More Punjabi Kahaniya  Posts
ਮਨ ਦੀ ਸ਼ਾਂਤੀ


ਬ੍ਰਮਿੰਘਮ ਤੋਂ ਦਿੱਲੀ ਤੇ ਫੇਰ ਗੁਰੂ ਦੀ ਨਗਰੀ ਕਦੋਂ ਆਣ ਅੱਪੜਿਆ ਪਤਾ ਹੀ ਨਹੀਂ ਲੱਗਾ..ਦਰਬਾਰ ਸਾਬ ਮੱਥਾ ਟੇਕ ਸੋਚੀਂ ਪੈ ਗਿਆ ਹੁਣ ਅੱਗਿਓਂ ਕਿੱਦਾਂ ਜਾਇਆ ਜਾਵੇ..!
ਨਿੱਕੇ ਹੁੰਦਿਆਂ ਦੀ ਇੱਕ ਹੁਸੀਨ ਜਿਹੀ ਤਮੰਨਾ ਪੁਗਾਉਣ ਖਾਤਿਰ ਪਠਾਨਕੋਟ ਜਾਂਦੀ ਸਵਾਰੀ ਗੱਡੀ ਵਿਚ ਆਣ ਬੈਠਾ..ਕੋਲੇ ਵਾਲੇ ਇੰਜਣ ਵਾਲੀ ਗੱਡੀ..ਵੇਰਕੇ ਟੇਸ਼ਨ ਤੋਂ ਡੇਰੇ ਬਾਬੇ ਨਾਨਕ ਨੂੰ ਜਾਂਦੀ ਲਾਈਨ ਤੋਂ ਦੂਰ ਹੋਣ ਲੱਗੀ ਤਾਂ ਇੰਝ ਲੱਗਿਆ ਜਿੱਦਾਂ ਨਨਕਾਣਾ ਦੂਰ ਹੋ ਰਿਹਾ ਹੋਵੇ..ਰੌਲਿਆਂ ਤੋਂ ਪਹਿਲਾਂ ਇਥੋਂ ਨਾਰੋਵਾਲ ਤੱਕ ਗੱਡੀ ਜਾਇਆ ਕਰਦੀ ਸੀ..!
ਕੱਥੂਨੰਗਲ ਵਾਲੀ ਨਹਿਰ..ਫੇਰ ਜੈਂਤੀਪੁਰ..ਮਗਰੋਂ ਬਿਰਹੋਂ ਦੇ ਸੁਲਤਾਨ ਦਾ ਲੋਹੇ ਦੀਆਂ ਭੱਠੀਆਂ ਵਾਲਾ ਸ਼ਹਿਰ ਬਟਾਲਾ..ਟੇਸ਼ਨ ਕੋਲ ਮੁਹੱਲਾ ਪ੍ਰੇਮ ਨਗਰ..ਇਸ ਮੁਹੱਲੇ ਹੀ ਤਾਂ ਸ਼ਿਵ ਦਾ ਘਰ ਸੀ..ਰੋਗ ਬਣਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਵਾਲਾ..ਰਿਕਸ਼ੇ ਵਾਲੇ ਨੂੰ ਵਾਜ ਮਾਰੀ..ਕਾਦੀਆਂ ਵਾਲੀ ਚੁੰਗੀ ਚਲੇਂਗਾ..ਪਜਾਮੇਂ ਦਾ ਪਹੁੰਚਾ ਗੋਡੇ ਤੋਂ ਉਤਾਂਹ ਚੁੱਕ ਗੰਢ ਮਾਰਦਾ ਆਖਣ ਲੱਗਾ ਜਰੂਰ ਬਾਊ ਜੀ ਜਾਣ ਵਾਸਤੇ ਹੀ ਤਾਂ ਬੈਠੇ ਹਾਂ..!
ਪੈਡਲ ਮਾਰਦਾ ਪਿਛਾਂਹ ਮੁੜ ਪੁੱਛਣ ਲੱਗਾ ਵਲੈਤੋਂ ਆਏ ਲੱਗਦੇ ਓਂ..ਅੱਗੋਂ ਝੂਠ ਮਾਰ ਦਿੱਤਾ..ਨਹੀਂ ਦਿੱਲੀ ਨੌਕਰੀ ਕਰਦਾ ਹਾਂ..ਮੁਸ਼ਕੜੀਆਂ ਵਿਚ ਹੱਸ ਪਿਆ ਬਾਊ ਜੀ ਅਟੈਚੀ ਤੇ ਦਿੱਲੀ ਵਾਲੇ ਨੀ ਲੱਗਦੇ..!
ਰਾਹ ਵਿਚ ਰੇਲਵੇ ਰੋਡ,ਪੱਪੀ ਦਾ ਢਾਬਾ,ਜੀ.ਟੀ ਰੋਡ, ਪੈਟਰੋਲ ਪੰਪ,ਇਲਾਹਾਬਾਦ ਬੈੰਕ,ਗਾਂਧੀ ਚੋਂਕ,ਬੱਸ ਅੱਡਾ,ਜਲੰਧਰ ਰੋਡ,ਹੰਸਲੀ ਦਾ ਪੁਲ..ਅਤੇ ਅੰਦਰ ਉੱਗੀ ਹਰੇ ਰੰਗ ਦੀ ਕਾਹੀ..ਉਹ ਹੰਸਲੀ ਜਿਹੜੀ ਬੇਰਿੰਗ ਕਾਲਜ ਮੇਰੀ ਕਲਾਸ ਮਗਰ ਬਣੀ ਕੰਧ ਨੂੰ ਚੁੰਮ ਕੇ ਲੰਘਿਆ ਕਰਦੀ ਸੀ..ਗੰਦੀ ਕਰ ਦਿੱਤੀ ਇਨਸਾਨ ਨੇ..”ਰਾਮ ਤੇਰੀ ਗੰਗਾ ਮੈਲੀ” ਵੀ ਘਰੋਂ ਦੱਸੇ ਬਗੈਰ ਵੇਖੀ ਸੀ ਅੰਦਰਲੇ ਸਿਨਮੇਂ..ਬੇਸ਼ੱਕ ਮਗਰੋਂ ਕੁੱਟ ਵੀ ਬਥੇਰੀ ਖਾਦੀ..!
ਫੇਰ ਜੀ ਕੀਤਾ ਬਾਬੇ ਨਾਨਕ ਦੇ ਸਹੁਰੇ ਕੰਧ ਸਾਬ ਮੱਥਾ ਟੇਕ ਆਵਾਂ..ਪਰ ਪਿੰਡ ਵੀ ਤਾਂ ਅੱਪੜਨਾ ਸੀ..!
ਟਾਂਗੇ ਦੀ ਸੀਟ ਹੇਠ ਸਮਾਨ ਟਿਕਾਉਂਦਿਆਂ ਹੀ ਬਾਬੇ ਨੇ ਟਾਂਗਾ ਤੋਰ ਲਿਆ..ਸਵਾਰੀਆਂ ਦਾ ਧਿਆਨ ਬੱਸ ਮੇਰੇ ਵੱਲ..ਕੋਈ ਲੀੜਿਆਂ ਵੱਲ ਤੇ ਕੋਈ ਜੈਕਟ ਵੱਲ ਵੇਖੀ ਜਾ ਰਿਹਾ ਸੀ..ਜਦੋਂ ਆਪਣਾ ਪਿੰਡ ਦੱਸਿਆ ਤਾਂ ਕਿੰਨੀਆਂ ਵਾਕਫ਼ੀਆਂ ਰਿਸਤੇਦਾਰੀਆਂ ਨਿੱਕਲ ਆਈਆਂ..!
ਰਵਾਂ-ਰਵੀਂ ਤੁਰੇ ਜਾਂਦੇ ਘੋੜੇ ਦੇ ਨਾਲ ਨਾਲ ਮੇਰੀਆਂ ਪੂਰਾਣੀਆਂ ਯਾਦਾਂ ਦੇ ਕਿੰਨੇ ਸਾਰੇ ਕਾਫਲੇ ਵੀ ਤੁਰੇ ਜਾ ਰਹੇ ਸਨ..ਜਿਉਂ ਜਿਉਂ ਮੰਜਿਲ ਨੇੜੇ ਆਉਂਦੀ ਗਈ ਆਪਣੇਪਣ ਦੇ ਢੇਰ ਵੀ ਉਚੇ ਹੁੰਦੇ ਗਏ..!
ਪੈਦਲ ਤੁਰੇ ਆਉਂਦੇ ਕਿੰਨੇ ਸਾਰੇ ਲੋਕ ਅਤੇ ਸਾਈਕਲਾਂ ਤੇ ਚੜੇ ਆਉਂਦੇ ਦੋਧੀ ਮੈਨੂੰ ਚਿਰਾਂ ਤੋਂ ਵਿਛੜੇ ਹੋਏ ਆਪਣੇ ਹੀ ਮਿੱਤਰ ਪਿਆਰੇ ਜਾਪੇ..!
ਘਰ ਵਾਲੇ ਦੇ ਮਗਰ ਘੁੰਡ ਕੱਢ ਤੁਰੀ ਜਾਂਦੀ ਇੱਕ ਚੂੜੇ ਵਾਲੀ..ਹੱਥ ਵਿੱਚ ਫੜਿਆ ਸੈਂਡਲ..ਸ਼ਾਇਦ ਅੱਡੀ ਲਹਿ ਗਈ ਸੀ..ਜੁੱਤੀ ਕਸੂਰੀ ਪੈਰੀਂ ਨਾ ਪੂਰੀ..ਹਾਇ ਰੱਬਾ ਵੇ ਸਾਨੂੰ ਤੁਰਨਾ ਪਿਆ..ਘੁੰਡ ਕੱਢ ਲੈ ਪੱਤਲੀਏ ਨਾਰੇ..ਸਹੁਰਿਆਂ ਦਾ ਪਿੰਡ ਆ ਗਿਆ..ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ..ਕੰਡਾ ਚੁੱਬਾ ਤੇਰੇ ਪੈਰ ਨੀ ਬਾਂਕੀਏ ਨਾਰੇ ਨੀ..ਦਿਹਾਤੀ ਪ੍ਰੋਗਰਾਮ ਵਿੱਚ ਵੱਜਦੇ ਕਿੰਨੇ ਸਾਰੇ ਗਾਉਣ ਚੇਤੇ ਆ ਗਏ..!
ਹਰੀਆਂ ਭਰੀਆਂ ਪੈਲੀਆਂ ਅਤੇ ਸ਼ਟਾਲੇ..ਪਾਣੀ ਦੀਆਂ ਬੰਬੀਆਂ..ਧੁੱਪ ਸੇਕਦੇ ਚਿੜੀਆਂ ਤੋਤੇ..ਅਤੇ ਵਜੂਦ ਦੀ ਬੁੱਕਲ ਵਿਚ ਵੜਨ ਨੂੰ ਕਾਹਲੀ ਜਿਹੀ ਪੈ ਰਹੀ ਦੂਰ ਨਿੱਕਲਦੇ ਗੁੜ ਦੀ ਮਿੱਠੀ ਜਿਹੀ ਖੁਸ਼ਬੋ ਅਤੇ ਰਵਾਂ ਰਵੀਂ ਤੁਰੇ ਜਾਂਦੇ ਡੰਗਰਾਂ ਦੇ ਵੱਗ..ਇਸ ਸਾਰੇ ਦੇ ਵਿੱਚ ਕਦੋਂ ਪਿੰਡ ਅੱਪੜ ਗਿਆ ਪਤਾ ਹੀ ਨਾ ਲੱਗਾ..!
ਘਰੇ ਨਾ ਕੋਈ ਚਿੱਠੀ ਤੇ ਨਾ ਕੋਈ ਸੁਨੇਹਾਂ..ਟਾਂਗੇ ਤੋਂ ਉੱਤਰਦਿਆਂ ਦੇਖ ਕਿੰਨੇ ਸਾਰੇ ਮੂੰਹ ਅੱਡੇ ਦੇ ਅੱਡੇ ਰਹਿ ਗਏ..!
ਗੋਹਾ ਫੇਰਦੀ ਮਾਂ ਲਿੱਬੜੇ ਹੱਥਾਂ ਨਾਲ ਹੀ ਦੌੜੀ ਆਈ..ਕਿਸੇ ਖੇਤਾਂ...

ਵਿਚ ਕੰਮ ਕਰਦੇ ਬਾਪੂ ਜੀ ਹੁਰਾਂ ਨੂੰ ਵੀ ਜਾ ਦੱਸਿਆ..ਸਭ ਵਾ ਵਰੋਲੇ ਵਾਂਙ ਆਣ ਪਹੁੰਚੇ..ਮਿੱਟੀ ਨਾਲ ਲਿਬੜੀਆਂ ਬਾਹਵਾਂ ਤੇ ਮੁੜਕੇ ਨਾਲ ਗੜੁੱਚ ਹੋਏ ਕੱਪੜੇ..ਅਜੀਬ ਜਿਹੀ ਮਿਠਾਸ ਸਕੂਨ ਤਸੱਲੀ..ਇੰਝ ਲੱਗਿਆ ਸਮਾਂ ਖਲੋ ਗਿਆ ਹੋਵੇ..ਹਵਾ ਵੀ ਚੁੱਪ ਕਰ ਗਈ ਹੋਵੇ ਕਿਧਰੇ ਪਿਓ ਪੁੱਤਾਂ ਦੀ ਗੱਲਬਾਤ ਵਿਚ ਵਿਘਨ ਹੀ ਨਾ ਪੈ ਜਾਵੇ..!
ਪਾਈ ਜੱਫੀ ਦੀ ਪਕੜ ਉੱਨੀ ਦੇਰ ਢਿੱਲੀ ਨਾ ਹੋਈ ਜਦੋਂ ਤੱਕ ਮਾਂ ਨੇ ਹੁੱਝ ਮਾਰ ਪਰਾਂ ਕਰ ਮੈਨੂੰ ਦੂਜੀ ਵੇਰ ਕਲਾਵੇ ਵਿੱਚ ਨਾ ਲੈ ਲਿਆ..ਉਸਦੇ ਨੈਣਾ ਚੋਂ ਵਗਣੀ ਸ਼ੁਰੂ ਹੋ ਗਈ ਬਸੰਤ ਬਹਾਰ ਥੰਮਣ ਦਾ ਨਾਮ ਨਾ ਲਵੇ..ਮੇਰਾ ਵੀ ਰੋਣ ਨਿੱਕਲ ਗਿਆ..ਗਿੱਲੀਆਂ ਅੱਖੀਆਂ ਨਾਲ ਆਸੇ ਪਾਸੇ ਦੇਖਿਆ..ਸਾਰਾ ਪਿੰਡ ਵੇਹੜੇ ਚੁਬਾਰਿਆਂ ਤੇ ਇੱਕਠਾ ਹੋ ਗਿਆ ਸੀ..ਅਣਗਿਣਤ ਸਵਾਲ ਪਰ ਜੁਆਬ ਦੇਣ ਵਾਲਾ ਮੈਂ ਕੱਲਾ..!
ਚੁੱਲੇ ਤੇ ਰੌਣਕਾਂ ਲੱਗ ਗਈਆਂ..ਧੂੰਏਂ ਉੱਠਣੇ ਸ਼ੁਰੂ ਹੋ ਗਏ..ਬੀਜੀ ਦਾਲ ਚੁਗਣ ਲੱਗ ਪਈ..ਭਾਬੀ ਨੇ ਮਿੱਠੇ ਚੌਲ ਧਰ ਦਿੱਤੇ..ਚਾਚੀਆਂ ਤਾਈਆਂ ਪੱਲੇ ਵਿਚ ਲੂਕਾ ਲੂਕਾ ਪਤਾ ਨੀ ਕੀ ਕੁਝ ਲਿਆ ਰਹੀਆਂ ਸਨ..ਪਰ ਆਲਾ-ਦੁਆਲਾ ਹੋ ਰਹੀ ਇਸ ਹਿੱਲਜੁਲ ਨਾਲ ਰੁਸ਼ਨਾ ਜਰੂਰ ਉਠਿਆ!
ਬਾਹਰੀ ਰਿਸ਼ਤੇਦਾਰੀ ਚੋ ਮੈਨੂੰ ਰਿਸ਼ਤੇ ਦੀ ਦੱਸ ਪਾਉਂਦੀ ਮੇਰੀ ਨਿੱਕੀ ਭੂਆ ਸਭ ਤੋਂ ਪਹਿਲੋਂ ਅੱਪੜੀ..!
ਵੱਡੇ ਵੀਰ ਨੇ ਆਉਂਦਿਆਂ ਹੀ ਪਹਿਲੋਂ ਉੱਤੋਂ ਲੈ ਕੇ ਥਲੇ ਤੀਕਰ ਧਿਆਨ ਨਾਲ ਦੇਖਿਆ ਤੇ ਫੇਰ ਜੱਫੀ ਵਿੱਚ ਲੈ ਆਖਣ ਲੱਗਾ ਵਲੈਤੀਆ ਲਿੱਸਾ ਹੋ ਗਿਆਂ..ਖਾਇਆ ਪੀਆ ਕਰ..ਜਾਹ ਪਹਿਲੋਂ ਜਾ ਕੇ ਨ੍ਹਾ ਧੋ ਲੈ ਫੇਰ ਕੱਠੇ ਬੈਠ ਰੋਟੀ ਖਾਂਦੇ ਹਾਂ..!
ਨਹਾਉਣ ਗਏ ਨੇ ਵੇਖਿਆ..ਓਹੀ ਗੁਸਲਖਾਨਾ ਤੇ ਓਹੀ ਲੱਕੜ ਦਾ ਗੇਟ ਅਤੇ ਇੱਟਾਂ ਵਾਲਾ ਫਰਸ਼..ਤੌਲੀਏ ਕਛਹਿਰੇ ਟੰਗਣ ਵਾਲੀ ਵੀ ਓਹੋ ਕਿੱਲੀ..ਅੱਡੀਆਂ ਕੂਚਣ ਵਾਲਾ ਝਾਵਾਂ..ਕਿੱਕਰ ਦੀਆਂ ਦਾਤਣਾ..ਲੰਮੀ ਹੱਥੀ ਵਾਲਾ ਨਲਕਾ..ਨਿੱਕਾ ਜਿਹਾ ਰੋਸ਼ਨਦਾਨ..ਸਾਬਣ ਦਾਨੀ..ਕੱਪੜੇ ਧੋਣ ਵਾਲੀ ਥਾਪੀ..ਪਤਾ ਨੀ ਕਿੰਨੀ ਵੇਰ ਕੁੱਟ ਖਾਦੀ ਸੀ ਇਸ ਨਾਲ..ਫੇਰ ਬੋਕੀ ਚੋਂ ਨਿੱਕਲਦੀ ਹੋਈ ਠੰਡੇ ਮਿੱਠੇ ਪਾਣੀ ਦੀ ਮੋਟੀ ਧਾਰ..ਗੁਸਲਖਾਨਾ ਕਾਹਦਾ ਸਿਰਜਿਆ ਹੋਇਆ ਪੂਰਾ ਇੱਕ ਇਤਿਹਾਸ ਸੀ!
ਕੋਸੇ ਪਾਣੀ ਨਾਲ ਭਰੀ ਹੋਈ ਬਾਲਟੀ ਵਿਚੋਂ ਪਹਿਲੀ ਗੜਵੀ ਪਿੰਡੇ ਤੇ ਪਾਈ ਤਾਂ ਇੰਝ ਲੱਗਾ ਜਿੰਦਾ ਵਰ੍ਹਿਆਂ ਤੋਂ ਥੱਕਿਆਂ ਹੋਇਆ ਵਜੂਦ ਇੱਕਦਮ ਤਰੋ ਤਾਜਾ ਹੋ ਗਿਆ ਹੋਵੇ..!
ਅਤੀਤ ਵਿਚ ਪਹੁੰਚੇ ਹੋਏ ਨੂੰ ਸੂਰਤ ਆਈ ਤਾਂ ਵੇਖਿਆ ਬਾਲਟੀ ਕਦੋਂ ਦੀ ਖਾਲੀ ਹੋ ਚੁੱਕੀ ਸੀ..ਫੇਰ ਬਾਲਟੀ ਚੁੱਕ ਬਾਕੀ ਦਾ ਬਚਿਆ ਹੋਇਆ ਵੀ ਆਪਣੇ ਸਿਰ ਤੇ ਡੋਲ ਲਿਆ!
ਅਖੀਰ ਪਿੰਡਾ ਪੂੰਝ ਇਹ ਸੋਚ ਬਾਹਰ ਵੇਹੜੇ ਲੱਗੀਆਂ ਬੇਸ਼ਕੀਮਤੀ ਰੌਣਕਾਂ ਵਿਚ ਮੁੜ ਵਾਪਿਸ ਪਰਤ ਆਇਆ ਕੇ “ਮਨ ਦੀ ਸ਼ਾਂਤੀ” ਦਾ “ਦੁਨਿਆਵੀ ਤਰੱਕੀਆਂ” ਅਤੇ “ਦੌਲਤਾਂ ਦੇ ਉਚੇ ਢੇਰਾਂ” ਨਾਲ ਦੂਰ ਦੂਰ ਤੱਕ ਦਾ ਵੀ ਕੋਈ ਵਾਸਤਾ ਨਹੀਂ ਹੁੰਦਾ..!
ਇਹ ਨੇਹਮਤਾਂ ਤਾਂ ਆਪਣੇ ਜੀਆਂ ਦੇ ਚੱਲਦੇ ਸਾਹਾਂ ਦੀਆਂ ਲੜੀਆਂ ਨਾਲ ਹੀ ਪ੍ਰਵਾਨ ਚੜ ਜਾਂਦੀਆਂ ਨੇ..ਅਤੇ ਫੇਰ ਓਹਨਾ ਦੇ ਵਜੂਦ ਅੰਦਰੋਂ ਆਉਂਦੇ ਮੁੜਕੇ ਦੀ ਮਿੱਠੀ ਖੁਸ਼ਬੋ ਵਿੱਚ ਹੀ ਕਿਧਰੇ ਸਮਾ ਜਾਂਦੀਆਂ!
ਫੇਰ ਦੇਰ ਰਾਤ ਤੀਕਰ ਮੇਰੀ ਠੰਡੀ ਰਜਾਈ ਨਿੱਘੀ ਕਰਾਉਣ ਵਿੱਚ ਕਿਸ ਕਿਸ ਨੇ ਯੋਗਦਾਨ ਪਾਇਆ..ਉਹ ਕਿਸੇ ਵੇਲੇ ਫੇਰ..ਪਰ ਅਗਲਾ ਇੱਕ ਮਹੀਨਾ ਇੰਝ ਨਿੱਕਲਿਆ ਜਿੱਦਾਂ ਇੱਕ ਦਿਨ ਹੋਵੇ..ਅੱਖ ਦੇ ਫੋਰ ਵਿੱਚ..ਮਿੱਠੇ ਸੁਫ਼ਨੇ ਵਾਂਙ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)