More Punjabi Kahaniya  Posts
ਸੰਦੂਖ – ਆਖਰੀ ਭਾਗ


“ਕੇਨੈਡਾ ਮਰਾਵੇ ਥੋਡਾ ਜਈ ਤਈ।ਬਥੇਰੇ ਪੈਸੇ ਪੈਂਦੇ ਮੇਰੇ ਖਾਤੇ ’ਚ ਪੈਨਸ਼ਨ ਦੇ।ਵਾਪਸ ਤੋਰ ਦੇ ਮੈਨੂੰ ਬੀਰਿਆ।ਮੈਂ ਨਹੀਂ ਕਮਾਉਂਦਾ ਡਾਲੇ।” ਇੱਕ ਸ਼ਾਮ ਬਾਪੂ ਉਖੜ ਗਿਆ।ਅਸੀਂ ਖਾਣੇ ਦੇ ਟੇਬਲ ’ਤੇ ਬੈਠੇ ਸਾਂ।ਪੈਮ ਨੇ ਗੱਲ ਛੇੜ ਲਈ।ਲਹਿਣ ਲੱਗੀ, “ਬਾਪੂ ਜੀ! ਸਾਰਾ ਦਿਨ ਬੋਰ ਹੁੰਦੇ।ਬੇਰੀਆਂ ਤੋੜਣ ਲਈ ਵਗ ਜਾਇਆ ਕਰੋ।ਚਾਰ ਪੈਸੇ ਵੀ ਮਿਲ ਜਾਂਦੇ ਨਾਲੇ।” ਬਾਪੂ ਕੀ ਜਾਣਦਾ ਸੀ ਕੇਨੈਡਾ ਨੂੰ ਉਦੋਂ।ਉਦੋਂ ਤਾਂ ਉਹਦੇ ਅੰਦਰ ਮਾਸਟਰ ਸੁਰਿੰਦਰ ਸਿੰਘ ਬੋਲਦਾ ਸੀ।…ਤੇ ਪਿਛਲੇ ਕੁਝ ਸਮੇਂ ਤੋਂ ਬਾਪੂ ਅੰਦਰ ਕੁਝ ਹੋਰ ਬੋਲਣ ਲੱਗਿਆ ਸੀ।
“ਬੌਬ ਬੋਲਦਾ ਨਹੀਂ ਅੱਜ?ਆਰ ਯੂ ਫਾਈਨ ਨਾ?ਡਾਕਟਰ ਨੂੰ ਦਿਖਾ ਲੈ ਨਹੀਂ ਤਾਂ।” ਪੈਮ ਮੈਨੂੰ ਮੁੜ ਪਾਸਟ ’ਚੋਂ ਬਾਹਰ ਕੱਢਦੀ ਹੈ।
‘ਹਾਂ ਫਾਈਨ ਆ ਪੰਦਰਾਂ ਮਿੰਟ ਤੱਕ ਖਾਣਾ ਚੱਕਣ ਜਾਂਦਾ ਮੈਂ।ਤੂੰ ਕੰਮ ਫਿਨੀਸ਼ ਕਰਲੈ ਆਪਣਾ।” ਉਹ ਮੁੜ ਲੈਪਟਾੱਪ ’ਤੇ ਉਂਗਲਾਂ ਚਲਾਉਣ ਲੱਗੀ।
ਮੈਂ ਅੰਦਰ ਜਾ ਕੇ ਕੱਪੜੇ ਬਦਲ ਲਏ।ਠੰਡ ਤੋਂ ਬਚਣ ਲਈ ਜੈਕਟ ਪਾ ਲਈ ਤੇ ਗੱਡੀ ਲੈ ਕੇ ਖਾਣਾ ਲੈਣ ਲਈ ਚੱਲ ਪਿਆ।
“ਹੈਲੋ! ਰੋਜ਼ੀ!ਕਿੱਦਾ?” ਇੰਡੀਅਨ ਕਿਚਨ ’ਤੇ ਬੈਠੀ ਕੁੜੀ ਨੂੰ ਮੈਂ ਜਾ ਕੇ ਹੈਲੋ ਆਖਦਾ।
“ਉਹਹ! ਭਾਜੀ ਕਿੱਦਾ।ਬਹੁਤ ਦਿਨ ਬਾਅਦ ਦਿੱਸੇ?” ਸਾਡੇ ਪਿੰਡਾਂ ਵੱਲ ਦੀ ਹੋਣ ਕਰਕੇ ਉਹ ਮੈਨੂੰ ਭਾਜੀ ਆਖਦੀ।ਪਹਿਲਾਂ ਇਹ ਸਾਡੇ ਨੇੜੇ ਹੀ ਬੇਸਮੈਂਟ ਵਿੱਚ ਰਹਿੰਦੀ ਹੁੰਦੀ ਸੀ।ਅੱਜ ਕੱਲ ਕਿਤੇ ਹੋਰ ਮੂਵ ਕਰ ਗਈ ਹੈ।ਇਹ ਜਦ ਵੀ ਮਿਲਦੀ ਲੰਮੀਆਂ ਲੜੀਆਂ ਛੋਹ ਲੈਂਦੀ।ਇਸੇ ਲਈ ਮੈਂ ਇਹਦੀਆਂ ਗੱਲਾਂ ਤੋਂ ਬਚਣਾ ਚਾਹੁੰਦਾ।
“ਮੈਂ ਇੰਡੀਆਂ ਗਿਆ ਸੀ ਰੋਜ਼ੀ।ਖਾਣਾ ਪੈੱਕ ਆ?” ਮੈਂ ਗੱਲਾਂ ਤੋਂ ਬੱਚਣ ਲਈ ਖਾਣੇ ਦੀ ਗੱਲ ਤੋਰ ਲੈਂਦਾ ਤਾਂ ਜੋ ਖਾਣਾ ਚੱਕ ਕੇ ਜਾਣ ਵਾਲਾ ਬਣਾ।
“ਵਾਹ!ਕਿੱਦਾ ਕੋਈ ਵਿਆਹ ਸੀ।” ਪਰ ਉਹ ਸਵਾਲ ਦਾਗਣੋ ਨਹੀਂ ਹੱਟਦੀ।
“ਨਹੀਂ ਬੱਸ ਊਈਂ…।” ਪਹਿਲਾਂ ਤਾਂ ਚਿੱਤ ਸੀ ਅਸਲੀ ਵਜਾਹ ਦੱਸ ਦਿਆਂ ਫਿਰ ਕੁਝ ਸੋਚ ਕੇ ਚੁੱਪ ਰਿਹਾ।
“ਇੰਡੀਆਂ ਵਿਆਹਾਂ ਦਾ ਵੀ ਬਹੁਤ ਜ਼ੋਰ ਆ ਕਿੱਦਾ।ਅੱਜ ਈ ਸਾਡੇ ਕੋਈ ਰਿਸ਼ਤੇਦਾਰੀ ’ਚੋ ਆਇਆ ਵਿਆਹ ਦੇਖ ਕੇ।ਦੋ ਲਿਫ਼ਾਫ਼ੇ ਭਾਜੀ ਦੇ ਦੇ ਗਿਆ।ਰੁੱਕੋ ਇੱਕ ਥੋਨੂੰ ਦਿੰਦੀ ਆ।ਪੈਮ ਭਾਬੀ ਨੂੰ ਦੇ ਦਿਉ।” ਮੇਰੇ ਰੋਕਣ ਤੋਂ ਪਹਿਲਾਂ ਅਗਲੇ ਕਸਟਮਰ ਨੂੰ ਜਸਟ ਵੇਟ ਪਲੀਜ਼ ਕਹਿ ਕੇ ਉਹ ਪਿਛੇ ਲਿਫ਼ਾਫ਼ਾ ਚੱਕਣ ਲਈ ਤੁਰ ਗਈ।
“ਆ ਲਉ!ਜਵਾਕ ਊਈਂ ਨਹੀਂ ਖਾਂਦੇ ਮੈਂ ਦੋ ਲਿਫ਼ਾਫ਼ੇ ਕੀ ਕਰਨੇ। ਬਿਮਾਰ ਹੋਣਾ ਕਿਤੇ।” ਮੈਂ ਬਿਨ ਬੋਲੇ ਲਿਫ਼ਾਫ਼ਾ ਫੜ੍ਹ ਲੈਂਦਾ।iੰਮੰਟ ਕੁ ਮਗਰੋਂ ਮੁੰਡਾ ਖਾਣੇ ਵਾਲਾ ਲਿਫ਼ਾਫ਼ਾ ਲਿਆ ਕੇ ਕਾਊਂਟਰ ’ਤੇ ਧਰ ਦਿੰਦਾ।ਮੈਂ ਬਿੱਲ ਪੇਅ ਕਰਨ ਲਈ ਆਪਣਾ ਕਾਰਡ ਦਿੰਦਾ ਤੇ ਥੈਕਸ ਭਰੀ ਸਮਾਈਲ ਰੋਜ਼ੀ ਨੂੰ ਦੇ ਕੇ ਵਾਪਸ ਆ ਜਾਂਦਾ।ਦੋ ਕੁ ਵਾਰ ਬਾਪੂ ਵੀ ਆਇਆ ਸੀ ਮੇਰੇ ਨਾਲ।ਬਾਪੂ ਤੇ ਰੋਜ਼ੀ ਦੋਵੇਂ ਗੱਲਾਂ ਦਾ ਖੱਟਿਆ ਖਾਣ ਵਾਲੇ।ਪਿੰਡਾਂ ਦੀਆਂ ਗੱਲਾਂ ਛੇੜ ਕੇ ਬੈਠ ਗਏ।
“ਨਵੇਂ ਆਏ ਸਾਰੇ ਈ ਇਉਂ ਕਰਦੇ ਹੁੰਦੇ।ਉਦਰੇਵਾਂ ਹੁੰਦਾ ਨਾ।ਐਵੇਂ ਲੋਕਾਂ ਨੂੰ ਪਿੰਡ ਪੁੱਛੀ ਜਾਣਗੇ।ਕੋਈ ਆਪਣੇ ਪਿੰਡਾਂ ਦਾ ਮਿਲ ਜਾਏ ਤਾਂ ਹੋਰ ਸਾਂਝਾ ਕੱਢਣਗੇ।” ਮੈਂ ਗੱਡੀ ਵਿੱਚ ਬੈਠਿਆਂ ਬਾਪੂ ਨੂੰ ਆਖਿਆ ਸੀ।ਪਰ ਉਦੋਂ ਤੱਕ ਬਾਪੂ ਬਹੁਤਾ ਨਵਾਂ ਨਹੀਂ ਸੀ।ਉਹਦਾ ਚਿੱਤ ਕੁਝ ਕੁਝ ਲੱਗ ਗਿਆ ਸੀ ਇੱਥੇ।ਵੀਕਐਡ ’ਤੇ ਗੁਰੂ ਘਰ ਜਾਂਦਾ ਸਵੇਰੇ- ਸਵੇਰੇ।ਫਿਰ ਮਿੱਤਰਾਂ ਬੇਲੀਆਂ ਨਾਲ ਕਿੱਧਰੇ ਬੈਠ ਜਾਂਦਾ।ਦੋ ਕੁ ਵਾਰ ਆਪਣੇ ਦੋਸਤਾਂ ਨਾਲ ਵਿਕਟੋਰੀਆ ਵੀ ਜਾ ਆਇਆ ਸੀ।ਫੈਰੀ ਤੱਕ ਮੈਂ ਛੱਡ ਤੇ ਲੈ ਆਉਂਦਾ ਰਿਹਾ।ਬੱਸਾਂ ਦਾ ਹਿਸਾਬ ਉਹਨੂੰ ਲੱਗਣ ਲੱਗ ਗਿਆ ਸੀ।ਕੰਪਾਸ ਕਾਰਡ ਮੈਂ ਬਣਾ ਦਿੱਤਾ ਸੀ।
“ਨਾ ਓਦਰਿਆਂ ਕਾਹਨੂੰ ਮੈਂ ਤਾਂ ਊਈਂ ਪੁੱਛ ਲਿਆ।ਪਿੰਡਾਂ ਵੱਲ ਦੀ ਆ।ਧੀ ਭੈਣ ਲੱਗਦੀ ਆਖਿਰ।” ਬਾਪੂ ਸਾਂਝਾ ਦੇ ਅਧਾਰ ਬਣਾਉਂਦਾ।ਉਹੀ ਸਾਂਝ ਜੋ ਮੈਨੂੰ ਪਿਛਲੇ ਕਈ ਦਿਨਾਂ ਤੋਂ ਮਹਿਸੂਸ ਹੁੰਦੀ ਪਈ ਸੀ।ਆਪਣੇ ਤਾਇਆ ਚਾਚਿਆ ਨਾਲ।ਪਿੰਡ ਨਾਲ।ਭਾਈਚਾਰੇ ਨਾਲ।ਬਾਪੂ ਦੇ ਉਸ ਪੁਰਾਣੇ ਘਰ ਨਾਲ।
“ਬੱਲਿਆ! ਕਦੇ ਮਾਰ ਕੇ ਆ ਗੇੜਾ।ਚਾਚੇ ਤੇਰੇ ਨੂੰ ਕਿਹਾ ਹੋਇਆ ਮੈਂ।ਥਾਂ ਦਾ ਕਰਿਆ ਨਿਬੇੜਾ।ਆਪਾਂ ਹੁਣ ਕਿਹੜਾ...

ਰਹਿਣਾ ਉਥੇ ਜਾ ਕੇ।” ਬਾਪੂ ਪੁਰਾਣਾ ਘਰ ਵੇਚਣ ਦੀ ਗੱਲ ਕਰਦਾ ਹੁੰਦਾ ਸੀ।
ਮੈਂ ਟਾਈਮ ਕੱਢਣ ਦਾ ਲਾਰਾ ਲਾਉਂਦਾ ਰਿਹਾ।ਇਕੱਲੇ ਬਾਪੂ ਨੂੰ ਮੈਂ ਜਾਣ ਨਾ ਦਿੱਤਾ।ਪਰ ਜਦ ਬਾਪੂ ਬਹੁਤਾ ਖਹਿੜੇ ਪੈ ਗਿਆ, ਮੈਂ ਚਾਚੇ ਨਾਲ ਗੱਲ ਕਰ ਕੇ ਇੰਡੀਆ ਜਾ ਕੇ ਘਰ ਵੇਚ ਦਿੱਤਾ।ਪੈਸੇ ਲੈ ਕੇ ਹਫਤੇ ਕੁ ਵਿੱਚ ਹੀ ਮੈਂ ਵਾਪਸ ਆ ਗਿਆ।ਜਹਾਜ਼ ਵਿੱਚ ਬੈਠਾ ਮੈਂ ਸਾਰੇ ਰਸਤੇ ਸੋਚਦਾ ਰਿਹਾਂ ਸਾਂ ਅੱਜ ਜਦ ਮੈਂ ਘਰ ਜਾਣਾ, ਵਿਕੇ ਹੋਏ ਘਰ ਨੂੰ ਯਾਦ ਕਰਕੇ ਬਾਪੂ ਜ਼ਰੂਰ ਉਦਾਸ ਹੋਏਗਾ।
“ਲੈ ਬਈ ਦੇਖਲਾ ਹੁਣ ਇਹਨੂੰ।” ਘਰ ਪਹੁੰਚ ਕੇ ਖਾਣਾ ਟੇਬਲ ’ਤੇ ਧਰ ਕੇ ਮੈਂ ਪੈਮ ਨੂੰ ਆਖਦਾ।
“ਕਰਦੀ ਆ ਮੈਂ ਗਰਮ।ਆਜਾ ਤੂੰ ਮੇਜ਼ ’ਤੇ।” ਪੈਮ ਖਾਣਾ ਗਰਮ ਕਰਕੇ ਡਾਇਨਿੰਗ ਟੇਬਲ ’ਤੇ ਲਿਆ ਧਰਦੀ।ਖਾਣਾ ਖਾਂਦਿਆਂ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹਿੰਦੇ।ਪੈਮ ਕੁਝ ਪੁਛਦੀ ਮੈਂ ਹੂੰਅ ਹਾਂ ਆਖ ਦਿੰਦਾ।
“ਬੌਬ ਤੂੰ ਕੁਝ ਦੱਸਦਾ ਵੀ ਨਹੀਂ।ਪਰ ਹੈਗਾ ਤੂੰ ਜਿੱਦਾ ਉਦਾਸ ਆਂ।” ਪੈਮ ਮੇਰਾ ਚਿਹਰਾ ਪੜ੍ਹਨ ਦੀ ਕੋਸ਼ਿਸ਼ ਕਰਦੀ ਹੈ।
“ਨੋ-ਨੋ।ਕੋਈ ਐਸੀ ਗੱਲ ਨਹੀਂ।ਤੈਨੂੰ ਐਵੇਂ ਵਹਿਮ ਹੋ ਗਿਆ।”
ਜਿਵੇਂ ਉਦੋਂ ਮੈਨੂੰ ਵਹਿਮ ਸੀ।ਬਾਪੂ ਦੇ ਉਦਾਸ ਹੋਣ ਦਾ।ਪਰ ਬਾਪੂ ਤਾਂ ਜ਼ਰਾ ਵੀ ਉਦਾਸ ਨਹੀਂ ਸੀ।ਉਹਨੇ ਘਰ ਬਾਰੇ ਕੋਈ ਬਹੁਤੀ ਗੱਲ ਨਹੀਂ ਸੀ ਕੀਤੀ ਮੇਰੇ ਨਾਲ।ਅਚਾਨਕ ਘਰ ਤੇ ਉਸ ਤੋਂ ਬਾਅਦ ਪਿੰਡ ਉਹਦੇ ਮਨ ਵਿੱਚੋਂ ਜਿੱਦਾਂ ਮਨਫ਼ੀ ਹੀ ਹੋ ਗਿਆ ਸੀ।ਮੈਨੂੰ ਜ਼ਰਾ ਸਮਝ ਨਾ ਆਉਂਦੀ ਬਾਪੂ ਦੇ ਸੁਭਾਅ ਦੀ।ਉਹਨੇ ਮੁੜ ਕਦੀ ਬੇਬੇ ਦੇ ਸੰਦੂਖ ਬਾਰੇ ਵੀ ਨਹੀਂ ਸੀ ਪੁਛਿਆ ਜੋ ਮੈਂ ਘਰ ਵੇਚਣ ਮੌਕੇ ਚਾਚੇ ਵੱਲ ਧਰ ਆਇਆ ਸੀ।ਨਾ ਹੀ ਉਹਨੇ ਕਦੀ ਖਾਲੀ ਘਰਾਂ, ਸੁੰਨੀਆਂ ਸੜਕਾਂ ਦੀ ਗੱਲ ਕੀਤੀ ਸੀ।…ਤੇ ਫਿਰ ਜਦੋਂ ਬਾਪੂ ਬਿਮਾਰ ਹੋਇਆ।ਉਹ ਹੋਰ ਵੀ ਅਜੀਬ ਗੱਲਾਂ ਕਰਨ ਲੱਗਿਆ।
“ਬੀਰਿਆ!ਊਅ ਕੇਨੈਡਾ ’ਚ ਮਰਨ ਵਾਲੇ ਦੀਆਂ ਵੀ ਮੌਜਾਂ ਕਿ ਨਹੀਂ।” ਉਹ ਦੋ ਕੁ ਵਾਰ ਮੇਰੇ ਨਾਲ ਕਿਸੇ ਦੇ ਫਿਊਨਰਲ ’ਤੇ ਗਿਆ ਸੀ।ਕੁਰਸੀਆਂ ਤੇ ਬੈਠੇ ਬੰਦੇ ਬੁੜੀਆਂ, ਮੁਰਦੇ ਨੂੰ ਦਾਗਣ ਦਾ ਢੰਗ ਸਾਰਾ ਕੁਝ ਬਾਪੂ ਲਈ ਨਵਾਂ ਸੀ।ਸ਼ਾਇਦ ਉਹਨੇ ਇਸੇ ਲਈ ਕਿਹਾ ਸੀ ਕਿ ਇੱਥੇ ਮਰਨ ਵਾਲਾ ਵੀ…।ਮੈਂ ਸੋਚਦਾ ਸੀ ਸ਼ਾਇਦ ਬਾਪੂ ਕਹੇਗਾ ਕਿ ਬੀਰਿਆ ਮੈਨੂੰ ਪਿੰਡ ਲੈ ਚੱਲ।ਪਰ ਉਹ ਤਾਂ…।
ਉਹਦੀ ਕੋਈ ਇੱਛਾ ਨਹੀਂ ਸੀ ਆਪਣੇ ਪਿੰਡ ਦੀ ਮਿੱਟੀ ਵਿੱਚ ਜਾ ਕੇ ਰਲਣ ਦੀ।ਉਹ ਪਿੰਡ ਦੀ ਕੋਈ ਗੱਲ ਹੀ ਨਹੀਂ ਸੀ ਕਰਦਾ।ਨਾ ਹੀ ਅੰਤਲੇ ਵੇਲੇ ਉਹਨੇ ਐਸਾ ਕੁਝ ਯਾਦ ਕੀਤਾ।ਪਰ ਇੱਥੇ ਭੋਗ ਪਵਾਉਣ ਮਗਰੋਂ ਮੈਂ ਇੰਡੀਆ ਚਲਾ ਗਿਆ।ਗੁਰਦੁਆਰੇ ਭੋਗ ਪਵਾਇਆ ਬਾਪੂ ਦੇ ਨਾਮ ਦਾ।ਲੰਗਰ ਲਗਾਇਆ।ਠੰਡ ਦਾ ਮੌਸਮ ਸੀ।ਬਾਪੂ ਦੇ ਨਾਮ ਤੋਂ ਗਰੀਬ ਗੁਰਬਿਆਂ ਨੂੰ ਬੂਟ-ਜ਼ੁਰਾਬਾਂ ਵੰਡੀਆਂ।ਚਾਚੇ ਵੱਲ ਪਿਆ ਬੇਬੇ ਦਾ ਸੰਦੂਖ ਤੇ ਪਿੰਡ ਵਾਲਾ ਘਰ ਦੋਨਾਂ ਨੂੰ ਹੀ ਦੇਖ ਦੇਖ ਮੈਂ ਉਦਾਸ ਹੁੰਦਾ ਰਿਹਾ।
“ਵਹਿਮ ਨਹੀਂ ਬੌਬ!ਪਿੰਡੋ ਆ ਕੇ ਤੂੰ ਮੈਨੂੰ ਲੋਟ ਨਹੀਂ ਲੱਗਦਾ? ਸ਼ੇਅਰ ਤਾਂ ਕਰ ਆਖਿਰ ਮਸਲਾ ਕੀ ਆ?” ਪੈਮ ਥੋੜੇ ਫਿਕਰ, ਥੋੜੀ ਖਿਝ ਨਾਲ ਪੁਛਦੀ ਹੈ।
“ਪੈਮ ਹੁਣ ਆਪਾਂ ਜਦ ਪਿੰਡ ਜਾਣਾ ਨਾ …ਪਿੰਡ ਥਾਂ ਲੈ ਕੇ ਨਵਾਂ ਘਰ ਪਾ ਕੇ ਆਉਣਾ।ਬੇਬੇ ਵਾਲਾ ਸੰਦੂਖ ਆਪਣੇ ਘਰੇ ਧਰ ਕੇ ਆਵਾਂਗੇ।ਮੈਂ ਪਿੰਡ ਜਾ ਕੇ ਮਰਨਾ ਚਾਹੁੰਦਾ ਪੈਮ।ਮੇਰਾ ਭੋਗ ਵੀ ਆਪਣੇ ਘਰ ਵਿੱਚ ਪਾਇਓ।” ਚਾਰ ਦਿਨ ਦੇ ਰੋਕੇ ਹੰਝੂ ਮੇਰੀਆਂ ਅੱਖਾਂ ਵਿੱਚੋਂ ਵਹਿ ਤੁਰੇ।ਪੈਮ ਹੈਰਾਨ ਹੋਈ ਮੇਰੇ ਵੱਲ ਦੇਖ ਰਹੀ ਸੀ।ਬਾਹਰ ਬਾਰਿਸ਼ ਹੋਰ ਤੇਜ਼ ਹੋ ਗਈ।ਡਿੱਗਦੀਆਂ ਕਣੀਆਂ ਦੀ ਅਵਾਜ਼ ਸਾਡੇ ਵਿਚਾਲੇ ਦੀ ਚੁੱਪ ਨੂੰ ਤੋੜਨ ਲੱਗੀ ।ਇਹ ਕੈਸੀ ਇੱਛਾ ਸੀ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ।
ਸਮਾਪਤ

ਸਿਮਰਨ ਧਾਲੀਵਾਲ

...
...



Related Posts

Leave a Reply

Your email address will not be published. Required fields are marked *

2 Comments on “ਸੰਦੂਖ – ਆਖਰੀ ਭਾਗ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)