ਲੱਕੜਹਾਰਿਆਂ ਦੇ ਜੰਗਲ ਚ ਵੜ੍ਹਦਿਆਂ ਹੀ ਦਰੱਖਤਾਂ ਚ ਆਪਸ ਚ ਘੁਸਰ-ਮੁਸਰ ਹੋਣੀ ਸ਼ੁਰੂ ਹੋ ਗਈ।
ਪਹਿਲਾ ਦਰੱਖਤ – ਇਹ ਅਣਜਾਣੇ ਵਿਅਕਤੀ ਕੌਣ ਨੇ ? ਕੀ ਕਰਨ ਆਏ ?
ਦੂਜਾ ਦਰੱਖਤ – ਹਾਂ,ਜਾਣਦਾ ਤਾਂ ਮੈਂ ਵੀ ਨਹੀਂ ਇਹਨਾਂ ਨੂੰ ਪਰ ਦੇਖ ਜੋ ਹਥੌੜੇ ਇਹਨਾਂ ਮੋਢੇ ਤੇ ਟੰਗੇ ਉਹ ਆਪਣੀ ਬਰਾਦਰੀ ਦੇ ਈ ਨੇ।
ਪਹਿਲਾ ਦਰੱਖਤ – ਹਾਂ,ਆਪਣੇ ਨਾਲ ਪਲਿਆ-ਵਧਿਆ ਆਪਣਾ ਹੀ ਭਰਾ ਹੁਣ ਗੈਰਾਂ ਦਾ ਬਣ ਗਿਆ ਏ।
ਦੂਜਾ ਦਰੱਖਤ – ਸਦੀਆਂ ਤੋਂ ਹੁੰਦਾ ਆਇਆ ਇਹ।ਲੰਕਾ ਆਪਣੇ ਈ ਢਾਉਂਦੇ ਵਰਨਾ ਬਿਗਾਨਿਆਂ ਨੂੰ ਥੋੜੋ ਪਤਾ ਹੁੰਦੇ ਆਪਣੇ ਰਾਜ।
ਧੋਖਾ ਤੇ ਗੱਦਾਰੀ ਉਹੋ ਈ ਕਰਦੇ ਜਿੰਨਾ ਨਾਲ ਆਪਣੀ ਉੱਠਣੀ-ਬੈਠਣੀ ਹੁੰਦੀ।
ਪਹਿਲਾ ਦਰੱਖਤ – ਇਸ ਕੁਹਾੜੇ ਨੂੰ ਤੇ ਇਸ ਕੁਹਾੜੇ ਨੂੰ ਵਰਤਣ ਵਾਲਿਆਂ ਨੂੰ ਜੰਗਲ ਕਦੇ ਮਾਫ਼ ਨੀ ਕਰੂ।
ਪਹਿਲੇ ਬੁੱਢੇ ਦਰੱਖਤ ਦੇ ਇੰਨਾ ਕਹਿੰਦਿਆਂ ਹੀ ਬੜੀ ਤੇਜ਼ ਹਵਾ ਵਗਣੀ ਸ਼ੁਰੂ ਹੋ ਗਈ ਤੇ ਇੱਕ ਦਰੱਖਤ ਦਾ ਮੋੜਾ ਲੱਕੜਹਾਰਿਆਂ ਦੇ ਉੱਪਰ ਡਿੱਗ ਪਿਆ ਤੇ ਉਹ ਭੱਜ ਕੇ ਆਪਣਾ ਬਚਾ ਕਰਨ ਲੱਗੇ ਖਾਈ ਚ ਡਿੱਗ ਪਏ ਤੇ ਪੱਥਰ ਨਾਲ ਟਕਰਾ ਕੇ ਜ਼ਖਮੀ ਹੋ ਗਏ।
ਦਰੱਖਤਾਂ ਦੀ ਗੱਲ...
ਲਾਗੇ ਘਾਹ ਚ ਸੁੱਤੇ ਪਏ ਸੱਪ ਨੇ ਸੁਣ ਲਈ ਸੀ ਤੇ ਉਹਨਾਂ ਦਰੱਖਤਾਂ ਨਾਲ ਹੀ ਲਿਪਟ ਕੇ ਉਹ ਜਵਾਨ ਹੋਇਆ ਸੀ।
ਹੁਣ ਉਸਦਾ ਦਰੱਖਤਾਂ ਦੇ ਕੀਤੇ ਅਥਾਹ ਅਹਿਸਾਨਾਂ ਦਾ ਬਦਲਾ ਚੁਕਾਉਣ ਦਾ ਵੇਲਾ ਆ ਗਿਆ ਸੀ।
ਦਰੱਖਤਾਂ ਦੀਆਂ ਗੱਲਾਂ ਸੁਣ ਉਹ ਜੋਸ਼ ਨਾਲ ਭਰ ਗਿਆ।ਉਸਨੂੰ ਗੱਦਾਰਾਂ ਤੇ ਧੋਖੇਵਾਜਾਂ ਤੋਂ ਸਖ਼ਤ ਨਫ਼ਰਤ ਸੀ।
ਲੱਕੜਹਾਰੇ ਜੋ ਕੇ ਇੱਕ ਥਾਂ ਖੜੇ,
ਛਾਂ ਦਿੰਦੇ,
ਆਕਸੀਜ਼ਨ ਦਿੰਦੇ,
ਫਲ ਦਿੰਦੇ ਦਰੱਖਤਾਂ ਨੂੰ ਵੱਢਣ ਆਏ ਸਨ ਜਦੋਂ ਸੱਪ ਨੇ ਜ਼ਖਮੀ ਪਏ ਪੱਥਰ ਨਾਲ ਢੋਅ ਲਗਾਈ ਬੈਠੇ ਦੇਖੇ ਤਾਂ ਮੌਕਾ ਪਾ ਡੰਗ ਦਿੱਤੇ।
ਵਿਲਕਦੇ-ਤੜਫਦੇ ਉਹ ਦੁਨੀਆ ਨੂੰ ਅਲਵਿਦਾ ਕਰ ਗਏ।
ਸੱਪ ਮੁੜ ਜਾ ਦਰੱਖਤਾਂ ਨਾਲ ਲਿਪਟ ਗਿਆ।
ਠੰਡੀ ਸ਼ੀਤ ਹਵਾ ਵਗਣ ਲੱਗੀ ਤੇ ਦਰੱਖਤ ਝੂਮਦੇ ਹਵਾ ਨਾਲ ਗਾਉਂਦੇ ਲਹਿਰਾਉਣ ਲੱਗ ਪਏ।
ਬੇਈਮਾਨ ਕੁਹਾੜਾ ਇਕੱਲਾ ਪਿਆ ਆਪਣੀ ਬਰਾਦਰੀ ਨਾਲ ਧੋਖਾ ਕਰਨ ਤੇ ਪਛਤਾਅ ਰਿਹਾ ਸੀ।
©️— ਜੱਸੀ ਧਾਲੀਵਾਲ