More Punjabi Kahaniya  Posts
ਰਿਕਸ਼ੇ ਵਾਲਾ


ਮਾਸੀ ਦੇ ਕੌੜੇ ਸੁਭਾ ਕਰਕੇ ਜਦੋਂ ਕੋਈ ਵੀ ਉਸਨੂੰ ਟੇਸ਼ਨ ਤੋਂ ਘਰੇ ਲਿਆਉਣ ਲਈ ਤਿਆਰ ਨਾ ਹੋਇਆ ਤਾਂ ਅਖੀਰ ਮੈਂ ਹਾਮੀਂ ਭਰ ਦਿੱਤੀ..!
ਉਸਦੀ ਬਾਂਹ ਨੂੰ ਪਲਸਤਰ ਲੱਗਾ ਹੋਣ ਕਰਕੇ ਉਸਨੂੰ ਲਿਆਉਣਾ ਵੀ ਰਿਕਸ਼ੇ ਤੇ ਹੀ ਪੈਣਾ ਸੀ..!
ਗੱਡੀ ਆਈ ਤੇ ਲੰਘ ਵੀ ਗਈ ਪਰ ਮਾਸੀ ਕਿਧਰੇ ਵੀ ਨਾ ਦਿੱਸੀ..ਵੇਖਿਆ ਤਾਂ ਟੇਸ਼ਨ ਮਾਸਟਰ ਦੇ ਕਮਰੇ ਵੱਲੋਂ ਤੁਰੀ ਆ ਰਹੀ ਸੀ..ਪੈਰੀ ਹੱਥ ਲਾ ਉਸਦਾ ਝੋਲਾ ਫੜ ਲਿਆ..ਪੁੱਛਿਆ ਓਧਰ ਕਿੱਧਰ ਗਈ ਸੈਂ..?
ਆਖਣ ਲੱਗੀ ਉਲ੍ਹਾਮਾਂ ਦਿੱਤਾ..ਡਰਾਈਵਰ ਚੱਜ ਦਾ ਲਾਇਆ ਕਰੋ..ਹੌਲੀ ਹੋਲੀ ਜੂੰ ਦੀ ਤੋਰੇ ਲਿਆਉਂਦੇ ਨੇ ਸਿਰ ਤੇ ਦੁਪਹਿਰਾਂ ਲੈ ਆਂਦੀਆਂ!
ਏਨੇ ਨੂੰ ਟੀਟੀ ਨੇ ਟਿਕਟ ਪੁੱਛ ਲਈ..ਉਸਦੇ ਗੱਲ ਪੈ ਗਈ..ਅਖ਼ੇ ਬਿਨਾ ਟਿਕਟ ਤੇ ਤੁਹਾਥੋਂ ਫੜੇ ਨੀ ਜਾਂਦੇ..ਸਾਡੇ ਵਰਗੀਆਂ ਮਾਈਆਂ ਦਵਾਲੇ ਹੀ ਹੋਏ ਰਹਿੰਦੇ ਓ..!
ਬਾਹਰ ਆਏ ਤਾਂ ਕਿੰਨੇ ਸਾਰੇ ਰਿਕਸ਼ਿਆਂ ਵਾਲੇ ਇੱਕਠੇ ਹੋ ਗਏ..ਉਹ ਸਾਰਿਆਂ ਦਵਾਲੇ ਹੋ ਗਈ ਅਖ਼ੇ ਰੁਪਈਏ ਮਿਲਨੇ ਪੰਜ..ਚੱਲਣਾ ਤੇ ਚਲੋ ਨਹੀਂ ਤੇ ਲੱਤਾਂ ਅਜੇ ਸਹੀ ਸਲਾਮਤ ਨੇ..!
ਅਖੀਰ ਪਿਛਾਂਹ ਖੋਲਤੇ ਹੌਲੀ ਜਿਹੀ ਉਮਰ ਦੇ ਮੁੰਡੇ ਨੇ ਪੰਜਾਂ ਦੀ ਹਾਮੀ ਭਰ ਦਿੱਤੀ..!
ਰਾਹ ਵਿਚ ਕੇਲਿਆਂ ਵਾਲੀ ਰੇਹੜੀ ਤੇ ਬ੍ਰੇਕ ਮਰਵਾ ਲਈ..ਓਥੇ ਵੀ ਭਾਅ ਨਾ ਬਣਿਆ ਤੇ ਬੁਰਾ ਭਲਾ ਆਖਦੀ ਨੇ ਅਗਲੀ ਰੇਹੜੀ ਤੋਂ ਕਿੱਲੋ ਸੇਬ ਤੁਲਵਾ ਲਏ..ਉਹ ਮਗਰੋਂ ਟਾਹਰਾਂ ਦਿੰਦਾ ਰਿਹਾ..ਬੇਬੇ ਰੁਪਈਆ ਹੋਰ ਦੇ ਜਾ..ਏਨੇ ਵਿਚ ਵਾਰਾ ਨਹੀਂ ਖਾਂਦਾ..ਪਰ ਮਾਸੀ ਨੇ ਕੰਨ ਨਾ ਧਰੇ..!
ਏਨੇ ਨੂੰ ਇੱਕ ਸਾਈਕਲ ਵਾਲੇ ਨੇ ਪਿੱਛੋਂ ਲਿਆ ਸਾਈਕਲ...

ਦੇ ਮਾਰਿਆ..ਮਾਸੀ ਦਾ ਤਰਾਹ ਨਿੱਕਲ ਗਿਆ..ਅਖ਼ੇ ਖਸਮਾਂ ਨੂੰ ਖਣਿਓਂ ਅੱਗੇ ਇੱਕ ਤੇ ਤੋੜੀ ਜੇ ਹੁਣ ਦੂਜੀ ਵੀ ਭੰਨ ਦਿਓ..ਉਹ ਦੰਦ ਕੱਢਦਾ ਕੋਲੋਂ ਦੀ ਲੰਘ ਗਿਆ..!
ਏਨੇ ਨੂੰ ਸਾਡੇ ਰਿਖਸ਼ੇ ਵਾਲੇ ਨੂੰ ਮਾਸੀ ਦੀ ਸਾਰੀ ਕਹਾਣੀ ਸਮਝ ਆ ਗਈ ਸੀ..ਮੌਕਾ ਜਿਹਾ ਵੇਖ ਪੁੱਛਣ ਲੱਗਾ ਮਾਸੀ ਜੀ ਅਵਾਜਾਰ ਤੇ ਬੜੀ ਹੁੰਦੀ ਹੋਣੀ ਏਂ ਤੂੰ..ਇਸ ਉਮਰੇ ਟੁੱਟੀ ਹੋਈ ਜੁੜਦੀ ਵੀ ਕਿਧਰੇ ਸੌਖੀ ਥੋੜੀ ਏ..!
ਭਰੀ-ਭੀਤੀ ਨੇ ਅੱਗੋਂ ਸਾਰੀ ਕਹਾਣੀ ਸੁਣਾ ਦਿੱਤੀ..!
ਥੋੜਾ ਅੱਗੇ ਜਾ ਕੇ ਉਸਨੇ ਸਾਡੇ ਸਿਰਾਂ ਉੱਤੇ ਰਿਕਸ਼ੇ ਦੀ ਛਤਰੀ ਵੀ ਤਾਣ ਦਿੱਤੀ..
ਮਾਸੀ ਦੇ ਮੱਥੇ ਤੇ ਪਈਆਂ ਤਿਉੜੀਆਂ ਥੋੜੀਆਂ ਘਟ ਗਈਆਂ..ਫੇਰ ਉਸਨੇ ਅੱਗੇ ਲੱਗੀ ਛਬੀਲ ਤੋਂ ਉਚੇਚਾ ਮਿੱਠੇ ਪਾਣੀ ਦਾ ਗਲਾਸ ਲਿਆ ਮਾਸੀ ਨੂੰ ਪਿਆਇਆ..!
ਘਰੇ ਅੱਪੜ ਮੈਂ ਉਸਦਾ ਨਿੱਕ ਸੁੱਕ ਲੈ ਕੇ ਅੰਦਰ ਵੜ ਗਿਆ..ਬਾਕੀ ਦੇ ਉਸਨੂੰ ਮਿਲਣ ਗਿਲਣ ਵਿਚ ਰੁੱਝ ਗਏ..ਮੈਂ ਜਰੂਰੀ ਫੋਨ ਕਰਨ ਲਗੇ ਪੀ.ਸੀ.ਓ ਤੇ ਚਲਾ ਗਿਆ!
ਵਾਪਿਸ ਮੁੜਿਆ ਤਾਂ ਓਹੀ ਰਿਕਸ਼ੇ ਵਾਲਾ ਪੌੜੀਆਂ ਵਿਚ ਬੈਠਾ ਠੰਡੀ ਸ਼ਰਦਾਈ ਦਾ ਇੱਕ ਵੱਡਾ ਸਾਰਾ ਗਿਲਾਸ ਨਿੱਕੇ ਨਿੱਕੇ ਘੁੱਟਾਂ ਨਾਲ ਪੀਂਦਾ ਹੋਇਆ ਗੱਲਾਂ ਵਿਚ ਮਸਤ ਸੀ ਤੇ ਕੋਲ ਬੈਠੀ ਮਾਸੀ ਇੱਕ ਹੱਥ ਨਾਲ ਉਸਨੂੰ ਪੱਖੀ ਝੱਲ ਰਹੀ ਸੀ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)