਰਿਹਾ ਸੀ, ਫਿਰ ਰੁਮਾਲ ਕੱਢ ਕੇ ਉਹਦਾ ਡਿਸਪਲੇਅ ਬੋਰਡ ਪੂੰਝਣ ਲੱਗ ਪਿਆ।
ਪੈਸੇ ਦੇ ਮਾਮਲੇ ਚ ਮੈ ਬੜਾ ਵਿਵਹਾਰਿਕ ਰਿਹਾ ਸੀ, ਪਰ ਜਦੋਂ ਉਸਨੇ ਕਿਹਾ ਕਿ ਇੱਕ ਵਾਰ ਪੈਸੇ ਗੀਂ ਲਓ, ਮੇਰੇ ਮੂੰਹ ਚੋ ਨਿਕਲਿਆ, ਕੋਈ ਗੱਲ ਨਹੀਂ ਤੁਸੀਂ ਗਿਣ ਕੇ ਹੀ ਲਿਆਏ ਹੀ ਹੋਵੋਗੇ। ਉਸ ਦਿਨ ਮੈਂ ਕੁਝ ਜਿਆਦਾ ਹੀ ਦਿਆਲੂ ਬਣ ਗਿਆ ਸੀ, ਜਦੋਂ ਸਕੂਟੀ ਲੈ ਕੇ ਵਾਪਿਸ ਜਾਣ ਲੱਗੇ ਤਾਂ ਮੈਂ ਨੋਟਾਂ ਦੇ ਭਰੇ ਥੈਲੇ ਵਿੱਚੋ ਪੰਜ ਸੌ ਦਾ ਇੱਕ ਨੋਟ ਕੱਢ ਕੇ ਉਹਨਾਂ ਨੂੰ ਫ਼ੜਾ ਦਿੱਤਾ, ਤੇ ਕਿਹਾ ਕਿ ਜਾਂਦੇ ਜਾਂਦੇ ਘਰ ਮਿਠਾਈ ਲੈਂਦੇ ਜਾਇਉ, ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਕੋਲ ਤੇਲ ਪਵਾਉਣ ਜੋਗੇ ਪੈਸੇ ਵੀ ਹੋਣਗੇ ਕੇ ਨਹੀਂ,ਮੇਰੇ ਅੰਦਰ ਦਾ ਇੱਕ ਗਿਣਤੀ – ਮਿਣਤੀ ਕਰਨ ਵਾਲਾ ਬੰਦਾ ਕਹਿ ਰਿਹਾ ਸੀ, ਕਿ ਪੰਜ ਸੌ ਵਿੱਚ ਦੋਨੋ ਹੀ ਆ ਜਾਣਗੇ।
ਅੱਖਾਂ ਚ ਲੋਹੜੇ ਦੀਆਂ ਖੁਸ਼ੀਆ ਲਈ,ਉਹਨਾਂ ਮੈਥੋਂ ਵਿਦਾ ਲਈ।
ਸਕੂਟੀ ਤੇ ਬੈਠਣ ਵੇਲੇ ਮੁੰਡੇ ਦੀ ਮੁਸਕਰਾਹਟ ਦੇਖਣ ਵਾਲੀ ਸੀ।
ਉਹ ਆਪਣੀ ਸਕੂਟੀ ਲੈ ਗਏ।
ਕਈ ਵਾਰੀ ਕਿਸੇ ਦਾ ਧੰਨਵਾਦ ਕਰੋ ਤਾਂ ਅੱਗੋਂ ਕਿ ਦਿੰਦੇ ਨੇ, “it’s my pleasure” ਪਰ ਅੱਜ ਪਹਿਲੀ ਵਾਰੀ ਮੈ ਕਿਸੇ ਜਰੂਰਤਮੰਦ ਦੀ ਲੋੜ ਪੂਰੀ ਕਰਕੇ ਉਹਨੂੰ ਮਿਲਦੇ ਸੱਚੇ ਆਨੰਦ (pleasure) ਬਾਰੇ ਸੋਚ ਰਿਹਾ ਸੀ।
ਸ਼ਾਮ ਨੂੰ ਵੀਡਿਉ ਕਾਲ ਚ ਜੁੜੇ ਮੈ ਤੇ ਮੇਰੀ ਧੀ ਜਸ਼ਨ ਦੋਨਾਂ ਕੋਲ ਸਾਂਝੀ ਕਰਨ ਲਈ ਆਪਣੀ ਅਪਣੀ ਅਪਣੀ ਖ਼ੁਸ਼ੀ ਸੀ, ਮੈ ਉਹਨੂੰ ਸਕੂਟੀ ਵੇਚਣ ਦੀ ਗੱਲ ਦੱਸ ਰਿਹਾ ਸੀ ਅਤੇ ਉਹ ਆਪਣੀ ਪੀ ਆਰ ਫਾਈਲ ਦੇ ਕਲੀਅਰ ਹੋਣ ਦੀ ! ਬੜ੍ਹਾ ਅਚੰਭਿਤ ਹੋਕੇ ਮੈ ਸੋਚ ਰਿਹਾ ਸਾਂ ਕਿ ਕਈ ਵਾਰੀ ਕੁਦਰਤ,ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਬੜੀ ਜਲਦੀ ਜਲਦੀ ਕਰ ਦਿੰਦੀ ਹੈ। ਲੱਗ ਰਿਹਾ ਸੀ ਜਿਵੇਂ ਮੇਰੀ ਧੀ ਦਾ ਭਵਿੱਖ ਸਕੂਟੀ ਲੈਂ ਜਾਂ ਵਾਲੇ ਦੀਆਂ ਦੁਆਵਾਂ ਦੀ ਬਦੌਲਤ ਹੀ ਅੱਗੇ ਵੱਧਣਾ ਸੀ।
—–
ਧੰਨਵਾਦ
ਮੱਖਣ ਸਿੰਘ ਸਿੱਧੂ
(ਸਾਰੇ ਪਾਤਰ ਕਾਲਪਨਿਕ ਹਨ)