ਸੁਖਬੀਰ ਨੂੰ ਕਲ ਕਿਸੇ ਦਾ ਫੋਨ ਗਿਆ ਕਿ ਮਾਂ ਢਿੱਲੀ ਦਿਖਦੀ ਤੇ ਮੰਜੇ ਤੇ ਪਈ ਆ।
ਅੱਜ ਇਹ ਦਫਤਰੋਂ ਛੁੱਟੀ ਲੈ ਮਾਂ ਕੋਲ ਪਹੁੰਚੀ। ਆਂਦਿਆਂ ਮਾਂ ਦੇ ਗਲ ਲੱਗ ਰੋਈ ਤੇ ਨਾਲ ਈ ਗੁੱਸੇ ਦੀ ਬੌਛਾਰ ਸੁੱਟੀ।
” ਜੇ ਪੁੱਤ ਪ੍ਰਦੇਸੀ ਹੋਕੇ ਪਿੱਛੇ ਨੀ ਪਰਤਿਆ।ਮੈਂ ਤਾਂ ਹੈ ਨਾ ਇੱਥੇ। ਮੈਨੂੰ ਕਿਉਂ ਨੀ ਦਸਿਆ? ”
“ਕੁਝ ਹੋਇਆ ਹੋਵੇ ਤਾਂ ਦੱਸਾਂ। ਮਾੜੀ ਮੋਟੀ ਤਕਲੀਫ ਤਾਂ ਉਮਰ ਨਾਲ ਹੋਣੀ ਆ।”
“ਮੈਨੂੰ ਪਤਾ ਮਾੜੀ ਮੋਟੀ ਤਕਲੀਫ ਨਾਲ ਤੁਸੀਂ ਮੰਜਾ ਨੀ ਮਲਦੇ। ਇੱਥੇ ਮੈਂ ਇਕੱਲਿਆਂ ਨੀ ਰਹਿਣ ਦੇਣਾ। ਨਾਲ ਲੈ ਕੇ ਜਾਣਾ।”
“ਮੈਂ ਆਪਣੇ ਘਰੇ ਠੀਕ ਆ।ਤਾਰੋ ਸਫਾਈਆਂ ਕਰ ਜਾਂਦੀ ਕੱਪੜੇ ਧੋ ਜਾਂਦੀ।ਰਸੋਈ ਦਾ ਮੈਂ ਆਪੇ ਕਰ ਲੈਨੀ ਆ। ਆਂਢ ਗੁਆਂਢ ਸਾਰੇ ਖਿਆਲ ਰਖਦੇ। ਉਦਾਂ ਮੈਂ ਦਿਨ ਪਧਰੇ ਹੋਏ ਤਾਂ ਆਵਾਂਗੀ ਨਿਆਣਿਆਂ ਨੂੰ ਵੇਖਣ।”
“ਮੈਨੂੰ ਬਹੁਤ ਬੁਰਾ ਲਗਦਾ ਇੰਜ ਇਕੱਲਿਆਂ ਛੱਡ ਕੇ ਜਾਣ ਨੂੰ।”
“ਛੱਡ ਕੁੜੀਏ! ਜਦੋਂ ਧੀ ਮਾਂ-ਪਿਉ ਨੂੰ ਸਾਭਿੰਣ ਦੀ ਗੱਲ ਕਰਦੀ, ਮੈਨੂ ਉਸ ਵੇਲੇ ਦੂਜੇ ਵੇਹੜੇ ਵਾਲੀ ਨਾਮੋ ਯਾਦ ਆ ਜਾਦੀਂ। ਸ਼ਰੀਕੇ ਦੀਆਂ ਨੂੰਹਾਂ ਜਮੀਨ ਲੈਕੇ ਵੀ ਚੱਜ ਨਾਲ ਰੋਟੀ ਨੀ ਸੀ ਦਿੰਦੀਆਂ ਤਾ ਧੀਅ ਲੈ ਗਈ। ਥੋੜੇ ਦਿਨ ਤਾਂ ਠੀਕ ਰਹੀ।ਇਕ ਦਿਨ ਜੁਆਈ ਕੰਮ ਤੋਂ ਆਇਆ ਤਾਂ ਗਾਂ ਉਹਨੂੰ ਵੇਖਕੇ ਅੜਾਣ ਲਗ ਪਈ ਤੇ ਉਹ ਉਹਦੀ ਕੁੜੀ ਨੂੰ ਪੁੱਛਦਾ।
‘ ਆਹ ਆਪਣੀ ਮਾਂ ਨੂੰ ਪੱਠੇ ਨੀ ਪਾਏ। ਅੜਾਣ ਡਈ ਆ’
ਨਾਮੋ ਨੇ ਸੁਣ ਲਿਆ ਤੇ ਅਗਲੀ ਸਵੇਰ ਆਪਣਾ ਬੁਜਕਾ ਚੁੱਕ ਆਪਣੇ ਪਿੰਡ ਪਹੁੰਚ ਗਈ ਇਹ ਧਾਰ ਕੇ ਕਿ ਸ਼ਰੀਕਾਂ ਤੋਂ ਮੰਗਿ ਕੇ ਖਾਣੀ ਚੰਗੀ ਜਵਾਈ ਦੇ ਇਹੋ ਜਿਹੇ ਬੋਲਾਂ ਨਾਲੋਂ।ਆਪਣੇ ਪਿੰਡ ਚੋਂ ਆਖਰੀ ਦਮ ਤੱਕ ਨ ਨਿਕਲੀ।
ਪੁੱਤ ਬਦਲਦੇ ਜਮਾਨੇ ਨਾਲ ਸਮਝੌਤਾ ਕਰਿਆਂ ਈ ਠੀਕ ਰਹਿੰਦਾ। ਹੁਣ ਉਹ ਞਕਤ ਨੀ ਜਦੋਂ ਬਜ਼ੁਰਗਾਂ ਦੀ ਛੱਤਰ-ਛਾਇਆ ਹੇਠ ਉਹਨਾਂ ਦੇ ਟਬਰ ਰਹਿੰਦੇ ਸੀ। ਹੁਣ ਉਲਟਾ ਹੋ ਗਿਆ ਔਲਾਦ ਹੁਣ ਬਜ਼ੁਰਗਾਂ ਨੂੰ ਸੰਭਾਲਦੀ ਆ। ਇਕੱਠੇ ਪ੍ਰੀਵਾਰ ਹੁੰਦੇ ਸੀ।...
ਜਿਹੜਾ ਬਾਹਰ ਵੀ ਨੌਕਰੀ ਕਰਦੇ ਸੀ ਰਿਟਾਇਰ ਹੋਕੇ ਘਰੇ ਈ ਮੁੜਦੇ ਸੀ ਤੇ ਹੁਣ ਸ਼ਹਿਰ ਚ ਕੋਠੀਆਂ ਪਾ ਬਹਿੰਦੇ।ਨੌਕਰੀਆਂ ਬਚਿਆਂ ਦੀ ਪੜ੍ਹਾਈ ਤੇ ਹੋਰ ਸਹੂਲਤਾਂ ਵਾਰੇ ਸੋਚਣਾ ਪੈਂਦਾ ।
ਦੋਸ਼ ਕੀ ਦੇਣਾ ਕਿਸੇ ਨੂੰ। ਹੁਣ ਸਾਰੇ ਮਜਬੂਰੀਆਂ ਵੱਸ ਹੋ ਗਏ ਆ।ਲੋੜਾਂ ਤੋਂ ਇਲਾਵਾ ਖਾਇਸ਼ਾਂ ਵੀ ਤਾਂ ਬਹੁਤ ਵਧ ਗਈਆਂ।ਇਹਨਾਂ ਸਾਰੇ ਸੁੱਖਾਂ ਲਈ ਸਾਰੇ ਘਰੋਂ ਨਿਕਲਣ ਤਾਂਹੀ ਸਰਦਾ। ਹੁਣ ਤਾਂ ਟੱਬਰ ਦੇ ਜੀਆਂ ਦਾ ਆਪਸ ਚ ਤਾਲਮੇਲ ਵੀ ਖਤਮ ਹੋ ਗਿਆ। ਆਪਣੇ ਆਪਣੇ ਫੋਨਾਂ ਨੂੰ ਚਿੰਬੜੇ ਰਹਿੰਦੇ ਆ
ਰੋਜ ਅਖਬਾਰਾਂ,ਰੇਡੀਓ ਤੇ ਟੀ ਵੀ ਦੀਆਂ ਖਬਰਾਂ ਚ ਇਕ ਦੂਜੇ ਨੂੰ ਸਲਾਹਾਂ ਮੱਤਾਂ ਦਿੰਦੇ ਵੇਖਦੇ ਆਂ ਕਿ ਮਾਂ ਪਿਓ ਦਾ ਸਤਿਕਾਰ ਕਰੋ,ਸੇਵਾ ਕਰੋ, ਨਾਲ ਰੱਖੋ।ਦੱਸ ਭਲਾ! ਉਹ ਆਲੀਸ਼ਾਨ ਮਕਾਨਾਂ ਦੇ ਬੰਦ ਕਮਰਿਆਂ ਚ ਕਿਵੇਂ ਖੁਸ਼ ਰਹਿਣਗੇ ਤੇ ਸਾਰਾ ਦਿਨ ਨਿਆਣਿਆਂ ਨੂੰ ਉਡੀਕਦੇ ਰਹਿਣਗੇ। 10% ਮਾਪੇ ਹੋਣਗੇ ਜਿਹਨਾਂ ਨੂੰ ਬੱਚੇ ਸਾਂਭਦੇ ਤੇ ਉਹ ਖੁਸ਼ ਹਨ ਬਾਕੀ ਦਿਨ ਕਟੀ ਕਰਦੇ।”
“ਬੀਜੀ ਤੁਸੀਂ ਤਾਂ ਲੈਕਚਰ ਈ ਦੇਣ ਲੱਗ ਪਏ। ਸਾਡੇ ਕੋਲ ਹਮੇਸ਼ਾਂ ਖੁਸ਼ ਰਹੋਗੇ।”
“ਜਿਉਂਦੇ ਵਸਦੇ ਰਹੋ।ਜਿਨਾਂ ਚਿਰ ਚਲਦੀਆਂ ਠੀਕ ਆ। ਫਿਰ ਬਿਰਧ ਆਸ਼ਰਮ ਈ ਠੀਕ ਆ। ਤੇਰੇ ਭਾਪਾਜੀ ਦੀ ਫੌਜੀ ਪੈਨਸ਼ਨ ਵਾਧੂ। ਨਾਲ ਦੋ ਹੋਰ ਵੀ ਰੋਟੀ ਖਾ ਲੈਣਗੇ ਜਿੰਨਾਂ ਦਾ ਕੋਈ ਨੀ। ਮੈਂ ਤਾ ਕਹਿਨੀ ਸਰਕਾਰ ਨੂੰ ਸੋਚਣਾ ਚਾਹੀਦਾ ਤੇ ਇਹਨਾਂ ਆਸ਼ਰਮਾਂ ਨੂੰ ਸਰਕਾਰੀ ਗ੍ਰਾਂਟ ਮਿਲਣੀ ਚਾਹੀਦੀ”
“ਵਾਹ ਮਾਤਾ!ਬੜੀਆਂ ਦਲੀਲਾਂ ਨਾਲ ਸਮਝਾਦੇ ਉ। ਚਲੋ ਮੰਜਾ ਛੱਡੋ ਤੇ ਲੋਕਾਂ ਨੂੰ ਸਮਝਾਉ ਕਿ ਚੰਗੀ ਸਰਕਾਰ ਕਿਵੇਂ ਬਣਾਈ ਆ”
ਤਾਰੋ ਚਾਹ ਬਣਾ ਲਿਆਈ ਤੇ ਮਾਂ ਬਿਮਾਰੀ ਭੁੱਲ ਫੁਰਤੀ ਨਾਲ ਉੱਠ ਅਲਮਾਰੀ ਚੋ ਪਿਨੀਆਂ ਦਾ ਡੱਬਾ ਕੱਢ ਲਿਆਈ
” ਰਾਤੀਂ ਮੈਂ ਉੱਠਕੇ ਬਣਾਈਆਂ ਸੀ। ਲਗਦਾ ਸੀ ਤੂੰ ਆਏਂਗੀ”
ਹਰਜੀਤ ਸੈਣੀ