More Punjabi Kahaniya  Posts
ਗੂੜੀ ਨੀਂਦਰ


ਪਿੰਡ ਸਵਖਤੇ ਹੀ ਰੌਲਾ ਪੈ ਗਿਆ..
ਬਾਬਾ ਗੁਰਦੀਪ ਸਿੰਘ ਜੀ ਚੜਾਈ ਕਰ ਗਏ ਸਨ..
ਲੰਮਾ ਤਲਿਸਮੀਂ ਦਾਹੜਾ..ਹਰ ਵੇਲੇ ਸਿਮਰਨ ਵਿਚ ਰਹਿੰਦੇ ਉਹ ਅਕਸਰ ਹੀ ਸਾਡੀ ਆੜ੍ਹਤ ਤੋਂ ਵਿਆਜੀ ਪੈਸੇ ਲੈ ਜਾਇਆ ਕਰਦੇ..ਪੁੱਛਣਾ ਕੀ ਕਰਨੇ ਨੇ ਤਾਂ ਅੱਗਿਓਂ ਹੱਸ ਪਿਆ ਕਰਦੇ!
ਵੱਡੀ ਸਿਫਤ ਇਹ ਸੀ ਕੇ ਮਿੱਥੇ ਟਾਈਮ ਤੋਂ ਪਹਿਲਾਂ ਹੀ ਸੂਦ ਸਮੇਤ ਮੋੜ ਜਰੂਰ ਜਾਇਆ ਕਰਦੇ..!
ਪਰ ਮੇਰੇ ਖਰੂਦੀ ਮਨ ਵਿਚ ਹਮੇਸ਼ਾਂ ਹੀ ਇਹ ਜਗਿਆਸਾ ਬਣੀ ਰਹਿੰਦੀ ਕੇ ਸਾਥੋਂ ਇਕ ਪਰਸੈਂਟ ਦੇ ਹਿਸਾਬ ਨਾਲ ਖੜ ਅੱਗੋਂ ਪਤਾ ਨੀ ਕਿਸ ਦਰ ਤੇ ਦਿੰਦੇ ਹੋਣੇ ਨੇ..ਜਿਹੜਾ ਚੇਹਰੇ ਤੇ ਹਮੇਸ਼ਾਂ ਹੀ ਇੱਕ ਸੁਰੂਰ ਜਿਹਾ ਛਾਇਆ ਰਹਿੰਦਾ ਏ..!
ਕਾਹਲੀ ਵਿਚ ਓਹਨਾ ਦਾ ਖਾਤਾ ਫਰੋਲਿਆ..
ਇਸ ਵੇਰ ਪੂਰੇ ਪੰਜਤਾਲੀ ਹਜਾਰ ਸਨ..ਉੱਤੋਂ ਅੱਜ ਮੋੜਣ ਦਾ ਇਕਰਾਰ ਵੀ ਸੀ!
ਅਫਸੋਸ ਦੇ ਬਹਾਨੇ ਮੈਂ ਵੀ ਓਹਨਾ ਦੇ ਵੇਹੜੇ ਵਿਚ ਜਾ ਬੈਠਾ..
ਐਨ ਵਿਚਕਾਰ ਪਈ ਹੋਈ ਓਹਨਾ ਦੀ ਦੇਹ..ਓਸੇ ਤਰਾਂ ਸ਼ਾਂਤ..ਸਥਿਰ ਅਤੇ ਨਿੰਮਾ-ਨਿੰਮਾ ਹੱਸਦੇ ਹੋਏ..ਇੰਝ ਲੱਗਾ ਜੀਵੇਂ ਗੂੜੀ ਨੀਂਦਰ ਸੁੱਤੇ ਹੁਣੇ ਹੀ ਫੇਰ ਉੱਠ ਪੈਣਗੇ..!
ਉਧਾਰ ਦਿੱਤੀ ਰਕਮ ਨੇ ਸੋਚਾਂ ਵਿਚ ਪਏ ਨੂੰ ਇੱਕ ਹਲੂਣਾ ਜਿਹਾ ਦਿੱਤਾ..ਮਨ ਨੂੰ ਕਾਹਲੀ ਜਿਹੀ ਪਈ ਤੇ ਮੈਂ ਬਹਾਨੇ ਜਿਹੇ ਨਾਲ ਉੱਠ ਦੂਰ ਬੈਠੇ ਓਹਨਾ ਦੇ ਪੁੱਤਰ ਕੋਲ ਜਾ ਬੈਠਾ..!
ਅਜੇ ਇਸ ਬਾਰੇ ਗੱਲ ਛੇੜਨ ਹੀ ਲੱਗਾ ਸਾਂ ਕੇ ਨਾਲ ਲੱਗਦੇ ਪਿੰਡ ਦਾ ਇੱਕ ਬੰਦਾ ਕੋਈ ਗੱਲ ਕਰਨ ਬਹਾਨੇ ਸਾਡੇ ਦੋਹਾਂ ਦੇ ਐਨ ਵਿਚਕਾਰ ਆਣ ਬੈਠਾ..!
ਬਿੰਦ ਕੂ ਮਗਰੋਂ ਓਹਲੇ ਜਿਹੇ ਨਾਲ ਲਫਾਫੇ ਵਿਚ ਲਪੇਟੇ ਹੋਏ ਨੋਟਾਂ ਦੇ ਕਿੰਨੇ ਸਾਰੇ ਬੰਡਲ ਬਾਬਾ ਜੀ ਦੇ ਪੁੱਤ ਵੱਲ ਵਧਾਉਂਦਾ ਹੋਇਆ ਆਖਣ ਲੱਗਾ ਜੀ ਪਿਛਲੇ ਹਫਤੇ ਧੀ ਦਾ ਕਾਰਜ ਤਾਂ ਸੁਖੀ ਸਾਂਦੀ ਨੇਪਰੇ ਚੜ ਗਿਆ ਸੀ ਪਰ ਏਧਰੋਂ ਓਧਰੋਂ ਰਕਮ...

ਇੱਕਠੀ ਕਰਦਿਆਂ ਘੜੀ ਲੱਗ ਗਈ..!
ਨਾਲ ਹੀ ਕੋਲ ਬੈਠੇ ਮੇਰੇ ਪੈਰਾਂ ਨੂੰ ਹੱਥ ਲਾਉਂਦਾ ਹੋਇਆ ਆਖਣ ਲੱਗਾ ਜੀ ਧੀ ਦੇ ਵਿਆਹ ਲਈ ਲੋੜੀਂਦੀ ਇਹ ਰਕਮ ਫੜਾਉਂਦਿਆਂ ਬਾਬਾ ਜੀ ਅਕਸਰ ਹੀ ਤੁਹਾਡਾ ਜਿਕਰ ਜਰੂਰ ਕਰਿਆ ਕਰਦੇ ਸਨ..ਆਖਦੇ ਸਨ ਕੇ ਭਾਈ ਮੇਰਾ ਇਤਬਾਰ ਨਾ ਤੋੜੀ..ਵੇਲੇ ਸਿਰ ਰਕਮ ਜਰੂਰ ਮੋੜ ਜਾਵੀਂ..ਇਹ ਇਤਬਾਰ ਬੜੀ ਮੁਸ਼ਕਿਲ ਬਣਦਾ ਏ..ਆੜਤੀਏ ਬਿਨਾ ਵਿਆਜ ਦੀ ਵੱਡੀ ਰਕਮ ਸਿਰਫ ਇਸੇ ਲਈ ਹੀ ਦੇ ਦਿੰਦੇ ਨੇ ਕਿਓੰਕੇ ਆਪਣੇ ਵਿਹਾਰ ਵਿਚ ਕੋਈ ਖੋਟ ਨਹੀਂ..!
“ਵਿਹਾਰ ਵਿਚ ਖੋਟ” ਬਾਰੇ ਸੁਣ ਮੇਰੇ ਪੈਰਾਂ ਵਿਚ ਜੀਵੇਂ ਪਾਣੀ ਪੈ ਗਿਆ ਹੋਵੇ..
ਮੈਥੋਂ ਵਿਆਜੀ ਲੈ ਕੇ ਅੱਗਿਓਂ ਬਿਨਾ ਵਿਆਜ ਦੇ ਲੋੜਵੰਦਾਂ ਵਿਚ ਵੰਡਦਾ ਹੋਇਆ ਬਾਬਾ ਗੁਰਦੀਪ ਸਿੰਘ ਪਤਾ ਨਹੀਂ ਕਿਹੜੇ ਲੋਕ ਦਾ ਵਿਓਪਾਰੀ ਸੀ..!
ਹੁਣ ਤੱਕ ਵਾਪਰੇ ਸਾਰੇ ਵਰਤਾਰੇ ਨੇ ਮੇਰੇ ਅੰਦਰ ਦਾ ਲਾਲਚੀ ਕਾਰੋਬਾਰੀ ਖਤਮ ਕਰ ਦਿੱਤਾ..
ਜ਼ਿਹਨ ਅੰਦਰ ਹੁਣੇ ਹੁਣੇ ਹੀ ਜਾਗ ਪਈ ਇਨਸਾਨੀਅਤ ਦੀ ਇਕ ਚਿਣਗ ਆਥਣੇ ਓਦੋਂ ਤੱਕ ਲਗਾਤਾਰ ਲਾਹਨਤਾਂ ਪਾਉਂਦੀ ਰਹੀ ਜਦੋਂ ਤੱਕ ਵਾਪਿਸ ਪਰਤਦੇ ਨਾਲਦੇ ਪਿੰਡ ਦੇ ਓਸੇ ਹਮਾਤੜ ਬਾਪ ਨੂੰ ਦਸ ਹਜਾਰ ਦਾ ਬੰਡਲ ਏਨੀ ਗੱਲ ਆਖਦਿਆਂ ਮੋੜ ਨਹੀਂ ਸੀ ਦਿੱਤਾ ਕੇ ਗੁਰਮੁਖਾ ਜੇ ਬਾਬੇ ਹੂਰੀ ਜਿਉਂਦੇ ਜੀ ਕਿੰਨੀਆਂ ਧੀਆਂ ਦਾ ਵਿਆਜ ਆਪਣੇ ਪੱਲਿਓਂ ਭਰ ਸਕਦੇ ਨੇ ਤਾਂ ਤੇਰੀ ਕਰਮਾਂ ਵਾਲੀ ਨੂੰ ਏਨਾ ਕੂ ਸ਼ਗਨ ਤੇ ਸਾਡੇ ਵਰਗੇ ਵਿਓਪਾਰੀਆਂ ਵੱਲੋਂ ਵੀ ਦੇਣਾ ਬਣਦਾ ਈ ਏ!
ਕਿੰਨੇ ਅਰਸੇ ਬਾਅਦ ਉਸ ਰਾਤ ਸ਼ਾਇਦ ਮੈਂ ਪਹਿਲੀ ਵੇਰ ਏਨੀ ਗੂੜੀ ਨੀਂਦਰ ਸੁੱਤਾ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)