ਅਸੀਂ ਹਰ ਦਿਨ ਕੋਸ਼ਿਸ਼ ਕਰਦੇ ਹਾਂ ਹੋਰ ਤੇਜ,, ਹੋਰ ਤੇਜ ਕਿਵੇਂ ਹੋ ਸਕੀਏ। ਪੈਦਲ ਚੱਲਦੇ ਚੱਲਦੇ ਕਦੋਂ ਸਾਈਕਲ, ਗੱਡਿਆਂ ਤੋਂ ਹੁੰਦੇ ਹੋਏ ਕਰੋੜਾਂ ਦੀਆਂ ਤੇਜ ਰਫਤਾਰ ਗੱਡੀਆਂ ਤੇ ਚੜ ਗਏ। ਕੱਚੀਆਂ ਪਹੀਆਂ ਤੇ ਉੱਡਦੇ ਰੇਤਿਆਂ ਦੀ ਧੂੜ ਚੋਂ ਨਿਕਲ ਐਕਸਪ੍ਰੈੱਸ ਹਾਈਵੇ ਤੇ ਚੜ ਕੇ ਅਸਮਾਨ ਵਿੱਚ ਉੱਡ ਕੇ ਹੁਣ ਅਸੀਂ ਇਸਤੋਂ ਅੱਗੇ ਕੁੱਝ ਹੋਰ ਲੱਭ ਰਹੇ ਹਾਂ ਜਿਸ ਨਾਲ ਰਫਤਾਰ ਹੋਰ ਤੇਜ ਕਰ ਸਕੀਏ ।
ਖੂਹਾਂ, ਖਾਲਿਆਂ, ਕੱਸੀਆਂ ਤੋਂ ਬੁੱਕਾਂ ਨਾਲ ਪਾਣੀ ਪੀਂਦੇ ਪੀਂਦੇ ਕਦੋਂ ਘੜਿਆਂ ਨੂੰ ਮੂਧੇ ਮਾਰ, ਨਲਕਿਆਂ ਨੂੰ ਗੇੜਦੇ ਗੇੜਦੇ ਹੱਥਾਂ ਵਿੱਚ ਬਿਸਲੇਰੀ ਦੀਆਂ ਪਾਣੀ ਦੀਆਂ ਬੋਤਲਾਂ ਫੜ ਲਈਆਂ।
ਕਾਹੜੀਨੀਆਂ ਦੇ ਥੱਲੇ ਹਾਰਿਆ ਚ ਧੁਖਦੀਆਂ ਪਾਥੀਆਂ ਪਤਾ ਨਹੀਂ ਕਦੋਂ ਧੂੰਆਂ ਕੱਢਦੀਆਂ ਕੱਢਦੀਆਂ ਬੁੱਝ ਗਈਆਂ। ਛੱਪੜਾਂ ਚ ਨਹਾ ਕੇ , ਚਰਾਂਦਾਂ ਚ ਚਰ ਕੇ ਆਉੰਦੀਆਂ ਮੱਝਾਂ ਦੇ ਦੁੱਧ ਨੂੰ ਛੱਡ ਪੈਕਟਾਂ ਦੇ ਦੁੱਧ, ਲੱਸੀ ਅਤੇ ਦਹੀ ਨੂੰ ਹੱਥ ਪਾ ਲਿਆ।
ਜਿੰਦਗੀ ਦੀ ਰਫਤਾਰ ਤੇਜ ਕਰਦੇ ਕਰਦੇ ਅਸੀਂ ਜਿੰਦਗੀ ਦਾ ਝੱਟਪਟ ਸਫਰ ਨਿਬੇੜ ਰਹੇ ਹਾਂ। ਪਹਿਲੇ ਸਮੇਂ ਵਿੱਚ ਜਿੱਥੇ ਜਿੰਦਗੀ ਵਿੱਚ ਠਹਿਰਾਅ ਸੀ ਉੱਥੇ ਉਮਰਾਂ ਦਾ ਸਫਰ ਵੀ ਲੰਬਾ ਸੀ। ਅੱਜ ਦੇ ਸਮੇਂ ਵਿੱਚ ਟਾਵੇਂ ਟਾਵੇਂ ਘਰਾਂ ਵਿੱਚ ਹੀ ਬਜੁਰਗ ਦਿੱਸਦੇ ਹਨ। ਨਹੀਂ ਤਾਂ ਤੇਜ ਰਫਤਾਰ ਵਿੱਚ ਲੋਕ ਛੋਟੀ ਉਮਰ ਵਿੱਚ ਹੀ ਆਪਣਾ ਸਫਰ ਨਿਬੇੜ ਤੁਰਦੇ ਜਾ ਰਹੇ ਹਨ।
ਘਰਾਂ ਦੇ ਇਤਫਾਕ ਸਮੇਂ ਦੇ ਨਾਲ ਨਾਲ ਮੁੱਕਦੇ ਜਾ ਰਹੇ ਹਨ।...
ਦੋ ਬਲਦਾਂ ਦਾ ਇੱਕ ਗੱਡੇ ਨੂੰ ਰਲ ਕੇ ਖਿੱਚਣਾ ਵੀ ਇਤਫਾਕ ਦੀ ਨਿਸ਼ਾਨੀ ਸੀ। ਅੱਜ ਦੇ ਸਮੇਂ ਵਿੱਚ ਮਨਾਂ ਦੇ ਅੰਦਰ ਪੈਦਾ ਹੋ ਚੁੱਕੀ ਬੇਈਮਾਨੀ ਕਿਸੇ ਨੂੰ ਦੋ ਕਦਮ ਰਲ ਕੇ ਨਹੀਂ ਚੱਲਣ ਦਿੰਦੀ। ਦੋ ਬਲਦ ਇੱਕ ਗੱਡੇ ਨੂੰ ਬਰਾਬਰ ਰਲ ਕੇ ਖਿੱਚਦੇ ਸਨ।ਸੋਚੀਏ ਜੇ ਇੱਕ ਬਲਦ ਗੱਡੇ ਨੂੰ ਅੱਗੇ ਖਿੱਚੇ ਤੇ ਦੂਜਾ ਨਾ ਖਿੱਚੇ ਕਈ ਗੱਡਾ ਅੱਗੇ ਚੱਲਗਾ। ਪਰ ਅੱਜ ਦੇ ਸਮੇਂ ਵਿੱਚ ਹਰ ਇੱਕ ਦੂਜੇ ਨੂੰ ਪਿੱਛੇ ਖਿੱਚਣ ਦੀਆਂ ਕੋਸ਼ਿਸ਼ਾਂ ਕਰਦਾ ਹੈ।
ਬੇਸ਼ੱਕ ਬਹੁਤੇ ਕੰਮ ਮਸ਼ੀਨੀ ਹੋ ਚੁੱਕੇ ਹਨ। ਲੋਕਾਂ ਦੇ ਮਿਲਵਰਤਨ ਵਿੱਚ ਵੀ ਬਹੁਤ ਫਰਕ ਆਇਆ ਹੈ। ਜਿੱਥੇ ਬੰਦੇ ਪਹਿਲਾਂ ਖੇਤਾਂ ਦਾ ਕੰਮ ਵਿੜੀ(ਰਲ ਕੇ) ਕਰ ਲੈਂਦੇ ਸਨ ਅਤੇ ਸਵਾਣੀਆਂ ਘਰਾਂ ਵਿੱਚ ਇੱਕ ਦੂਜੇ ਨਾਲ ਰਲ ਕੇ ਕੰਮ ਕਰਦੀਆਂ ਸਨ। ਮੋਬਾਈਲ ਨੇ ਜਿੰਦਗੀ ਵਿੱਚ ਇੱਕ ਐਸੀ ਐਂਟਰੀ ਕੀਤੀ ਕੇ ਲੋਕਾਂ ਨੂੰ ਵੱਖ ਕਰਕੇ ਆਪ ਹਰ ਕਿਸੇ ਦੇ ਹੱਥ ਵਿੱਚ ਆਪਣੀ ਪੱਕੀ ਜਗ੍ਹਾ ਬਣਾ ਲਈ ਹੈ। ਬਾਕੀ ਲਿਖਤ ਪੜਨ ਦੇ ਮਗਰੋਂ ਫੋਟੋ ਨੂੰ ਧਿਆਨ ਨਾਲ ਜਰੂਰ ਦੇਖੇਉ ਬੜਾ ਕੁਝ ਬਿਆਨ ਕਰਦੀ ਹੈ।
ਫੋਟੋ ਦੇਖ ਤੁਹਾਡੇ ਮਨ ਚ ਕੀ ਵਿਚਾਰ ਆਇਆ ਕਮੈਂਟ ਕਰਕੇ ਜਰੂਰ ਦੱਸੇਓ।
ਕੁਲਵਿੰਦਰ ਸੰਧੂ
malkeet
ਜਦੋ ਘਰ ਕੱਚੇ ਸੀ ਉਦੋ ਦਿਲ ਵੀ ਸੱਚੇ ਸੀ