ਵੀਰਿਆ !! ਹੁਣ ਤੂੰ ਮੈਨੂੰ ਬੱਸੇ ਚਾੜ੍ਹ ਆ , ਕਿਤੇ ਆਖਰੀ ਬੱਸ ਨਾ ਨਿਕਲ ਜਾਏ।” ਬੀਬੀ ਨੇ ਵਾਪਸੀ ਦੀਆਂ ਤਿਆਰੀਆਂ ਕੱਸ ਲਈਆਂ । “ਲਓ ਕਰ ਲੋ ਗੱਲ , ਬੀਬੀ ਤੂੰ ਆਈ ਕਦੋਂ ਤੇ ਚਲੀ ਕਦੋਂ …ਜਾ ਅਸੀ ਨਹੀਂ ਤੇਰੇ ਨਾਲ ਬੋਲਣਾ । ਤੂੰ ਤੇ ਪੇਕਿਆਂ ਨੂੰ ਹੱਥ ਲਾਉਣ ਆਉੰਦੀ ਏ। ਤੇਰੇ ਭਤੀਜੇ -ਭਤੀਜੀਆਂ ” ਭੂਆ ਆਈ ਰੌਣਕ ਲਿਆਈ” ਦੇ ਸੋਹਲੇ ਗਾਉਂਦੇ ਫਿਰਦੇ ਨੇ । ਅਸੀਂ ਸੋਚਿਆ ਬੀਬੀ ਆਊ ਤਾਂ ਸਾਰੇ ਰਾਤ ਨੂੰ ਇੱਕਠਿਆਂ ਬਹਿ ਦੁੱਖ +ਸੁੱਖ ਫੋਲਾਂਗੇ ਨਾਲੇ ਬਾਤਾਂ ਪਾਵਾਂਗੇ….
ਪਰ ਤੂੰ ਅੋਹ ਗਈ ਤੇ ਅੋਹ ਗਈ ਹੋ ਚਲੀ ਏੰ । ਸੱਚ ਦੱਸੀਂ ਕਿੰਨੇ ਸਾਲ ਹੋ ਗਏ ਪੇਕਿਆਂ ਦੇ ਘਰ ਰਾਤ ਰਹੀ ਨੂੰ । ਅੱਜ ਦੀ ਰਾਤ ਰਹਿ ਜਾ …ਸਵੇਰੇ ਚੜ੍ਹਾ ਦਿਆਂਗੇ ਬੱਸੇ ….ਕਿਤੇ ਨਹੀਂ ਘਿਓ ਦਾ ਘੜਾ ਡੁੱਲ ਚਲਿਆ ……ਜੇ ਡੁੱਲ ਵੀ ਜਾਊ ਤਾਂ ਦੇਕੇ ਤੋਰਾਂਗੇ….ਘਰਾਂ ਚੋਂ ਰੋਜ਼ – ਰੋਜ਼ ਨਹੀਂ ਨਿਕਲਿਆ ਜਾਂਦਾ ।” ਮਾਮੇ ਨੇ ਨਿਹੋਰਾ ਸੁੱਟਦਿਆਂ ਬੀਬੀ ਨੂੰ ਰਾਤ ਰੁੱਕਨ ਦਾ ਵਾਸਤਾ ਪਾਇਆ ।
ਮਾਂ ਜਾਇਆ ਵੀਰਾ !! ਮਾਪਿਆਂ ਘਰੇ ਰਹਿਣ ਨੂੰ ਕਿਹੜੀ ਧੀ ਦਾ ਜੀਅ ਨਹੀਂ ਕਰਦਾ ……..ਪਰ ਦੋਵੇਂ ਲਵੇਰੀਆਂ ਮੇਰੇ ਹੱਥ ਤੇ ਪਈਆਂ ਨੇ …..ਤੇਰੇ ਭਾਈਏ ਨੂੰ ਨੇੜੇ ਨਹੀਂ ਫ਼ੜਕਣ ਦੇੰਦੀਆਂ।
ਬੀਬੀ ਆਪਣਾ ਝੋਲਾ ਲਭਦੀ ਫਿਰੇ ..ਝੋਲਾ ਤਾਂ ਜੀਤੋ ਨੇ ਪਹਿਲਾਂ ਹੀ ਸੰਦੂਖਾਂ ਪਿਛੇ ਲੁੱਕਾ ਛੱਡਿਆ ਸੀ। ਜੀਤੋ ਨੂੰ ਬੂਹੇ ਓਹਲੇ ਖਚਰਾ ਹੱਸਦਿਆਂ ਵੇਖ ਬੀਬੀ ਨੇ ਜੱਫੀ ਵਿੱਚ ਲੈਦਿਆਂ ਵਾਅਦਾ ਕੀਤਾ …….ਮੇਰੀ ਲਾਡਲੀ ਧੀ , ” ਝੋਲਾ ਦੇ-ਦੇ ਅਗਲੀ ਵਾਰੀ ਮੈਂ ਦੋ ਰਾਤਾਂ...
ਰਹਿਕੇ ਜਾਊਂ।” ਬੀਬੀ ਨੇ ਤੁਰਨ ਲਗਿਆ ਸਾਰਿਆਂ ਨੂੰ ਪੰਜਾਂ ਵਾਲੇ ਨੋਟ ਦਿੱਤੇ ਤਾਂ ਬਹਾਨੇ ਨਾਲ ਮੈਨੂੰ ਵੀ ਪੰਜ ਰੁਪਈਏ ਮਿਲ ਗਏ। ਬਚਪਨ ਵਿੱਚ ਇਸ ਤਰ੍ਹਾਂ ਦੀ ਅਣਕਿਆਸੀ ਪੈਮੰਟ ਮਾਲਾਮਾਲ ਕਰ ਦੇੰਦੀ ਸੀ।
ਉਨ੍ਹਾਂ ਸਮਿਆਂ ‘ਚ’ ਪੰਜਾਬ ਦੇ ਕਈ ਹਿੱਸਿਆਂ ਵਿੱਚ ਲੋਕ ਭੈਣ ਨੂੰ ਵੀ ਬੀਬੀ ਕਹਿ ਬੁਲਾਉਂਦੇ। ਇਸੇ ਲਈ ਮਾਮਾ ਤੇ ਮਾਮੀ ਮੇਰੀ ਬੀਬੀ ਨੂੰ ਬੀਬੀ ਕਹਿੰਦੇ ਸਨ। ਮੈਂ ਆਪਣੀ ਸੰਭਾਲ ਵਿੱਚ ਨਾਨਾ ਨਾਨੀ ਨੂੰ ਨਹੀਂ ਵੇਖਿਆ ……ਉਹ ਦੋਵੇਂ ਪ੍ਰਲੋਕ ਸੁਧਰ ਚੁੱਕੇ ਸਨ…ਬੀਬੀ ਦਸਦੀ ਸੀ ਮੇਰਾ ਜਨਮ ਨਾਨਕੇ ਘਰ ਹੋਇਆ ਤੇ ਜਨੇਪਾ ਨਾਨੀ ਨੇ ਭੁਗਤਾਇਆ …ਮੇਰਾ ਨਾਂ ਪ੍ਰੀਤ ਕੌਰ ਵੀ ਉਹਨੇ ਹੀ ਰੱਖਿਆ ਸੀ ……ਉਹ ਲਾਡ ਨਾਲ ਨਿੱਕੀ ਕਹਿਣ ਲਗ ਪਈ ਤੇ ਮੇਰਾ ਨਾਂ ਨਿੱਕੀ ਪੱਕ ਗਿਆ । ਭਾਵੇਂ ਮਾਮਾ+ਮਾਮੀ ਮੇਰੇ ਮੂੰਹੋਂ ਨਿਕਲੀ ਹਰ ਮੰਗ ਨੂੰ ਪਹਿਲੋਂ ਪੁਗਾਉੰਦੇ ……ਪਰ ਜੇ ਨਾਨਾ +ਨਾਨੀ ਜਿਉੰਦੇ ਹੁੰਦੇ ਤਾਂ ਨਾਨਕੇ ਘਰਦੇ ਨਜ਼ਾਰੇ ਕੁੱਝ ਹੋਰ ਹੀ ਹੋਣੇ ਸਨ। ਖੈਰ !! ਹੋਣਾ ਉਹੀ ਹੁੰਦਾ ਜੋ ਮਾਲਿਕ ਨੂੰ ਭਾਵੇ।
ਲਾਬੋ ਲਾਗਣ ਆਈ ਤਾਂ ਮਾਮੀ ਨੂੰ ਸਾਰੇ ਟੱਬਰ ਸੁਮੇਤ ਰਾਤ ਦੀ ਰੋਟੀ ਖਾਣ ਤੇ ਗਾਉਣ ਦਾ ਸੱਦਾ ਦੇ ਗਈ। ਉਸ ਜਾਣ ਲਗਿਆ ਤਕੀਦ ਕੀਤੀ , ” ਲੰਬੜਦਾਰਨੀ ਨੇ ਉਚੇਚਾ ਕਿਹਾ ਸੀ ਸਾਰੇ ਆਉਣ …. ਅੱਜ ਚੁੱਲੇ ਅੱਗ ਨਾ ਬਾਲਣ …ਮੈਂ ਕੋਈ ਬਹਾਨਾ ਨਹੀਂ ਸੁਨਣਾ। ਇਹ ਸੀ ਪੰਜਾਬੀਆਂ ਦਾ ਮੋਹ ਭਿੱਜਾ ਸੱਦਾ । ( ਚਲਦਾ )
✍:- ਗੁਰਨਾਮ ਨਿੱਜਰ = 13 /04/2021