ਬੀਜੀ ਦੀ ਇੱਕ ਅਜੀਬ ਆਦਤ ਹੋਇਆ ਕਰਦੀ ਸੀ..
ਘਰੇ ਜੋ ਮਰਜੀ ਪਾ ਕੇ ਤੁਰੀ ਫਿਰਦੀ ਰਹਾਂ..ਕੁਝ ਨਾ ਆਖਦੀ..ਪਰ ਕਿਸੇ ਵਿਆਹ ਸ਼ਾਦੀ ਤੇ ਗਈ ਦਾ ਸਾਰਾ ਧਿਆਨ ਬੱਸ ਮੇਰੇ ਵੱਲ ਹੀ ਲੱਗਾ ਰਹਿੰਦਾ..!
ਕੋਲੋਂ ਲੰਘਦੀ ਨੂੰ ਸੈਨਤ ਮਾਰ ਕੋਲ ਸੱਦ ਲੈਂਦੀ..ਆਖਦੀ ਆਵਦੀ ਚੁੰਨੀ ਸਹੀ ਕਰ..ਕਦੀ ਆਖਦੀ..ਜੇ ਅੱਜ ਫਲਾਣੇ ਸੂਟ ਨਾਲ ਫਲਾਣੀ ਚੁੰਨੀ ਲਈ ਹੁੰਦੀ ਤਾਂ ਬੜੀ ਵਧੀਆ ਲੱਗਣੀ ਸੀ..!
ਕਿਸੇ ਹੋਰ ਵੱਲ ਇਸ਼ਾਰਾ ਕਰ ਆਖਣ ਲੱਗਦੀ “ਵੇਖ ਬੋਲੀ ਪਾਉਂਦੀ ਕਿੱਡੀ ਸੋਹਣੀ ਲੱਗਦੀ ਏ..ਸੂਟ ਤੇ ਕਢਾਈ ਵੇਖ..ਜੁੱਤੀ ਵੇਖ..ਮੂੰਹ ਤੇ ਮੇਕਅਪ..ਜੂੜਾ ਵੇਖ..ਵਗੈਰਾ ਵਗੈਰਾ!
ਮੈਨੂੰ ਗੁੱਸਾ ਚੜ ਜਾਂਦਾ..ਪਰ ਕੋਲ ਬੈਠੀ ਰਿਸ਼ਤੇਦਾਰੀ ਵੱਲ ਵੇਖ ਪੀ ਜਾਇਆ ਕਰਦੀ..ਫੇਰ ਵੀ ਜਾਂਦਿਆਂ ਜਾਂਦਿਆਂ ਏਨਾ ਜਰੂਰ ਆਖ ਦਿੰਦੀ ਕੇ “ਬੀਜੀ ਤੈਨੂੰ ਤੇ ਆਪਣੀ ਕੁੜੀ ਕਦੀ ਵੀ ਚੰਗੀ ਨਾ ਲੱਗੀ”!
ਉਸਨੂੰ ਪਤਾ ਲੱਗ ਜਾਇਆ ਕਰਦਾ ਕੇ ਗੁੱਸਾ ਕੀਤਾ..ਹੁਣ ਘਰੇ ਜਾ ਕੇ ਪੱਕਾ ਲੜੂ..!
ਘਰੇ ਮੁੜਦੀ ਟਾਂਗੇ ਤੇ ਬੈਠੀ ਮੈਂ ਜਾਣ ਬੁੱਝ ਕੇ ਆਪਣਾ ਧਿਆਨ ਦੂਜੇ ਪਾਸੇ ਕਰ ਲੈਂਦੀ..ਉਹ ਬਹਾਨੇ-ਬਹਾਨੇ ਨਾਲ ਬੁਲਾਉਣ ਦੀ ਕੋਸ਼ਿਸ਼ ਕਰਦੀ..!
ਮੈਂ ਨਜਰਅੰਦਾਜ ਕਰਦੀ ਤਾਂ ਮੇਰਾ ਸਿਰ ਆਪਣੀ ਬੁੱਕਲ ਵਿਚ ਲੈ ਕੇ ਪਲੋਸਣ ਲੱਗਦੀ..ਲਾਡ ਲਡਾਉਂਦੀ ਆਖਦੀ ਮੇਰੀ ਧੀ ਦੇ ਵਾਲ ਕਿੰਨੇ ਸੋਹਣੇ..ਹੱਥ ਕਿੰਨੇ ਗੋਰੇ..ਅੱਖਾਂ ਕਿੰਨੀਆਂ ਮੋਟੀਆਂ..!
ਮੈਂ ਗੁੱਸੇ ਨਾਲ ਜੁਆਬ ਦਿੰਦੀ..ਓਥੇ ਤੇ ਇਸ ਧੀ ਵਿਚ ਬੜੇ ਨੁਕਸ ਵਿਖ ਰਹੇ ਸਨ..!
ਏਨੇ ਨੂੰ ਸਾਡਾ ਘਰ ਆ ਜਾਂਦਾ..ਘੋੜੀ ਆਪਣੇ ਆਪ ਖਲੋ ਜਾਇਆ ਕਰਦੀ..ਸ਼ਾਇਦ ਉਹ ਵੀ ਮੈਥੋਂ ਡਰੀ ਹੁੰਦੀ..!
ਮਾਂ ਪੈਸੇ ਦੇਣ ਵਿਚ ਰੁੱਝ ਜਾਇਆ ਕਰਦੀ ਤੇ ਮੈਂ ਭਰੀ ਪੀਤੀ ਕਾਹਲੇ ਕਦਮੀਂ ਉਸਤੋਂ ਕਿੰਨੀਂ ਵਿਥ ਪਾ ਜਾਇਆ ਕਰਦੀ..!
ਉਹ ਪਿੱਛੋਂ ਟਾਹਰਾਂ ਦਿੰਦੀ ਰਹਿੰਦੀ..ਬੂੰਦੀ,ਸ਼ੱਕਰ ਪਾਰਿਆਂ ਦੇ ਵੱਡੇ ਵੱਡੇ ਝੋਲੇ ਚੁੱਕ ਉਸ ਕੋਲੋਂ ਤੁਰਿਆ ਨਾ ਜਾਂਦਾ..ਫੇਰ ਵੀ ਆਪਣੇ ਆਪ ਨੂੰ ਹੌਲੀ ਹੌਲੀ ਧੂੰਹਦੀ ਤੁਰੀ ਆਉਂਦੀ!
ਮੈਂ ਬਹਾਨੇ ਜਿਹੇ ਨਾਲ ਮਗਰ ਵੇਖਦੀ..
ਕਾਲਜੇ ਨੂੰ ਸੇਕ ਲੱਗਦਾ..ਓਸੇ ਵੇਲੇ ਪਿਛਾਂਹ ਪਰਤ ਉਸਦੇ ਹੱਥੋਂ ਝੋਲੇ ਫੜ ਲਿਆ ਕਰਦੀ ਤੇ ਬਿਨਾ ਕੁਝ ਆਖਿਆ ਤੁਰ ਪੈਂਦੀ..!
ਘਰੇ ਅੱਪੜ ਉਹ ਆਪਣੇ ਕੱਪੜੇ ਬਦਲ ਲੈਂਦੀ ਪਰ ਮੈਂ ਓਹੋ ਪਾਈ ਰੱਖਦੀ..ਉਹ ਮਿੱਠੀ ਜਿਹੀ ਝਿੜਕ ਮਾਰਦੀ “ਜਿਉਣ ਜੋਗੀਏ ਬਦਲ ਲੈ..ਅੱਗੋਂ ਤੇਰੇ ਭੂਆ ਦੇ ਪੁੱਤ ਦਾ ਵਿਆਹ ਆਉਣ ਵਾਲਾ..ਓਦੂੰ ਕੀ ਪਾਵੇਂਗੀ?
ਮੈਂ ਗੁੱਸੇ ਵਿਚ ਆਖਦੀ “ਓਹੀ ਕਿਨਾਰੀ ਵਾਲਾ ਜਿਹੜਾ ਉਸ ਕੁੜੀ ਨੇ ਪਾਇਆ ਸੀ..ਉਹ ਅੱਗੋਂ ਚੁੱਪ ਜਿਹੀ ਕਰ ਜਾਂਦੀ..ਸ਼ਾਇਦ ਉਸਨੂੰ ਤੁਰ ਗਏ ਭਾਪਾ ਜੀ ਚੇਤੇ ਆ ਜਾਇਆ ਕਰਦਾ..!
ਉਸਨੂੰ ਇੰਝ ਚੁੱਪ ਵੇਖ ਮੈਨੂੰ ਤਰਸ ਜਿਹਾ ਆ ਜਾਂਦਾ..ਫੇਰ ਰੋਟੀ ਟੁੱਕ ਕਰਦੀ ਹੋਈ ਨੂੰ ਆਣ ਪਿੱਛੋਂ ਜੱਫੀ ਪਾ ਲਿਆ ਕਰਦੀ..ਕੀ ਵੇਖਦੀ ਉਸਦੀਆਂ ਅੱਖਾਂ ਵਿਚ ਪਾਣੀ ਹੁੰਦਾ..!
ਪਤਾ ਨੀ ਚੁੱਲੇ ਦੀ ਅੱਗ ਪ੍ਰੇਸ਼ਾਨ ਕਰ ਰਹੀ ਹੁੰਦੀ ਕੇ...
ਕੋਈ ਅੰਦਰ ਦਾ ਵਲਵਲਾ ਉਸਦੇ ਨੈਣਾ ਵਿਚੋਂ ਬਸੰਤ ਬਹਾਰ ਬਣ ਵਗ ਤੁਰਦਾ..!
ਮੈਨੂੰ ਯਾਦ ਏ ਸਾਂਝੇ ਘਰ ਵਿਚ ਭਾਪਾ ਜੀ ਜਦੋਂ ਵੀ ਕੋਈ ਸੂਟ ਲੈ ਕੇ ਆਉਂਦੇ ਤਾਂ ਉਹ ਕਿੰਨਾ ਕਿੰਨਾ ਚਿਰ ਸਵਾਉਂਦੀ ਨਾ..ਸੰਦੂਖ ਅੰਦਰ ਪਏ ਦਾ ਖੁਦ ਨੂੰ ਵੀ ਚੇਤਾ ਭੁੱਲ ਜਾਇਆ ਕਰਦਾ ਪਰ ਹੋਰ ਪਾਰਖੂ ਅੱਖੀਆਂ ਨੂੰ ਸਾਰਾ ਕੁਝ ਪਤਾ ਹੁੰਦਾ ਸੀ..!
ਓਹਨਾ ਨੂੰ ਇਹ ਵੀ ਪਤਾ ਸੀ ਮਾਂ ਕੋਲੋਂ ਚੀਜ ਕਿੱਦਾਂ ਕਢਾਉਣੀ ਏ..
ਨਿੱਕੀ ਭੂਆ ਆਖਦੀ “ਭਾਬੀ ਤੇਰੇ ਕੋਲ ਉਹ ਜਿਹੜੇ ਪਿਛਲੀ ਵਾਰੀ ਦਾ ਅਨਸੀਤਾ ਸੂਟ ਪਿਆ..ਮੈਨੂੰ ਦੇ ਦੇ..ਮੇਰੀ ਸਹੇਲੀ ਦਾ ਮੰਗਣਾ..”
ਮਾਂ ਝੱਟ ਕੱਢ ਕੇ ਦੇ ਦਿੰਦੀ..
ਮੈਨੂੰ ਵੱਟ ਚੜ ਜਾਂਦਾ..ਆਖਦੀ ਤੂੰ ਵੀ ਤੇ ਜਾਣਾ..ਆਪ ਕੀ ਪਾਵੇਂਗੀ..ਉਹ ਅੱਗੋਂ ਹੱਸ ਛੱਡਦੀ..!
ਭੂਆ ਮੇਰੇ ਵੱਲ ਘੂਰੀ ਵੱਟਦੀ..ਆਈ ਵੱਡੀ ਮਾਂ ਦੀ ਹੇਜਲੀ..!
ਫੇਰ ਦੱਸਦੇ ਉਸ ਦਿਨ ਵੀ ਉਸਦੇ ਮੂੰਹ ਤੇ ਨਿੰਮਾ-ਨਿਮਾਂ ਹਾਸਾ ਹੀ ਸੀ ਜਿਸ ਦਿਨ ਉਹ ਜਹਾਨੋ ਗਈ..!
ਅੱਜ ਸੱਤ ਸਮੁੰਦਰੋਂ ਪਾਰ ਆਪਣੇ ਬਰੋਬਰ ਹੋ ਗਈ ਧੀ ਕਿਸੇ ਗਲੋਂ ਨਰਾਜ ਹੋ ਜਾਵੇ ਤਾਂ ਲੋਹ ਤੇ ਫੁਲਕੇ ਲਾਹੁੰਦੀ ਓਹੀ ਮਾਂ ਬੜੀ ਚੇਤੇ ਆਉਂਦੀ..ਫੇਰ ਸੋਚਣ ਲੱਗਦੀ ਹਾਂ ਕੇ ਮੇਰੀ ਵਾਰੀ ਉਹ ਮੈਨੂੰ ਕਿੱਦਾਂ ਮਨਾਉਂਦੀ ਹੁੰਦੀ ਸੀ..!
ਫੇਰ ਓਹੀ ਜੁਗਤ ਇਥੇ ਵੀ ਲਾਉਂਦੀ ਹਾਂ ਪਰ ਉਹ ਸੈੱਲ ਫੋਨ ਤੋਂ ਆਪਣੀ ਨਜਰ ਹੀ ਨਹੀਂ ਹਟਾਉਂਦੀ..ਮੈਂ ਉਡੀਕਦੀ ਰਹਿੰਦੀ ਹਾਂ ਕੇ ਕਦੋਂ ਅੱਖੀਆਂ ਮਿਲਾਵੈ ਤੇ ਕਦੋਂ ਉਸ ਨਾਲ ਮੋਹ ਪਿਆਰ ਦੀ ਕੋਈ ਗੱਲ ਕਰਾਂ..!
ਫੇਰ ਫੁਲਕੇ ਲਾਹੁੰਦੀ ਨੂੰ ਥੋੜੀ ਬਿੜਕ ਜਿਹੀ ਹੁੰਦੀ ਏ..ਇੰਝ ਲੱਗਦਾ ਸ਼ਾਇਦ ਮਗਰੋਂ ਆ ਕੇ ਮੈਨੂੰ ਕਲਾਵੇ ਵਿਚ ਹੀ ਲੈ ਲਵੇਗੀ..!
ਪਰ ਬਦਲੇ ਮਾਹੌਲ ਵਿਚ ਇੰਝ ਕਦੇ ਨਹੀਂ ਹੁੰਦਾ..ਸਮੇ ਦੀ ਹਾਣ ਬਣ ਉਸਦੀ ਸੋਚ ਦੇ ਬਰੋਬਰ ਹੋਣ ਦੀ ਲੱਖ ਕੋਸ਼ਿਸ਼ ਵੀ ਕਰ ਵੇਖਦੀ ਹਾਂ ਪਰ ਹਰ ਵਾਰ ਕੋਈ ਨਾ ਕੋਈ ਘਾਟ ਰਹਿ ਹੀ ਜਾਂਦੀ ਏ..!
ਉਹ ਹਰ ਗੱਲ ਸਿੱਧੀ ਮੇਰੇ ਮੂੰਹ ਤੇ ਮਾਰਦੀ ਏ..ਮੈਂ ਉਡੀਕ ਉਡੀਕ ਥੱਕ ਹਾਰ ਕੇ ਖਲੋ ਜਾਂਦੀ ਹਾਂ ਪਰ ਉਹ ਕਦੀ ਵੀ ਮੇਰੇ ਭਰੇ ਹੋਏ ਝੋਲੇ ਚੁੱਕਣ ਵਾਪਿਸ ਨਹੀਂ ਪਰਤਦੀ..!
ਫੇਰ ਜੀ ਕਰਦਾ ਕੇ ਕਿਸੇ ਤਰਾਂ ਮੈਂ ਖੁਦ ਹੀ ਅਤੀਤ ਵਿਚ ਵਾਪਿਸ ਪਰਤ ਜਾਵਾਂ ਤੇ ਚੁੱਲੇ ਅੱਗੇ ਬੈਠੀ ਆਪਣੀ ਵਾਲੀ ਨੂੰ ਘੁੱਟ ਕੇ ਕਲਾਵੇ ਵਿਚ ਲੈ ਲਵਾਂ ਪਰ ਪੁਲਾਂ ਹੇਠੋਂ ਇੱਕ ਵਾਰ ਲੰਘ ਗਏ ਪਾਣੀ ਮੁੜ ਕੇ ਕਿਥੇ ਵਾਪਿਸ ਪਰਤਿਆ ਕਰਦੇ ਨੇ..!
ਹਰਪ੍ਰੀਤ ਸਿੰਘ ਜਵੰਦਾ