More Punjabi Kahaniya  Posts
ਰੂਹ ਦੇ ਜ਼ਖਮ


ਮਾਂ ਪਿਉ ਨੂੰ ਤਾਂ ਮੂੰਹ ਨੀ ਲਾਉਂਦਾ ਸਾਰਾ ਦਿਨ ਤੀਵੀਂ ਕੋਲ ਬੈਠਾ ਰਹਿੰਦਾ” …ਕਹਿੰਦੀ ਜੀਤੇ ਦੀ ਮਾਂ ਗੁਆਂਢਣ ਕੋਲ ਉਸਦੀ ਬੁਰਾਈ ਕਰ ਰਹੀ ਸੀ।
ਅਜਿਹੀ ਗੁਆਂਢਣ ਸੀ ਪਹਿਲਾਂ ਜੀਤੇ ਦੀ ਮਾਂ ਕੋਲੋਂ ਗੱਲਾਂ ਸੁਣ ਲੈਂਦੀ ਫਿਰ ਉਸਦੀ ਪਤਨੀ ਨੂੰ ਘਰੋਂ ਬਾਹਰ ਟੱਕਰ ਸਭ ਕੁਝ ਦੱਸ ਦਿੰਦੀ।
ਜੀਤੇ ਦੀ ਘਰਵਾਲੀ ਨੂੰ ਆਪਣੇ ਖਿਲਾਫ ਹੁੰਦੀਆਂ ਗੱਲਾਂ ਸੁਣ ਗੁੱਸਾ ਤਾਂ ਬਹੁਤ ਚੜ੍ਹਦਾ ਪਰ ਫਿਰ ਜੀਤੇ ਦੇ ਮੂੰਹ ਨੂੰ ਚੁੱਪ ਕਰ ਜਾਂਦੀ।ਉਸਨੇ ਕਰੜਾ ਹੋ ਇਹ ਜੋ ਕਹਿ ਰਖਿਆ ਸੀ ਜੋ ਵੀ ਗੱਲ ਹੋਵੇ ਤੂੰ ਮੇਰੇ ਨਾਲ ਕਰਨੀ ਕਦੇ ਮੇਰੇ ਮਾਪਿਆਂ ਦੇ ਮੂਹਰੇ ਨਹੀਂ ਬੋਲਣਾ।
ਸ਼ਾਦੀ ਦੇ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਉਹ ਬੋਲੀ ਵੀ ਨਹੀਂ ਸੀ ਪਰ ਆਪਣੇ ਖਿਲਾਫ ਹੁੰਦੀ ਘੁਸਰ ਮੁਸਰ ਸੁਣ ਭੜਕ ਜਰੂਰ ਜਾਂਦੀ ਤੇ ਜੀਤੇ ਨੂੰ ਸਾਰੀਆਂ ਗੱਲਾਂ ਦੱਸ ਦਿਲ ਹੌਲਾ ਕਰ ਲੈਂਦੀ।
ਉਹ ਆਪਣੀ ਤੀਵੀਂ ਦੀਆ ਗੱਲਾਂ ਸੁਣ ਕਮਰੇ ਚ ਹੀ ਦਫ਼ਨ ਕਰ ਦਿੰਦਾ।
ਜਦੋਂ ਉਹ ਕੋਈ ਕਿਰਿਆ ਨਾ ਕਰਨ ਦਾ ਵਿਰੋਧ ਕਰਦੀ ਤਾਂ ਇੰਨਾ ਈ ਕਹਿੰਦਾ ਮੈਂ ਸਹੀ ਸਮਾਂ ਆਉਣ ਦੀ ਉਡੀਕ ਚ ਹਾਂ।
ਖੈਰ ਉਹਨਾ ਦੀ ਸ਼ਾਦੀ ਦੇ ਦਸ ਵਰਿਆਂ ਬਾਅਦ ਉਹ ਦਿਨ ਚੜ ਈ ਆਇਆ ਜਿਸਦਾ ਜੀਤੇ ਨੂੰ ਇੰਤਜਾਰ ਸੀ।
ਅੱਜ ਉਹ ਕੰਮ ਤੋਂ ਛੇਤੀ ਘਰ ਮੁੜਿਆ ਤਾਂ ਦਲਾਨ ਚ ਬੈਠੀ ਉਸਦੀ ਮਾਂ ਤੇ ਗੁਆਂਢਣ ਉਸਦੀਆਂ ਬੁਰਾਈਆਂ ਕਰ ਰਹੀਆਂ ਸਨ।
ਉਹ ਬਾਹਰ ਸ਼ਾਂਤ ਖੜਾ ਆਪਣੀ ਬੁਰਾਈ ਸੁਣਦਾ ਰਿਹਾ ਤੇ ਗਲੀ ਚ ਕਿਸੇ ਦੇ ਪੈਰਾਂ ਦੀ ਥਪਥਪਾਹਟ ਸੁਣ ਉਸਦੀ ਮਾਂ ਤੇ ਗੁਆਂਢਣ ਚੁੱਪ ਹੋ ਗਈਆਂ।ਉਹਨਾ ਦੇ ਦਿਲ ਦੀ ਧੜਕਣ ਵਧ ਗਈ ਜਿਵੇਂ ਉਹਨਾ ਦੀ ਕੋਈ ਚੋਰੀ ਫੜੀ ਗਈ ਹੋਵੇ।
ਜੀਤੇ ਨੂੰ ਬੂਹਾ ਵੜਦਾ ਦੇਖ ਗੁਆਂਢਣ ਉੱਠ ਕੇ ਜਾਣ ਲੱਗੀ ਤਾਂ ਜੀਤੇ ਨੇ ਥਾਂਏ ਬਿਠਾ ਲਈ।
“ਬਹਿਜਾ ਤਾਈ ਹੁਣ ਕਿੱਥੇ ਚੱਲੀ ਆਂ।ਵੈਸੇ ਵੀ ਸਾਡੇ ਘਰ ਦੀਆਂ ਗੱਲਾਂ ਸਾਡੇ ਨਾਲੋਂ ਜਿਆਦਾ ਤੈਨੂੰ ਪਤਾ ਹੁੰਦੀਆਂ…।
ਤੂੰ ਕੀ ਕਹਿ ਰਹੀ ਸੀ ਬੀਬੀ ਮੈਂ ਤੇਰੇ ਤੇ ਬਾਪੂ ਕੋਲ ਖੜਦਾ ਨਹੀਂ,
ਬੈਠਦਾ ਨਹੀਂ
ਗੱਲ ਨਹੀਂ ਕਰਦਾ ..ਤੇ ਸਾਰਾ ਦਿਨ ਤੀਵੀਂ ਦੀ ਕੁੱਛੜ ਚ ਵੜਿਆ ਰਹਿਨਾ ….ਹਾਂ ਇਹ ਸੱਚ ਏ ਮੈਨੂੰ ਉਸ ਕੋਲ ਬੈਠਣਾ ਗੱਲ ਕਰਨਾ ਚੰਗਾ ਲੱਗਦਾ।
ਜਨਮ ਭਾਵੇਂ ਤੁਸੀਂ ਦਿੱਤਾ ਪਰ ਸਮਾਂ ਉਸ ਨਾਲ ਬਿਤਾਉਣਾ ਚੰਗਾ ਲੱਗਦਾ। ਇਹਦੇ ਵੀ ਕਾਰਨ ਨੇ ਤੇ ਉਹ ਅੱਜ ਸੁਣ
ਮੇਰੀਂ ਤੀਵੀਂ ਮੈਨੂੰ ਭੰਡਦੀ ਨਹੀਂ ਆ,
ਮੇਰੀਆਂ ਗੱਲਾਂ ਗੁਆਂਢੀਆਂ ਨੂੰ ਦੱਸ ਉਹਨਾਂ ਦਾ ਮਨੋਰੰਜਨ ਨਹੀਂ ਕਰਦੀ ਤੇ ਉਹ ਮੇਰੇ ਬਚਪਨ ਚ ਮਿਲੇ ਜ਼ਖਮਾਂ ਤੇ ਮਲ੍ਹਮ ਲਗਾਉਂਦੀ।
ਬੀਬੀ ਤੈਨੂੰ ਯਾਦ ਈ ਹੋਣਾ ਬਚਪਨ ਚ ਮੈਨੂੰ ਤੁਹਾਡੇ ਤੋਂ ਕਿੰਨੀਆਂ ਫਿਟਕਾਰਾਂ ਮਿਲਦੀਆਂ ਸਨ।
ਮੈਨੂੰ ਗਲਤੀ ਹੋਣ ਤੇ ਕਿੰਨਾ ਕੁੱਟਿਆ ਜਾਂਦਾ ਸੀ।
ਤੁਸੀਂ ਕਈ ਕਈ ਦਿਨ ਮੇਰੇ ਨਾਲ ਬੋਲਣਾ ਬੰਦ ਕਰ ਦਿੰਦੇ ਸੀ।
ਮੈਨੂੰ ਨਿੰਦਦੇ ਸੀ ਤੇ ਸਕੂਲੋ ਨੰਬਰ ਘੱਟ ਆਉਣ ਤੇ ਤੁਸੀਂ ਮੈਨੂੰ ਪੇਟੀਆਂ ਵਾਲੇ ਕਮਰੇ ਚ ਹਨੇਰੇ ਚ ਬੰਦ ਕਰ ਦਿੰਦੇ ਸੀ।
ਆਪਣੇ ਜਣੀਂ ਤੁਹਾਨੂੰ ਮੇਰੇ ਭਵਿੱਖ ਦੀ ਫਿਕਰ ਸੀ।ਤੁਸੀਂ ਮੈਨੂੰ ਚੰਗਾ ਜਵਾਕ ਬਣਾਉਣਾ ਲੋਚਦੇ ਸੀ ਪਰ ਇਸਦਾ ਨਤੀਜਾ ਜਮਾ ਉਲਟ ਨਿਕਲਿਆ।
ਤੁਹਾਡੇ ਤੋਂ ਕੁੱਟ ਖਾਹ ਮੈਂ ਢੀਠ ਬਣ ਗਿਆ।
ਮੇਰਾ ਆਤਮ ਵਿਸ਼ਵਾਸ਼ ਵਿਕਾਸ ਨਾ ਕਰ ਸਕਿਆ।
ਮੇਰੀ ਫੈਸਲੇ ਲੈਣ ਦੀ ਕਲਾ ਨਿੱਘਰ ਨਾ ਸਕੀ।
ਮੈਨੂੰ ਹਮੇਸ਼ਾ ਲਗਦਾ ਕੇ ਮੈਂ ਸਭ ਤੋਂ ਬੇਫਕੂਫ਼ ਤੇ ਨਲਾਇਕ ਹਾਂ।
ਮੇਰਾ ਪਾਲਣ ਪੋਸ਼ਣ ਕਰਨ ਵਾਲੇ ਤਾਂ ਬੀਬੀ ਤੇ ਭਾਪਾ ਤੁਸੀਂ ਈ ਸੀ
ਫਿਰ ਅੱਜ ਸ਼ਿਕਾਇਤਾਂ ਕਾਹਦੀਆਂ।
ਤੁਹਾਡੀ ਮੂੰਹ ਤੇ ਹੋਰ ਪਿੱਠ ਪਿੱਛੇ ਹੋਰ ਹੋਣ ਦੀ ਆਦਤ ਨੂੰ ਜਾਣ ਮੇਰਾ ਲੋਕਾਈ ਤੋਂ ਯਕੀਨ ਉੱਠ ਗਿਆ ,
ਤੁਹਾਡੇ ਦੁਆਰਾ ਲੋੜ ਤੋਂ ਜ਼ਿਆਦਾ ਕਾਬੂ ਕਰੇ ਜਾਣ ਦੇ ਕਾਰਨ ਮੈਂ ਆਪਣੇ ਫੈਸਲੇ ਆਪ ਲੈਣੇ ਨਾ ਸਿੱਖ ਸਕਿਆ ਤੇ ਆਪਣੀ ਖੁਸ਼ੀ ਲਈ ਹੋਰਾਂ ਤੇ ਨਿਰਭਰ ਹੋਣਾ ਸਿੱਖ ਗਿਆ
ਤੇਰੇ ਤੇ ਭਾਪੇ ਦੀ ਨਿੱਤ...

ਦੀ ਲੜਾਈ ਤੇ ਗਾਲੀ ਗਲੋਚ ਨੇ ਮੈਨੂੰ ਹੋਰਾਂ ਨਾਲ ਧੱਕਾ ਕਰਨਾ,ਕਿਸੇ ਦਾ ਸਨਮਾਨ ਨਾ ਕਰਨਾ ਤੇ ਗਾਹਲਾਂ ਕੱਢਣਾ ਸਿਖਾਇਆ।
ਤੁਸੀਂ ਮੈਨੂੰ ਜਨਮ ਕੀ ਦਿੱਤਾ ਤੁਸੀਂ ਮੇਰੇ ਤੇ ਪੂਰਾ ਕਾਬੂ ਕੀਤਾ।
ਉਸ ਕਾਬੂ ਹੋਣ ਚ ਮੈਂ ਆਪਾ ਖੋਹ ਦਿੱਤਾ ਤੇ ਮੈਨੂੰ ਜਨਮ ਦੇਣ ਦੀ
ਪਾਲਣ ਦੀ,
ਪੜ੍ਹਾਉਣ ਦੀ,
ਘਰ ਚ ਜਗ੍ਹਾ ਦੇਣ ਦੀ,
ਤੁਸੀਂ ਮੇਰੇ ਤੋਂ ਪੂਰੀ ਵਸੂਲੀ ਕੀਤੀ ਏ ਤਾਂ ਜਿਸਦਾ ਨਤੀਜਾ ਇਹ ਨਿਕਲਿਆ ਕੇ ਵਿਆਹ ਹੋਣ ਤੱਕ
ਸੱਸ ਸਹੁਰੇ ਦੇ ਪਰਿਵਾਰ ਨੂੰ ਮਿਲਣ ਤੱਕ
ਮੈਨੂੰ ਸਮਝ ਹੀ ਨਾ ਆਇਆ ਕੇ ਮੇਰੇ ਮਾਪੇ ਮੇਰੇ ਨਾਲ ਜੋ ਵਿਵਹਾਰ ਕਰ ਰਹੇ ਉਹ ਸਹੀ ਹੈ ਜਾਂ ਗਲਤ।
ਚੰਗੇ ਮਾਹੌਲ ਚ ਪਲੇ ਬੱਚੇ
ਹੱਸਮੁੱਖ ਹੁੰਦੇ,
ਆਪਣੇ ਫੈਸਲੇ ਆਪ ਲੈਂਦੇ,
ਸਭ ਦਾ ਸਨਮਾਨ ਕਰਦੇ,
ਦੋਗਲੇ ਨਹੀਂ ਹੁੰਦੇ,
ਭਾਵਨਾਤਮਿਕ ਤੌਰ ਤੇ ਮਜ਼ਬੂਤ ਹੁੰਦੇ।
ਮੇਰੀ ਤਰ੍ਹਾਂ ਨਹੀਂ, ਮੁਸ਼ਕਲਾਂ ਦੇਖ ਦੂਰ ਭੱਜਦੇ।
ਸਾਰੀ ਉਮਰ ਬੀਤ ਗਈ ਬਾਪੂ ਤੇ ਬੀਬੀ ਤੇਰੀ।ਤੁਸੀਂ ਹਾਲੇ ਤੱਕ ਆਪਣੇ ਆਪ ਨੂੰ ਨਹੀਂ ਬਦਲਿਆ।
ਜੇ ਮਾਪਿਆਂ ਨੂੰ ਔਲਾਦ ਦੀ ਲੋੜ ਹੁੰਦੀ ਤਾਂ ਔਲਾਦ ਨੂੰ ਵੀ ਮਾਪੇ ਚਾਹੀਦੇ ਹੁੰਦੇ ਜੋ ਰੀੜ ਦੀ ਹੱਡੀ ਬਣ ਨਾਲ ਖੜਨ ਨਾ ਕੇ ਥਾਂ-ਥਾਂ ਜਾ ਭੰਡ ਕੇ ਜੀਣਾ ਦੁੱਬਰ ਕਰ ਦੇਣ।
ਬੀਬੀ ਤੇਰੇ ਤੇ ਬਾਪੂ ਦੇ ਰਿਸ਼ਤੇ ਦੀ ਮੇਰੇ ਤੇ ਮੇਰੀ ਘਰਵਾਲੀ ਦੇ ਰਿਸ਼ਤੇ ਨਾਲ ਤੁਲਨਾ ਕਰ ਮੈਂ ਇਹ ਸਿੱਖਿਆ
ਕੇ ਅਸੀਂ ਇੱਕ ਦੂਜੇ ਨੂੰ ਝੂਠ ਨਹੀਂ ਬੋਲਦੇ।
ਇੱਕ ਦੂਜੇ ਦੀ ਕਦਰ ਕਰਦੇ ਹਾਂ।
ਇੱਕ ਦੂਜੇ ਨੂੰ ਸਮਝਦੇ ਹਾਂ।
ਜਦੋਂ ਦੋਨੋ ਇਕੱਠੇ ਹੁੰਦੇ ਹਾਂ ਦੁਨੀਆ ਭੁੱਲ ਜਾਂਦੇ ਹਾਂ।
ਮੇਰੀ ਘਰ ਵਾਲੀ ਮੈਨੂੰ ਫੈਸਲੇ ਕਰਨ ਦਿੰਦੀ।
ਮੇਰੇ ਆਤਮਵਿਸ਼ਵਾਸ਼ ਨੂੰ ਵਧਣ ਚ ਸਹਾਈ ਹੁੰਦੀ।
ਮੈਨੂੰ ਕਾਬੂ ਨਹੀਂ ਕਰਦੀ ਤੇ ਮੈਨੂੰ ਖੁੱਲ ਕੇ ਜੀਣ ਦਿੰਦੀ।
ਇਹ ਸਭ ਉਹੋ ਕਰਨ ਦਿੰਦਾ ਜਿਸਦੇ ਅੰਦਰ ਸਕਾਰਾਤਮਿਕ ਗੱਲਾਂ ਦਾ ਸੰਗ੍ਰਹਿ ਹੋਵੇ।
ਇਸ ਚ ਕੋਈ ਸ਼ੱਕ ਨਹੀਂ ਕੇ ਮੇਰੀ ਘਰਵਾਲੀ ਚੰਗੇ ਪਰਿਵਾਰ ਚ
ਚੰਗੇ ਮਾਹੌਲ ਚ ਪਲੀ ਏ
ਤੇ ਮੈਂ ਉਸਨੂੰ ਪਾ ਖੁਸ਼ਨਸੀਬ ਮਹਿਸੂਸ ਕਰਦਾ ਹਾਂ।
ਮੇਰੀ ਤੀਜੀ ਅੱਖ ਖੁੱਲ ਰਹੀ ਤੇ ਹੁਣ ਮੈਨੂੰ ਉਮਰ ਦੇ ਤੀਹਵੇਂ ਵਰ੍ਹੇ ਸਹੀ ਗਲਤ ਦੀ ਪਹਿਚਾਣ ਹੋ ਰਹੀ।
ਮੇਰੀ ਘਰਵਾਲੀ ਨੂੰ ਚੌਥਾ ਮਹੀਨਾ ਲੱਗਾ ਹੋਇਆ ਤੇ ਮੈਂ ਹੱਥ ਜੋੜ ਕੇ ਤੈਨੂੰ ਤੇ ਬਾਪੂ ਨੂੰ ਕਹਿਣਾ ਕੇ ਆਪਣੇ ਆਪ ਨੂੰ ਬਦਲ ਲਵੋ।ਮੈਂ ਆਪਣੀ ਔਲਾਦ ਉਸ ਮਾਹੌਲ ਚ ਨਹੀਂ ਪਾਲਣਾ ਚਾਹੁੰਦਾ ਜਿਸ ਚ ਮੈਂ ਪਲਿਆ ਹਾਂ …ਨਹੀਂ ਤਾਂ ਉਹ ਦਿਨ ਦੂਰ ਨਹੀਂ ਕੇ ਮੈਂ ਅੱਡ ਹੋ ਜਾਵਾਂਗਾ ਫਿਰ ਤੂੰ ਇਸ ਗੁਆਂਢਣ ਕੋਲ ਬੈਠ ਰੋਣਾ ਤੇ ਇਸਨੇ ਵੀ ਗਲ ਨਹੀਂ ਲਗਾਉਣਾ …!’
ਆਪਣੇ ਦੁੱਖ ਕਹਿ ਜੀਤਾ ਆਪਣੀ ਘਰਵਾਲੀ ਕੋਲ ਬੈਠਕ ਚ ਚਲਾ ਗਿਆ।
ਗੁਆਂਢਣ ਕੰਨ ਜਿਹਾ ਖੁਰਚਦੀ ਆਪਣੇ ਘਰ ਮੁੜ ਗਈ ਤੇ ਜੀਤੇ ਦੀ ਮਾਂ ਦੇ ਜੀਤੇ ਦੀਆਂ ਗੱਲਾਂ ਸੁਣ ਕੰਨ ਲਾਲ ਹੋ ਗਏ।
ਉਹ ਗੱਲ ਬੋਚਣ ਦੀ ਮਾਰੀ
ਬਾਣੀਏ ਦੀ ਦੁਕਾਨ ਤੋਂ ਮਿਠਿਆਈ ਲੈਣ ਚਲੇ ਗਈ ਤੇ ਮੁੜ ਕੇ ਆਈ ਜੀਤੇ ਤੇ ਉਸਦੀ ਘਰਵਾਲੀ ਨੂੰ ਖਿਲਾਉਂਦੀ ਬੋਲੀ ਵਾਹਿਗੁਰੂ ਨੇ ਮੇਹਰ ਕਰੀ ਏ,ਅੱਜ ਤੋਂ ਬਾਅਦ ਆਪਾਂ ਸਾਰੇ ਖੁਸ਼-ਖੁਸ਼ ਰਿਹਾ ਕਰਾਂਗੇ।ਦੇਰ ਆਏ ਦਰੁਸਤ ਆਏ ਵਰਗੀ ਰੀਸ ਨਹੀਂ ….।
ਮਾਂ ਤੋਂ ਮਿਠਿਆਈ ਲੈ ਜੀਤੇ ਨੇ ਖਾਹ ਜਰੂਰ ਲਈ ਸੀ ਪਰ ਉਸਨੂੰ ਸ਼ੱਕ ਸੀ ਕਿਤੇ ਇਸ ਚ ਵੀ ਮਾਂ ਦੀ ਕੋਈ ਚਾਲ ਤਾਂ ਨਹੀਂ।
ਸਰੀਰ ਦੇ ਜ਼ਖਮ ਭਰ ਜਾਂਦੇ ਪਰ ਰੂਹ ਦੇ ਨਹੀਂ ਭਰਦੇ …ਸੋਚਦਾ ਜੀਤਾ ਆਪਣੇ ਮਾਪਿਆਂ ਦੇ ਹੱਥੋਂ ਸ਼ੋਸ਼ਣ ਦਾ ਸ਼ਿਕਾਰ ਹੋਇਆ ਇਹ ਖਿਆਲ ਆਉਂਦੀਆਂ
“ਬੇਬੇ ਬਾਪੂ ਤੁਸੀਂ ਮੈਨੂੰ ਕੀ ਬਣਾ ਦਿੱਤਾ” …ਭੁੱਬਾਂ ਮਾਰ ਰੋ ਪੈਂਦਾ।
©️— ਜੱਸੀ ਧਾਲੀਵਾਲ
Email: storytellerjassidhaliwal@gmail.com

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)