ਕੋਠੀ ਦੀਆਂ ਚਾਬੀਆਂ—–
ਮਲਕੀਤ ਦੀ ਪਤਨੀ ਮਾਂ-ਪਿਓ ਦੀ ਇਕਲੌਤੀ ਧੀਅ ਆ। ਉਹਨੂੰ ਵਿਆਹ ਕੇ ਕੈਨੇਡਾ ਲੈ ਗਿਆ। ਸਾਲ ਦੋ ਸਾਲੀਂ ਵਾਰੋ ਵਾਰੀ ਆਕੇ ਆਪੋ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਜਾਦੇਂ ਤੇ ਸਭ ਨੂੰ ਖੁਸ਼ ਕਰ ਜਾਂਦੇ। ਐਸਾ ਰੱਬ ਦਾ ਭਾਣਾ ਵਰਤਿਆ ਕਿ ਵਹੁਟੀ ਦੀ 6 ਮਹੀਨੇ ਪਹਿਲਾਂ ਮਾਂ ਜਹਾਨ ਛੱਡ ਗਈ ਤੇ ਹੁਣ ਵਿਛੋੜਾ ਨਾ ਸਹਾਰਦਾ ਹੋਇਆ ਬਾਪ ਵੀ ਤੁਰ ਗਿਆ।
ਆਣਾ ਪਿਆ ਖੜੇ ਪੈਰ। ਮਲਕੀਤ ਤੇ ਸਾਰੀ ਜਿੰਮੇਵਾਰੀ ਆ ਪਈ। ਮੇਰੇ ਖਾਸ ਨਜਦੀਕੀ ਹੋਣ ਕਰਕੇ ਅੰਤਮ ਅਰਦਾਸ ਚ ਸ਼ਾਮਿਲ ਹੋਈ ਸਾਂ।
ਭਾਅ ਜੀ ਦੇ ਭਰਾਵਾਂ ਵਰਗੇ ਦੋਸਤਾਂ ਨੇ ਹਸਪਤਾਲ ਦਾਖਲੇ ਤੋਂ ਲੈਕੇ ਅੰਤਿਮ ਅਰਦਾਸ ਤਕ ਸਾਰੇ ਕਾਰਜ ਪੂਰੀ ਜਿੰਮੇਵਾਰੀ ਨਾਲ ਨਿਭਾਏ। ਇਕ ਦੋਸਤ ਨੇ ਤਾਂ ਦਿਨ ਰਾਤ ਸੇਵਾ ਨਿਭਾਈ।
2,3 ਦਿਨ ਤੋਂ ਮਲਕੀਤ ਫੋਨ ਕਰਦਾ
” ਅੰਟੀ! ਮੈਨੂੰ ਚੰਗੀ ਤਰਾਂ ਨੀਂਦ ਨੀ ਆ ਰਹੀ। ਸਿਰ ਫਟਣ ਡਿਆ”
” ਤੈਨੂੰ ਹਾਲੇ ਜੈੱਟ ਲੈਗ ਹੋਣਾ ਹਵਾਈ ਸਫਰ ਦਾ” ਮੈਂ ਕਿਹਾ
“ਅੱਗੇ ਵੀ ਤਾਂ ਅਈਦਾ। ਪਹਿਲਾਂ ਕਦੇ ਨੀ ਹੋਇਆ ”
ਉਹਦਾ ਜੁਆਬ ਸੀ
ਕਲ ਉਹ ਮਿਲਣ ਆਇਆ ਕੈਨੇਡਾ ਞਾਪਿਸ ਜਾਣ ਤੋਂ ਪਹਿਲਾਂ
“ਹੁਣ ਨੀਂਦ ਤੇ ਸਿਰ ਦਰਦ ਕਿਵੇਂ...
ਆ ?” ਮੈਂ ਪੁੱਛਿਆ
” ਕੋਈ ਫਰਕ ਨੀ ਅੰਟੀ” ਉਹ ਫਿਕਰਮੰਦ ਸੀ
ਫਿਰ ਮੈਂ ਸ਼ੰਕਾ ਦੂਰ ਕਰਨ ਲਈ ਪੁੱਛਿਆ
” ਭਲਾ ਓਹ ਨੀਲੀ ਪੱਗ ਆਲੇ ਸੋਢੀ ਸਾਹਿਬ ਸੀ ਭਾਅ ਜੀ ਦੇ ਦੋਸਤ ਜਿੰਨਾਂ ਸਾਰਾ ਕੰਮ ਸੰਭਾਲਿਆ ਹੋਇਆ ਸੀ?”
” ਹਾਂ ਅੰਟੀ! ਕਲ ਮਿਲਣ ਆਏ ਸੀ। ਜਦ ਮੈਂ ਧੰਨਵਾਦ ਕੀਤਾ ਜਿੰਮੇਵਾਰੀ ਨਿਭਾਉਣ ਲਈ ਤਾਂ ਹੱਥ ਜੋੜ ਆਖਣ ਲੱਗੇ”
‘ਮਲਕੀਤ ! ਧੰਨਵਾਦ ਕਾਹਦਾ?ਆਪਣੇ ਦੋਸਤ ਪ੍ਰਤੀ ਇਹ ਮੇਰਾ ਫਰਜ ਸੀ ਪਰ ਤੁਸੀਂ ਹੁਣ ਕੋਠੀ ਦੀਆਂ ਚਾਬੀਆਂ ਨਾ ਮੇਰੇ ਹਵਾਲੇ ਕਰ ਕੇ ਜਾਇਓ
ਅੱਗੇ ਬਾਹਰ ਗਿਆਂ ਦੀਆਂ 5,6 ਖਾਲੀ ਪਈਆਂ ਕੋਠੀਆਂ ਦੀਆਂ ਚਾਬੀਆਂ ਸੰਭਾਲੀ ਬੈਠਾਂ।
-ਕਿਸੇ ਦਾ ਵਕਤ ਸਿਰ ਬਿਲ ਨੀ ਦੇ ਹੁੰਦਾ,
-ਕਿਸੇ ਦੀ ਸਫਾਈ ਨੀ ਕਰਾ ਹੁੰਦੀ,
-ਕਿਸੇ ਦੀ ਮੁਰੰਮਤ ਕਰਾਣੀ ਰਹਿੰਦੀ ਆ
-ਕਿਸੇ ਚੋਂ ਕਿਰਾਏਦਾਰ ਨੀ ਨਿਕਲਦਾ,
-ਕਿਸੇ ਚ ਭਈਆਂ ਦੀ ਛਾਉਣੀ ”
ਮੈਂ ਝੱਟ ਮਲਕੀਤ ਦੀ ਨੀਂਦ ਨ ਆਣ ਦੀ ਬਿਮਾਰੀ ਸਮਝ ਲਈ
” ਕਾਕਾ!ਇਹ ਤੇਰੀ ਬਿਮਾਰੀ ਤੇਰੇ ਸਹੁਰਿਆਂ ਦੀ ਕੋਠੀ ਦੀਆਂ ਚਾਬੀਆਂ ਸੰਭਾਲਣ ਦੀ ਆ”
ਹਰਜੀਤ ਸੈਣੀ