ਦੋਵੇਂ ਦੁਕਾਨ ਮੂਹਰੇ ਟਾਂਗੇ ਤੋਂ ਹੇਠ ਉੱਤਰੇ..ਉਹ ਆਪ ਤਾਂ ਅੰਦਰ ਆਣ ਵੜਿਆ ਪਰ ਬੇਬੇ ਅੰਦਰ ਨਾ ਵੜੇ..ਆਖੀ ਜਾਵੇ “ਵੇ ਦਰਸ਼ੂ ਕਾਹਨੂੰ ਪੈਸੇ ਖਰਚਦਾ..ਹਾਹ ਵਾਲੀ ਚੰਗੀ ਭਲੀ ਤੇ ਹੈ ਅਜੇ ਹੋਰ ਛੇ ਮਹੀਨੇ ਕੱਢ ਜਾਣੀ”
ਫੇਰ ਉਸਨੇ ਧੱਕੇ ਨਾਲ ਹੀ ਉਸਦਾ ਸੱਜਾ ਪੈਰ ਲੁਹਾ ਲਿਆ..ਥਾਂ ਥਾਂ ਕਿੰਨੇ ਸਾਰੇ ਗਾਂਢੇ ਤੇ ਤਿਰੋਪੇ..ਮੈਨੂੰ ਵਿਖਾਉਂਦਾ ਆਖਣ ਲੱਗਾ “ਲਾਲਾ ਹੁਣ ਤੂੰ ਹੀ ਦੱਸ ਇਹ ਕਿੰਨੇ ਦਿਨ ਹੋਰ ਚੱਲ ਜੂ”?
ਮੇਰਾ ਤੇ ਜੋੜਾ ਵਿਕਣਾ ਸੀ..ਝੱਟ ਹਾਂ ਵਿਚ ਹਾਂ ਮਿਲਾ ਦਿੱਤੀ..ਨਾਲ ਹੀ ਕਿੰਨੇ ਸਾਰੇ ਜੋੜੇ ਉਸਦੇ ਸਾਮਣੇ ਖਿਲਾਰ ਦਿੱਤੇ..ਹੁਣ ਪਾਵੇ ਨਾ ਬੱਸ ਮੁੱਲ ਹੀ ਪੁੱਛੀ ਜਾਵੇ..ਮੁੰਡੇ ਨੇ ਝਿੜਕ ਦਿੱਤੀ..ਬੇਬੇ ਮੁੱਲ ਦੀ ਪ੍ਰਵਾਹ ਨਾ ਕਰ..ਇਹ ਵੇਖ ਮੇਚ ਕਿਹੜੀ ਆਉਂਦੀ..!
ਬੜੀ ਮੁਸ਼ਕਿਲ ਨਾਲ ਇੱਕ ਪੂਰੀ ਆਈ..ਉਸਨੇ ਓਥੇ ਹੀ ਪੈਰੀ ਪਵਾ ਦਿੱਤੀ..ਤੇ ਪੂਰਾਣੀ ਲੁਹਾ ਕੇ ਪਰਾਂ ਨੁੱਕਰੇ ਸੁੱਟ ਦਿਤੀ..!
ਹੁਣ ਚੋਰ ਅੱਖ ਨਾਲ ਮੁੜ ਮੁੜ ਪੁਰਾਣੀ ਵੱਲ ਵੇਖੀ ਜਾਵੇ..!
ਪੈਸੇ ਦੇਣ ਲੱਗਾ ਤਾਂ ਕੋਲ ਖਲੋ ਗਈ..ਸ਼ਾਇਦ ਜਾਣਨਾ...
ਚਾਹੁੰਦੀ ਸੀ ਕੇ ਆਈ ਕਿੰਨੇ ਦੀ ਏ..!
ਆਖਣ ਲੱਗਾ ਬੇਬੇ ਤੂੰ ਬਾਹਰ ਜਾ ਕੇ ਪਿੰਡ ਨੂੰ ਜਾਂਦੇ ਟਾਂਗੇ ਨੂੰ ਹੱਥ ਦੇ..ਮੈਂ ਹੁਣੇ ਆਇਆ..ਪਰ ਉਹ ਓਥੇ ਖਲੋਤੀ ਰਹੀ..!
ਅਖੀਰ ਬਟੂਆ ਬੋਝੇ ਵਿੱਚ ਪਾਉਂਦਾ ਉਹ ਆਪ ਹੀ ਬਾਹਰ ਨੂੰ ਨੱਸ ਉਠਿਆ..ਤੇ ਤੁਰੇ ਜਾਂਦੇ ਟਾਂਗੇ ਨੂੰ ਹੱਥ ਦੇ ਦਿੱਤਾ..!
ਏਧਰ ਅੰਦਰ ਖਲੋਤੀ ਨੇ ਅਛੋਪਲੇ ਜਿਹੇ ਪੈਰੋਂ ਲੁਹਾਈ ਇੱਕ ਵੇਰ ਫੇਰ ਚੁੱਕ ਲਈ ਤੇ ਚੁੰਨੀ ਦੇ ਪੱਲੇ ਨਾਲ ਬੰਨ ਛੇਤੀ ਨਾਲ ਬਾਹਰ ਨੂੰ ਤੁਰ ਪਈ..!
ਓਹਨਾ ਵੇਲਿਆਂ ਦੀ ਗੱਲ ਏ ਜਦੋਂ ਉੱਧੜੇ ਸੀ ਲਏ ਜਾਂਦੇ ਸਨ ਤੇ ਗੁੱਸੇ ਗਿਲੇ ਪੀ ਲਏ ਜਾਂਦੇ ਸਨ..ਨਿੱਕੀ ਨਿੱਕੀ ਗੱਲ ਤੇ ਹਰ ਚੀਜ ਕੂੜੇਦਾਨਾਂ ਦੀ ਭੇਂਟ ਨਹੀਂ ਸੀ ਚੜਿਆ ਕਰਦੀ!
ਹਰਪ੍ਰੀਤ ਸਿੰਘ ਜਵੰਦਾ