More Punjabi Kahaniya  Posts
ਹੱਲਿਆਂ ਵੇਲੇ ਦੀ ਗੱਲ


ਹੱਲਿਆਂ ਵੇਲੇ ਦੀ ਗੱਲ….!!
ਉਸ ਸਮੇਂ ਸਾਡੇ ਪਿੰਡ ਤਿੰਨ ਚਾਰ ਘਰ ਸੀ ਮੁਸਲਮਾਨਾਂ ਦੇ। ਉਹ ਪਿੰਡ ਦੇ ਜੱਦੀ ਪੁਸਤੀਂ ਵਸਨੀਕ ਸਨ। ਮੈਂ ਘਰ ਦੇ ਵੱਡੇ ਬਜੁਰਗਾਂ ਤੋਂ ,ਤੇ ਪਿੰਡ ਦੇ ਕਈ ਵਡੇਰੀ ਉਮਰ ਦਿਆਂ ਤਾਇਆਂ ਤੇ ਬਾਬਿਆਂ ਤੋਂ ਉਹਨਾਂ ਬਾਰੇ ਸੁਣਿਆ ਸੀ। ਕੁਝ ਕੁ ਨਾਂ ਮੇਰੇ ਜਿਹਨ ਚ ਨੇ.. ਤੁੱਲਾ ਤੇ ਸ਼ਾਦੀ ਲਹਾਰ ਸਨ.. ਤੇ ਫੁੰਮਣ ਬਾਬੇ ਹੁਣੀ ਤੇਲੀ ਸਨ। ਇਹਨਾਂ ਦੇ ਪਰਿਵਾਰ ਦੇ ਬਾਕੀ ਭਰਾਵਾਂ ਬਾਰੇ ਮੈਨੂੰ ਬਹੁਤਾ ਪਤਾ ਨਹੀਂ।
ਸਾਰੇ ਪਿੰਡ ਵਿੱਚ ਉਹਨਾਂ ਦਾ ਵਧੀਆ ਆਦਰ ਸਤਿਕਾਰ ਤੇ ਵਰਤ ਵਰਤੇਵਾਂ ਸੀ। ਇਹਨਾਂ ਪਰਿਵਾਰਾਂ ਚੋਂ ਇੱਕ ਬਜੁਰਗ ਮਾਤਾ ਜਿਸਦਾ ਨਾਂ ਬਾਨੋ ਸੀ। ਸਾਰਾ ਪਿੰਡ ਉਸ ਮਾਤਾ ਨੂੰ ਬੜਾ ਸਤਿਕਾਰ ਦਿੰਦਾ ਸੀ। ਸ਼ਾਇਦ ਉਹ ਦਾਈਪਣੇ ਦਾ ਕੰਮ ਕਰਦੀ ਸੀ।
ਜਦੋਂ ਹੱਲੇ ਪਏ ਤਾਂ ਨੇੜੇ ਤੇੜੇ ਦੇ ਪਿੰਡਾਂ ਚੋਂ ਮਾੜੀਆਂ ਖਬਰਾਂ ਆਉਣ ਲੱਗੀਆਂ ਤਾਂ ਉਹ ਵੀ ਘਬਰਾ ਗਏ।
ਪਿੰਡ ਵਿੱਚ ਉਸ ਸਮੇਂ ਸਾਡਾ ਪਰਿਵਾਰ ਵੱਡੇ ਪਰਿਵਾਰਾਂ ਚ ਆਉਂਦਾ ਸੀ ਤੇ ਪਿੰਡ ਸਬੰਧੀ ਬਹੁਤੇ ਫੈਸਲੇ ਸਾਡੇ ਬਾਪੂ ਜੀ ਹੁਣੀ ਤੇ ਪਿੰਡ ਦੇ ਬਜੁਰਗ ਸਾਡੇ ਕਾਰਖਾਨੇ ਵਿੱਚ ਬਹਿਕੇ ਕਰਦੇ ਹੁੰਦੇ ਸੀ। ਉਹਨਾਂ ਦਿਨਾਂ ਦੀਆਂ ਮਾੜੀਆਂ ਖਬਰਾਂ ਨੇ ਸਾਰੇ ਆਮ ਲੋਕਾਂ ਨੂੰ ਬਹੁਤ ਡਰਾ ਰੱਖਿਆ ਸੀ।
ਮੇਰੇ ਤਾਇਆ ਜੀ ਸ੍ਰ ਪ੍ਰੀਤਮ ਸਿੰਘ ਜਿਹੜੇ ਕੇ ਉਸ ਸਮੇਂ ਲੱਗਭੱਗ 9-10 ਸਾਲ ਦੇ ਸਨ ਦੇ ਦੱਸਣ ਅਨੁਸਾਰ ਜਦੋਂ ਰੌਲਾ ਵੱਧਦਾ ਗਿਆ ਤਾਂ ਆਮ ਲੋਕਾਂ ਵਿੱਚ ਦਹਿਸ਼ਤ ਵੀ ਵੱਧਦੀ ਜਾ ਰਹੀ ਸੀ।
ਪਿੰਡ ਦੇ ਸਿਆਣਿਆਂ ਦੀ ਸਲਾਹ ਨਾਲ ਉਹ ਸਾਰੇ ਪਰਿਵਾਰ ਸਾਡੇ ਕਾਰਖਾਨੇ ਵਾਲੇ ਘਰ ਆ ਗਏ ਤਾਂ ਜੋ ਮਹਿਫੂਜ਼ ਰਹਿ ਸਕਣ ਤੇ ਜਦੋਂ ਰੌਲਾ ਗੌਲਾ ਬੰਦ ਹੋ ਜਾਵੇ ਉਹ ਮੁੜ ਆਪਣੇ ਘਰਾਂ ਚ ਜਾ ਵੜਨ।
ਪਰ ਸਿਆਸਤ ਦੀ ਬਿਸਾਤ ਇਸ ਤਰ੍ਹਾਂ ਵਿਛਾਈ ਗਈ ਸੀ ਕੇ ਕਤਲੋ ਗਾਰਤ ਦਿਨੋਂ ਦਿਨ ਤੇਜ਼ ਹੀ ਹੁੰਦੀ ਜਾ ਰਹੀ ਸੀ। ਇਸ ਵਿੱਚ ਫੇਰ ਪਿੰਡ ਦੇ ਬਜੁਰਗਾਂ ਨੇ ਸਿਰ ਜੋੜੇ ਤੇ ਬਾਬੇ ਤੁੱਲੇ ਤੇ ਸ਼ਾਦੀ ਹੁਣਾਂ ਦੇ ਕਹਿਣ ਅਨੁਸਾਰ ਉਹਨਾਂ ਨੂੰ ਮਲੇਰਕੋਟਲਾ ਵਾਲੇ ਕੈਂਪ ਵਿੱਚ ਛੱਡ ਆਉਣ ਦਾ ਫੈਸਲਾ ਲਿਆ।
ਬਜੁਰਗਾਂ ਦੇ ਦੱਸਣ ਅਨੁਸਾਰ ਇਹ ਵਕਤੀ ਫੈਸਲਾ ਸੀ। ਰੌਲਾ ਰੱਪਾ ਖਤਮ ਹੋਣ ਤੇ ਉਹ ਵਾਪਿਸ ਪਿੰਡ ਆ ਜਾਣਗੇ। ਸਾਡੇ ਬਾਪੂ ਹੋਰੀਂ ਗੱਡਿਆਂ ਚ ਉਹਨਾਂ ਦਾ ਜਰੂਰੀ ਸਮਾਨ ਲੱਦ ਕੇ ਉਹਨਾਂ ਕਿਸਮਤ ਮਾਰਿਆਂ ਨੂੰ ਮਲੇਰਕੋਟਲਾ ਦੀ ਜੂਹ ਵਿੱਚ ਛੱਡ ਆਏ…. ਤੇ ਕਹਿ ਆਏ ਕਿ ਮਾਹੌਲ ਠੀਕ ਹੋਣ ਤੇ ਤੁਹਾਨੂੰ ਵਾਪਿਸ ਪਿੰਡ ਲੈ ਜਾਵਾਂਗੇ।
ਪਰ ਫੇਰ ਕਿਸਨੇ ਵਾਪਿਸ ਆਉਣਾ ਸੀ….! ਜਦੋਂ ਲੁੱਟਾਂ-ਖੋਹਾਂ ਤੇ ਕਤਲੋਗਾਰਤ ਕੁਝ ਘੱਟ ਹੋਈ ਤਾਂ ਉਹ ਵੀ ਲੱਖਾਂ ਲੋਕਾਂ...

ਵਾਂਗ ਆਪਣੀ ਮਿੱਟੀ ਆਪਣਾ ਪਿੰਡ ਤੇ ਆਪਣਾ ਦੇਸ਼ ਛੱਡ ਕੇ ਸਰਨਾਰਥੀ ਬਣਕੇ ਨਵੇਂ ਬਣੇ ਮੁਲਕ ਪਾਕਿਸਤਾਨ ਚ ਚਲੇ ਗਏ। ਮੁੜ ਵਿਚਾਰੇ ਉਹ ਪਿੰਡ ਵਾਪਿਸ ਨਾ ਆ ਸਕੇ ਅੱਜ ਪੂਰੇ ਪਝੰਤਰ ਵਰੇ ਹੋ ਗਏ।
ਇਹਨਾਂ ਪਰਿਵਾਰਾਂ ਚੋਂ ਇੱਕ ਪਰਿਵਾਰ ਜਿਹੜਾ ਬਾਬੇ ਫੁੰਮਣ ਤੇਲੀ ਦਾ ਸੀ ਉਹ ਪਿੰਡ ਹੀ ਰਿਹਾ ਤੇ ਹੁਣ ਵੀ ਅਜਮਤੇ ਅੰਮਾਂ ਉਮਰ ਲੱਗਭਗ 92-93 ਸਾਲ ਇਕੱਲੀ ਪਿੰਡ ਰਹਿ ਰਹੀ ਹੈ। ਸਾਰੇ ਪਿੰਡ ਨਾਲ ਉਸਦਾ ਮੋਹ ਪਿਆਰ ਹੈ ਤੇ ਹਰ ਕੋਈ ਉਸਦਾ ਸਤਿਕਾਰ ਕਰਦਾ ਹੈ। ਇਸ ਮਾਤਾ ਦਾ ਇਕਲੌਤਾ ਪੁੱਤਰ ਮਜੀਦ ਮਹੁੰਮਦ ਜਿਹੜਾ ਕਿ 20-21ਸਾਲ ਪਹਿਲਾਂ ਫੌਤ ਹੋ ਗਿਆ ਸੀ। ਉਹ ਇੱਕ ਵਾਰ ਪਾਕਿਸਤਾਨ ਗਿਆ ਸੀ ਤੇ ਆਪਣੇ ਚਾਚਿਆਂ ਤਾਇਆਂ ਨੂੰ ਮਿਲਕੇ ਆਇਆ ਸੀ। ਹੁਣ ਉਹਨਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ। ਸਾਡੀ ਇੱਛਾ ਕਿ ਜੇਕਰ ਉਹ ਜਾਂ ਦੇ ਪਰਿਵਾਰਕ ਮੈਂਬਰ ਇੱਕ ਵਾਰ ਆਪਣੇ ਪਿੰਡ ਗੇੜਾ ਮਾਰ ਜਾਣ ਤੇ ਆਪਣੀ ਮਿੱਟੀ ਨੂੰ ਸਿਜਦਾ ਕਰ ਜਾਣ। ਕੁਝ ਸਾਲਾਂ ਤੱਕ ਉਹਨਾਂ ਵੇਲਿਆਂ ਦੇ ਬਜੁਰਗਾਂ ਨੇ ਦੁਨੀਆਂ ਤੋਂ ਰੁਖਸਤ ਹੋ ਜਾਣਾ ਹੈ।ਫਿਰ ਕਿਸਨੇ ਦੱਸਣਾ ਉਹਨਾਂ ਵੇਲਿਆਂ ਬਾਰੇ।
ਉਹਨਾਂ ਵੇਲਿਆਂ ਦੀ ਗੱਲ ਕਰਦੇ ਬਜੁਰਗ ਦੱਸਦੇ ਹੁੰਦੇ ਸੀ ਕਿ ਸਾਡੇ ਪਿੰਡ ਕੋਲ ਦੀ ਲੰਘਣ ਵਾਲਾ ਸੂਆ ਲਾਸਾਂ ਨਾਲ ਭਰਕੇ ਵਹਿੰਦਾ ਰਿਹਾ ਸੀ ਬਹੁਤ ਸਮੇਂ ਤੱਕ। ਅੰਨਾਂ ਜੁਲਮ ਹੋਇਆ ਸੀ ਮਨੁੱਖਤਾ ਤੇ।
ਜਿਸ ਇਨਸਾਨ ਨੂੰ ਇੱਕ ਪਲ ਚ ਆਪਣਾ ਸਾਰਾ ਕੁਝ ਛੱਡਣਾ ਪੈ ਜਾਵੇ ,ਜਿਸਦੀ ਮਿੱਟੀ ਵੀ ਬੇਗਾਨੀ ਹੋ ਜਾਵੇ,ਉਸ ਲਈ ਅਜਿਹੀ ਆਜਾਦੀ ਦਾ ਮਹੱਤਵ ਕੁਝ ਨਹੀਂ ਰਹਿੰਦਾ।
ਕਦੇ ਕਦੇ ਮੈਂ ਸੋਚਦਾ ਹੁਣਾਂ ਕਿ ,ਕੀ ਸਾਰੀਆਂ ਕੌਮਾਂ ਵਿੱਚ ਕੋਈ ਵੀ ਸਿਆਣਾ ਲੀਡਰ ਨਹੀਂ ਸੀ।ਜਿਹੜਾ ਇਹ ਸੋਚਦਾ ਕੇ ਬਿਨਾਂ ਕਤਲੋਗਾਰਤ ਦੇ ਤੇ ਵੰਡ ਦੇ ਆਜਾਦੀ ਲਈ ਜਾਂਦੀ। ਫੇਰ ਆਜਾਦੀ ਦਾ ਸਵਾਦ ਹੀ ਹੋਰ ਹੋਣਾਂ ਸੀ। ਆਹ ਧੱਕੇ ਨਾਲ ਝੰਡੇ ਵੇਚਣ ਤੇ ਚਾੜਣ ਦੀ ਨੌਬਤ ਹੀ ਨਹੀਂ ਸੀ ਆਉਣੀ।
ਦੋਵੇਂ ਮੁਲਕਾਂ ਵਿੱਚ ਅੱਜ ਵੀ ਸਿਆਸਤ ਆਪਸੀ ਦੁਸਮਣੀ ਨਾਲ ਹੁੰਦੀ ਹੈ। ਭਾਰਤ ਵਿੱਚ ਪਾਕਿਸਤਾਨ ਵਿਕਦਾ ਤੇ ਪਾਕਿਸਤਾਨ ਵਿੱਚ ਭਾਰਤ। ਦੋਵੇਂ ਮੁਲਕਾਂ ਦਾ ਵਿਕਾਊ ਮੀਡੀਆ ਇਸੇ ਦੇ ਸਿਰ ਤੇ ਰੋਟੀ ਖਾਦਾਂ।
ਰੱਬ ਕਰੇ ਦੋਵਾਂ ਮੁਲਕਾਂ ਵਿੱਚ ਕੋਈ ਐਸਾ ਸਿਆਸਤਦਾਨ ਕੁਰਸੀ ਤੇ ਬੈਠੇ ਕਿ ਆਵਾਮ ਖੁੱਲ੍ਹ ਨਾਲ ਇੱਕ ਦੂਜੇ ਪਾਸੇ ਆ ਜਾ ਸਕੇ। ਇਹਨਾਂ ਹੱਦਾਂ ਸਰਹੱਦਾਂ ਤੋਂ ਉਪਰ ਹੋ ਕੇ ਸੋਚਣ ਦੀ ਲੋੜ ਹੈ।
ਆਮੀਨ….!!
ਹਰਜੀਤ ਸਿੰਘ ਖੇੜੀ।

...
...



Related Posts

Leave a Reply

Your email address will not be published. Required fields are marked *

One Comment on “ਹੱਲਿਆਂ ਵੇਲੇ ਦੀ ਗੱਲ”

  • Chamkaur Singh Chahal

    ਸਹੀ ਗੱਲ ਹੈ ਜੀ , ਸਾਡਾ ਵੀ ਦਿਲ ਕਰਦਾ ਹੈ ਜਿਸ ਜ਼ਮੀਨ ਤੇ ਸਾਡੇ ਪੁਰਖਿਆਂ ਨੇ ਜਨਮ ਲਿਆ , ਕੰਮ ਕੀਤਾ , ਉਸ ਜ਼ਮੀਨ ਨੂੰ ਦੇਖਣ ਦਾ ਬਹੁਤ ਦਿਲ ਕਰਦਾ ਹੈ।

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)