More Punjabi Kahaniya  Posts
ਸੱਚ ਵਾਲਾ ਰਾਹ


ਸਤੰਬਰ 95 ਦਾ ਪਹਿਲਾ ਹਫਤਾ..
ਜਸਵੰਤ ਸਿੰਘ ਖਾਲੜਾ ਖਾਲਸਾ ਕਾਲਜ ਅੰਮ੍ਰਿਤਸਰ ਸਾਮਣੇ ਆਪਣੇ ਘਰੋਂ ਤੁਰਨ ਲੱਗਾ ਤਾਂ ਕੁਝ ਸੋਚ ਵਾਪਿਸ ਪਰਤ ਆਇਆ..!
ਘਰਦੇ ਸੋਚਦੇ ਕੋਈ ਚੀਜ ਭੁੱਲ ਗਏ ਹੋਣੇ..
ਪਰ ਉਹ ਘਰਵਾਲੀ ਕੋਲ ਜਾ ਇੱਕ ਸਵਾਲ ਪੁੱਛਦਾ ਏ “ਪਰਮਜੀਤ ਜੇ ਮੈਨੂੰ ਕੁਝ ਹੋ ਗਿਆ ਤਾਂ ਬੱਚੇ ਪਾਲ ਲਵੇਂਗੀ”?
ਹੈਰਾਨ ਹੋ ਜਾਂਦੀ ਅਖ਼ੇ ਇੰਝ ਕਿਓਂ ਪੁੱਛਦੇ ਹੋ..ਅੱਗੇ ਵੀ ਤੇ ਪਲ ਹੀ ਰਹੇ ਨੇ..ਤੁਸੀਂ ਵੀ ਤਾਂ ਨਾਲ ਹੀ ਹੋ”
ਏਨੀ ਗੱਲ ਸੁਣ ਉਹ ਆਪਣੀ ਮੰਜਿਲ ਵੱਲ ਨੂੰ ਰਵਾਨਾ ਹੋ ਜਾਂਦਾ ਏ..!
ਫੇਰ ਪੰਜ ਸਤੰਬਰ ਨੂੰ ਅਗਵਾ ਕਰ ਲਿਆ ਜਾਂਦਾ ਤੇ ਮੁੜ ਕਦੀ ਵੀ ਉਸ ਘਰੇ ਪਰਤ ਕੇ ਨਹੀਂ ਆਉਂਦਾ..
ਜ਼ੰਜੀਰਾਂ ਵਿਚ ਜਕੜੇ ਹੋਏ ਨੂੰ ਝੂਠ ਧਮਕਾਉਂਦਾ ਏ..ਆਖਦਾ ਆਪਣਾ ਰਾਹ ਬਦਲ ਲੈ..ਲਾਲਚ ਵੀ ਦਿੰਦਾ..ਪਰ ਸੱਚ ਦਾ ਪਰਵਾਨਾ ਟੱਸ ਤੋਂ ਮਸ ਨਹੀਂ ਹੁੰਦਾ..!
ਅੰਤ ਨੂੰ ਜਦੋਂ ਆਖਰੀ ਸਫ਼ਰ ਤੇ ਲੈ ਕੇ ਤੁਰਨ ਲੱਗਦੇ ਤਾਂ ਕੋਲ ਬੈਠੀ ਖਾਕੀ ਆਖਦੀ ਏ ਜੇ ਵੱਡੇ ਸਾਬ ਦੀ ਗੱਲ ਮੰਨ ਲੈਂਦਾ ਤਾਂ ਆਪ ਵੀ ਸੌਖਾ ਰਹਿੰਦਾ ਤੇ ਸਾਨੂੰ ਵੀ ਕੌੜਾ ਘੁੱਟ ਨਾ ਭਰਨਾ ਪੈਂਦਾ..!
ਅੱਗੋਂ ਬਚੇ ਹੋਏ ਸਾਹ ਇਕੱਠੇ ਕਰ ਜੁਆਬ ਦਿੰਦਾ “ਇਹ ਸਭ ਕੁਝ ਵਾਹਿਗੁਰੂ ਦੇ ਭਾਣੇ ਵਿਚ ਹੋ ਰਿਹਾ ਏ”
ਫੇਰ ਅਗਲੇ ਕੁਝ ਘੰਟਿਆਂ ਵਿਚ ਪੰਜ ਭੂਤਕ ਪੰਜਾਬ ਦੇ ਪਾਣੀਆਂ ਵਿਚ ਵੇਲੀਂ ਹੋ ਜਾਂਦਾ!
ਸੱਚ ਵਾਲਾ ਰਾਹ ਸੌਖਾ ਨਹੀਂ..
ਕੰਡਿਆਂ ਦੀ ਸੇਜ ਸੌਣਾ ਪੈਂਦਾ..ਤਲਵਾਰ ਦੀ ਧਾਰ ਤੇ ਤੁਰਨਾ ਪੈਂਦਾ..ਅੱਗ ਦੇ ਦਰਿਆ ਪਾਰ ਕਰਨੇ ਪੈਂਦੇ..ਹੱਡ-ਪੈਰ ਤੁੜਵਾਉਂਣੇ ਪੈਂਦੇ!
ਰਿਸ਼ਤੇਦਾਰ ਸਾਕ-ਸਬੰਦੀ ਸੱਜਣ ਮਿੱਤਰ ਅਕਸਰ ਹੀ ਸਾਥ ਛੱਡ ਜਾਇਆ ਕਰਦੇ ਨੇ..!
ਸਮਾਜ ਪਾਗਲ ਦੇ ਖਿਤਾਬ ਦਿੰਦਾ ਅਤੇ ਪੈਰ ਪੈਰ ਤੇ ਬਾਗੀ ਦੇ ਮੇਹਣੇ ਦਿੱਤੇ ਜਾਂਦੇ..ਪਲ ਪਲ ਮੌਤ ਨਾਲ ਖਹਿ ਕੇ ਲੰਘਣਾ ਪੈਂਦਾ..!
ਅਖੀਰ ਜਦੋਂ ਕੋਠੇ ਚੜ ਕੇ ਨੱਚਦਾ ਸੱਚ ਝੂਠ ਦੇ ਗਲ ਦੀ ਹੱਡੀ ਬਣ ਜਾਂਦਾ ਏ ਫੇਰ ਸਿਸਟਮ ਇਸਦੇ ਚੀਥੜੇ ਉਡਾ ਦਿਆ ਕਰਦਾ..!
ਜਸਵੰਤ ਸਿੰਘ ਕੰਵਲ ਦੇ ਨੱਬੇ ਕਾਨਵੇਂ ਤੱਕ ਦਾ ਸਫ਼ਰ..
ਸੰਘਰਸ਼ ਦਾ ਦੌਰ..ਨਾਜੁਆਨੀ ਨੂੰ ਦਿੱਤੀਆਂ ਜਾਂਦੀਆਂ ਬੇਸ਼-ਕੀਮਤੀ ਨਸੀਹਤਾਂ..ਯਾਦ ਕਰਵਾਏ ਜਾਂਦੇ ਸੰਕਲਪ..ਦਿੱਤੇ ਜਾਂਦੇ ਸੁਹਿਰਦ ਇਤਿਹਾਸਿਕ ਹਵਾਲੇ..ਇਹ ਸਭ ਸਰਕਾਰਾਂ ਦੀ ਹਿੱਕ ਵਿਚ ਖੰਜਰ ਬਣ ਚੁੱਬ ਜਾਇਆ ਕਰਦੇ ਸਨ..!
ਪਰ ਉਹ ਬੇਖੌਫ ਹੋ ਕੇ ਖੁੱਲੇਆਮ ਵੰਗਾਰ ਪਾਉਂਦਾ..
ਓਹੀ ਵੰਗਾਰ ਜਿਹੜੀ ਕਿਸੇ ਵੇਲੇ “ਭਰਪੂਰ ਸਿੰਘ ਬਲਬੀਰ” ਨੇ ਮੰਜੀ ਸਾਬ ਦੀ ਸਟੇਜ ਤੇ ਖੜ ਕੇ ਪਾਈ ਸੀ..
ਓਹਨੀ ਦਿੰਨੀ ਹਰ ਸੁਵੇਰ ਮੁਕਾਈ ਜਾ ਰਹੀ ਜਵਾਨੀ ਦੀਆਂ ਲਹੂ ਭਿੱਜੀਆਂ ਖਬਰਾਂ ਉਸਦੇ ਸੀਨੇ ਵਿਚ ਤੀਰ ਵਾਂਙ ਖੁੱਬ ਜਾਇਆ ਕਰਦੀਆਂ!
ਫੇਰ ਉਹ ਕਲਮ ਫੜ ਨਿੱਕਲ ਤੁਰਦਾ..ਦਲੀਲ ਦੇ ਨਾਲ ਵਿਰੋਧੀਆਂ ਦੇ ਖੇਮੇਂ ਵਿਚ ਖੜ ਸ਼ਰੇਆਮ ਲਲਕਾਰਾ ਮਾਰਦਾ..!
ਉਸਦੀ ਲਲਕਾਰ ਸੁਣ ਝੂਠ ਚਿੜ ਉੱਠਦਾ..ਦਹਿਸ਼ਤਗਰਦ ਦਾ ਖਿਤਾਬ ਦਿੰਦਾ..ਪਰ ਉਸਨੂੰ ਕੋਈ ਪ੍ਰਵਾਹ ਨਹੀਂ ਸੀ ਹੁੰਦੀ..
ਪ੍ਰਵਾਹ ਤਾਂ ਉਹ ਕਰੇ ਜਿਸ ਕੋਲ ਗਵਾਉਣ ਲਈ ਕੁਝ ਹੋਵੇ..ਤੇ ਜਾਂ ਫੇਰ ਉਸਨੇ ਦਿਲ ਵਿਚ ਕਿਸੇ ਸਰਕਾਰੀ ਅਹੁਦੇ ਦੀ ਝਾਕ ਪਾਲ ਰੱਖੀ ਹੋਵੇ..!
ਬਾਗੀ ਹੋਏ ਨੌਜੁਆਨ ਕਦੇ ਕਦਾਈਂ ਗਲਤੀ ਵੀ ਕਰ ਬਹਿੰਦੇ ਤਾਂ ਆਪਣੇ ਪੁੱਤਰਾਂ ਵਾਂਙ ਝਿੜਕ ਵੀ ਮਾਰ ਦਿਆ ਕਰਦਾ..
ਓਹਨਾ ਵੇਲਿਆਂ ਵੇਲੇ ਇੰਝ ਕਰਨਾ ਹਰੇਕ ਦੇ ਵੱਸ ਵਿਚ ਨਹੀਂ ਸੀ ਹੁੰਦਾ..
ਕਿਸੇ ਦਾ ਪਰਿਵਾਰ ਕਮਜ਼ੋਰੀ ਬਣ ਜਾਂਦਾ ਏ..ਕੋਈ ਵਿਓਪਾਰ ਬਾਰੇ ਸੋਚ ਖਮੋਸ਼ ਹੋ ਜਾਂਦਾ..ਕਿਸੇ ਦੀ ਨਾਲਦੀ ਪੈਰਾਂ ਵਿਚ ਸੰਗਲ ਵਾਂਙ ਬੱਝ ਜਾਇਆ ਕਰਦੀ..ਤੇ ਕਈ ਖੁੱਸਦੇ ਹੋਏ ਦੁਨਿਆਵੀ ਸੁਖਾਂ ਅਤੇ ਆਰਾਮ ਦਾਇਕ ਜਿੰਦਗੀ ਬਾਰੇ ਸੋਚ ਬੁੱਲ ਸੀ ਲੈਂਦੇ..
ਉਲਟੇ ਪਾਣੀ ਵਗਣਾ ਉਸ ਘਰ ਫੂਕ ਤਮਾਸ਼ਾ ਵੇਖਣ ਦੇ ਬਰੋਬਰ...

ਏ ਜਿਸ ਵਿਚ ਕੁਝ ਹਾਸਲ ਨਹੀਂ..ਸਿਵਾਏ ਮੌਤ ਦੇ!
ਕੰਵਲ ਅਕਸਰ ਆਖਦਾ ਸੀ ਕੇ ਦਸਮ ਪਿਤਾ ਦੇ ਖਾਲਸੇ ਦੇ ਸੰਕਲਪ ਵਿਚ ਜਾ ਤਾਂ ਜਿੱਤ ਏ ਤਾਂ ਜਾ ਫੇਰ ਸ਼ਹੀਦੀ ਏ..ਜੋ ਕੋਈ ਵੀ ਏਧਰ ਓਧਰ ਦੀ ਗੱਲ ਕਰੇ ਤਾਂ ਸਮਝ ਲਵੋ ਭੰਬਲਬੂਸ ਸੋਚ ਦੇ ਪਸਾਰੇ ਦੀ ਸ਼ੁਰੂਆਤ ਹੋ ਚੁਕੀ ਏ..!
ਇਹ ਵੀ ਆਖਦਾ ਕੇ ਜੇ ਝੂਠ ਅਤੇ ਧੱਕੇ ਵਿਰੁੱਧ ਅੱਜ ਚੁੱਪ ਵੱਟ ਲਵੋਗੇ ਤਾਂ ਇਤਿਹਾਸ ਵਿਚ ਦੁਸ਼ਮਣ ਧਿਰਾਂ ਦੇ ਐਨ ਬਰੋਬਰ ਖਲੋਤੇ ਹੋਵੇਗੇ..!
ਪਿਛਲੇ ਸਾਲ ਅੱਜ ਦੇ ਦਿਨ ਜਦੋਂ ਇਹ ਧਰੂ ਤਾਰਾ ਸਾਹਿਤ ਦੇ ਆਸਮਾਨ ਵਿਚੋਂ ਅਲੋਪ ਹੋਇਆ ਤਾਂ ਸਬ ਤੋਂ ਪਹਿਲੀ ਮਨ ਵਿਚ ਆਈ ਕੁਝ ਇਸ ਤਰਾਂ ਦੀ ਸੀ..ਹੁਣ ਅਗਲਾ ਕੰਵਲ ਕੌਣ,ਕਦੋਂ ਤੇ ਕਿੱਦਾਂ ਦਾ ਹੋਵੇਗਾ..ਅੱਜ ਤੋਂ ਬਾਦ ਬੋਲਿਆ ਗਿਆ ਸੱਚ ਕਿੰਨੀ ਕੂ ਤੀਬਰਤਾ ਵਾਲਾ ਹੋਇਆ ਕਰੇਗਾ?
ਫੇਰ ਬਾਬੇ ਦੀ ਦੇਹ ਦੇ ਸਿਰ ਤੇ ਖਲੋਤੀਆਂ ਉਹ ਤਾਕਤਾਂ ਦਿਸ ਪਈਆਂ ਜਿਹੜੀਆਂ ਸ੍ਰੀ ਅਕਾਲ ਤਖ਼ਤ ਸਾਬ ਤੇ ਹੋਏ ਹਮਲੇ ਨੂੰ ਜਾਇਜ ਮੰਨਦੀਆਂ ਸਨ..ਕਾਤਲ ਅਤੇ ਬੁੱਚੜ ਧਿਰ ਨਾਲ ਬੈਠ ਅਕਸਰ ਹੀ ਰੋਟੀ ਤੇ ਬੋਟੀ ਦੀ ਸਾਂਝ ਪਾਇਆ ਕਰਦੀਆਂ..!
ਫੇਰ ਉਸਦੀ ਦੇਹ ਤੇ ਪਾਈ ਚਾਦਰ ਉੱਤੇ ਲਿਖੇ ਬੋਲ “ਸ਼ਾਹ ਰਾਂਝਾ” ਵੇਖ ਇੰਝ ਲੱਗਾ ਕੇ ਮੌਤ ਦੀ ਸੇਜ ਤੇ ਅੱਖਾਂ ਮੀਟੀ ਸੁੱਤਾ ਕੰਵਲ ਹੁਣੇ ਹੀ ਉੱਠ ਖਲੋਵੇਗਾ ਤੇ ਮੋਟੀ ਸਾਰੀ ਜੱਟਕੀ ਜਿਹੀ ਗਾਹਲ ਕੱਢ ਕੋਲ ਖਲੋਤਿਆਂ ਨੂੰ ਪੁੱਛੇਗਾ “ਓਏ ਮਰੇ ਹੋਏ ਨੂੰ ਦੂਜੀ ਵਾਰ ਮਾਰਨ ਲਗਿਆ ਤੁਹਾਨੂੰ ਸ਼ਰਮ ਨਾ ਆਈ?
ਪਰ ਸੱਚ ਦੇ ਪਰਵਾਨਿਆਂ ਦੇ ਮਿਰਤਕ ਸਰੀਰਾਂ ਦੀ ਬੇਪਤੀ ਅੱਜ ਕਿਹੜੀ ਪਹਿਲੀ ਵਾਰ ਹੋਈ ਏ..
ਇਤਿਹਾਸ ਫਰੋਲ ਲਵੋ..ਸ਼ਹੀਦ ਹੋਣ ਮਗਰੋਂ ਕਈਆਂ ਦੀਆਂ ਲੱਤਾਂ ਨੂੰ ਰੱਸੀਆਂ ਬੰਨ ਧੂ ਕੇ ਭੋਰਿਆਂ ਚੋ ਬਾਹਰ ਕੱਢਿਆ ਗਿਆ..
ਕਿਸੇ ਦੀ ਬੇਜਾਨ ਦੇਹ ਤੇ ਥੁੱਕ ਥੁੱਕ ਕੇ ਆਪਣਾ ਗੁੱਸਾ ਕੱਢਿਆ..ਪਰ ਉਹ ਤਾਂ ਪਹਿਲੋਂ ਹੀ ਸੱਚ ਦਾ ਢੰਡੋਰਾ ਪਿੱਟ “ਆਪ ਮੋਏ ਜੱਗ ਪਰਲੋ” ਹੋ ਗਏ ਸਨ!
ਮੁੱਕਦੀ ਗੱਲ ਗੁਰੂਆਂ ਦੀ ਵਰਸੋਈ ਧਰਤੀ ਤੇ ਜਸਵੰਤ ਸਿੰਘ ਜੰਮਦੇ ਹੀ ਰਹਿਣਗੇ..
ਕਦੀ ਖਾਲੜੇ ਬਣ ਕੇ ਤੇ ਜਾਂ ਫੇਰ ਕੰਵਲ ਬਣ ਕੇ..”ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ..ਨੀ ਮੈਂ ਫੇਰ ਤਾਰੀ ਲਾਊਂ ਸਿਵਿਆਂ ਚ ਸੜ ਕੇੋ..”
ਸਪਾਰਟਨ 300 ਨਾਮ ਦੀ ਫਿਲਮ ਵਿਚ ਵੱਡੀ ਪਰਸ਼ੀਅਨ ਫੌਜ ਕੋਲੋਂ ਆਪਣੇ ਦੇਸ਼ ਦੀ ਰਾਖੀ ਕਰਦੇ ਤਿੰਨ ਸੌਂ ਦੇ ਕਰੀਬ ਯੂਨਾਨੀ ਯੋਧਿਆਂ ਵਿਚੋਂ ਜਦੋਂ ਆਖਰੀ ਇੱਕ ਯੋਧਾ ਬਾਕੀ ਰਹਿ ਜਾਂਦਾ ਏ ਤਾਂ ਆਪਣੇ ਦੇਸ਼ ਵਾਸੀਆਂ ਨੂੰ ਉਚੀ ਸਾਰੀ ਵਾਜ ਮਾਰ ਆਖਦਾ ਕੇ ਸਾਡੇ ਮਗਰੋਂ ਅਗਲੀਆਂ ਪੀੜੀਆਂ ਨੂੰ ਏਨਾ ਜਰੂਰ ਦਸਿਓ ਕੇ ਸਾਡੇ ਸ਼ਹੀਦ ਹੋਣ ਦੀ ਵਜਾ ਕੀ ਸੀ!
ਆਓ ਇਸਤੋਂ ਪਹਿਲਾਂ ਕੇ ਆਉਣ ਵਾਲੀ ਨਸਲ “ਕੰਵਲ ਦੇ ਅਣਛਪੇ ਲੇਖ” ਵਰਗੇ ਬਨਾਉਟੀ ਸੰਗ੍ਰਹਿਆਂ ਦੇ ਨਾਮ ਹੇਠ ਨਕਲੀ ਘੁਸਪੈਠ ਕਰਵਾ ਕੇ ਸੱਚ ਦੇ ਸਿਧਾਂਤ ਤੋਂ ਕੁਰਾਹੇ ਪਾ ਦਿੱਤੀ ਜਾਵੇ..ਇਹ ਦੱਸਣ ਦਾ ਸੰਕਲਪ ਲਈਏ ਕੇ “ਖਾਲੜੇ ਤੇ ਕੰਵਲ” ਵਰਗੇ ਦੇਵ ਪੁਰਸ਼ ਸਾਰੀ ਉਮਰ ਕਿਸ ਚੀਜ ਦੀ ਖਾਤਿਰ ਲੜਦੇ ਮਰਦੇ ਰਹੇ ਤੇ “ਟਿਵਾਣਾ” ਵਰਗੀਆਂ ਧੀਆਂ ਨੇ ਸਮਕਾਲੀਨ ਹਾਕਮਾਂ ਵੱਲੋਂ ਨਿਵਾਜੀਆਂ ਪਦਵੀਆਂ ਅਤੇ ਵੱਡੇ ਇਨਾਮਾਂ ਨੂੰ ਠੋਕਰ ਮਾਰ ਝੂਠ ਦੀ ਪੌੜੀ ਚੜਨ ਤੋਂ ਕਿਓਂ ਨਾਂਹ ਕਰ ਦਿੱਤੀ ਸੀ..!
ਬੋਲੇ ਸੋ ਨਿਹਾਲ..ਸਤਿ ਸ੍ਰੀ ਅਕਾਲ
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)