ਅਵਤਾਰ ਸਿੰਘ ਅੱਜ ਬਹੁਤ ਖੁਸ਼ ਸੀ ……ਖ਼ੁਸ਼ ਹੁੰਦਾ ਵੀ ਕਿਉਂ ਨਾ ….ਅੱਜ ਉਸ ਦਾ ਸੁਪਨਾ ਪੂਰਾ ਹੋ ਗਿਆ ਸੀ ….ਉਹ ਸੁਪਨਾ ਜਿਸ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਜਵਾਨੀ ਨੂੰ ਦਾਅ ਤੇ ਲਾ ਦਿੱਤਾ ਜਵਾਨੀ ਵਿੱਚ ਕਦੇ ਵੀ ਚੰਗਾ ਖਾ ਕੇ ਹੰਢਾ ਕੇ ਨਹੀਂ ਦੇਖਿਆ ਸੀ । ਉਸ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਆ ਗਏ ਤੇ ਸੋਚ ਇਕਦਮ ਬੀਤੇ ਵਿੱਚ ਚਲੇ ਗਈ…..ਅਜੇ ਉਹ ਮੁੱਛ ਫੁੱਟ ਗੱਭਰੂ ਹੀ ਸੀ ਕਿ ਜੇਬੀਟੀ ਕਰਨ ਉਪਰੰਤ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ….ਨੌਕਰੀ ‘ਤੇ ਲੱਗਣ ਮਗਰੋਂ ਰਿਸ਼ਤਿਆਂ ਵਾਲਿਆਂ ਨੇ ਉਨ੍ਹਾਂ ਦੇ ਘਰ ਦੀਆਂ ਬਰੂਹਾਂ ਪੁੱਟ ਕੇ ਖਾ ਲਈਆਂ । ਉਸ ਦਾ ਰਿਸ਼ਤਾ ਤੂਤ ਦੀ ਲਗਰ ਵਰਗੀ ਮੁਟਿਆਰ ਬਲਬੀਰ ਕੌਰ ਨਾਲ਼ ਹੋਇਆ , ਜੋ ਭਾਵੇਂ ਨੌਕਰੀ ਨਹੀਂ ਕਰਦੀ ਸੀ ਪਰ ਸੋਲਾਂ ਕਲਾ ਸੰਪੂਰਨ ਸੀ ਅਤੇ ਉਸਨੇ ਵੀ ਜੇਬੀਟੀ ਕੀਤੀ ਹੋਈ ਸੀ । ਉਨ੍ਹਾਂ ਦੀ ਜੋਡ਼ੀ ਨੂੰ ਸਾਰੇ ਲੋਕ ਖੜ੍ਹ ਖੜ੍ਹ ਕੇ ਵੇਖਦੇ ਸਨ । ਰੱਬ ਨੇ ਉਨ੍ਹਾਂ ਦੇ ਘਰ ਦੋ ਧੀਆਂ ਦੀ ਦਾਤ ਦਿੱਤੀ…..ਪਰ ਅਵਤਾਰ ਸਿੰਘ ਦੀ ਮਾਂ ਘਰ ਵਿੱਚ ਧੀਆਂ ਹੋਣ ਕਾਰਨ ਬਹੁਤੀ ਖੁਸ਼ ਨਹੀਂ ਸੀ , ਬੀਬੀ ਜੀਤੋ ਪੋਤਾ ਚਾਹੁੰਦੀ ਸੀ । ਇਸੇ ਕਾਰਨ ਉਸ ਦੀ ਆਪਣੇ ਨੂੰਹ ਨਾਲ਼ ਘੱਟ ਹੀ ਬਣਦੀ ਸੀ , ਪਰ ਬਲਬੀਰ ਕੌਰ ਸਬਰ ਨਾਲ ਭਰੀ ਹੋਈ ਸੀ ਉਸ ਨੇ ਕਦੀ ਵੀ ਆਪਣੀ ਸੱਸ ਨੂੰ ਉੱਚਾ ਬੋਲ ਨਹੀਂ ਬੋਲਿਆ ਸੀ , ਪਰ ਉਹ ਆਪਣੀਆਂ ਧੀਆਂ ਨੂੰ ਬਹੁਤ ਪਿਆਰ ਕਰਦੀ ਸੀ । ਰੱਬ ਦੀ ਨਜ਼ਰ ਸਵੱਲੀ ਹੋਈ ਬਲਬੀਰ ਕੌਰ ਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਇੱਥੋਂ ਹੀ ਉਨ੍ਹਾਂ ਦੇ ਘਰ ਵਿੱਚ ਲੜਾਈ ਦਾ ਮੁੱਢ ਬੱਝਿਆ । ਲੜਾਈ ਇੰਨੀ...
ਵਧ ਗਈ ਕਿ ਅਵਤਾਰ ਸਿੰਘ ਨੂੰ ਆਪਣੀ ਪਤਨੀ ਤੇ ਧੀਆਂ ਨਾਲ਼ ਘਰੋਂ ਅਲੱਗ ਹੋਣਾ ਪਿਆ । ਪਰ ਉਸੇ ਦਿਨ ਪਤੀ ਪਤਨੀ ਨੇ ਇਹ ਸਲਾਹ ਕੀਤੀ ਸੀ ਕਿ ਆਪਣੀਆਂ ਧੀਆਂ ਨੂੰ ਜੀਵਨ ਵਿਚ ਕਿਸੇ ਮੁਕਾਮ ‘ਤੇ ਪਹੁੰਚਾਉਣਾ ਹੈ ……ਉਨ੍ਹਾਂ ਦੋਹਾਂ ਜੀਆਂ ਨੇ ਆਪਣੇ ਸਾਰੇ ਸ਼ੌਂਕ ਤਿਆਗ ਦਿੱਤੇ , ਪੂਰੇ ਤਨ ਮਨ ਨਾਲ਼ ਆਪਣੇ ਮਿੱਥੇ ਨਿਸ਼ਾਨੇ ਵੱਲ ਵਧਣਾ ਸ਼ੁਰੂ ਕਰ ਦਿੱਤਾ ਤਾਂ ਕਿ ਲੋਕਾਂ ਦੇ ਮੂੰਹ ਬੰਦ ਕੀਤੇ ਜਾ ਸਕਣ । ਉਨ੍ਹਾਂ ਦੀਆਂ ਦੋਵੇਂ ਧੀਆਂ ਬਹੁਤ ਨੇਕ ਸਨ , ਦੋਹਾਂ ਬੱਚੀਆਂ ਨੇ ਉੱਚ ਸਿੱਖਿਆ ਪ੍ਰਾਪਤ ਕੀਤੀ , ਮਾਂ ਬਾਪ ਦਾ ਸੁਪਨਾ ਪੂਰਾ ਕਰਦੇ ਹੋਏ ਪੀਐਚਡੀ ਤੱਕ ਦੀ ਪੜ੍ਹਾਈ ਕੀਤੀ । ਇੱਕ ਧੀ ਸਰਕਾਰੀ ਸਕੂਲ ‘ਚ ਅਧਿਆਪਕਾ ਬਣ ਗਈ ਤੇ ਦੂਸਰੀ ਧੀ ਕੈਨੇਡਾ ਦੀ ਮੰਨੀ ਪ੍ਰਮੰਨੀ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਬਣ ਗਈ ……ਸਾਰੇ ਲੋਕ ਮੂੰਹ ਵਿੱਚ ਉਂਗਲਾਂ ਪਾ ਪਾ ਕੇ ਵੇਖਦੇ ਸਨ ….ਉਹ ਲੋਕ ਜੋ ਗੱਲਾਂ ਕਰਦੇ ਨਹੀਂ ਰੱਜਦੇ ਸਨ ਅੱਜ ਉਨ੍ਹਾਂ ਦੇ ਮੂੰਹਾਂ ਨੂੰ ਜਿੰਦਰੇ ਲੱਗ ਗਏ ਸਨ ……ਅਵਤਾਰ ਸਿੰਘ ਅਤੇ ਉਸਦੀ ਪਤਨੀ ਬਹੁਤ ਖ਼ੁਸ਼ ਸਨ ਕਿਉਂਕਿ ਉਨ੍ਹਾਂ ਨੇ ਆਪਣੀਆਂ ਧੀਆਂ ਨੂੰ ਜੀਵਨ ਵਿੱਚ ਜਿਸ ਮੁਕਾਮ ਤਕ ਪਹੁੰਚਾਉਣ ਦਾ ਸੁਪਨਾ ਲਿਆ ਸੀ ਅੱਜ ਦੋਵੇਂ ਧੀਆਂ ਉਸ ਮੁਕਾਮ ਤੱਕ ਪਹੁੰਚ ਗਈਆਂ ਸਨ ਅਤੇ ਮਾਂ ਪਿਓ ਆਪਣੀਆਂ ਧੀਆਂ ਦੀ ਲਿਆਕਤ ਅਤੇ ਸਿਆਣਪ ਉਪਰ ਮਾਣ ਕਰਦੇ ਸਨ , ਹਰ ਇੱਕ ਦੇ ਮੂੰਹ ਵਿੱਚ ਇਹੀ ਗੱਲ ਸੀ ਰੱਬ ਸਭ ਨੂੰ ਇਹੋ ਜਿਹੀਆਂ ਧੀਆਂ ਦੇਵੇ ।
✍🏼ਨਿਰਮ ਜੋਸਨ✍🏼