ਮੇਰਾ ਮੰਗਣਾ ਸੀ ਓਦਨ। ਮਹਾਰਾਜ ਦੀ ਹਜ਼ੂਰੀ ਵਿਚ ਕਰਦੇ ਨੇ ਸਾਡੇ ਕੰਨੀਂ, ਰਸਮ ਰਿਵਾਜ਼ ਜਹੇ। ਮੇਰੇ ਸਹੁਰੇ ਵੀ ਮੋਰਚਾ ਸੰਭਾਲੀ ਬੈਠੇ ਸਨ। ਸਮਾਨ ਸੱਪਾ ਜਿਹਾ ਝੋਲੀ ਵਿਚ ਪਾ ਰਹੇ ਸਨ। ਸੰਗਦੇ ਸੰਗਦੇ ਸਹੁਰਾ ਸਾਹਬ ਨੇ ਇਕ ਛੁਆਰਾ ਮੂੰਹ ਵਿਚ ਪਾ ਦਿੱਤਾ। ਉਹ ਤਾਂ ਆਵਦਾ ਕੰਮ ਕਰਕੇ ਚਲੇ ਗਏ ਤੇ ਛੁਹਾਰੇ ਦੀ ਗਿਟਕ ਯਾਰ ਹੁਨਾ ਦੇ ਮੂੰਹ ਵਿਚ ਗਸ਼ਤ ਕਰਦੀ ਫਿਰੇ। ਮੈਨੂੰ ‘ਸ੍ਹਾਬ ਜਿਹਾ ਨਾ ਆਵੇ, ਮਹਾਰਾਜ ਦੀ ਹਜ਼ੂਰੀ ਵਿਚ ਕਿਸੇ ਵੀ ਤਰੀਕੇ ਉਸਨੂੰ ਬਿਲੇ ਲਾਉਣਾ ਔਖਾ ਸੀ।
ਫੇਰ ਪਰ੍ਹੇ ਬੈਠੀ ਛੋਟੀ ਭੈਣ ਕੋਲ ਆਈ, ਉਸ ਨੂੰ ਪਤਾ ਲੱਗ ਗਿਆ ਸੀ ਕਿ ਵੀਰ ਔਖਾ। ਉਸ ਨੇ ਆਵਦਾ ਹੱਥ ਮੇਰੇ ਮੂੰਹ ਕੋਲ ਕੀਤਾ ਤੇ ਬੋਲੀ, “ਮੈਨੂੰ ਦੇ ਦੇ ਵੀਰੇ ਗਿਟਕ”, ਤੇ ਮੈਂ ਗਿਟਕ ਉਸ ਦੇ ਹੱਥ ‘ਤੇ ਸੁੱਟ ਦਿੱਤੀ।
ਕਈ ਵਾਰ ਇਹ ਗੱਲ ਯਾਦ ਕਰਕੇ ਮੇਰੀਆਂ ਅੱਖਾਂ ‘ਚੋਂ ਪਾਣੀ ਆਇਆ ਹੈ। ਏਨੇ ਇਕੱਠ ਵਿਚੋਂ...
ਸਿਰਫ ਭੈਣ ਸੀ ਜਿਸ ਦਾ ਧਿਆਨ ਆਵਦੇ ਵੀਰ ਵੱਲ ਸੀ।
ਕਮਾਲ ਹੁੰਦੀਆਂ ਨੇ ਭੈਣਾ ਵੀ…..
ਕਈ ਵਾਰ ਮੇਰੀ ਭੈਣ ਨੇ ਕੋਲ ਆਉਣਾ ਤੇ ਕਹਿਣਾ, “ਵੀਰੇ ਸਾਰੀਆਂ ਕੁੜੀਆਂ ਦੇ ਵੀਰੇ ਉਹਨਾਂ ਨਾਲ ਗਿੱਧੇ ਵਿਚ ਨੱਚ ਕੇ ਗਏ ਨੇ, ਤੂੰ ਵੀ ਮਾੜਾ ਜਿਹਾ ਨੱਚੇਂਗਾ ਮੇਰੇ ਨਾਲ…..” ਇਹ ਕਹਿੰਦਿਆਂ ਉਹ ਡਰ ਰਹੀ ਹੁੰਦੀ ਸੀ, ਮੈਂ ਕਹਿਣਾ, “ਛੱਡ ਪਰ੍ਹੇ, ਮੇਰਾ ਜੀਅ ਨਹੀਂ ਕਰਦਾ..”
ਓਹਨੇ ਫੇਰ ਕਹਿਣਾ ਵੀਰੇ ਮੈਂ ਸੋਹਣੀ ਬੋਲੀ ਪਾਊਂ, ਤੇ ਓਹਨੇ ਬੋਲੀ ਪਾਉਣੀ,
“ਹੋਰਾਂ ਦੇ ਵੀਰੇ ਦੋ ਦੋ ਕੁੜੀਓ, ਮੇਰਾ ਵੀਰਾ ਇਕ ਕੁੜੀਓ, ਉਹ ਵੀ ਦਸਵੇਂ ਗੁਰਾਂ ਦਾ ਸਿਖ ਕੁੜੀਓ”
ਤੇ ਮੈਂ ਰੋਂਦੇ ਰੋਂਦੇ ਓਹਦੇ ਨਾਲ ਨੱਚਣਾ।
– ਜਗਦੀਪ ਸਿੰਘ ਫ਼ਰੀਦਕੋਟ