‘’ਸੱਚੀ ਘਟਨਾ ‘’
ਇੱਕ ਦਿਨ ਕਿਤਾਬਾਂ ਲੈਣ ਲੁਧਿਆਣੇ ਪੰਜਾਬੀ ਭਵਨ ਗਿਆ ਸੀ ਸਾਹਮਣਿਉ ਇੱਕ ਸੋਹਣੇ ਸੁਨੱਖੇ ਦੁਮਾਲਾ ਸਜਾਈ ਸਾਬਤ ਸੂਰਤ ਨੌਜਵਾਨ ਨੇ ਆਣ ਬੁਲਾਇਆ । ਕਹਿੰਦਾਂ ਸਤਿ ਸ੍ਰੀ ਅਕਾਲ ਬਾਈ ਜੀ । ਮੈਂ ਥੋੜਾ ਹੈਰਾਨੀ ਜਿਹੀ ਨਾਲ ਤੱਕਿਆ ਤੇ ਸਵਾਲੀਆ ਨਜ਼ਰਾਂ ਨਾਲ ਉਸਨੂੰ ਪੁੱਛਣਾ ਚਾਹਿਆ ਕਿ ਤੁਸੀਂ ਕੌਣ ? ਏਦੂ ਪਹਿਲਾਂ ਹੀ ਉਹਨੇ ਆਪ ਹੀ ਆਪਣੀ ਪਛਾਣ ਦੱਸ ਦਿੱਤੀ । ਉਹਦੇ ਦੱਸਣ ਸਾਰ ਮੈਂ ਬੇਹੱਦ ਖੁਸ਼ੀ ਤੇ ਮਾਣ ਨਾਲ ਭਾਵੁਕ ਜਿਹੇ ਹੋਏ ਨੇ ਉਹਨੂੰ ਜੱਫੀ ਪਾ ਕੇ ਸਾਬਾਸ਼ ਦਿੱਤੀ । ਅਸਲ ਚ ਇਹ ਮੁੰਡਾਂ ਅੱਜ ਤੋਂ ਪੰਜ ਛੇ ਵਰ੍ਹੇ ਪਹਿਲਾਂ ਜਿਸ ਸਰਕਾਰੀ ਹਸਪਤਾਲ ਵਿਚ ਮੈਂ ਨੌਕਰੀ ਕਰਦਾ ਹਾਂ ਉੱਥੇ ਆਇਆ ਸੀ । ਇਹਦਾ ਕਾਲਜ ਪੜ੍ਹਦੇ ਦਾ ਦੂਜੇ ਮੁੰਡੇ ਨਾਲ ਲੜਾਈ ਝਗੜਾ ਹੋ ਗਿਆ ਜਿਸ ਨਾਲ ਲੜਾਈ ਝਗੜਾ ਹੋਇਆ ਸੀ ਉਸ ਮੁੰਡੇ ਦੇ ਸੱਟਾਂ ਵੱਧ ਵੱਜਣ ਕਰਕੇ ਇਹਦੇ ਤੇ ਕੇਸ ਦਰਜ ਹੋ ਗਿਆ । ਅਦਾਲਤ ਚ ਪੇਸ਼ ਕੀਤਾ ਤਾਂ ਕਿਸੇ ਉਸਾਰੂ ਸੋਚ ਵਾਲੇ ਤੇ ਸਮਾਜ ਚ ਬਦਲਾਅ ਲਿਆਉਣ ਦੇ ਚਾਹਵਾਨ ਜੱਜ ਨੇ ਇਹਨੂੰ ਜੇਲ੍ਹ ਭੇਜਣ ਦੀ ਥਾਂ ਸਰਕਾਰੀ ਹਸਪਤਾਲ ਵਿਚ ਛੇ ਮਹੀਨੇ ਮਰੀਜਾਂ ਦੀ ਸੇਵਾ ਕਰਨ ਦੀ ਸਜਾ ਲਾ ਦਿੱਤੀ । ਚੜ੍ਹਦੀ ਜਵਾਨੀ ਸੀ ਉਦੋਂ ਅੱਥਰੀ ਤੇ ਹੰਕਾਰੀ ਹੋਈ । ਥੋੜੇ ਦਿਨ ਇਸਨੇ ਬੜੀ ਮੈਂ ਮੈਂ ਕੀਤੀ ਪਰ ਹੌਲੀ ਹੌਲੀ ਸਮਝ ਆਉਣ ਲੱਗੀ । ਜਦੋਂ ਅੱਖਾਂ...
ਮੂਹਰੇ ਹਾਦਸਿਆਂ ਦੇ ਸ਼ਿਕਾਰ ਤੇ ਦੁੱਖਾਂ ਰੋਗਾਂ ਦੇ ਮਾਰੇ ਮਰੀਜਾਂ ਨੂੰ ਦੇਖਦਾ ਤਾਂ ਇਹਦਾ ਮਨ ਬਦਲਣ ਲੱਗਿਆ । ਨਸ਼ੇ ਦੀ ਤੋੜ ਨਾਲ ਡਿੱਗਦੇ ਢਹਿੰਦੇ ਦਵਾਈ ਲਈ ਮਿੰਨਤਾਂ ਤਰਲੇ ਕਰਦੇ ਆਉਂਦੇ ਮੁੰਡਿਆਂ ਨੂੰ ਜਾਂ ਕਿਸੇ ਐਕਸੀਂਡੈਂਟ ਚ ਮਰੇ ਕਿਸੇ ਦੇ ਜਵਾਨ ਪੁੱਤ ਨੂੰ ਰੋਂਦੇ ਮਾਪੇ ਇਹ ਹਸਪਤਾਲ ਸਜਾ ਡਿਊਟੀ ਦੌਰਾਨ ਦੇਖਦਾ ਰਿਹਾ ਤੇ ਸਜਾ ਪੂਰੀ ਹੋਣ ਤੇ ਜਦੋਂ ਸਾਨੂੰ ਸਾਰਿਆਂ ਨੂੰ ਮਿਲਕੇ ਗਿਆ ਤਾਂ ਇਹ ਉਸ ਮੁੰਡੇ ਨਾਲੋੰ ਬਿਲਕੁੱਲ ਅਲੱਗ ਸੀ ਜਿਹੜਾ ਸਜਾ /ਸੇਵਾ ਲਈ ਆਇਆ ਸੀ। ਉਹਨੇ ਦੱਸਿਆ ਕਿ ਹੁਣ ਉਹਨੇ ਬੀ ਟੈਕ ਕਰ ਲਈ ਹੈ ਤੇ ਕਿਸੇ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਨ ਦੇ ਨਾਲ ਨਾਲ ਖੇਤੀ ਵੀ ਸਾਂਭ ਰਿਹਾ । ਰੋਜ਼ ਗੁਰੂ ਘਰ ਜਾਂਦਾ ਤੇ ਅੰਮ੍ਰਿਤਧਾਰੀ ਹੋ ਗਿਆ ਹੈ । ਉਹਦੇ ਹੱਥ ਵਿਚ ਫੜੀਆਂ ਕਿਤਾਬਾਂ ਵੱਲ ਦੇਖਕੇ ਮਨ ਵਿਚ ਖਿਆਲ ਆਇਆ ਕਿ ਜੇ ਉਹ ਜੱਜ ਨਾ ਹੁੰਦਾਂ ਤਾਂ ਸ਼ਾਇਦ ਅੱਜ ਇਹਦੇ ਹੱਥ ਵਿਚ ਇਹਨਾਂ ਕਿਤਾਬਾਂ ਦੀ ਬਜਾਏ ਕੋਈ ਹਥਿਆਰ ਹੋਣਾ ਸੀ ਤੇ ਇੰਝ ਮਿਲਣ ਦੀ ਥਾਂ ਮੈਂ ਇਹਦੀ ਖਬਰ ਕਿਸੇ ਅਖਬਾਰ ਵਿਚ ਕਿਸੇ ਮੁਕਾਬਲੇ ਵਿਚ ਮਾਰੇ ਗਏ ਦੀ ਪੜ੍ਹਦਾ ।
✍🏻ਕਮਲ ਕਿਲਾ ਰਾਏਪੁਰ