More Punjabi Kahaniya  Posts
ਇਉਂ ਖੁੱਸਿਆ ਸਾਡਾ ਖੇਤ


ਨਿੰਦਰ ਘੁਗਿਆਣਵੀ
***
ਸੰਨ 1995 ਸੀ। ਇਕ ਦਿਨ ਪਿਤਾ ਆਖਣ ਲੱਗਿਆ, “ਅਧ ਪੱਕੇ ਘਰ ਵਿਚ ਕਿੰਨਾ ਚਿਰ ਬਹਾਈ ਰੱਖੂੰਗਾ ਥੋਨੂੰ,ਵਿਆਹ ਸ਼ਾਦੀਆਂ ਵੀ ਕਰਨੇ ਆਂ,ਕੁੜੀ ਵੀ ਕੱਦ ਕਰਗੀ,ਕਰਜਾ ਵੀ ਲਾਹੁੰਣਾ ਐਂ,ਐਡੀ ਵੱਡੀ ਹਵੇਲੀ ਵਿਕਣੀ ਨਹੀਂ,ਪਿੰਡ ‘ ‘ਚ ਕੌਣ ਲੈਂਦਾ ਐ ਏਨੀ ਥਾਂ? ਸਸਤੀ ਕਾਹਨੂੰ ਵੇਚਣੀ ਆਂ,ਕੌਡੀਆਂ ਦੇ ਭਾਅ–ਆਪਣਾ ਘਰ ਆ ਫੇਰ ਵੀ।” ਪਿਤਾ ਦੇ ਮੱਥੇ ਦੀਆਂ ਲਕੀਰਾਂ ਗੂੜੀਆਂ ਹੋ ਗਈਆਂ ਸਨ।
ਆਖਿਰ, ਢਾਈ ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਤਿੰਨ ਕਿੱਲੇ ਵੇਚ ਦਿੱਤੀ ਸ਼ਾਹ ਵਾਲੇ ਖੇਤੋਂ। ਜਿੱਦਣ ਜੱਟਾਂ ਨੂੰ ਰਜਿਸਟਰੀ ਕਰਵਾਉਣੀ ਸੀ ਮੈਂ ਨਾਲ ਗਿਆ ਸੀ ਪਿਤਾ ਦੇ। ਕਚਹਿਰੀਆਂ ਦੇ ਚਾਹ ਵਾਲੇ ਖੋਖੇ ‘ਚ ਚਾਹ ਪੀਂਦੇ ਪਿਓ ਨੇ ਅੱਖਾਂ ਭਰੀਆਂ ਤੇ ਛੇਤੀ ਹੀ ਪਰਨੇ ਨਾਲ ਪੂੰਝ ਲਈਆਂ। ਉਹ ਘਗਿਆਈ ਆਵਾਜ ‘ਚ ਬੋਲਿਆ,”ਮੇਰਾ ਕੇਹੜਾ ਜੀਆ ਕਰਦਾ ਵੇਚਣ ਨੂੰ ਕਮਲਿਓ,ਥੋਡੇ ਪਿਛੇ ਈ ਵੇਚਦਾਂ ਵਈ ਵਿਆਹ ਹੋਜੇ ਥੋਡਾ ਤਿੰਨਾ ਦਾ,ਦੋ ਤਿੰਨ ਪੱਕੇ ਕਮਰੇ ਪਾ ਲਈਏ,ਬਾਕੀ ਲੈਣਾ ਦੇਣਾ ਲਾਹ ਦੇਈਏ ਦੋਵੇਂ ਬੈਂਕਾ ਦਾ।”
ਮੇਰਾ ਵੀ ਰੋਣ ਨੂੰ ਦਿਲ ਕੀਤਾ ਪਰ ਨਾ ਰੋਇਆ ਮੈਂ ਪਿਤਾ ਸਾਹਮਣੇ। ਉਦਾਸ ਬਹੁਤ ਹੋ ਗਿਆ ਸਾਂ ਸੱਚੀਓਂ ਓਦਣ ਘਰ ਦੀ ਜੱਦੀ ਜਾਇਦਾਦ ਨਾਲ ਖਾਸਾ ‘ਮੋਹ’ ਜਿਹਾ ਜਾਗਿਆ ਸੀ।
“ਡੈਡੀ,ਫੇਰ ਆਪਾਂ ਸ਼ਾਹ ਵਾਲੇ ਖੇਤ ਤਾਂ ਨੀ ਜਾਇਆ ਕਰਦੇ ਹੁਣ”?
ਮੇਰਾ ਸੁਆਲ ਸੁਣ ਪਿਤਾ ਕੁਛ ਬੋਲਿਆ ਨਹੀਂ। ‘ਨਾਂਹ’ ਵਿਚ ਸਿਰ ਫੇਰਿਆ ਸੀ ਉਸਨੇ।
ਵਸੀਕਾ ਨਵੀਸ ਦਾ ਮੁਨਸ਼ੀ ਸੱਦਣ ਆ ਗਿਆ, ” ਆਜਾ ਬਈ ਸੇਠਾ,ਤਸੀਲਦਾਰ ਬਹਿ ਗਿਆ ਐ ਨਿਬੇੜੀਏ ਕੰਮ ਥੁਆਡਾ।”
ਪੈਸੇ ਜੱਟਾਂ ਨੇ ਸਾਢੇ ਸੱਤ ਲੱਖ ਰੁਪੈ ਸਾਨੂੰ ਪਹਿਲਾਂ ਈ ਫੜਾ ਦਿਤੇ ਹੋਏ ਸਨ। ਪਿਤਾ ਨੇ ਖਾਦ ਵਾਲੀ ਬੋਰੀ ਦੇ ਬਣਾਏ ਝੋਲੇ ਵਿਚ ਪਾਏ ਪੈਸੇ ਕੱਛ ਵਿਚ ਲੈ ਰੱਖੇ ਸਨ ਘੁੱਟ ਕੇ।
***
ਪਿੰਡ ਵਾਲੀ ਸਹਿਕਾਰੀ ਬੈਂਕ ਦਾ ਕਰਜਾ ਲਾਹੁਣਾ ਸੀ ਤੇ ਇਕ ਕੋਈ ਬੈਂਕ ਫਰੀਦਕੋਟ ਸੀ। ਲੈਂਡ ਮਾਰਗੇਜ ਬੈਂਕ ਤੋਂ ਪਿਤਾ ਨੇ ਸੱਤਰ ਹਜਾਰ ਦਾ ਕਰਜ ਚੁੱਕਿਆ ਸੀ। ( ਇਹ ਸਾਰੇ ਪੈਸੇ ਮੇਰੀ ਮਾਂ ਦੀ ਬੀਮਾਰੀ ਵਾਸਤੇ ਚੁੱਕੇ ਸਨ,ਮਾਂ ਨੂੰ ਗਾਇਨੀ ਦੀ ਵੱਡੀ ਸਮੱਸਿਆ ਆ ਗਈ ਸੀ ਤੇ ਉਹ ਮਰਦੀ ਮਰਦੀ ਬਚੀ ਸੀ)।

/> ਮੇਰੇ ਚਾਚੇ ਸ਼ਿਆਮ ਨੇ ਲੈਂਡ ਮਾਰਗੇਜ ਬੈਂਕ ਤੋਂ ਜਿਹੜਾ ਕਰਜਾ ਦੁਵਾਇਆ ਸੀ,ਉਹਦੇ ਵਿਚੋਂ ਭੋਲਾ ਮੋਟਰਾਂ ਵਾਲਾ ਕਮਿਸ਼ਨ ਵਾਹਵਾ ਛਕ ਗਿਆ ਸੀ, (ਇਹ ਗੱਲ ਮੈਨੂੰ ਬਹੁਤ ਸਾਲਾਂ ਮਗਰੋਂ ਬੈਂਕ ਦੇ ਮੈਨੈਜਰ ਰਹੇ ਸਰਵਨ ਸਿੰਘ ਗਿੱਲ ਮੁਮਾਰੇ ਵਾਲੇ ਨੇ ਦੱਸੀ ਸੀ)।
***
ਸਾਡੇ ਖੇਤਾਂ ਵੰਡ ਵੰਡਾਈ ਵੇਲੇ ਘਰੇ ਬਹੁਤਾ ਖੜਖੱਸਾ ਭਾਵੇਂ ਨਹੀਂ ਸੀ ਪਿਆ ਪਰ ਫਿਰ ਵੀ ਜੋ ਕੁਛ ਹੋਇਆ,ਉਹ ਭੁੱਲਣ ਵਾਲਾ ਨਹੀਂ ਹੈ। ਪਿਤਾ ਹੁਰਾਂ ਦਾ ਵੱਡਾ ਭਰਾਅ ਚਮਨ ਲਾਲ ਚਾਲੀ ਸਾਲਾਂ ਤੋਂ ਅੰਮ੍ਰਿਤਸਰ ਵਸ ਰਿਹਾ ਸੀ। ਉਹ ਆਪਣੇ ਹਿੱਸੇ ਦਾ ਖੇਤ ਚਾਚੇ ਸ਼ਿਆਮ ਨੂੰ ਠੇਕੇ ਉਤੇ ਦਿੰਦਾ ਤੇ ਸਾਲ ਬਾਅਦ ਹਿਸਾਬ ਕਿਤਾਬ ਕਰਨ ਆਉਂਦਾ,ਹਰ ਵਾਰ ਕਲੇਸ਼ ਪੈਂਦਾ। ਤਾਇਆ ਖਿਚਦਾ ਕੁੜਦਾ ਮੁੜ ਜਾਂਦਾ।
ਜਦ ਅਸੀਂ ਆਪਣੇ ਹਿੱਸੇ ਦਾ ਖੇਤ ਵੇਚਕੇ ਘਰ ਵਾਲੀ ਥਾਵੇਂ ਤਿੰਨ ਕਮਰੇ ਤੇ ਇਕ ਵਰਾਂਡਾ ਪਾਉਣ ਵਾਸਤੇ ਨੀਂਹਾਂ ਪੁੱਟੀਆਂ ਤਾਂ ਤਾਇਆ ਚਮਨ ਲਾਲ ਤੇ ਤਾਈ ਅੰਮ੍ਰਿਤਸਰੋਂ ਆ ਗਏ। ਤਾਏ ਨੇ ਮੇਰੇ ਪਿਓ ਨੂੰ ਰੋਹਬ ਨਾਲ ਆਖਿਆ,” ਉਏ ਬਿਲੂ, ਤੂੰ ਕੀਹਨੂੰ ਪੁੱਛ ਕੇ ਏਹ ਕੰਮ ਕਰੀ ਜਾਨੈ,ਸਾਡਾ ਹੀਸਾ ਵੀ ਬਣਦੈ ਘਰ ਆਲੀ ਥਾਂ ‘ਚ,ਪਹਿਲਾਂ ਸਾਡਾ ਹੀਸਾ ਦੇਹ।”
ਪਿਤਾ ਭਬਕਿਆ,” ਚਿਮਨ, ਤੇਰਾ ਘਰ ਵਾਲਾ ਹੀਸਾ ਤੈਨੂੰ ਖੇਤੋਂ ਵਧ ਜ਼ਮੀਨ ਦੇਕੇ ਕਦੋਂ ਦਾ ਨਿਬੇੜਿਆ ਹੋਇਆ ਐ,ਲਿਖਤ ਵੀ ਹੋਈ ਐ ਆਪਣੀ ਹੁਣ ਕਾਹਦਾ ਹੀਸਾ ਦੇਵਾਂ?”
ਤਾਈ ਜੋਰ ਜੋਰ ਦੀ ਦੋਹੀਂ ਹੱਥੀਂ ਪਿੱਟਣ ਲੱਗੀ, “ਹਾਏ ਹਾਏ ਵੇ,ਥੁਆਡਾ ਕੱਖ ਨਾ ਰਹੇ ਸਾਡੀ ਥਾਂ ਦੱਬਣ ਵਾਲਿਓ।” ਰੌਲਾ ਪਾਉਂਦੇ ਤਾਇਆ ਤੇ ਤਾਈ ਪੁੱਟੀਆਂ ਨੀਹਾਂ ਵਿਚ ਲੰਮੇ ਪੈ ਗਏ। ਗਲੀ ਗੁਆਂਢ ਵਾਲੇ ਉਠਾਉਣ,ਉਹ ਉੱਠਣ ਹੀ ਨਾ। ਕਲੇਸ਼ ਪਿਆ ਦੇਖ ਕੇ ਮਿਸਤਰੀ ਤੇ ਦਿਹਾੜੀਏ ਸਮਾਨ ਸਾਂਭਣ ਲੱਗੇ। ਮਿਸਤਰੀਆਂ ਨੇ ਆਪਣੀਂ ਕਰੰਡੀਆਂ,ਤੇਸੀਆਂ ਤੇ ਹਥੌੜੀਆਂ ਚੁੱਕ ਕੇ ਝੋਲਿਆਂ ਵਿਚ ਪਾ ਲਈਆਂ। ਮਜ਼ਦੂਰਾਂ ਨੇ ਗਾਰੇ ਦੇ ਭਰੇ ਬੱਠਲ ਮੂਧੇ ਮਾਰ ਦਿਤੇ। ਸਾਨੂੰ ਨਿਆਣਿਆਂ ਨੂੰ ਖੁਸ਼ੀ ਚੜੀ ਹੋਈ ਸੀ ਕਿ ਸਾਡਾ ਨਵਾਂ ਘਰ ਬਣ ਰਿਹਾ ਹੈ। ਸਾਡੀ ਖੁਸ਼ੀ ਰੌਲੇ ਰੱਪੇ ਨੇ ਖੋਹ ਲਈ ਸੀ। ਖੇਤ ਤਾਂ ਪਹਿਲਾਂ ਹੀ ਖੁੱਸ ਚੁਕਾ ਸੀ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)