More Punjabi Kahaniya  Posts
ਇੱਕ ਅਧੂਰੀ ਰੀਝ


ਛੋਟੇ ਹੁੰਦੇ ਕਰਮੇ ਨੇ ਜਦੋਂ ਵੀ ਅਸਮਾਨ ‘ਚ ਜਹਾਜ਼ ਉੱਡਦਾ ਦੇਖਣਾ ਤਾਂ ਮਨ ਵਿੱਚ ਬਾਹਰ ਜਾਣ ਦੇ ਸੁਪਨੇ ਪਾਲਣ ਲੱਗ ਪੈਣੇ। ਕਰਮਾ ਪਿੰਡ ਦੇ ਸਕੂਲ ਵਿੱਚ ਪੜ੍ਹਦਾ, ਆਪਣੇ ਅਧਿਆਪਕਾਂ ਦਾ ਹਰਮਨ ਪਿਆਰਾ ਸੀ। ਉਹ ਪੜ੍ਹਾਈ ਵਿੱਚ ਹੱਦ ਤੋਂ ਵੱਧ ਹੁਸ਼ਿਆਰ ਤਾਂ ਨਹੀਂ ਸੀ, ਪਰ ਲਾਇਕ ਵਿਦਿਆਰਥੀ ਜ਼ਰੂਰ ਸੀ। ਪਿੰਡ ਦੇ ਸਰਕਾਰੀ ਸਕੂਲ ‘ਚ ਪੜ੍ਹਦੇ-ਪੜ੍ਹਦੇ ਨੇ ਆਵਦੇ ਦੋਸਤ ਦੇ ਕਹਿਣ ਤੇ ਘਰਦਿਆਂ ਦੇ ਵਾਸਤੇ ਪਾ ਕੇ ਸ਼ਹਿਰ ਦੇ ਪ੍ਰਾਈਵੇਟ ਸਕੂਲ ‘ਚ ਦਾਖਲਾ ਲੈ ਲਿਆ। ਜਦੋਂ ਪਹਿਲੀ ਵਾਰ ਸ਼ਹਿਰ ਦੇ ਸਕੂਲ ਗਿਆ ਤਾਂ ਕਰਮੇ ਵਿਚਾਰੇ ਨੂੰ ਟਾਈ ਵੀ ਲਾਉਣੀ ਨਾ ਆਵੇ ਤੇ ਨਾਲਦੇ ਜਮਾਤੀ ਕਰਮੇ ਦਾ ਮਜ਼ਾਕ ਉਡਾਉਣ ਲੱਗੇ। ਕਰਮੇ ਦੀ ਜਮਾਤ ਵਿੱਚ ਉਹਦੇ ਸਾਹਮਣੇ ਬੈਂਚ ਤੇ ਬੈਠੀ ਪਾਲੀ ਨੇ ਜਦ ਵੀ ਕਰਮੇ ਨੂੰ ਬੁਲਾਉਣਾ ਤਾਂ ਉਹਨੂੰ ਲੱਗਣਾ ਵਈ ਇਹ ਮੇਰੇ ਵੱਲ ਦੇਖ ਕੇ ਹੱਸ ਕੇ ਮੇਰਾ ਮਜਾਕ ਉਡਾਉਦੀਂ ਆ।
ਹੌਲੀ-ਹੌਲੀ ਕਰਮੇ ਨੂੰ ਪਾਲੀ ਦਾ ਹੱਸਦਾ ਚਿਹਰਾ ਵੇਖਣ ਦੀ ਆਦਤ ਜਿਹੀ ਪੈ ਗਈ ਅਤੇ ਸਾਰਾ ਦਿਨ ਸਾਹਮਣੇ ਬੈਂਚ ਤੇ ਬੈਠਾ ਪਾਲੀ ਨੂੰ ਵੇਹਦਾਂ ਰਹਿੰਦਾ।
ਫਿਰ ਉਹਨੂੰ ਪਤਾ ਲੱਗਾ ਵਈ, ਪਾਲੀ ਉਹਦੇ ਵੱਲ ਵੇਖ ਹੱਸ ਕੇ ਉਹਦਾ ਮਜ਼ਾਕ ਨੀ ਉਡਾਉਂਦੀ ਬਲਕਿ ਉਹਦੇ ਚਿਹਰੇ ਦੀ ਮੁਸਕਰਾਹਟ ਤਾਂ ਉਹਨੂੰ ਰੱਬ ਦੀ ਬਖਸ਼ੀ ਨਿਆਮਤ ਹੈ, ਜੋ ਹਰ ਵੇਲੇ ਉਹਦੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਸੀ। ਥੋੜੇ ਦਿਨਾਂ ਵਿੱਚ ਹੀ ਦੋਹਾਂ ਦੀ ਆਪਸ ਵਿੱਚ ਕਾਫੀ ਬਣਨ ਲੱਗੀ ਤੇ ਪਾਲੀ ਨੇ ਆਵਦੇ ਨਿੱਕੇ – ਨਿੱਕੇ ਕੰਮ ਕਰਮੇ ਨੂੰ ਹੀ ਆਖਣੇ। ਪਾਲੀ ਦੇ ਮੂੰਹੋਂ ਕੱਢੇ ਬੋਲ ਪੂਰੇ ਕਰਨ ਦਾ ਕਰਮੇ ਨੂੰ ਚਾਅ ਜਿਹਾ ਚੜ੍ਹ ਜਾਂਦਾ। ਸਮਾਂ ਲੰਘਦਾ ਗਿਆ ਤੇ ਦੋ ਸਾਲ ਬੀਤਣ ਤੇ ਆ ਗਏ। ਸਮਾਂ ਲੰਘਦੇ ਦਾ ਕਰਮੇ ਨੂੰ ਪਤਾ ਹੀ ਨੀ ਲੱਗਾ, ਉਹ ਮਨ ਹੀ ਮਨ ਪਾਲੀ ਨਾਲ ਜਿੰਦਗੀ ਬਿਤਾਉਣ ਦੇ ਸੁਪਨੇ ਆਵਦੇ ਦਿਲ ‘ਚ ਸਜਾਉਣ ਲੱਗਾ ਅਤੇ ਇਸ ਗੱਲ ਦਾ ਅਹਿਸਾਸ ਕਰਮੇ ਦੇ ਦੋਸਤਾਂ ਤੇ ਪਾਲੀ ਦੀਆਂ ਸਹੇਲੀਆਂ ਤੋਂ ਇਲਾਵਾ ਪਾਲੀ ਖੁਦ ਨੂੰ ਵੀ ਹੋ ਗਿਆ। ਆਵਦੇ ਦੋਸਤਾਂ ਤੇ ਪਾਲੀ ਦੀ ਖਾਸ ਸਹੇਲੀ ਗੁਰਵੀਰ ਦੇ ਵਾਰ – ਵਾਰ ਕਹਿਣ ਤੇ ਇੱਕ ਦਿਨ ਮਸਾਂ ਜਿਗਰਾ ਕਰਕੇ ਕਰਮੇ ਨੇ ਦਿਲ ਦੀ ਗੱਲ ਪਾਲੀ ਨੂੰ ਦੱਸੀ ਤਾਂ ਪਾਲੀ ਦੇ ਹਾਂ ‘ਚ ਹਿਲਾਏ ਸਿਰ ਨੇ ਕਰਮੇ ਦੇ ਪੈਰ ਧਰਤੀ ਤੇ ਨਾ ਲੱਗਣ ਦਿੱਤੇ। ਦੋਹਾਂ ਨੇ ਉਮਰ ਭਰ ਸਾਥ ਨਿਭਾਉਣ ਦਾ ਵਾਅਦਾ ਇੱਕ ਦੂਜੇ ਨਾਲ ਕਰ ਲਿਆ। ਪਾਲੀ ਨੇ ਮੈਡੀਕਲ ਦੀ ਪੜ੍ਹਾਈ ਲਈ ਵੱਡੇ ਸ਼ਹਿਰ ਦੇ ਕਾਲਜ ਦਾਖਲਾ ਲੈ ਲਿਆ ਅਤੇ ਹੋਸਟਲ ਰਹਿਣ ਲੱਗੀ। ਵੱਡੇ ਸ਼ਹਿਰ ‘ਚ ਪੜ੍ਹਨ ਜਾਣ ਬਾਰੇ ਉਹਨੇ ਕਰਮੇ ਨੂੰ ਕੁਝ ਵੀ ਨੀ ਦੱਸਿਆ ਤੇ ਆਪਣੀ ਸਹੇਲੀ ਗੁਰਵੀਰ ਰਾਹੀਂ ਕਰਮੇ ਨੂੰ ਸੁਨੇਹਾਂ ਭੇਜ ਦਿੱਤਾ ਵਈ ਕਿਸੇ ਗੱਲ ਦਾ ਫਿਕਰ ਨਾ ਕਰੀਂ, ਮੈਂ ਤੇਰੇ ਨਾਲ ਹਾਂ।ਸ਼ਹਿਰ ਦੇ ਕਾਲਜ ‘ਚ ਦਾਖਲਾ ਲੈ ਕੇ ਮਹਿੰਗੇਂ ਕੋਰਸ ਦੀ ਪੜ੍ਹਾਈ ਕਰਨਾ ਕਰਮੇ ਦੇ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਦੇ ਹਿਸਾਬ ਨਾਲ ਜ਼ਾਇਜ ਨਹੀਂ ਸੀ। ਕਿਸਾਨ ਪਿਉ ਨੂੰ ਤੰਗ ਕਰਨਾ ਕਰਮੇ ਨੇ ਉਚਿੱਤ ਨਾ...

ਸਮਝਿਆ। ਪਾਲੀ ਦੀਆਂ ਯਾਦਾਂ ਦਿਲ ਚ ਵਸਾਈ ਕਰਮਾ ਪੜ੍ਹਾਈ ਦੇ ਨਾਲ-ਨਾਲ ਆਪਣੇ ਬਾਪੂ ਦਾ ਖੇਤੀ ਵਿੱਚ ਵੀ ਹੱਥ ਵਟਾਉਣ ਲੱਗ ਪਿਆ। ਸਾਰਾ ਦਿਨ ਚੜ੍ਹੇ ਘੋੜੇ ਤੇ ਸਵਾਰ ਰਹਿਣ ਵਾਲੇ ਕਰਮੇ ਦੇ ਚੁੱਪ-ਚੁੱਪ ਰਹਿਣ ਕਰਕੇ ਉਹਦੇ ਮਾਪੇ ਵੀ ਪਰੇਸ਼ਾਨ ਰਹਿਣ ਲੱਗੇ।
ਜਦੋਂ ਕਦੇ ਪਾਲੀ ਦੇ ਹੋਸਟਲ ਚੋਂ ਘਰ ਆਉਣ ਬਾਰੇ ਕਰਮੇ ਨੂੰ ਪਤਾ ਲੱਗਣਾ ਤਾਂ ਉਹ ਸਾਈਕਲ ਭਜਾ ਕੇ ਸ਼ਹਿਰ ਦੇ ਪੀ.ਸੀ.ੳ ਤੋਂ ਪਾਲੀ ਦੇ ਘਰ ਫ਼ੋਨ ਕਰਕੇ ਗੱਲ ਕਰਨੀ ਤੇ ਵਿਚਾਰੇ ਨੇ ਜੇਬ ‘ਚ ਪੈਸੇ ਘੱਟ ਹੋਣ ਕਾਰਨ ਫ਼ੋਨ ਤੇ ਗੱਲਾਂ ਕਰਦੇ ਨੇ ਪੀ.ਸੀ.ੳ ਦੇ ਬਿੱਲ ਦਿਖਾਉਣ ਵਾਲੇ ਮੀਟਰ ਵੱਲ ਝਾਕੀ ਜਾਣਾ। ਜਦੋਂ ਮੀਟਰ ਨੇ ਅੱਗੇ ਵਧਣ ਲੱਗਣਾ ਤਾਂ ਉਹਨੇ ਕਾਹਲੀ ‘ਚ ਫ਼ੋਨ ਕੱਟ ਦੇਣਾ। ਉਦੋਂ ਆਈਲਿਟਸ ਦਾ ਦੌਰ ਸ਼ੁਰੂ ਹੋਇਆ ਸੀ ਤੇ ਕਈ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਕਰਮੇ ਨੂੰ ਆਈਲਿਟਸ ਕਰਕੇ ਪੜਨ ਲਈ ਆਸਟਰੇਲੀਆ ਜਾਂ ਕਨੇਡਾ ਜਾ ਕੇ ਸੈੱਟ ਹੋਣ ਦੀਆਂ ਸਲਾਹਾਂ ਦਿੱਤੀਆਂ। ਪਰ ਕਰਮੇ ਦੇ ਮਨ ਵਿੱਚੋਂ ਬਚਪਨ ਵਾਲਾ ਬਾਹਰ ਜਾਣ ਦਾ ਚਾਅ ਕਦੋਂ ਵਿਸਰ ਗਿਆ ਉਹਨੂੰ ਵੀ ਪਤਾ ਨਾ ਲੱਗਾ। ਹੁਣ ਕਰਮੇ ਨੂੰ ਪਾਲੀ ਨੂੰ ਛੱਡ ਬਾਹਰ ਜਾਣਾ ਮੰਜ਼ੂਰ ਨਹੀ ਸੀ, ਭਾਵੇਂ ਕਿ ਪਾਲੀ ਸੀ ਉਸਤੋਂ ਬਹੁਤ ਦੂਰ ਸੀ। ਸਮੇਂ ਨੇ ਅਜੇ ਥੋੜਾ ਪੈਂਡਾ ਹੀ
ਸਰ ਕੀਤਾ ਸੀ, ਕਿ ਇੱਕ ਦਿਨ ਉਹ ਸੁਨੇਹਾ ਆਇਆ, ਜੀਹਦਾ ਡਰ ਕਰਮਾ ਪਹਿਲਾਂ ਹੀ ਮਨ ਵਿੱਚ ਪਾਲ਼ੀ ਬੈਠਾ ਸੀ।ਉਹ ਸੁਨੇਹਾ ਸੀ ਪਾਲੀ ਦਾ “ਕਰਮਿਆਂ ਮੇਰੇ ਤੋਂ ਤੇਰੇ ਨਾਲ ਨਿਭਾਈ ਨੀ ਜਾਣੀ, ਹੁਣ”
ਕਿਉਕਿ ਉਹਨਾਂ ਦੋਨਾਂ ਦੇ ਪਰਿਵਾਰਾਂ ਦੇ ਆਰਥਿਕ ਪਾੜੇ ਕਾਰਨ ਪਾਲੀ ਦੇ ਪਰਿਵਾਰ ਵਾਲਿਆਂ ਨੂੰ ਉਹਨਾਂ ਦੇ ਜਿੰਦਗੀ ‘ਚ ਇਕੱਠੇ ਇੱਕ ਰਾਹ ਚੱਲਣ ਤੇ ਇਤਰਾਜ਼ ਸੀ। ਭਾਵੇਂ ਕਰਮੇ ਨੂੰ ਇਸ ਗੱਲ ਦਾ ਅਹਿਸਾਸ ਪਹਿਲਾਂ ਹੀ ਹੋ ਚੁੱਕਿਆ ਸੀ, ਪਰ ਪਾਲੀ ਦੇ ਸੁਨੇਹੇ ਨੇ ਉਹਨੂੰ ਅੰਦਰੋੰ ਤੋੜ ਦਿੱਤਾ ਤੇ ਕਈ ਵਾਰ ਉਹਦੇ ਮਨ ਵਿੱਚ ਦੁਨੀਆਂ ਨੂੰ ਛੱਡਣ ਦੇ ਵਿਚਾਰ ਆਏ ਪਰ ਬੁੱਢੇ ਮਾਪਿਆ ਦੇ ਸਹਾਰੇ ਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਆਵਦੇ ਕੰਮਾਂ ਵਿੱਚ ਰੁੱਝ ਗਿਆ। ਅੱਜ ਕਰਮਾ ਖੇਤੋਂ ਰੋਟੀ ਲੈਣ ਘਰ ਆੲਿਆ ਤਾਂ ਅਸਮਾਨ ਚੋਂ ਲੰਘਦੇ ਜਹਾਜ਼ ਵੱਲ ਦੇਖਣ ਲੱਗ ਪਿਆ। ਉਹਦੀ ਮਾਂ ਨੇ ਕਿਹਾ,
“ਹੁਣ ਕੀ ਦੇਖਦਾਂ ??ਕਾਕਾ,ਅਸੀਂ ਤਾਂ ਬੜਾ ਸਿਰ ਖਪਾਇਆ ਸੀ, ਵਈ ਜਾ ਬਾਹਰ! ਉਠ ਜਾ!
ਪਰ ਤੂੰ ਨੀ ਸਾਡੀ ਕੋਈ ਗੱਲ ਸੁਣੀਂ।”
ਮਾਂ ਦਾ ਪਿਆਰ ਭਰਿਆ ਜਾ ਨੋਰ੍ਹਾ ਸੁਣ ਕਰਮਾ ਰੋਟੀ ਵਾਲਾ ਡੱਬਾ ਚੁੱਕ ਖੇਤ ਨੂੰ ਤੁਰ ਪਿਆ ਤੇ ਅਸਮਾਨ ਚ ਜਾਦੇਂ ਜਹਾਜ਼ ਵੱਲ ਦੇਖਦਾ-ਦੇਖਦਾ ਜਜ਼ਬਾਤੀ ਹੋ ਕੇ ਬਾਹਰ ਨਾ ਜਾਣ ਦੇ ਲਏ ਫੈਸਲੇ ਬਾਰੇ ਸੋਚਦਾ,
ਆਪਣੇ ਆਪ ਨਾਲ ਹੀ ਹੱਸ ਕੇ ਮੋਬਾਇਲ ਤੇ ਮਾਣਕ ਦਾ ਗਾਣਾ ‘ਕਰ-ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ ‘
ਲਾ ਕੇ ਖੇਤ ਜਾ ਕੇ ਵੱਟ ਘੜਨ ਲੱਗ ਪਿਆ..
ਬਰਾੜ ਤੀਰਥ

...
...



Related Posts

Leave a Reply

Your email address will not be published. Required fields are marked *

5 Comments on “ਇੱਕ ਅਧੂਰੀ ਰੀਝ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)